ਕਿਹਾ : ਸਾਨੂੰ ਸੱਚ ਬੋਲਣ ’ਤੇ ਵਿਧਾਨ ਸਭਾ ’ਚੋਂ ਕੱਢਿਆ ਗਿਆ ਬਾਹਰ
ਚੰਡੀਗੜ੍ਹ/ਬਿਊਰੋ ਨਿਊਜ਼ : ਬਜਟ ਸੈਸ਼ਨ ਵਿਚੋਂ ਬਾਹਰ ਕੱਢੇ ਜਾਣ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸ਼ਨ ਵਿਚੋਂ ਸਾਨੂੰ ਸੱਚ ਬੋਲਣ ਕਰਕੇ ਬਾਹਰ ਕੱਢਿਆ ਗਿਆ ਹੈ। ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਅਸੀਂ ਲੰਘੇ ਕੱਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਸੁਣਿਆ ਪ੍ਰੰਤੂ ਜਦੋਂ ਅਸੀਂ ਬਜਟ ’ਤੇ ਆਪਣੀ ਪ੍ਰਤਿਕਿਆ ਦੇਣ ਲੱਗੇ ਤਾਂ ਸਾਡੀ ਆਵਾਜ਼ ਨੂੰ ਦਬਾਅ ਦਿੱਤਾ ਗਿਆ। ਕਿਉਂਕਿ ਮੌਜੂਦਾ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਬਜਟ ਵਿਚ ਕੁਝ ਨਹੀਂ ਦਿੱਤਾ। ਜਦੋਂ ਮੈਂ ਵਿਧਾਨ ਸਭਾ ’ਚ ਬੋਲ ਰਿਹਾ ਸੀ ਤਾਂ ਮੈਨੂੰ ਬਜਟ ’ਤੇ ਬੋਲਣ ਨਹੀਂ ਦਿੱਤਾ ਗਿਆ ਅਤੇ ਇਹੀ ਰਵੱਈਆ ਕਾਂਗਰਸ ਪਾਰਟੀ ਦੇ ਹੋਰਨਾਂ ਵਿਧਾਇਕ ਖਿਲਾਫ਼ ਵੀ ਅਪਣਾਇਆ ਗਿਆ। ਜਦੋਂ ਅਸੀਂ ਬੋਲ ਰਹੇ ਹੁੰਦੇ ਹਾਂ ਤਾਂ ਸਾਡੇ ਕੋਲੋਂ ਮਾਇਕ ਦੂਰ ਕਰ ਲਿਆ ਜਾਂਦਾ ਹੈ ਅਤੇ ਫਿਰ ਕਿਹਾ ਜਾਂਦਾ ਹੈ ਕਿ ਇਹ ਹੰਗਾਮਾ ਕਰਦੇ ਹਨ।