ਓਨਟਾਰੀਓ/ਬਿਊਰੋ ਨਿਊਜ਼
ਫੋਰਮ ਰਿਸਰਚ ਇਨਕਾਰਪੋਰੇਸ਼ਨ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਅਨੁਸਾਰ ਪੈਟਰਿਕ ਬ੍ਰਾਊਨ ਦੀ ਅਗਵਾਈ ਵਿੱਚ ਟੋਰੀਜ਼ ਇਸ ਸਮੇਂ 42 ਫੀਸਦੀ ਨਾਲ ਅੱਗੇ ਚੱਲ ਰਹੇ ਹਨ ਜਦਕਿ ਪ੍ਰੀਮੀਅਰ ਕੈਥਲੀਨ ਵਿੰਨ ਦੀ ਲਿਬਰਲ ਪਾਰਟੀ 35 ਫੀਸਦੀ ਨਾਲ ਦੂਜੇ ਸਥਾਨ ਉੱਤੇ ਹੈ। ਐਂਡਰੀਆ ਹੌਰਵਥ ਦੀ ਐਨਡੀਪੀ 17 ਫੀਸਦੀ ਨਾਲ ਤੀਜੇ ਸਥਾਨ ਉੱਤੇ ਤੇ ਮਾਈਕ ਸ਼ਰੇਨਰ ਦੀ ਗ੍ਰੀਨ ਪਾਰਟੀ 5 ਫੀਸਦੀ ਨਾਲ ਫਾਡੀ ਚੱਲ ਰਹੀ ਹੈ। ਪਿਛਲੇ ਮਹੀਨੇ ਫੋਰਮ ਵੱਲੋਂ ਕਰਵਾਏ ਸਰਵੇਖਣ ਵਿੱਚ ਟੋਰੀਜ਼ 40 ਫੀਸਦੀ, ਲਿਬਰਲ 30 ਫੀਸਦੀ ਉੱਤੇ, ਐਨਡੀਪੀ 21 ਫੀਸਦੀ ਤੇ ਗ੍ਰੀਨ ਪਾਰਟੀ 8 ਫੀਸਦੀ ਉੱਤੇ ਕਾਇਮ ਸਨ। ਫੋਰਮ ਦੇ ਪ੍ਰੈਜ਼ੀਡੈਂਟ ਲੌਰਨੇ ਬੌਜ਼ੀਨੌਫ ਨੇ ਆਖਿਆ ਕਿ ਜਦੋਂ ਤੱਕ ਸਿਆਸਤ ਵਿੱਚ ਫੇਰਬਦਲ ਨਹੀਂ ਹੁੰਦਾ ਉਦੋਂ ਤੱਕ ਕੁੱਝ ਨਹੀਂ ਆਖਿਆ ਜਾ ਸਕਦਾ।
ਇਹ ਕਿਆਫੇ ਲਾਏ ਜਾ ਰਹੇ ਹਨ ਕਿ ਵਿੰਨ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਮਕਬੂਲੀਅਤ ਤੋਂ ਫਾਇਦਾ ਹੋ ਸਕਦਾ ਹੈ, ਦੂਜੇ ਪਾਸੇ ਹੌਰਵਥ ਨੂੰ ਫੈਡਰਲ ਐਨਡੀਪੀ ਦੀਆਂ ਸਮੱਸਿਆਵਾਂ ਕਾਰਨ ਨੁਕਸਾਨ ਝੱਲਣਾ ਪੈ ਸਕਦਾ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਤਿੰਨਾਂ ਵੱਡੀਆਂ ਪਾਰਟੀਆਂ ਦੇ ਆਗੂਆਂ ਵਿੱਚੋਂ ਹੌਰਵਥ ਹਰਮਨ ਪਿਆਰੀ ਆਗੂ ਹੈ। ਐਨਡੀਪੀ ਚੀਫ ਨੂੰ 33 ਫੀਸਦੀ ਲੋਕ ਪਸੰਦ ਕਰਦੇ ਹਨ, 31 ਫੀ ਸਦੀ ਉਸ ਨੂੰ ਪਸੰਦ ਨਹੀਂ ਕਰਦੇ ਜਦਕਿ 36 ਫੀਸਦੀ ਇਸ ਬਾਰੇ ਕੋਈ ਰਾਇ ਨਹੀਂ ਰੱਖਦੇ। ਪੈਟਰਿਕ ਬ੍ਰਾਊਨ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 29 ਫੀਸਦੀ ਹੈ, 25 ਫੀਸਦੀ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਤੇ 46 ਫੀਸਦੀ ਨੇ ਇਸ ਬਾਰੇ ਕੋਈ ਰਾਇ ਨਹੀਂ ਪ੍ਰਗਟਾਈ। ਇਨ੍ਹਾਂ ਤੋਂ ਉਲਟ ਵਿੰਨ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 22 ਫੀ ਸਦੀ ਹੈ, 66 ਫੀਸਦੀ ਉਸ ਨੂੰ ਪਸੰਦ ਨਹੀਂ ਕਰਦੇ ਤੇ 12 ਫੀ ਸਦੀ ਉਸ ਬਾਰੇ ਕੋਈ ਰਾਇ ਨਹੀਂ ਰੱਖਦੇ।
ਸਰਵੇਖਣ ਦੌਰਾਨ ਇਹ ਪੁੱਛੇ ਜਾਣ ਉੱਤੇ ਕਿ ਬਿਹਤਰ ਪ੍ਰੀਮੀਅਰ ਕੌਣ ਬਣੇਗਾ ਤਾਂ ਵਿੰਨ ਨੂੰ 16 ਫੀ ਸਦੀ, ਬ੍ਰਾਊਨ ਨੂੰ 26 ਫੀਸਦੀ ਤੇ ਹੌਰਵਥ ਨੂੰ 15 ਫੀਸਦੀ ਵੱਲੋਂ ਬਿਹਤਰ ਪ੍ਰੀਮੀਅਰ ਦੱਸਿਆ ਗਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …