Breaking News
Home / ਦੁਨੀਆ / ਵ੍ਹਾਈਟ ਹਾਊਸ ਦਾ ਪਾਕਿਸਤਾਨ ਨੂੰ ਸਪੱਸ਼ਟ ਸੁਨੇਹਾ

ਵ੍ਹਾਈਟ ਹਾਊਸ ਦਾ ਪਾਕਿਸਤਾਨ ਨੂੰ ਸਪੱਸ਼ਟ ਸੁਨੇਹਾ

ਭਾਰਤ ਨਾਲ ਸ਼ਾਂਤੀ ਲਈ ਪਾਕਿ ਦਹਿਸ਼ਤਗਰਦਾਂ ਖਿਲਾਫ਼ ਕਾਰਵਾਈ ਕਰੇ
ਵਾਸ਼ਿੰਗਟਨ/ਬਿਊਰੋ ਨਿਊਜ਼ : ਨਰਿੰਦਰ ਮੋਦੀ ਦੇ ਮੁੜ ਪ੍ਰਧਾਨ ਮੰਤਰੀ ਚੁਣੇ ਜਾਣ ਮਗਰੋਂ ਇਮਰਾਨ ਖ਼ਾਨ ਸਰਕਾਰ ਵੱਲੋਂ ਸ਼ਾਂਤੀ ਦੇ ਨਵੇਂ ਸਿਰੇ ਤੋਂ ਕੀਤੇ ਜਾ ਰਹੇ ਯਤਨਾਂ ਵਿਚਕਾਰ ਵ੍ਹਾਈਟ ਹਾਊਸ ਨੇ ਪਾਕਿਸਤਾਨ ਨੂੰ ਸਪੱਸ਼ਟ ਕੀਤਾ ਹੈ ਕਿ ਦੱਖਣੀ ਏਸ਼ੀਆ ਵਿਚ ਸ਼ਾਂਤੀ ਦਾ ਜ਼ਿੰਮਾ ਉਸ ਉਤੇ ਹੈ ਅਤੇ ਉਸ ਨੂੰ ਦਹਿਸ਼ਤੀ ਗੁੱਟਾਂ ਨੂੰ ਲਾਂਭੇ ਕਰਨਾ ਪਵੇਗਾ। ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੂਜਾ ਪੱਤਰ ਲਿਖ ਕੇ ਕਿਹਾ ਹੈ ਕਿ ਪਾਕਿਸਤਾਨ, ਭਾਰਤ ਨਾਲ ਕਸ਼ਮੀਰ ਮਸਲੇ ਸਮੇਤ ਸਾਰੇ ਮਤਭੇਦਾਂ ਨੂੰ ਸੁਲਝਾਉਣ ਲਈ ਗੱਲਬਾਤ ਕਰਨਾ ਚਾਹੁੰਦਾ ਹੈ। ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਨੇ ਇਸ ਹਫ਼ਤੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਪਾਕਿਸਤਾਨ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦੇਵੇ ਅਤੇ ਉਨ੍ਹਾਂ ਨੂੰ ਭਾਰਤ ਵਿਚ ਦਾਖ਼ਲ ਹੋ ਕੇ ਹਮਲੇ ਕਰਨ ਦੀ ਕੋਈ ਖੁੱਲ੍ਹ ਨਾ ਦੇਵੇ। ਅਧਿਕਾਰੀ ਨੇ ਆਪਣਾ ਨਾਮ ਨਾ ਦੱਸੇ ਜਾਣ ਦੀ ਸ਼ਰਤ ‘ਤੇ ਦੱਸਿਆ ਕਿ ਜਦੋਂ ਤਕ ਅਜਿਹੇ ਗੁੱਟਾਂ ‘ਤੇ ਨਕੇਲ ਨਹੀਂ ਕਸੀ ਜਾਂਦੀ ਹੈ, ਉਦੋਂ ਤਕ ਭਾਰਤ ਅਤੇ ਪਾਕਿਸਤਾਨ ਲਈ ਸ਼ਾਂਤੀ ਹਾਸਲ ਕਰਨਾ ਮੁਸ਼ਕਲ ਹੋਵੇਗਾ। ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਪਾਕਿਸਤਾਨ ਨੇ ਨਾਮਜ਼ਦ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਕੁਝ ਕਾਰਵਾਈ ਕੀਤੀ ਸੀ ਪਰ ਦਹਿਸ਼ਤਗਰਦਾਂ ਨੂੰ ਮਿਲਦੀ ਮਾਲੀ ਸਹਾਇਤਾ ‘ਤੇ ਨੱਥ ਪਾਉਣ ਲਈ ਅਜਿਹੇ ਹੋਰ ਕਰੜੇ ਕਦਮ ਉਠਾਉਣ ਦੀ ਲੋੜ ਹੈ।
ਭਾਰਤੀ- ਅਮਰੀਕੀਆਂ ਨੇ ਕੀਤਾ ਸਵਾਗਤ
ਵਾਸ਼ਿੰਗਟਨ : ਅਮਰੀਕੀ ਹਵਾਈ ਸੈਨਾ ਵੱਲੋਂ ਏਅਰਮੈਨ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਦਸਤਾਰ, ਦਾਹੜੀ ਅਤੇ ਲੰਬੇ ਕੇਸ ਰੱਖਣ ਦੀ ਇਜਾਜ਼ਤ ਦਿੱਤੇ ਜਾਣ ਦੇ ਫ਼ੈਸਲੇ ਦਾ ਅਮਰੀਕੀ ਕਾਨੂੰਨਸਾਜ਼ ਸਮੇਤ ਭਾਰਤੀ-ਅਮਰੀਕੀਆਂ ਨੇ ਸਵਾਗਤ ਕੀਤਾ ਹੈ। ਭਾਰਤ-ਅਮਰੀਕੀ ਕਾਂਗਰਸਮੈਨ ਅਮੀ ਬੇਰਾ ਨੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਮੁਲਕ ਦੀ ਰਾਖੀ ਵਿਚ ਲੰਬੇ ਸਮੇਂ ਤੋਂ ਅਹਿਮ ਭੂਮਿਕਾ ਨਿਭਾ ਰਹੇ ਹਨ। ਬੇਰਾ ਨੇ ਕਿਹਾ ਕਿ ਅਜਿਹੇ ਦੇਸ਼ ਭਗਤਾਂ ਨੂੰ ਧਾਰਮਿਕ ਆਜ਼ਾਦੀ ਦੇ ਕੇ ਸੇਵਾ ਕਰਨ ਦਾ ਮੌਕਾ ਦੇਣਾ ਵਧੀਆ ਕਦਮ ਹੈ। ਉਨ੍ਹਾਂ ਰੱਖਿਆ ਵਿਭਾਗ ਨੂੰ ਬੇਨਤੀ ਕੀਤੀ ਕਿ ਉਹ ਹੋਰ ਧਰਮਾਂ ਨੂੰ ਵੀ ਅਜਿਹੀ ਛੋਟ ਦੇਣ। 2017 ਵਿਚ ਥਲ ਸੈਨਾ ਨੇ ਵੀ ਸਾਬਤ ਸੂਰਤ ਸਿੱਖ ਨੂੰ ਭਰਤੀ ਕਰਨ ਦੀ ਮਨਜ਼ੂਰੀ ਦਿੱਤੀ ਸੀ। ਬਾਜਵਾ ਦੀ ਸਹਾਇਤਾ ਸਿੱਖ ਅਮਰੀਕਨ ਲੀਗਲ ਡਿਫੈਂਸ ਅਤੇ ਐਜੂਕੇਸ਼ਨ ਫੰਡ ਤੇ ਸਿੱਖ ਅਮਰੀਕਨ ਵੈਟਰਨਸ ਅਲਾਇੰਸ ਜਿਹੀਆਂ ਜਥੇਬੰਦੀਆਂ ਨੇ ਕੀਤੀ। ਅਲਾਇੰਸ ਦੇ ਪ੍ਰਧਾਨ ਲੈਫ਼ਟੀਨੈਂਟ ਕਰਨਲ ਕਮਲ ਕਲਸੀ ਸਿੰਘ ਨੇ ਕਿਹਾ ਕਿ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਕੰਮ ਦੌਰਾਨ ਆਪਣੇ ਧਰਮ ਦੇ ਪਾਲਣ ਦੀ ਖੁੱਲ੍ਹ ਮਿਲਣ ਨਾਲ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਉਨ੍ਹਾਂ ਆਸ ਜਤਾਈ ਕਿ ਬਾਜਵਾ ਪੂਰੇ ਸਨਮਾਨ ਨਾਲ ਰਵਾਇਤ ਨੂੰ ਅੱਗੇ ਵਧਾਏਗਾ। ਅਮਰੀਕਨ ਲੀਗਲ ਡਿਫੈਂਸ ਅਤੇ ਐਜੂਕੇਸ਼ਨ ਫੰਡ ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਹਵਾਈ ਸੈਨਾ ਤੋਂ ਦਸਤਾਰ ਬੰਨ੍ਹਣ ਅਤੇ ਕੇਸ ਲੰਬੇ ਰੱਖਣ ਦੀ ਇਜਾਜ਼ਤ ਮਿਲ ਗਈ ਹੈ। ਏਸੀਐਲਯੂ ਦੇ ਸੀਨੀਅਰ ਸਟਾਫ਼ ਅਟਾਰਨੀ ਨੇ ਏਅਰ ਫੋਰਸ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਸਿੱਖ ਧਰਮ ਦਾ ਪਾਲਣ ਕਰਨ ਦੀ ਮਨਜ਼ੂਰੀ ਮਿਲ ਗਈ ਹੈ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …