Breaking News
Home / ਨਜ਼ਰੀਆ / ਕਿੱਸਾ ਬਲਵੰਤ ਗਾਰਗੀ ਤੇ ਜੀਨੀ ਨਾਰ ਦਾ

ਕਿੱਸਾ ਬਲਵੰਤ ਗਾਰਗੀ ਤੇ ਜੀਨੀ ਨਾਰ ਦਾ

ਪ੍ਰਿੰ. ਸਰਵਣ ਸਿੰਘ
ਜਿਵੇਂ ਇੰਦਰ ਬਾਣੀਏ ਤੇ ਬੇਗੋ ਨਾਰ ਦਾ ਮੇਲ ਲਾਹੌਰ ਵਿਚ ਹੋਇਆ ਉਵੇਂ ਬਲਵੰਤ ਗਾਰਗੀ ਤੇ ਜੀਨੀ ਹੈਨਰੀ ਦਾ ਮੇਲ ਸਿਆਟਲ ਵਿਚ ਹੋਇਆ। ਇੰਦਰ ਤੇ ਬੇਗੋ ਇਸ਼ਕ ਦੇ ਪੱਟੇ ਰਾਵੀ ‘ਚ ਛਾਲਾਂ ਮਾਰ ਗਏ ਅਤੇ ਆਸ਼ਕਾਂ ਮਸ਼ੂਕਾਂ ‘ਚ ਨਾਂ ਲਿਖਾ ਕੇ ਅਮਰ ਹੋ ਗਏ। ਕਿੱਸਾਕਾਰਾਂ ਨੇ ਬੇਗੋ ਨਾਰ ਤੇ ਇੰਦਰ ਬਾਣੀਏ ਦੇ ਕਿੱਸੇ ਲਿਖੇ। ਬਲਵੰਤ ਤੇ ਜੀਨੀ ਇਸ਼ਕ ਵਿਚ ਪੱਟੇ ਤਾਂ ਗਏ ਪਰ ਅਮਰ ਨਹੀਂ ਹੋ ਸਕੇ। ਜੀਨੀ ਨਾਰ ਤੇ ਬਲਵੰਤ ਬਾਣੀਏ ਦਾ ਕਿੱਸਾ ਗਾਰਗੀ ਨੂੰ ਖ਼ੁਦ ਲਿਖਣਾ ਪਿਆ: ਨੰਗੀ ਧੁੱਪ।
ਉਸ ਨੇ ਲਿਖਿਆ, ”ਮੈਂ ਜਿਸ ਤੀਵੀਂ ਨੂੰ ਪਿਆਰ ਕੀਤਾ ਉਸ ਦੇ ਹੁਸਨ ਨੂੰ ਤੇ ਨੰਗੇਜ ਨੂੰ ਚਿੱਤਰਿਆ…ਮੈਂ ਪਾਤਰਾਂ ਦੇ ਅਸਲੀ ਨਾਂ, ਅਸਲੀ ਥਾਵਾਂ, ਅਸਲੀ ਸ਼ਹਿਰ ਤੇ ਅਸਲੀ ਘਟਨਾਵਾਂ ਵਰਤੀਆਂ, ਪਰ ਕਿਤੇ ਕਿਤੇ ਕਾਲਪਨਿਕ ਨਾਂ ਤੇ ਬਦਲੇ ਹੋਏ ਚਿਹਰੇ ਵੀ ਹਨ।”
ਜੀਨੀ ਨਾਲ ਮੇਲ ਹੋਣ ਵੇਲੇ ਬਲਵੰਤ ਗਾਰਗੀ ਪੰਜਾਹਾਂ ਸਾਲਾਂ ਦਾ ਸੀ ਤੇ ਜੀਨੀ ਹੈਨਰੀ ਅਠਾਈ ਸਾਲਾਂ ਦੀ। ਕੱਦ ਕਾਠ ਤੇ ਸ਼ਕਲ ਸੂਰਤ ਵੱਲੋਂ ਉਨ੍ਹਾਂ ਦਾ ਕੋਈ ਮੇਲ ਨਹੀਂ ਸੀ। ਪਰ ਜਿਵੇਂ ਕਹਿੰਦੇ ਹਨ ਕਿ ਇਸ਼ਕ ਅੰਨ੍ਹਾ ਹੁੰਦਾ, ਉਵੇਂ ਇਸ਼ਕ ਨੇ ਉਨ੍ਹਾਂ ਨੂੰ ਅੰਨ੍ਹਾ ਕਰ ਦਿੱਤਾ ਤੇ ਉਨ੍ਹਾਂ ਨੇ 1966 ਵਿਚ ਸਿਆਟਲ ‘ਚ ਵਿਆਹ ਕਰਵਾ ਲਿਆ।
ਗਾਰਗੀ ਨੇ ਸਵੈਜੀਵਨਕ ਨਾਵਲ ‘ਨੰਗੀ ਧੁੱਪ’ ਵਿਚ ਲਿਖਿਆ ਕਿ ਜਦੋਂ ਮੈਂ ਜੀਨੀ ਨੂੰ ਸਿਆਟਲ ਵਿਚ ਮਿਲਿਆ, ਉਸ ਵੇਲੇ ਮੇਰੇ ਤਿੰਨ ਇਸ਼ਕ ਚੱਲ ਰਹੇ ਸਨ। ਤਿੰਨੇ ਕੁੜੀਆਂ ਪਿਆਰ ਵਿਚ ਡੁੱਬੀਆਂ ਹੋਈਆਂ ਸਨ। ਤਿੰਨੇ ਵਫ਼ਾਦਾਰ, ਤਿੰਨੇ ਵੇਗ-ਮੱਤੀਆਂ, ਤਿੰਨੇ ਕੌਲ-ਕਰਾਰ ਦੀਆਂ ਪੂਰੀਆਂ। ਮੈਂ ਪਰੇਸ਼ਾਨ ਸਾਂ ਕਿ ਕਿਸ ਨਾਲ ਵਿਆਹ ਕਰਾਂ? ਕਿਸ ਨੂੰ ਲਾਰਾ ਲਾਵਾਂ?ਕਿਸ ਨੂੰ ਧੋਖਾ ਦੇਵਾਂ?
ਉਹਦੀਆਂ ਤਿੰਨਾਂ ਮਾਸ਼ੂਕਾਂ ‘ਚੋਂ ਇਕ ਸੀ ਉੱਨੀ ਸਾਲਾਂ ਦੀ ਉਹਦੀ ਵਿਦਿਆਰਥਣ ਮਾਰਸ਼ਾ। ਉਹ ਆਪਣੇ ਜਾਬਰ ਬਾਪ ਤੋਂ ਤੰਗ ਸੀ ਤੇ ਗਾਰਗੀ ਨਾਲ ਸ਼ਾਮਾਂ ਬਿਤਾਉਣਾ ਚਾਹੁੰਦੀ ਸੀ। ਇਕ ਰਾਤ ਗਾਰਗੀ ਮਾਰਸ਼ਾ ਨੂੰ ਖਾੜੀ ਦੇ ਪੁਲ ਤੋਂ ਪਾਰ ਛੱਡ ਕੇ ਰਾਤ ਦੇ ਇਕ ਵਜੇ ਦੂਜੀ ਵਿਦਿਆਰਥਣ ਜੀਨੀ ਦੇ ਅਪਾਰਟਮੈਂਟ ‘ਚ ਪੁੱਜਾ। ਉਸੇ ਰਾਤ ਉਹਨਾਂ ਨੇ ਸ਼ਾਦੀ ਕਰਨ ਦਾ ਫੈਸਲਾ ਕੀਤਾ। ਜੀਨੀ ਨਾਲ ਸ਼ਾਦੀ ਦਾ ਪੱਕ-ਠੱਕ ਕਰ ਕੇ ਗਾਰਗੀ ਨੇ ਹੌਲੀ ਹੌਲੀ ਸਭ ਕੁੜੀਆਂ ਤੋਂ ਪਾਸਾ ਵੱਟ ਲਿਆ। ਮਾਰਸ਼ਾ ਨੂੰ ਸਖ਼ਤ ਸਦਮਾ ਪਹੁੰਚਿਆ। ਉਸ ਨੇ ਖ਼ੁਦਕੁਸ਼ੀ ਕਰਨੀ ਚਾਹੀ ਪਰ ਮਾਪਿਆਂ ਨੇ ਧੀ ਨੂੰ ਬਚਾ ਲਿਆ। ਵੈਨਕੂਵਰ ਰਹਿੰਦੇ ਪੰਜਾਬੀ ਕਵੀ ਗੁਰਚਰਨ ਰਾਮਪੁਰੀ ਨੇ ਦੱਸਿਆ ਕਿ ਗਾਰਗੀ ਦੀ ਪਹਿਲੀ ਮਾਸ਼ੂਕਾ ਮਾਰਸ਼ਾ ਅਜੇ ਵੀ ਉਹਤੋਂ ਬਲਵੰਤ ਦਾ ਹਾਲ ਚਾਲ ਪੁੱਛਦੀ ਹੈ। ਉਹਦੇ ਦੱਸਣ ਮੂਜਬ ਮਾਰਸ਼ਾ ਨੂੰ ਗਾਰਗੀ ਨਾਲ ਸੱਚਾ ਪਿਆਰ ਸੀ। ਪਰ ਜੀਨੀ ਉਹਦੇ ਉਤੋਂ ਦੀ ਪੈ ਗਈ। 1964-66 ਦਰਮਿਆਨ ਗੁਰਚਰਨ ਰਾਮਪੁਰੀ ਵੈਨਕੂਵਰ ਤੋਂ ਗਾਰਗੀ ਕੋਲ ਆਮ ਹੀ ਆਉਂਦਾ ਜਾਂਦਾ ਸੀ। ਉਹ ਗਾਰਗੀ ਦੇ ਇਸ਼ਕਾਂ ਦਾ ਚਸ਼ਮਦੀਦ ਗਵਾਹ ਹੈ। ਵੈਨਕੂਵਰ ਤੋਂ ਸਿਆਟਲ ਦੀ ਦੂਰੀ ਦਿੱਲੀ ਤੋਂ ਰਾਮਪੁਰ-ਦੋਰਾਹੇ ਜਿੰਨੀ ਹੀ ਹੈ। ਰਾਮਪੁਰੀ ਸਰੀ ਤੋਂ ਹਰੀਆਂ ਮਿਰਚਾਂ, ਧਣੀਆਂ, ਤਾਜ਼ਾ ਸਬਜ਼ੀ ਭਾਜੀ ਤੇ ਆਟਾ ਦਾਲ ਖਰੀਦਦਾ ਤੇ ਰੇਲ ਗੱਡੀ ‘ਤੇ ਸਿਆਟਲ ਪੁੱਜ ਜਾਂਦਾ। ਉਥੇ ਉਹ ਬੀਅਰਾਂ ਪੀਂਦੇ, ਦਾਲ ਨੂੰ ਹਰੀਆਂ ਮਿਰਚਾਂ ਦਾ ਤੜਕਾ ਲਾਉਂਦੇ, ਧਣੀਏ ਦੇ ਖੁਸ਼ਬੂਦਾਰ ਪੱਤੇ ਭੁਕਦੇ ਅਤੇ ਆਟਾ ਗੁੰਨ੍ਹ ਕੇ ਬੀਅਰ ਦੀ ਬੋਤਲ ਨਾਲ ਰੋਟੀਆਂ ਵੇਲਦੇ। ਗਾਰਗੀ ਆਪਣੇ ਨਵੇਂ ਇਸ਼ਕ ਦੀਆਂ ਗੱਲਾਂ ਮਸਾਲੇ ਲਾ ਕੇ ਸੁਣਾਉਂਦਾ।
ਇਕ ਵਾਰ ਗਾਰਗੀ ਤੇ ਮਾਰਸ਼ਾ ਰਾਮਪੁਰੀ ਨੂੰ ਮਿਲਣ ਵੈਨਕੂਵਰ ਗਏ। ਮਾਰਸ਼ਾ ਕਾਰ ਚਲਾ ਰਹੀ ਸੀ। ਬਾਰਡਰ ਵਾਲਿਆਂ ਨੇ ਨਾਲ ਬੈਠੇ ਗਾਰਗੀ ਦਾ ਨੋਟਿਸ ਨਾ ਲਿਆ। ਪਰ ਜਦੋਂ ਸਿਆਟਲ ਮੁੜਨ ਲਈ ਬਾਰਡਰ ਲੰਘਣ ਲੱਗੇ ਤਾਂ ਅਮਰੀਕਨ ਨਾਰ ਨਾਲ ਜਾਂਦੇ ਇੰਡੀਅਨ ਗਾਰਗੀ ਨੂੰ ਡੱਕ ਲਿਆ ਗਿਆ। ਗਾਰਗੀ ਕੋਲ ਮੁੜਵਾਂ ਵੀਜ਼ਾ ਨਹੀਂ ਸੀ। ਮੁੜ ਕੇ ਗੁਰਚਰਨ ਰਾਮਪੁਰੀ ਕੋਲ ਜਾਣਾ ਪਿਆ। ਰਾਮਪੁਰੀ ਨੇ ਇੰਡੀਅਨ ਅੰਬੈਸੀ ਦੇ ਜਾਣੂੰ ਅਫ਼ਸਰ ਮਿਸਟਰ ਧਵਨ ਤਕ ਪਹੁੰਚ ਕੀਤੀ। ਉਸ ਨੇ ਯੂਨੀਵਰਸਿਟੀ ਦੇ ਚਾਂਸਲਰ ਦੀ ਮਦਦ ਲੈਣ ਦਾ ਸੁਝਾਅ ਦਿੱਤਾ। ਚਾਂਸਲਰ ਦੇ ਵਿਚ ਪੈਣ ਨਾਲ ਗਾਰਗੀ ਨੂੰ ਅਮਰੀਕਾ ਦਾ ਬਾਰਡਰ ਲੰਘਾ ਲਿਆ ਗਿਆ ਪਰ ਨਾਲ ਹਦਾਇਤ ਹੋ ਗਈ ਕਿ ਮੁੜ ਕੇ ਅਜਿਹੀ ਗ਼ਲਤੀ ਕੀਤੀ ਤਾਂ ਅਮਰੀਕਾ ‘ਚ ਕਦੇ ਵੀ ਨਹੀਂ ਵੜਨ ਦਿੱਤਾ ਜਾਵੇਗਾ।
ਉਂਜ ਜੇ ਉਦੋਂ ਹੀ ਗਾਰਗੀ ਨੂੰ ਅਮਰੀਕਾ ‘ਚ ਨਾ ਵੜਨ ਦਿੱਤਾ ਜਾਂਦਾ ਤਾਂ ਜੀਨੀ ਹੈਨਰੀ, ਜੀਨੀ ਗਾਰਗੀ ਬਣਨ ਤੋਂ ਬਚ ਜਾਂਦੀ! ਨਾ ਉਨ੍ਹਾਂ ਦਾ ਵਿਆਹ ਹੁੰਦਾ, ਨਾ ਵਿਗਾੜ ਪੈਂਦਾ ਤੇ ਨਾ ‘ਨੰਗੀ ਧੁੱਪ’ ਦਾ ਕਿੱਸਾ ਲਿਖਿਆ ਜਾਂਦਾ। ਹੋ ਸਕਦੈ ਫਿਰ ਉਹਦਾ ਵਿਆਹ ਉਹਦੀ ਪਹਿਲੀ ਪ੍ਰੇਮਿਕਾ ਮਾਰਸ਼ਾ ਨਾਲ ਹੀ ਹੁੰਦਾ। ਪਰ ਗੱਲ ਤਾਂ ਨਾਟਕੀ ਹੋਣੀ ਦੀ ਸੀ! ਗੁਰਚਰਨ ਰਾਮਪੁਰੀ ਦੱਸਦਾ ਹੈ ਕਿ ਉਹ ਗਾਰਗੀ ਤੇ ਜੀਨੀ ਦੇ ਵਿਆਹ ਵਿਚ ਸ਼ਾਮਲ ਹੋਇਆ ਸੀ। ਬਠਿੰਡੇ ਤੋਂ ਉਹਦਾ ਇਕ ਭਰਾ ਵੀ ਵਿਆਹ ਦੀ ਸਮੱਗਰੀ ਲੈ ਕੇ ਸਿਆਟਲ ਪੁੱਜਾ ਸੀ। ਸਿਆਟਲ ਵਿਚ ਗੁਰਚਰਨ ਰਾਮਪੁਰੀ ਦੀ ਚਸ਼ਮਦੀਦ ਗਵਾਹੀ ਤੋਂ ਬਾਅਦ, ਦਿੱਲੀ ਪਹੁੰਚੀ ਗਾਰਗੀ ਜੋੜੀ ਦਾ ਮੈਂ ਚਸ਼ਮਦੀਦ ਗਵਾਹ ਹਾਂ। 1966 ‘ਚ ਜਦੋਂ ਗਾਰਗੀ ਜੋੜੀ ਪੰਜਾਬੀ ਵਿਭਾਗ ਦੇ ਸੱਦੇ ‘ਤੇ ਖ਼ਾਲਸਾ ਕਾਲਜ ਦਿੱਲੀ ਵਿਚ ਪਧਾਰੀ ਤਾਂ ਮੈਂ ਉਥੇ ਲੈਕਚਰਾਰ ਸਾਂ। ਮੈਂ ਹੀ ਗਾਰਗੀ ਜੋੜੀ ਨੂੰ ਕਾਲਜ ਆਉਣ ਦਾ ਸੱਦਾ ਦੇ ਕੇ ਆਇਆ ਸਾਂ। ਗਾਰਗੀ ਜੋੜੀ ਲਾਲ ਰੰਗ ਦੀ ਕਾਰ ਵਿਚ ਆਈ। ਜੀਨੀ ਸਫੈਦ ਰੇਸ਼ਮੀ ਪੁਸ਼ਾਕ ‘ਚ ਟਾਰਚ ਵਾਂਗ ਜਗ ਰਹੀ ਸੀ। ਉਸ ਦੇ ਖੁੱਲ੍ਹੇ ਸੁਨਹਿਰੀ ਵਾਲ ਖ਼ੁਸ਼ਬੋਆਂ ਛੱਡ ਰਹੇ ਸਨ। ਅੱਖਾਂ ‘ਚ ਕਜਲਾ ਸੀ। ਸਾਥੋਂ ਉਹਦਾ ਡੁੱਲ੍ਹ ਡੁੱਲ੍ਹ ਪੈਂਦਾ ਰੂਪ ਨਹੀਂ ਸੀ ਜਾ ਝੱਲਿਆ ਰਿਹਾ।
ਗਾਰਗੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੰਡੇ ਕੁੜੀਆਂ ਅੱਡ ਅੱਡ ਬੈਂਚਾਂ ‘ਤੇ ਨਾ ਬੈਠੋ ਸਗੋਂ ‘ਕੱਠੇ ਬੈਠੋ ਕਿਉਂਕਿ ਅਮਰੀਕਾ ‘ਚ ‘ਕੱਠੇ ਬੈਠਦੇ ਹਨ। ਮੁੰਡਿਆਂ ਨੂੰ ਹੋਰ ਕੀ ਚਾਹੀਦਾ ਸੀ? ਉਹ ਕੁੜੀਆਂ ‘ਚ ਫਸ ਕੇ ਬੈਠ ਗਏ। ਗਾਰਗੀ ਵੀਹ ਕੁ ਮਿੰਟ ਅਟਕ ਅਟਕ ਕੇ ਬੋਲਿਆ। ਵਿਦਿਆਰਥੀਆਂ ਨੇ ਗਾਰਗੀ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਥਾਂ ਜੀਨੀ ਵੱਲ ਹੀ ਧਿਆਨ ਧਰੀ ਰੱਖਿਆ!
ਵਿਦਾ ਕਰਨ ਵੇਲੇ ਅਸੀਂ ਤੁਰਦੇ ਤੁਰਦੇ ਉਹਨਾਂ ਦੀ ਕਾਰ ਤਕ ਗਏ। ਕਾਰ ਅਮਰੀਕਨ ਸੀ ਜੋ ਜੀਨੀ ਵਾਂਗ ਹੀ ਲਿਸ਼ਕ ਰਹੀ ਸੀ। ਮੈਂ ਕਹਿਣਾ ਚਾਹਿਆ, ”ਗਾਰਗੀ ਸਾਹਿਬ ਰੰਨ ਬੜੀ ਵਧੀਆ ਪੱਟੀ ਜੇ!” ਪਰ ਕਹਿ ਇਹੋ ਸਕਿਆ, ”ਗਾਰਗੀ ਸਾਹਿਬ ਕਾਰ ਬੜੀ ਸੋਹਣੀ ਲਿਆਂਦੀ ਜੇ!”
ਕੋਈ ਪੁੱਛ ਸਕਦੈ ਬਈ ਬਲਵੰਤ ਗਾਰਗੀ ਕੋਲ ਕਿਹੜੀ ਗਿੱਦੜਸਿੰਗੀ ਸੀ ਜਿਸ ਨਾਲ ਅਮਰੀਕਾ ਦੀ ਲੰਮੀ ਲੰਝੀ ਮੁਟਿਆਰ, ਉਸ ਮਧਰੇ ਜਿਹੇ ਬੰਦੇ ਦੇ ਲੜ ਲੱਗ ਗਈ? ਉਹ ਗਿੱਦੜਸਿੰਗੀ ਸੀ ਉਹਦਾ ਡਰਾਮੇ ਦਾ ਪ੍ਰੋਫ਼ੈਸਰ ਹੋਣਾ। ਉਹ ਡਰਾਮੇ ਦਾ ਪ੍ਰੋਫ਼ੈਸਰ ਹੋਣ ਦੇ ਨਾਲ ਤਕੜਾ ਡਰਾਮੇਬਾਜ਼ ਵੀ ਸੀ। ਡਰਾਮੇਬਾਜ਼ ਕੀ, ਉਹ ਸੀ ਹੀ ਡਰਾਮਾ!
ਉਸ ਨੇ ਸਾਰੀ ਉਮਰ ਡਰਾਮਿਆਂ ਦੀ ਖੱਟੀ ਖਾਧੀ। ਡਰਾਮਿਆਂ ਦੇ ਸਿਰ ‘ਤੇ ਕਰਜ਼ਨ ਰੋਡ ਦਿੱਲੀ ਵਾਲੀ ‘ਕੋਠੀ’ ‘ਤੇ ਕਬਜ਼ਾ ਜਮਾਈ ਰੱਖਿਆ, ਸੋਹਣੀਆਂ ਕੁੜੀਆਂ ਦੀ ਸੰਗਤ ਕੀਤੀ, ਡਰਾਮਿਆਂ ਦੇ ਦੇਸੀ ਤੇ ਬਦੇਸ਼ੀ ਸ਼ੋਅ ਕੀਤੇ, ਦੁਨੀਆ ਭਰ ਦੀਆਂ ਸੈਰਾਂ ਕੀਤੀਆਂ, ਯੂਨੀਵਰਸਿਟੀਆਂ ਦਾ ਵਿਜ਼ਟਿੰਗ ਪ੍ਰੋਫ਼ੈਸਰ ਰਿਹਾ, ਅਕੈਡਮੀਆਂ ਦੇ ਅਵਾਰਡ ਲਏ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਥੇਟਰ ਵਿਭਾਗ ਦਾ ਮੋਢੀ ਪ੍ਰੋਫ਼ੈਸਰ ਬਣਿਆ, ਫ਼ਿਲਮੀ ਪਟਕਥਾਵਾਂ ਤੇ ਸੀਰੀਅਲਾਂ ਦਾ ਲੇਖਕ ਬਣ ਕੇ ਫ਼ਿਲਮਾਂ ਬਣਾਈਆਂ, ਪੰਜਾਬੀ ਯੂਨੀਵਰਸਿਟੀ ਪਟਿਆਲੇ ‘ਚ ਪ੍ਰੋਫ਼ੈਸਰ ਆਫ਼ ਐਮੀਨੈਂਸ ਰਿਹਾ ਤੇ ਆਪਣੇ ਨਾਲੋਂ ਅੱਧੀ ਉਮਰ ਦੀ ਕੁੜੀ ਨਾਲ ਵਿਆਹ ਕੀਤਾ। ਜਿਹੜੇ ਉਹਨੂੰ ਪੰਜਾਬੀ ਸਾਹਿਤ ਦਾ ਸੇਲਜ਼ਮੈਨ ਕਹਿੰਦੇ ਹਨ, ਉਹ ਵੀ ਸੱਚੇ ਹਨ, ਪਰ ਸੀ ਉਹ ਡਰਾਮੇਬਾਜ਼!
ਇਕ ਡਰਾਮਾ ਤਾਂ ਉਹ ਮੇਰੇ ਨਾਲ ਵੀ ਕਰਨ ਲੱਗਾ ਸੀ ਪਰ ਮੈਂ ਉਹਦਾ ਪਾਤਰ ਨਾ ਬਣਿਆ। ਪਾਤਰ ਬਣ ਜਾਂਦਾ ਤਾਂ ਜਿਹੋ ਜਿਹੀ ਉਹਦੇ ਨਾਲ ਹੋਈ ਉਹੋ ਜਿਹੀ ਮੇਰੇ ਨਾਲ ਹੋਣੀ ਸੀ। ਜਿਵੇਂ ਜੀਨੀ ਬਾਲ ਬੱਚਾ ਜੰਮ ਕੇ ਭੱਜ ਗਈ, ਭੱਜ ਮੇਰੇ ਵਾਲੀ ਨੇ ਵੀ ਜਾਣਾ ਸੀ। 1962 ਤੋਂ 67 ਤਕ ਮੈਂ ਦਿੱਲੀ ਰਿਹਾ। ਗੱਲ 1963-64 ਦੀ ਹੈ। ਉਦੋਂ ਮੈਂ ਖ਼ਾਲਸਾ ਕਾਲਜ ਵਿਚ ਐੱਮ. ਏ. ਦਾ ਵਿਦਿਆਰਥੀ ਸਾਂ ਤੇ ਬਲਵੰਤ ਗਾਰਗੀ ਦੀ ਖ਼ਸਤਾ ਕਰਾਰੀ ਸ਼ੈਲੀ ਦਾ ਕਾਇਲ ਹੋ ਚੁੱਕਾ ਸਾਂ। ਪੰਜਾਬੀ ਵਿਭਾਗ ਨੇ ਗਾਰਗੀ ਨੂੰ ਕਾਲਜ ਵਿਚ ਸੱਦਿਆ। ਉਹਦੀ ਰੇਖਾ ਚਿੱਤਰਾਂ ਦੀ ਕਿਤਾਬ ‘ਨਿੰਮ ਦੇ ਪੱਤੇ’ ਛਪ ਚੁੱਕੀ ਸੀ ਤੇ ‘ਸੁਰਮੇ ਵਾਲੀ ਅੱਖ’ ਛਪਣ ਵਾਲੀ ਸੀ। ਇਹਨਾਂ ਕਿਤਾਬਾਂ ਦਾ ਜ਼ਿਕਰ ਉਸ ਨੇ ਆਪਣੇ ਭਾਸ਼ਨ ਵਿਚ ਵੀ ਕੀਤਾ। ਫਿਰ ਸੁਆਲ ਜੁਆਬ ਹੋਏ। ਮੈਂ ਮਲਵਈ ਬੋਲਦਾ ਹੋਣ ਕਰਕੇ ਮੇਰੀ ਉਹਦੇ ਨਾਲ ਸੂੰਹ-ਸਿਆਣ ਵਧ ਗਈ। ਫਿਰ ਉਹ ਸਿਆਟਲ ਦੀ ਯੂਨੀਵਰਸਿਟੀ ਆਫ਼ ਵਸ਼ਿੰਗਟਨ ‘ਚ ਵਿਜ਼ਟਿੰਗ ਪ੍ਰੋਫ਼ੈਸਰ ਜਾ ਲੱਗਾ।
ਉਹ ਜੀਨੀ ਨੂੰ ਵਿਆਹ ਕੇ ਦਿੱਲੀ ਲੈ ਆਇਆ। ਵਿਆਹ ਦੀ ਖ਼ੁਸ਼ੀ ਮਨਾਉਣ ਲਈ ਉਸ ਨੇ ਕੁਝ ਲੇਖਕਾਂ ਨੂੰ ਹਰੀ ਸਿਆਹੀ ਨਾਲ ਲਿਖੇ ਸੱਦਾ ਪੱਤਰ ਭੇਜੇ। ਖਾਲਸਾ ਕਾਲਜ ਡਾ. ਹਰਿਭਜਨ ਸਿੰਘ ਦੇ ਨਾਲ ਮੈਨੂੰ ਵੀ ਸੱਦਾ ਆਇਆ। ਮੈਂ ਵਿਆਹ ਦੀ ਮਘੀ ਹੋਈ ਮਹਿਫ਼ਲ ‘ਚ ਮਾਹੀਆ ਸੁਣਾਇਆ। ਵਿਦਾ ਹੋਣ ਵੇਲੇ ਗਾਰਗੀ ਨੇ ਕਿਹਾ, ”ਸਰਵਣ, ਤੂੰ ਮਲਵਈ ਐਂ, ਮਿਲਿਆ ਗਿਲਿਆ ਕਰ।”
ਅੰਨ੍ਹਾ ਕੀ ਭਾਲੇ ਦੋ ਅੱਖਾਂ! ਬਾਈ ਨੂੰ ਮਿਲਣ ਦੇ ਬਹਾਨੇ ਭਾਬੀ ਜੀਨੀ ਦੇ ਦਰਸ਼ਨ ਵੀ ਹੋਣ ਲੱਗੇ। ਭਾਬੀ ਕਦੇ ਕਦੇ ਉਦਾਸ ਦਿਸਦੀ। ਇਕ ਦਿਨ ਮੈਂ ਗਾਰਗੀ ਨੂੰ ਮਿਲਣ ਗਿਆ ਤਾਂ ਜੀਨੀ ਫਿਰ ਉਦਾਸ ਲੱਗੀ। ਅੱਖਾਂ ‘ਚ ਹੰਝੂ। ਗਾਰਗੀ ਨੇ ਕਿਹਾ ਕਿ ਇਹ ਪੇਕਿਆਂ ਨੂੰ ਓਦਰੀ ਹੋਈ ਐ। ਫਿਰ ਪਤਾ ਨਹੀਂ ਸੱਚੀਂ, ਪਤਾ ਨਹੀਂ ਝੂਠੀਂ, ਉਹ ਕਹਿਣ ਲੱਗਾ, ”ਜੇ ਆਖੇਂ ਤਾਂ ਤੈਨੂੰ ਸਾਲੀ ਦਾ ਸਾਕ ਲਿਆ ਦਿੰਨਾਂ। ਦੋਹਾਂ ਭੈਣਾਂ ਦਾ ਜੀਅ ਲੱਗਿਆ ਰਹੂ।”
ਗੱਲ ਉਹਦੀ ਠੀਕ ਸੀ। ਜੀਜੇ ਸਾਲੀਆਂ ਦੇ ਸਾਕ ਲਿਆਉਂਦੇ ਈ ਆਏ ਨੇ। ਇਉਂ ਮੈਂ ਨਾਢੂ ਖਾਂ ਗਾਰਗੀ ਦਾ ਸਾਢੂ ਸਾਹਬ ਬਣ ਸਕਦਾ ਸਾਂ। ਨਾਲੇ ਸਾਲੀ ਅੱਧੇ ਘਰ ਵਾਲੀ। ਪਰ ਮੈਥੋਂ ਗਾਰਗੀ ਵਰਗਾ ਡਰਾਮਾ ਕਿਥੇ ਹੋਣਾ ਸੀ! ਕਿਥੇ ਨਾਟਕਕਾਰ ਗਾਰਗੀ, ਕਿਥੇ ਮੇਰੇ ਵਰਗਾ ਜੱਟ ਬੂਟ?ਡਾ. ਹਰਿਭਜਨ ਸਿੰਘ ਤਾਂ ਮੈਨੂੰ ਬੁਲਾਉਂਦਾ ਹੀ ‘ਜੱਟਾ’ ਕਹਿ ਕੇ ਸੀ। ਮੈਂ ਕਿਹਾ, ”ਮੈਂ ਤਾਂ ਪਹਿਲਾਂ ਈ ਮੰਗਿਆ ਹੋਇਆਂ। ਨਾਲੇ ਮੇਮ ਨਾਲ ਜੱਟਾਂ ਦੇ ਮੁੰਡੇ ਦੀ ਕਿਵੇਂ ਨਿਭੂ? ਥੋਡੀ ਗੱਲ ਹੋਰ ਐ। ਉਹ ਤਾਂ ਮੈਨੂੰ ਅੱਧਵਿਚਾਲੇ ਛੱਡ ਕੇ ਭੱਜ-ਜੂ।”
ਗਾਰਗੀ ਮੁਸਕਰਾਇਆ, ”ਨਹੀਂ ਭੱਜਦੀ। ਮੇਮਾਂ ਛੇਤੀ ਕੀਤਿਆਂ ਨਹੀਂ ਭੱਜਦੀਆਂ।”
ਮੈਂ ਮਚਲਾ ਬਣਦਿਆਂ ਕਿਹਾ, ”ਮੈਨੂੰ ਥੋਡੇ ਵਾਂਗ ਇਸ਼ਕ ਕਰਨਾ ਨੀ ਆਉਂਦਾ। ਜ਼ਨਾਨੀ ਪੱਟਣੀ ਨੀ ਆਉਂਦੀ। ਉਹਦੇ ਨਾਲ ਅੰਗਰੇਜ਼ੀ ਕਿਵੇਂ ਬੋਲੂੰ? ਪਿਆਰ ਕਿਵੇਂ ਪਾਊਂ?”
ਗਾਰਗੀ ਕਹਿੰਦਾ, ”ਜਦੋਂ ਵਿਆਹ ਹੋ ਗਿਆ ਆਪੇ ਆ-ਜੂ ਸਾਰਾ ਕੁਛ। ਤੂੰ ਹਾਂ ਕਰ।”
ਦੂਰ ਦੀ ਸੋਚ ਕੇ ਮੈਂ ਹਾਂ ਨਾ ਕੀਤੀ। ਇਉਂ ਮੈਂ ਗਾਰਗੀ ਦਾ ਡਰਾਮਾ ਬਣਨੋਂ ਬਚ ਗਿਆ ਪਰ ਗਾਰਗੀ ਆਪ ਨਾ ਬਚ ਸਕਿਆ। ਉਹ ਆਪਣੇ ਡਰਾਮੇ ਦਾ ਆਪ ਹੀ ਸ਼ਿਕਾਰ ਹੋ ਗਿਆ। ਜੀਨੀ ਦੋ ਬੱਚੇ ਜੰਮ ਕੇ ਮੁੜ ਅਮਰੀਕਾ ਭੱਜ ਗਈ। ਇਹ ਜੁਦੀ ਗੱਲ ਹੈ ਕਿ ਪਹਿਲਾਂ ਬੇਵਫ਼ਾਈ ਬਾਈ ਗਾਰਗੀ ਨੇ ਕੀਤੀ ਤੇ ਮਗਰੋਂ ਭਾਬੀ ਜੀਨੀ ਵੀ ਪਿੱਛੇ ਨਾ ਰਹੀ। ਗਾਰਗੀ ਰਾਜੀ ਨਾਲ ਰਲ ਗਿਆ ਤੇ ਜੀਨੀ ਚੌਹਾਨ ਨਾਲ।
ਇਸ਼ਕ ਕਰਨਾ ਤੇ ਤੋੜਨਾ ਗਾਰਗੀ ਲਈ ਮਦਾਰੀ ਵਾਲਾ ਖੇਲ੍ਹ ਸੀ। ਉਹ ਹਰੇਕ ਗੱਲ ਦਾ ਡਰਾਮਾ ਬਣਾ ਦਿੰਦਾ ਸੀ। ਅੱਜ ਮੈਂ ਸੋਚਦਾਂ, ਮੈਨੂੰ ਆਪਣੀ ਸਾਲੀ ਦਾ ਸਾਕ ਲਿਆਉਣ ਪਿੱਛੇ ਕੀ ਪਤਾ ਉਹਦਾ ਮਾਰਸ਼ਾ ਨੂੰ ਲਿਆਉਣ ਦਾ ਹੀ ਡਰਾਮਾ ਹੁੰਦਾ? ਆਖ਼ਰ ਸੀ ਤਾਂ ਸਿਰੇ ਦਾ ਡਰਾਮੇਬਾਜ਼! ਮੈਂ ਚੰਗਾ ਹੀ ਰਿਹਾ ਜਿਹੜਾ ਨਾਢੂ ਖਾਂ ਨਾਟਕਕਾਰ ਗਾਰਗੀ ਦਾ ਸਾਢੂ ਸਾਹਬ ਨਾ ਬਣਿਆ। ਮੈਥੋਂ ਉਹਦੇ ਵਰਗੇ ਡਰਾਮੇ ਕਿਥੇ ਹੋਣੇ ਸਨ!

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …