ਪਾਪਾ ਦੀ ਪਰੀ ਹੋ ਗਈ ਪਿੰਜਰੇ ‘ਚ ਕੈਦ
ਅਦਾਲਤ ਵਿਚ ਹੱਥ ਜੋੜ ਕੇ ਰੋਈ ਹਨੀਪ੍ਰੀਤ, ਪੁਲਿਸ ਬੋਲੀ-ਹਿੰਸਾ ਭੜਕਾਉਣ ਦੀ ਮੀਟਿੰਗ ਇਸੇ ਨੇ ਲਈ ਸੀ
ਫਰਾਰੀ ਦੇ 38 ਦਿਨ ਤੱਕ 15 ਜਗ੍ਹਾ ਰੁਕੀ, 15 ਤੋਂ ਜ਼ਿਆਦਾ ਇੰਟਰਨੈਸ਼ਨਲ ਮੋਬਾਇਲ ਨੰਬਰ ਇਸਤੇਮਾਲ ਕੀਤੇ
ਪੰਚਕੂਲਾ : ਦੇਸ਼ ਧ੍ਰੋਹ ਅਤੇ ਹਿੰਸਾ ਭੜਕਾਉਣ ਦੀ ਦੋਸ਼ੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਅਤੇ ਉਸਦੀ ਸਹਿਯੋਗੀ ਸੁਖਦੀਪ ਕੌਰ ਨੂੰ ਅਦਾਲਤ ਨੇ 6 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਬੁੱਧਵਾਰ ਨੂੰ ਸੁਣਵਾਈ ਦੌਰਾਨ ਹਨੀਪ੍ਰੀਤ ਖੁਦ ਨੂੰ ਬੇਕਸੂਰ ਦੱਸਦੇ ਹੋਏ ਹੱਥ ਜੋੜ ਕੇ ਮਾਨਯੋਗ ਜੱਜ ਦੇ ਸਾਹਮਣੇ ਰੋਣ ਲੱਗੀ। ਕਿਹਾ-ਮੈਂ ਬੇਕਸੂਰ ਹਾਂ। ਮੈਨੂੰ ਫਸਾਇਆ ਗਿਆ ਹੈ। ਜਵਾਬ ਵਿਚ ਪੁਲਿਸ ਵਲੋਂ ਪੇਸ਼ ਵਕੀਲ ਨੇ ਕਿਹਾ ਕਿ ਹਨੀਪ੍ਰੀਤ ਬੇਕਸੂਰ ਨਹੀਂ, ਬਲਕਿ ਪੰਚਕੂਲਾ ਅਤੇ ਹੋਰ ਜਗ੍ਹਾ ‘ਤੇ ਹਿੰਸਾ ਭੜਕਾਉਣ ਲਈ ਸਿਰਸਾ ਵਿਚ ਹੋਈ ਮੀਟਿੰਗ ਇਸੇ ਨੇ ਹੀ ਲਈ ਸੀ। 17 ਅਗਸਤ ਨੂੰ ਹੋਈ ਮੀਟਿੰਗ ਵਿਚ ਡੇਰੇ ਦੀ 45 ਮੈਂਬਰੀ ਕਮੇਟੀ ਨੇ ਤੈਅ ਕੀਤਾ ਕਿ ਜੇਕਰ 25 ਅਗਸਤ ਨੂੰ ਅਦਾਲਤ ਦਾ ਫੈਸਲਾ ਡੇਰਾਮੁਖੀ ਦੇ ਖਿਲਾਫ ਆਇਆ ਤਾਂ ਕਿੱਥੇ-ਕਿੱਥੇ ਹਿੰਸਾ ਭੜਕਾਉਣੀ ਹੈ। ਪੁਲਿਸ ਨੇ ਅਦਾਲਤ ਵਿਚ ਇਹ ਵੀ ਕਿਹਾ ਕਿ 38 ਦਿਨ ਤੋਂ ਫਰਾਰ ਹਨੀਪ੍ਰੀਤ ਦੀ ਕਈ ਵਿਅਕਤੀਆਂ ਨੇ ਮੱਦਦ ਕੀਤੀ, ਇਸ ਲਈ ਉਨ੍ਹਾਂ ਤੱਕ ਪਹੁੰਚਣ ਲਈ 14 ਦਿਨ ਦਾ ਰਿਮਾਂਡ ਦਿੱਤਾ ਜਾਵੇ। ਪਰ ਅਦਾਲਤ ਨੇ 6 ਦਿਨ ਦਾ ਰਿਮਾਂਡ ਦਿੱਤਾ।