ਹੁੰਦਾ ਨਾ ਮੇਚ ਹੈ ਕੋਈ ਅਪਣੇ ਮਕਾਨ ਦਾ।
ਮਿਲਦਾ ਸਕੂਨ ਘਰ ‘ਚ ਹੀ ਸਾਰੇ ਜਹਾਨ ਦਾ।
ਕੁਝ ਤਾਂ ਸੰਵਾਰ ਦੋਸਤਾ ਅਪਣੇ ਸਮਾਜ ਦਾ
ਮੁੱਲ ਹੈ ਕਿਸੇ ਨੂੰ ਕੀ ਭਲਾਂ ਤੇਰੇ ਗਿਆਨ ਦਾ।
ਹੱਡੀ ਨਾ ਇਸ ‘ਚ ਹੁੰਦੀ ਤੇ ਹੱਡੀਆਂ ਤੁੜਾ ਦਵੇ
ਮਸ਼ਹੂਰ ਹੈ ਬੜਾ ਹੀ ਇਹ ਕਾਰਾ ਜ਼ੁਬਾਨ ਦਾ।
ਭੁੱਲ ਕੇ ਗੁਣਾਂ ਨੂੰ ਓਸਦੇ ਦੁਨੀਆ ਗਿਣਾਵੇ ਐਬ
ਘਟਦਾ ਨਾ ਕੱਦ ਇਸ ਤਰ੍ਹਾਂ ਬੰਦੇ ਮਹਾਨ ਦਾ।
ਕਈਆਂ ਦੀ ਜਾਨ ਲੈ ਗਏ ਸੜਕਾਂ ਦੇ ਹਾਦਸੇ
ਮੁੱਲ ਨਾ ਕੋਈ ਵੀ ਰਹਿ ਗਿਆ ਬੰਦੇ ਦੀ ਜਾਨ ਦਾ।
ਅੰਬਰ ਤੋਂ ਪਾਰ ਲੈ ਉੜੀ ਜਿਹੜਾ ਵੀ ਬੈਠਿਆ
ਨਹੀਓਂ ਮੁਕਾਬਲਾ ਕੋਈ ਮਨ ਦੀ ਉਡਾਨ ਦਾ।
ਤੇਰੇ ਇਮਾਨ ਕਰਕੇ ਜੇ ਰੁਕਦਾ ਹੈ ਕੰਮ ਤਾਂ
ਕਰਨਾ ਕਿਸੇ ਨੇ ਕੀ ਭਲਾਂ ਤੇਰੇ ਇਮਾਨ ਦਾ।
ਰੱਖੀਂ ਸਦਾ ਜ਼ੁਬਾਨ ਤੇ ਕਾਬੂ ਤੂੰ ਆਪਣੀ
ਹੁੰਦਾ ਅਸਰ ਬੁਰਾ ਹੀ ਹੈ ਮਾੜੇ ਬਿਆਨ ਦਾ।
– ਹਰਦੀਪ ਬਿਰਦੀ,
9041600900