Breaking News
Home / ਨਜ਼ਰੀਆ / ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਨੇ ‘ਅੰਤਰਰਾਸ਼ਟਰੀ ਮਾਂ-ਦਿਵਸ’ ਅਤੇ ਉੱਘੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕੀਤਾ ਮਈ ਸਮਾਗ਼ਮ

‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਨੇ ‘ਅੰਤਰਰਾਸ਼ਟਰੀ ਮਾਂ-ਦਿਵਸ’ ਅਤੇ ਉੱਘੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕੀਤਾ ਮਈ ਸਮਾਗ਼ਮ

Canadian Punjabi Sahit Sabha function May 15 copy copyਬਰੈਂਪਟਨ/ਡਾ.ਝੰਡ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਸਮਾਗ਼ਮ ਬੀਤੇ ਐਤਵਾਰ 15 ਮਈ ਨੂੰ ‘ਅੰਤਰਰਾਸ਼ਟਰੀ ਮਾਂ-ਦਿਵਸ’ ਅਤੇ ਉੱਘੇ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਦਿਆਂ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਅਤੇ ਪ੍ਰਧਾਨਗੀ-ਮੰਡਲ ਜਿਸ ਵਿੱਚ ਵਿੱਚ ਉੱਘੀ ਕਹਾਣੀਕਾਰ ਮਿੰਨੀ ਗਰੇਵਾਲ, ਉੱਘੇ ਵਾਰਤਕ ਲੇਖਕ ਪੂਰਨ ਸਿੰਘ ਪਾਂਧੀ ਅਤੇ ਸਭਾ ਦੇ ਚੇਅਰਮੈਨ ਬਲਰਾਜ ਚੀਮਾ ਸੁਸ਼ੋਭਿਤ ਸਨ, ਦੀ ਬਾਕਾਇਦਾ ਪ੍ਰਵਾਨਗੀ ਨਾਲ ਇਸ ਦੀ ਕਾਰਵਾਈ ਸ਼ੁਰੂ ਕੀਤੀ ਗਈ।
ਸਮਾਗ਼ਮ ਦੀ ਮੁੱਖ-ਮਹਿਮਾਨ ਮਿੰਨੀ ਗਰੇਵਾਲ ਨੇ ਪਹਿਲੇ ਭਾਗ ਵਿੱਚ ‘ਅੰਤਰਰਾਸ਼ਟਰੀ ਮਾਂ-ਦਿਵਸ’ ਦੇ ਪਿਛੋਕੜ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਾਂਵਾਂ ਦੇ ਹੱਕਾਂ ਲਈ ਦੱਬੀ-ਘੁੱਟੀ ਆਵਾਜ਼ ਸੱਭ ਤੋਂ ਪਹਿਲਾਂ 1850’ਵਿਆਂ ਵਿੱਚ ਕੁਝ ਔਰਤ ਜੱਥੇਬੰਦੀਆਂ ਵੱਲੋਂ ਉਠਾਈ ਗਈ। ਅੱਨਾ ਜਾਰਵਸ ਨਾਂ ਦੀ ਹਿਊਮਨ ਐਕਟੀਵਿਸਟ ਜੋ ਅਮਰੀਕਨ ਸਿਵਲ ਵਾਰ ਵਿੱਚ ਜ਼ਖ਼ਮੀ ਸਿਪਾਹੀਆਂ ਦੀ ਵਾਲੰਟੀਅਰ ਵਜੋਂ ਸੇਵਾ ਕਰਦੀ ਸੀ, ਨੇ ਕਈ ਔਰਤਾਂ ਕਲੱਬਾਂ ਦੇ ਸਹਿਯੋਗ ਨਾਲ 1905 ਵਿੱਚ ਹੋਈ ਆਪਣੀ ਮਾਂ ਦੀ ਮੌਤ ਵਾਲੇ ਦਿਨ ਨੂੰ ‘ਮਦਰਜ਼ ਡੇਅ’ ਵਜੋਂ ਮਨਾਉਣ ਅਤੇ ਇਸ ਦਿਨ ਛੁੱਟੀ ਕਰਵਾਉਣ ਲਈ ਸੰਘਰਸ਼ ਸ਼ੁਰੂ ਕੀਤਾ। ਅਮਰੀਕਨ ਕਾਂਗਰਸ ਵੱਲੋਂ ਇਸ ਦਾ ਵਿਰੋਧ ਮਖ਼ੌਲ ਨਾਲ ਇਹ ਕਹਿ ਕੇ ਕੀਤਾ ਗਿਆ ਕਿ ਇਸ ਹਿਸਾਬ ਨਾਲ ‘ਸੱਸ-ਦਿਵਸ’ ਦੀ ਵੀ ਛੁੱਟੀ ਕਰਨੀ ਪਵੇਗੀ। ਅੱਨਾ ਜਾਰਵਸ ਪਹਿਲੀ ਵਾਰ 1911 ਵਿੱਚ ਵੈੱਸਟ ਵਰਜੀਨੀਆ ਇਸ ਦਿਨ ਸਥਾਨਕ-ਛੁੱਟੀ ਕਰਵਾਉਣ ਵਿੱਚ ਸਫ਼ਲ ਹੋਈ। ਫਿਰ 1914 ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਮਈ ਦੇ ਦੂਸਰੇ ਐਤਵਾਰ ਨੂੰ ‘ਮਦਰਜ਼ ਡੇਅ’ ਵਜੋਂ ਮਨਾਏ ਜਾਣ ਦਾ ਫੈਸਲਾ ਹੋਇਆ ਅਤੇ ਇਹ ਦਿਨ ਵਿਸ਼ਵ ਪੱਧਰ ‘ਤੇ ਹਰ ਸਾਲ ਬਾਕਾਇਦਾ ਮਨਾਇਆ ਜਾਣ ਲੱਗਾ।
ਉਪਰੰਤ, ਜਗਦੀਸ਼ ਕੌਰ ਝੰਡ ਅਤੇ ਸਰਬਜੀਤ ਕਾਹਲੋਂ ਨੇ ਇਸ ਦਿਨ ਦੀ ਮਹਾਨਤਾ ਬਾਰੇ ਬੋਲਦਿਆਂ ਹਾਜ਼ਰੀਨ ਨਾਲ ਦੁਨੀਆਂ-ਭਰ ਦੀਆਂ ਮਾਵਾਂ ਪ੍ਰਤੀ ਆਪਣੇ ਨਿੱਜੀ ਜਜ਼ਬਾਤ ਪ੍ਰਗਟ ਕੀਤੇ। ਅਰੂਜ਼ ਰਾਜਪੂਤ ਨੇ ਔਰਤ ਦੇ ਹੱਕਾਂ ਦੀ ਗੱਲ ਕਰਦਿਆਂ ਹੋਇਆਂ ਆਪਣੀ ਉਰਦੂ ਨਜ਼ਮ ‘ਬਰਗਦ ਕਾ ਪੇੜ’ ਪੇਸ਼ ਕੀਤੀ। ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਔਰਤ ਦੀ ਅਜੋਕੀ ਹਾਲਤ ਬਿਆਨ ਕਰਦਿਆਂ ਹੋਇਆਂ ਇਸ ਦੇ ਵਿੱਤੀ-ਪੱਖ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬੁਢਾਪੇ ਵੱਲ ਕਦਮ ਰੱਖਦਿਆਂ ਜਦੋਂ ਔਰਤ ਸਰੀਰਕ ਪੱਖੋਂ ਕਮਜ਼ੋਰ ਹੋ ਜਾਂਦੀ ਹੈ ਤਾਂ ਘਰ ਵਿੱਚ ਉਸ ਦੀ ਕਦਰ ਘੱਟ ਜਾਂਦੀ ਹੈ। ਸਾਨੂੰ ਉਸ ਨੂੰ ਅਤਿ-ਲੋੜੀਂਦਾ ਸਤਿਕਾਰ ਦੇਣ ਦੀ ਲੋੜ ਹੈ।  ਗੁਰਦੇਵ ਸਿੰਘ ਮਾਨ ਨੇ ਔਰਤ ਮਰਦ ਦੀ ਬਰਾਬਰੀ ਦੀ ਗੱਲ ਕਰਦਿਆਂ ਕਿਹਾ ਕਿ ਅਜੇ ਵੀ ਕੈਨੇਡਾ ਵਰਗੇ ਵਿਕਸਿਤ ਦੇਸ਼ ਵਿੱਚ ਇੱਕੋ ਜਿਹੇ ਕੰਮ ਬਦਲੇ ਮਰਦਾਂ ਦੇ ਮੁਕਾਬਲੇ ਔਰਤ ਨੂੰ ਤਨਖਾਹ ਘੱਟ ਦਿੱਤੀ ਜਾਂਦੀ ਹੈ। ਪ੍ਰਿੰ. ਗੁਰਦੀਪ ਸਿੰਘ ਰੰਧਾਵਾ ਨੇ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਭਰੂਣ-ਹੱਤਿਆ ਸਬੰਧੀ ਅੰਕੜਿਆਂ ਦਾ ਜ਼ਿਕਰ ਕਰਦਿਆਂ ਇਸ ਨੂੰ ਖ਼ਤਰਨਾਕ ਰੁਝਾਨ ਦੱਸਿਆ ਅਤੇ ਮਾਂਵਾਂ ਸਬੰਧੀ ਇੱਕ ਭਾਵੁਕ ਕਵਿਤਾ ਕਹੀ। ਰਾਜੀਵ ਪੁੰਜ ਨੇ ਇਸ ਮੌਕੇ ਆਪਣੀ ਭਾਵਨਾਤਮਿਕ ਹਿੰਦੀ ਕਵਿਤਾ ‘ਆਓ ਗਲੇ ਲੱਗ ਜਾਓ, ਕੁਝ ਪਲ ਮੇਰੇ ਭੀ ਪਾਸ ਰਹੋ’ ਸੁਣਾ ਕੇ ਹਾਜ਼ਰੀਨ ਨੂੰ ਭਾਵੁਕ ਕਰ ਦਿੱਤਾ। ਜੋਗਿੰਦਰ ਸਿੰਘ ਅਣਖੀਲਾ ਨੇ ਮਾਂ-ਪਿਆਰ ਨਾਲ ਸਬੰਧਿਤ ਆਪਣੀਆਂ ਦੋ ਛੋਟੀਆਂ-ਛੋਟੀਆਂ ਕਵਿਤਾਵਾਂ ਸੁਣਾਈਆਂ। ਇਸ ਸੰਜੀਦਾ ਮਾਹੌਲ ਵਿੱਚ ਹਰਜੀਤ ਬੇਦੀ ਨੇ ਮਾਂ ਨਾਲ ਸਬੰਧਿਤ ਇੱਕ ਹਾਸਰਸ-ਕਵਿਤਾ ‘ਬੀਬੀ ਕਰਦੀ ਫਿਰਦੀ ਵਾਕ’ ਸੁਣਾ ਕੇ ਸਰੋਤਿਆਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ।
ਸਮਾਗ਼ਮ ਦੇ ਦੂਸਰੇ ਭਾਗ ਵਿੱਚ ਕੁਲਜੀਤ ਮਾਨ ਨੇ ਸ਼ਿਵ ਕੁਮਾਰ ਬਟਾਲਵੀ ਬਾਰੇ ਸੰਖੇਪ ਗੱਲਬਾਤ ਕਰਦਿਆਂ ਉਸ ਦੇ ਮਹਾਂ-ਕਾਵਿ ‘ਲੂਣਾ’ ਨੂੰ ਮੁੱਖ-ਬਿੰਦੂ ਬਣਾਇਆ। ਉਨ੍ਹਾਂ ਕਿਹਾ ਕਿ ਸ਼ਿਵ ਇੱਕ ਕ੍ਰਾਤੀਕਾਰੀ ਕਵੀ ਹੈ ਜਿਸ ਨੇ ਲੂਣਾ ਨੂੰ ਖ਼ਲਨਾਇਕ ਤੋਂ ‘ਨਾਇਕ’ ਬਣਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਿਵ ਦੀ ਮਸ਼ਹੂਰ ਕਵਿਤਾ ‘ਇੱਕ ਕੁੜੀ ਜੀਹਦਾ ਨਾਮ ਮੁਹੱਬਤ, ਗੁੰਮ ਹੈ, ਗੁੰਮ ਹੈ’ ਵਿੱਚ ਉਹ ਕੁੜੀ ‘ਜ਼ਿੰਦਗੀ’ ਦਾ ਪ੍ਰਤੀਕ ਹੈ। ਕਈ ਲੋਕ ਸ਼ਿਵ ਨੂੰ ਸ਼ਰਾਬੀ ਸਮਝ ਕੇ ਉਸ ਦੀ ਕਵਿਤਾ ਨੂੰ ਨਕਾਰਦੇ ਹਨ ਪਰ ਇਹ ਸਰਾਸਰ ਗ਼ਲਤ ਹੈ। ਕੁਝ ਹੱਦ ਤੱਕ ਤਾਂ ਇਹ ਮੰਨਣਯੋਗ ਹੈ ਕਿ ਸ਼ਰਾਬ ਉਸ ਦੀ ਮਜਬੂਰੀ ਬਣ ਗਈ ਪਰ ਇਸ ਹਾਲਤ ਵਿੱਚ ਵੀ ਉਸ ਨੇ ਕਈ ਸ਼ਾਹਕਾਰ ਕਵਿਤਾਵਾਂ ਤੇ ਗੀਤਾਂ ਨੂੰ ਜਨਮ ਦਿੱਤਾ। ਸ਼ਿਵ ਦਾ ਲਿਖਿਆ ਅਤੇ ਅੱਜ ਜਗਜੀਤ ਸਿੰਘ ਦੀ ਆਵਾਜ਼ ਵਿੱਚ ਗਾਇਆ ਹੋਇਆ ਸ਼ਿਵ ਦਾ ਕੋਈ ਵੀ ਦਰਦ-ਭਿੱਜਾ ਗੀਤ ਹਰ ਕੋਈ ਸੁਣਨ ਨੂੰ ਉਤਾਵਲਾ ਹੈ। ਕੁਲਜੀਤ ਮਾਨ ਅਨੁਸਾਰ ਸ਼ਿਵ ਦਾ ਕੋਈ ‘ਬਦਲ’ ਨਹੀਂ ਹੈ।
ਡਾ. ਸੁਖਦੇਵ ਸਿੰਘ ਝੰਡ ਨੇ ਸ਼ਿਵ ਦੇ ਸ਼ਾਹਕਾਰ ‘ਲੂਣਾ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮਹਾਂ-ਕਾਵਿ ਨੇ ਕਾਦਰਯਾਰ ਦੇ ਮਹਾਨ ਕਿੱਸੇ ਅਤੇ ਹੋਰ ਕਈ ਪੁਰਾਣੇ ਕਵੀਆਂ ਦੀ ਧਾਰਨਾ ਹੀ ਬਦਲ ਦਿੱਤੀ ਹੈ। ਦੇ ਕਾਵਿ-ਸਫ਼ਰ ਦੀ ਗੱਲ ਕਰਦਿਆਂ ਕਿਹਾ ਕਿ ਸ਼ਿਵ ਦਾ ਆਪਣਾ ਹੀ ਵੱਖਰਾ ਅੰਦਾਜ਼ ਹੈ। ਜਗਮੋਹਨ ਸੰਘਾ ਨੇ ਸ਼ਿਵ ਬਟਾਲਵੀ ਦੀ ਗੱਲ ਕਰਦਿਆਂ ਭੁਪਿੰਦਰ ਮਿਤਾਲੀ ਦੇ ਲੇਖ ‘ਕੌਲਾਂ ਦਾ ਕੱਚਾ-ਸ਼ਿਵ’ ਬਾਰੇ ਦੱਸਿਆ ਜਿਸ ਵਿੱਚ ਉਸ ਨੇ ਸ਼ਿਵ ਦੇ ਛੋਟੀ ਉਮਰੇ ਇਸ ਦੁਨੀਆਂ ਤੋਂ ਤੁਰ ਜਾਣ ਕਾਰਨ ਦੁਬਾਰਾ ਲੰਡਨ ਨਾ ਆ ਸਕਣ ਬਾਰੇ ਲਿਖਿਆ ਹੈ। ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਸ਼ਿਵ ਬਟਾਲਵੀ ਦੇ ਕਾਵਿ-ਪ੍ਰੋਗਰਾਮਾਂ ਨਾਲ ਜੁੜੀਆਂ ਕੁਝ ਯਾਦਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ ਅਤੇ ਉਸ ਦੇ ਬਾਰੇ ਕਵਿਤਾ ਸੁਣਾਈ। ਇੰਜ ਹੀ, ਗੁਰਦੇਵ ਸਿੰਘ ਮਾਨ ਨੇ ਸ਼ਿਵ ਨਾਲ ਬਿਤਾਏ ਕੁਝ ਦਿਨਾਂ ਦੀ ਸਾਂਝ ਬਾਰੇ ਦੱਸਿਆ।
ਪਰਮਜੀਤ ਸਿੰਘ ਗਿੱਲ ਨੇ ਮਾਂ ਦੇ ਕਰਜ਼ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਤਾਂ ਕਦੇ ਵੀ ਉਤਾਰਿਆ ਨਹੀਂ ਜਾ ਸਕਦਾ ਪਰ ਉਸ ਨੂੰ ਯੋਗ ਮਾਣ-ਸਤਿਕਾਰ ਦੇ ਕੇ ਇਸ ਨੂੰ ਘਟਾਇਆ ਜ਼ਰੂਰ ਜਾ ਸਕਦਾ ਹੈ ਅਤੇ ਕੁਲਵੰਤ ਸਿਘ ਆਰਟਿਸਟ ਨਾਲ ਜਾਣ-ਪਛਾਣ ਕਰਵਾਈ। ਕਰਨ ਅਜਾਇਬ ਸਿੰਘ ਸੰਘਾ ਨੇ ਸ਼ਿਵ ਦੀ ਨਜ਼ਮ ‘ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ’ ਨਾਲ ਜੋੜ ਕੇ ਆਪਣੀ ਕਵਿਤਾ ‘ਅੱਜ ਇਹ ਚੰਬੇ ਦਾ ਫੁੱਲ ਖਿੜਿਆ’ ਸੁਣਾਈ। ਰਿੰਕੂ ਭਾਟੀਆ ਨੇ ਸ਼ਿਵ ਦੀ ਮਸ਼ਹੂਰ ਗ਼ਜ਼ਲ ‘ਗ਼ਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ’ ਆਪਣੀ ਖ਼ੂਬਸੂਰਤ ਆਵਾਜ਼ ਵਿੱਚ ਗਾਈ। ਉੱਘੇ ਕਵੀ ਸੁਖਮਿੰਦਰ ਰਾਮਪੁਰੀ ਨੇ ਖ਼ੂਬਸੂਰਤ ਆਵਾਜ਼ ਵਿੱਚ ਆਪਣਾ ਨਵਾਂ ਗੀਤ ‘ਇਹ ਅਨਹੋਣੀ ਗੱਲ ਓ ਯਾਰ’ ਸੁਣਾ ਕੇ ਵਧੀਆ ਮਾਹੌਲ ਸਿਰਜਿਆ।
ਪ੍ਰੋਗਰਾਮ ਦੇ ਦੌਰਾਨ ਬਰੈਂਪਟਨ ਵਿੱਚ ਵਿਚਰ ਰਹੇ ਉੱਘੇ ਗਾਇਕ ਇਕਬਾਲ ਬਰਾੜ ਨੇ ਸ਼ਿਵ ਦੇ ਸਦਾ-ਬਹਾਰ ਗੀਤ ‘ਮੈਂ ਕੰਡਿਆਲੀ ਥੋਹਰ ਵੇ ਸੱਜਣਾਂ’, ‘ਜਾਚ ਮੈਨੂੰ ਆ ਗਈ ਗ਼ਮ ਖਾਣ ਦੀ’, ਆਦਿ ਗਾ ਕੇ ਵਧੀਆ ਸੰਗੀਤਮਈ ਰੰਗ ਬੰਨ੍ਹਿਆ। ਪਰਮਜੀਤ ਢਿੱਲੋਂ ਨੇ ਸੋਹਣੀ-ਮਹੀਂਵਾਲ ਦੀ ਪ੍ਰੇਮ-ਗਾਥਾ ਨਾਲ ਜੁੜਿਆ ਇਕ ਖ਼ੂਬਸੂਰਤ ਗੀਤ ਸੁਣਾਇਆ। ਪ੍ਰੋਗਰਾਮ ਦੇ ਅਖ਼ੀਰ ਵੱਲ ਵੱਧਦਿਆਂ ਪ੍ਰਧਾਨਗੀ ਮੰਡਲ ਵਿੱਚੋਂ ਪੂਰਨ ਸਿੰਘ ਪਾਂਧੀ ਨੇ ਇਸ ਸਮਾਗ਼ਮ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਵਿੱਚ ਆ ਕੇ ਪਤਾ ਲੱਗਦਾ ਹੈ ਕਿ ਕੋਈ ਕਿੱਥੇ ਖੜਾ ਹੈ। ਉਨ੍ਹਾਂ ਨੇ ਬਹੁਤ ਸਾਰੀਆਂ ਪ੍ਰਚੱਲਤ ਕਿਸਮ ਦੀਆਂ ਸਾਹਿਤਕ ਰਚਨਾਵਾਂ ਨੂੰ ਲੰਗਰ ਦੇ ‘ਮਿੱਠੇ-ਪ੍ਰਸ਼ਾਦਿਆਂ’ ਨਾਲ ਤੁਲਨਾ ਕੀਤੀ ਅਤੇ ਸਾਹਿਤਕਾਰਾਂ ਨੂੰ ਨਵੀਆਂ  ਉੱਚ-ਪੱਧਰ ਦੀਆਂ ਰਚਨਾਤਮਿਕ ਕਿਰਤਾਂ ਲਿਆਉਣ ਦੀ ਪ੍ਰੇਰਨਾ ਕੀਤੀ।
ਅਖ਼ੀਰ ਵਿੱਚ ਸਭਾ ਦੇ ਚੇਅਰਮੈਨ ਬਲਰਾਜ ਚੀਮਾ ਨੇ ਆਏ ਸਮੂਹ-ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਕੌਮਾਂਤਰੀ ਮੰਡੀ ਨੇ ‘ਅੰਤਰਰਾਸ਼ਟਰੀ ਮਾਂ-ਦਿਵਸ’ ਦਾ ਵਿਓਪਾਰੀਕਰਨ ਕਰ ਦਿੱਤਾ ਹੈ। ਇਸ ਮੌਕੇ ਮਾਵਾਂ ਨੂੰ ਦਿੱਤੇ ਜਾਣ ਵਾਲੇ ਗਰੀਟਿੰਗ-ਕਾਰਡ, ਲੰਚ, ਡਿਨਰ ਅਤੇ ਤੋਹਫ਼ਿਆਂ ਆਦਿ ਨੇ ਇਸ ਦਾ ਬਾਜ਼ਾਰੀਕਰਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਵਾਂ ਨੂੰ ਇਨ੍ਹਾਂ ਚੀਜਾਂ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੂੰ ਤਾਂ ਬੱਸ ਪਿਆਰ ਦੇ ਬਦਲੇ ਪਿਆਰ ਅਤੇ ਸਤਿਕਾਰ ਹੀ ਚਾਹੀਦਾ ਹੈ। ਉਨ੍ਹਾਂ ਸ਼ਿਵ ਕੁਮਾਰ ਬਟਾਲਵੀ ਨੂੰ ਵੀ ਨਿੱਘੇ ਸ਼ਬਦਾਂ ਵਿੱਚ ਸ਼ਰਧਾਂਜਲੀ ਭੇਂਟ ਕੀਤੀ। ਮੰਚ-ਸੰਚਾਲਨ ਦੀ ਜ਼ਿਮੇਂਵਾਰੀ ਤਲਵਿੰਦਰ ਮੰਡ ਨੇ ਬਾਖ਼ੂਬੀ ਨਿਭਾਈ।
ਇਸ ਮੌਕੇ ਹਾਜ਼ਰੀਨ ਵਿੱਚ ਡਾ. ਸੋਹਨ ਸਿੰਘ, ਜੈਦੀਪ ਸਿੰਘ, ਮਲੂਕ ਸਿੰਘ ਕਾਹਲੋਂ, ਗੁਰਜੀਤ ਸਿੰਘ, ਪੰਕਜ ਸ਼ਰਮਾ, ਸੁਰਿੰਦਰ ਸ਼ਰਮਾ, ਹਰਜਸਪ੍ਰੀਤ ਗਿੱਲ, ਦਰਸ਼ਨ ਸਿੰਘ ਗਰੇਵਾਲ, ਰਘਵੀਰ ਸਿੰਘ ਚਾਹਲ, ਡੇਵਿਡ, ਨਛੱਤਰ ਸਿੰਘ ਬਦੇਸ਼ਾ, ਕੁਲਵੰਤ ਸਿੰਘ ਆਰਟਿਸਟ ਸਮੇਤ ਕਈ ਹੋਰ ਸ਼ਾਮਲ ਸਨ।

Check Also

CLEAN WHEELS

Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …