ਪੱਥਰ ਦਿਲ ਕਠੋਰ ਹੋ ਗਏ।
ਵਾਂਙ ਜਿਵੇਂ ਕੋਈ ਥੋਰ੍ਹ ਹੋ ਗਏ।
ਆਪਣਾਪਨ, ਖ਼ਲੂਸ ਰਿਹਾ ਨਾ,
ਜਾਪੇ ਕੋਈ ਉਹ ਹੋਰ ਹੋ ਗਏ।
ਖ਼ੁਦਗਰਜ਼ੀ ਦੇ ਹੁੰਦੇ ਚਰਚੇ,
ਹਰ ਪਾਸੇ ਹੀ ਸ਼ੋਰ ਹੋ ਗਏ।
ਬਿਰਧ ਘਰਾਂ ‘ ਚ ਰੁਲਦੇ ਮਾਪੇ,
ਕਿਉਂ ਮਮਤਾ ਦੇ ਚੋਰ ਹੋ ਗਏ।
ਕਹੀਏ ਨਾ ਸੀ ਵਿੱਚ ਨਸੀਬਾਂ,
ਬੰਧਨ ਹੀ ਕਮਜ਼ੋਰ ਹੋ ਗਏ।
ਸਾਹਾਂ ਤੋਂ ਵੀ ਨੇੜੇ ਜਿਹੜੇ,
ਦੇਖੇ ਜਦੋਂ ਟਕੋਰ ਹੋ ਗਏ।
ਹੁੰਦਾ ਸੀ ਵਿਸ਼ਵਾਸ ਜਿਨ੍ਹਾਂ ਤੇ,
ਉਹੀ ਰਿਸ਼ਵਤਖੋਰ ਹੋ ਗਏ।
ਕੀਤੀ ਨਾ ਰਖਵਾਲੀ ਘਰ ਦੀ,
ਰਲ਼ ਚੋਰਾਂ ਨਾਲ ਚੋਰ ਹੋ ਗਏ।
ਆਉਣੇ ‘ਨੀ ਕਦੇ ਮੁੜ ‘ਹਕੀਰ’,
ਹਿਤੈਸ਼ੀ ਹੱਥੋਂ ਤੋਰ ਹੋ ਗਏ।
– ਸੁਲੱਖਣ ਮਹਿਮੀ