Breaking News
Home / ਮੁੱਖ ਲੇਖ / ਗੈਂਗਸਟਰ ਬਣੇ ਪੰਜਾਬ ਦੇ ਅਮਨ ਲਈ ਚੁਣੌਤੀ

ਗੈਂਗਸਟਰ ਬਣੇ ਪੰਜਾਬ ਦੇ ਅਮਨ ਲਈ ਚੁਣੌਤੀ

316844-1rZ8qx1421419655-300x225ਕੇ ਐਸ ਚਾਵਲਾ
ਕਿਸੇ ਸਮੇਂ ਖੁਸ਼ਹਾਲ ਅਤੇ ਅਮਨਪਸੰਦ ਰਹੇ ਪੰਜਾਬ ਨੂੰ ਕਿਸੇ ਦੀ ਭੈੜੀ ਨਜ਼ਰ ਲੱਗ ਗਈ ਹੈ। ਪੰਜਾਬ ਹੁਣ ਗੈਂਗਸਟਰਾਂ ਦਾ ਗੜ੍ਹ ਬਣ ਗਿਆ ਹੈ। ਉਨ੍ਹਾਂ ਦੇ ਮਨਾਂ ਵਿਚ ਪੁਲਿਸ ਦਾ ਡਰ ਖਤਮ ਹੋ ਗਿਆ ਹੈ ਅਤੇ ਉਹ ਦਿਨ-ਦਿਹਾੜੇ ਜੁਰਮਾਂ ਨੂੰ ਅੰਜਾਮ ਦਿੰਦੇ ਹਨ। ਅਸਲੀਅਤ ਤਾਂ ਇਹ ਹੈ ਕਿ ਉਹ ਖੁਦ ‘ਕਾਨੂੰਨਸਾਜ਼’ ਬਣ ਗਏ ਹਨ ਜਿਨ੍ਹਾਂ ਨੂੰ ਪੁਲਿਸ ਅਤੇ ਸਿਆਸਤਦਾਨਾਂ ਦੀ ਸ਼ਹਿ ਹਾਸਲ ਹੈ। ਪੰਜਾਬ ਨੇ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਕਾਲੇ ਦੌਰ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਹੈ। 1992 ਵਿਚ ਸੂਬੇ ਵਿਚ ਸ਼ਾਂਤੀ ਪਰਤੀ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ। ਪਰ ਹੁਣ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣ, ਲੁੱਟਮਾਰ ਅਤੇ ਦਿਨ-ਦਿਹਾੜੇ ਡਕੈਤੀਆਂ ਮਾਰਨ ਨਾਲ ਲੋਕਾਂ ਵਿਚ ਫਿਰ ਭੈਅ ਦਾ ਮਾਹੌਲ ਬਣ ਗਿਆ ਹੈ। ਸ਼ਹਿਰਾਂ ਵਿਚ ਗਰੋਹਾਂ ਵਿਚਕਾਰ ਦੁਸ਼ਮਣੀ ਨੇ ਲੋਕਾਂ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਨੇ ਖੁਦ ਕਬੂਲਿਆ ਹੈ ਕਿ ਸੂਬੇ ਵਿਚ ਕਰੀਬ 60 ਗੈਂਗ ਸਰਗਰਮ ਹਨ, ਜਿਨ੍ਹਾਂ ਵਿਚੋਂ ਬਹੁਤੇ ਮੈਂਬਰ ਸਲਾਖਾਂ ਪਿੱਛੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗਰੋਹ ਕੋਈ ਇਕ ਦਿਨ ਵਿਚ ਨਹੀਂ ਬਣੇ ਅਤੇ ਪੁਲਿਸ ਹੱਥ ‘ਤੇ ਹੱਥ ਧਰੇ ਬੈਠੀ ਰਹੀ। ਲੋਕਾਂ ਵਿਚ ਇਸ ਗੱਲ ਦਾ ਰੋਸ ਹੈ ਕਿ ਜੇ ਪੁਲਿਸ ਵੱਲੋਂ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਸੂਬੇ ਵਿਚ ਦਹਿਸ਼ਤ ਦਾ ਮਾਹੌਲ ਸਿਰ ਨਾ ਚੁੱਕਦਾ। ਮੰਦਭਾਗੀ ਗੱਲ ਇਹ ਹੈ ਕਿ ਜ਼ਿਆਦਾਤਰ ਗੈਂਗਸਟਰ ਪੜ੍ਹੇ-ਲਿਖੇ ਹਨ ਅਤੇ ਚੰਗੇ ਪਰਿਵਾਰਾਂ ਵਿਚੋਂ ਆਉਂਦੇ ਹਨ। ਖੇਡਾਂ ਵਿਚ ਮੱਲਾਂ ਮਾਰਨ ਵਾਲੇ ਬਹੁਤੇ ਖਿਡਾਰੀ ਗਰੋਹਾਂ ਨਾਲ ਜੁੜ ਗਏ ਹਨ। ਕੁਝ ਨੇ ਹੈਮਰ ਥਰੋਅ, ਸ਼ਾਟਪੁੱਟ ਅਤੇ ਕਬੱਡੀ ਵਿਚ ਨਾਮ ਕਮਾਇਆ ਹੈ ਪਰ ਉਹ ਗਰੋਹਾਂ ਵਿਚ ਸ਼ਾਮਲ ਹੋ ਗਏ ਹਨ। ਕਿਸੇ ਹੱਦ ਤੱਕ ਬੇਰੁਜ਼ਗਾਰੀ ਦੀ ਸਮੱਸਿਆ ਵੀ ਇਸ ਲਈ ਜ਼ਿੰਮੇਵਾਰ ਹੈ।
ਪੰਜਾਬ ਦੀਆਂ ਜੇਲ੍ਹਾਂ ਵਿਚ ਬੈਠੇ ਗੈਂਗਸਟਰਾਂ ਨੇ ਆਪਣਾ ਧੰਦਾ ਸਲਾਖਾਂ ਪਿੱਛੋਂ ਹੀ ਚਲਾਇਆ ਹੋਇਆ ਹੈ। ਉਹ ਬਾਹਰ ਬੈਠੇ ਆਪਣੇ ਚੇਲਿਆਂ ਨੂੰ ਨਿਰਦੇਸ਼ ਦੇ ਕੇ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਐਮਰਜੈਂਸੀ ਵੇਲੇ ਜੇਲ੍ਹ ਵਿਚ ਡੱਕਿਆ ਸੀ ਤਾਂ ਉਨ੍ਹਾਂ ਆਪਣੇ 18 ਮਹੀਨਿਆਂ ਦੇ ਸਮੇਂ ਦੌਰਾਨ ਜੇਲ੍ਹਾਂ ਅਤੇ ਕੈਦੀਆਂ ਦੀ ਹਾਲਤ ਦੇਖ ਕੇ ਉਨ੍ਹਾਂ ਨੂੰ ‘ਸੁਧਾਰ ਘਰ’ ਵਜੋਂ ਬਦਲਣਾ ਦਾ ਤਹੱਈਆ ਕੀਤਾ ਸੀ। ਉਨ੍ਹਾਂ ਕੈਦੀਆਂ ਦੇ ਸੁਧਾਰ ਲਈ ਸੁਝਾਅ ਦਿੱਤੇ ਸਨ। ਇਨ੍ਹਾਂ ਵਿਚੋਂ ਇਕ ਸੁਝਾਅ ਕੈਦੀਆਂ ਨੂੰ ਕੰਮ ‘ਤੇ ਲਗਾਉਣ ਦਾ ਸੀ ਤਾਂ ਜੋ ਉਹ ਆਪਣੀ ਸਜ਼ਾ ਦੌਰਾਨ ਕੋਈ ਕੰਮ-ਕਾਰ ਸਿੱਖ ਕੇ ਜੇਲ੍ਹ ਤੋਂ ਬਾਹਰ ਨਿਕਲਣ ‘ਤੇ ਕਿਸੇ ਆਹਰੇ ਲੱਗ ਸਕਣ। ਪਰ ਇੰਜ ਜਾਪਦਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਮੁਰਾਦਾਂ ਮਿੱਟੀ ਵਿਚ ਰੋਲ ਦਿੱਤੀਆਂ ਗਈਆਂ।
ਐਮਰਜੈਂਸੀ ਵੇਲੇ ਜੇਲ੍ਹਾਂ ਵਿਚ ਬੰਦ ਨੌਜਵਾਨ ਵਰਗ ਘੱਟ ਪੜ੍ਹਿਆ-ਲਿਖਿਆ ਸੀ ਤੇ ਉਹ ਗੰਭੀਰ ਅਪਰਾਧਾਂ ਨਾਲ ਜੁੜੇ ਹੋਏ ਸਨ। ਪੁਲਸੀਆ ਭਾਸ਼ਾ ਵਿਚ ਇਨ੍ਹਾਂ ਅਪਰਾਧੀਆਂ ਨੂੰ ‘ਬਸਤਾ ਅਲਫ ਅਤੇ ਬਸਤਾ ਬੇ’ ਯਾਨੀ ਏ ਅਤੇ ਬੀ ਵਰਗਾਂ ਵਿਚ ਵੰਡਿਆ ਜਾਂਦਾ ਸੀ। ਅਪਰਾਧੀਆਂ ਦੀ ਹਿਸਟਰੀ ਸ਼ੀਟ (ਪੂਰਾ ਵੇਰਵਾ) ਇਕ ਵਾਰ ਖੁੱਲ੍ਹ ਜਾਂਦੀ ਸੀ ਤਾਂ ਪੁਲਿਸ ਰਿਕਾਰਡ ਵਿਚ ਉਸ ਦੀ ਤਸਵੀਰ ਵੀ ਲੱਗ ਜਾਂਦੀ ਸੀ ਅਤੇ ਉਸ ਨੂੰ ਇਲਾਕੇ ਦੇ ਥਾਣੇ ਵਿਚ ਹਾਜ਼ਰੀ ਲਵਾਉਣੀ ਪੈਂਦੀ ਸੀ ਪਰ ਇਹ ਸਾਰੀਆਂ ਹਦਾਇਤਾਂ ਹੁਣ ਬੀਤੇ ਦੀਆਂ ਗੱਲਾਂ ਰਹਿ ਗਈਆਂ ਹਨ।
ਸੂਬੇ ਵਿਚ ਪਿਛਲੇ ਕੁਝ ਸਮੇਂ ਦੌਰਾਨ ਜੁਰਮ ਦੇ ਗ੍ਰਾਫ ਅਤੇ ਗਰੋਹਾਂ ਦੀ ਗਿਣਤੀ ਵਿਚ ਅਚਾਨਕ ਵਾਧਾ ਦੇਖਿਆ ਗਿਆ ਹੈ। ਗੈਂਗਸਟਰਾਂ ਦੀ ਵਧ ਰਹੀ ਗਿਣਤੀ ਬਾਰੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਮੈਨੂੰ ਦੱਸਿਆ ਕਿ ਸਿੱਖਿਆ ਦੇ ਪਸਾਰ ਨੇ ਇਸ ਵਿਚ ਆਪਣੇ ਢੰਗ ਨਾਲ ਭੂਮਿਕਾ ਅਦਾ ਕੀਤੀ ਹੈ। ਪਿੰਡ ਦਾ ਗੱਭਰੂ ਜਦੋਂ ਸ਼ਹਿਰ ਪਹੁੰਚਦਾ ਹੈ ਤਾਂ ਉਹ ਚਕਾਚੌਂਧ ਵੱਲ ਆਕਰਸ਼ਤ ਹੋ ਜਾਂਦਾ ਹੈ। ਹੌਲੀ-ਹੌਲੀ ਵਿਦਿਅਕ ਅਦਾਰਿਆਂ ਵਿਚ ਲੀਡਰਸ਼ਿਪ ਨੂੰ ਲੈ ਕੇ ਹੁੰਦੇ ਝਗੜਿਆਂ ਪ੍ਰਤੀ ਉਸ ਦਾ ਰੁਝਾਨ ਵੱਧ ਜਾਂਦਾ ਹੈ ਅਤੇ ਗਰੋਹਾਂ ਦੀ ਗੁੱਟਬਾਜ਼ੀ ਦਾ ਇਹ ਪਹਿਲਾ ਕਦਮ ਹੁੰਦਾ ਹੈ। ਲੀਡਰਸ਼ਿਪ ਨੂੰ ਲੈ ਕੇ ਵਿਦਿਅਕ ਸੰਸਥਾਵਾਂ ਵਿਚ ਗੈਂਗਵਾਰ ਸ਼ੁਰੂ ਹੋ ਜਾਂਦੀ ਹੈ। ਇਨ੍ਹਾਂ ਗੁੱਟਾਂ ਦੇ ਆਗੂ ਸਿਆਸਤਦਾਨਾਂ ਨਾਲ ਸੰਪਰਕ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਹਮਾਇਤ ਹਾਸਲ ਕਰਦੇ ਹਨ। ਸਿਆਸਤਦਾਨਾਂ ਨੂੰ ਵੀ ਬਾਹੂਬਲੀਆਂ ਦੀ ਲੋੜ ਹੁੰਦੀ ਹੈ ਅਤੇ ‘ਇਕ ਹੱਥ ਲੈ, ਦੂਜੇ ਹੱਥ ਦੇ’ ਦੇ ਅਖਾਣ ਅਨੁਸਾਰ ਦੋਹਾਂ ਧਿਰਾਂ ਦੀ ਗੰਢ-ਤੁੱਪ ਹੋਰ ਪੀਢੀ ਹੋ ਜਾਂਦੀ ਹੈ। ਅਧਿਕਾਰੀ ਮੁਤਾਬਕ ਪੁਲਿਸ ਦੀ ਸ਼ਮੂਲੀਅਤ ਨਾਲ ਗੈਂਗਸਟਰਾਂ ਨੂੰ ਹੋਰ ਹੱਲਾਸ਼ੇਰੀ ਮਿਲ ਜਾਂਦੀ ਹੈ। ਉਹ ਪਹਿਲਾਂ ਨਿੱਕੇ-ਮੋਟੇ ਜੁਰਮ ਕਰਦੇ ਹਨ ਅਤੇ ਫਿਰ ਵੱਡਾ ਆਗੂ ਬਣਨ ‘ਤੇ ਉਹ ਲੁੱਟਮਾਰ ਅਤੇ ਹੱਤਿਆਵਾਂ ਵਰਗੇ ਸੰਗੀਨ ਅਪਰਾਧਾਂ ਨਾਲ ਆਪਣਾ ਨਾਤਾ ਜੋੜ ਲੈਂਦੇ ਹਨ। ਗਰੋਹ ਦਾ ਮੁਖੀ ਜਦੋਂ ਤਾਕਤਵਰ ਬਣ ਜਾਂਦਾ ਹੈ ਤਾਂ ਇਲਾਕੇ ਨੂੰ ਲੈ ਕੇ ਆਪਸੀ ਟਕਰਾਅ ਹੋ ਜਾਂਦੇ ਹਨ।
ਕਈ ਮਾਫੀਆ ਗੁੱਟ ਵੀ ਇਨ੍ਹਾਂ ਗੈਂਗਸਟਰਾਂ ਦੀ ਸ਼ਰਨ ‘ਚ ਚਲੇ ਜਾਂਦੇ ਹਨ। ਪੁਲਿਸ ਅਧਿਕਾਰੀ ਮੁਤਾਬਕ ਪੰਜਾਬ ਵਿਚ ਜ਼ਮੀਨ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆ ਅਤੇ ਨਸ਼ਾ ਮਾਫੀਆ ਸਮੇਤ ਹੋਰ ਕਈ ਤਰ੍ਹਾਂ ਦੇ ਮਾਫੀਏ ਸਰਗਰਮ ਹਨ। ਗੈਂਗਸਟਰ ਨਸ਼ੇ ਦੀ ਤਸਕਰੀ ਵਿਚ ਸ਼ਾਮਲ ਹਨ ਅਤੇ ਜ਼ਮੀਨ ਮਾਫੀਆ ਨੂੰ ਆਪਣੇ ਲੱਠਮਾਰਾਂ ਰਾਹੀਂ ਸਹਿਯੋਗ ਦਿੰਦੇ ਹਨ। ਇਸ ਅਧਿਕਾਰੀ ਨੇ ਮੰਨਿਆ ਕਿ ਵੱਖ-ਵੱਖ ਸੂਬਿਆਂ ਵਿਚ ਗੈਰ-ਕਾਨੂੰਨੀ ਹਥਿਆਰ ਆਸਾਨੀ ਨਾਲ ਮਿਲ ਜਾਂਦੇ ਹਨ। ਕਈ ਗੈਂਗਸਟਰ ਸਿਆਸਤਦਾਨਾਂ ਦੀ ਹਮਾਇਤ ਨਾਲ ਲਾਇਸੈਂਸੀ ਹਥਿਆਰ ਹਾਸਲ ਕਰ ਲੈਂਦੇ ਹਨ ਅਤੇ ਫਿਰ ਉਹ ਖੌਫ ਪੈਦਾ ਕਰਕੇ ਸ਼ਾਂਤੀ ਤੇ ਖੁਸ਼ਹਾਲੀ ਦੇ ਮਾਹੌਲ ਨੂੰ ਖਰਾਬ ਕਰ ਦਿੰਦੇ ਹਨ। ਪਰਵਾਣੂ ਵਿਚ ਫਾਜ਼ਿਲਕਾ ਦੇ ਗੈਂਗਸਟਰ ਜਸਵਿੰਦਰ ਸਿੰਘ ਉਰਫ ਰੌਕੀ ਦੀ ਵਿਰੋਧੀ ਗੁੱਟ ਵੱਲੋਂ ਹੱਤਿਆ ਨਾਲ ਚਿੰਤਾਜਨਕ ਹਾਲਾਤ ਜੱਗ ਜ਼ਾਹਿਰ ਹੋ ਗਏ ਹਨ। ਮੀਡੀਆ ਵਿਚ ਖੌਫਜ਼ਦਾ ‘ਪ੍ਰਾਪਤੀਆਂ’ ਦੀਆਂ ਕਹਾਣੀਆਂ ਨੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਗੈਂਗਸਟਰ ਸੋਸ਼ਲ ਮੀਡੀਆ ਅਤੇ ਫੇਸਬੁੱਕ ਰਾਹੀਂ ਆਪਣੀਆਂ ‘ਪ੍ਰਾਪਤੀਆਂ’ ਦਾ ਧੜੱਲੇ ਨਾਲ ਵਰਨਣ ਕਰਦੇ ਹਨ।
ਪਿਛਲੇ ਕੁਝ ਸਮੇਂ ਤੋਂ ਪੰਜਾਬੀ ਗਾਇਕਾਂ ਅਤੇ ਗੀਤਕਾਰਾਂ ਨੇ ਵੀ ਗੈਂਗਸਟਰਾਂ ਨੂੰ ਅਣਜਾਣੇ ਵਿਚ ਸਹੀ ਹੱਲਾਸ਼ੇਰੀ ਦਿੱਤੀ ਹੈ, ਜਿਸ ਕਾਰਨ ਜੁਰਮਾਂ ਵਿਚ ਵਾਧਾ ਹੋਇਆ ਹੈ। ਭੜਕਾਊ ਪੰਜਾਬੀ ਗੀਤ ਸੋਸ਼ਲ ਮੀਡੀਆ ‘ਤੇ ਪਸੰਦ ਕੀਤੇ ਜਾ ਰਹੇ ਹਨ। ਇਨ੍ਹਾਂ ਗੀਤਾਂ ਵਿਚ ਅਪਰਾਧੀਆਂ ਦੇ ਸੋਹਲੇ ਗਾਏ ਜਾਂਦੇ ਹਨ। ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਨੌਜਵਾਨ ਵਰਗ ਇਨ੍ਹਾਂ ਵੱਲ ਛੇਤੀ ਆਕਰਸ਼ਤ ਹੋ ਜਾਂਦਾ ਹੈ। ਪੰਜਾਬ ਪੁਲਿਸ ਦਾ ਸਾਈਬਰ ਕ੍ਰਾਈਮ ਸੈੱਲ ਇਸ ਬਾਬਤ ਨਕਾਰਾ ਸਾਬਤ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਪਿਛਲੇ ਕਰੀਬ 10 ਸਾਲਾਂ ਤੋਂ ਸੱਤਾ ਵਿਚ ਹੈ ਅਤੇ ਸੂਬੇ ‘ਚ ਗੈਂਗਸਟਰਾਂ ਦੀ ਗਿਣਤੀ ਵੀ ਵਧੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਪਣੇ ਸਿਆਸੀ ਹਿੱਤਾਂ ਅਤੇ ਸਹੂਲਤ ਮੁਤਾਬਕ ਥਾਣਿਆਂ ਦੇ ਵਿਧਾਨ ਵਿਚ ਫੇਰਬਦਲ ਕਰਦੇ ਰਹਿੰਦੇ ਹਨ। ਅਕਾਲੀ ਵਿਧਾਇਕਾਂ ਨੂੰ ਥਾਣਿਆਂ ਦਾ ਇੰਚਾਰਜ ਲਾਇਆ ਗਿਆ ਹੈ ਅਤੇ ਕਈ ਥਾਵਾਂ ‘ਤੇ ਤਾਂ ਇਹ ਉਨ੍ਹਾਂ ਦੇ ਹਲਕਿਆਂ ਵਿਚ ਵੀ ਨਹੀਂ ਪੈਂਦੇ। ਪਾਰਟੀ ਨਾਲ ਜੁੜੇ ਕਈ ਯੂਥ ਵਿੰਗਾਂ ਦੇ ਵਰਕਰ ਇਨ੍ਹਾਂ ਵਿਧਾਇਕਾਂ ਨਾਲ ਜੁੜੇ ਰਹਿੰਦੇ ਹਨ। ਪੁਲਿਸ ਅਧਿਕਾਰੀ ਨੂੰ ਵੀ ਹੁਕਮਰਾਨਾਂ ਦਾ ਹੁਕਮ ਵਜਾਉਂਦੇ ਹਨ ਤਾਂ ਜੋ ਉਹ ਵੀ ਆਪਣੀ ਮਨਪਸੰਦ ਵਾਲੀ ਥਾਂ ‘ਤੇ ਲੰਮੇ ਸਮੇਂ ਤੱਕ ਟਿਕੇ ਰਹਿ ਸਕਣ।
ਪੰਜਾਬ ਪੁਲਿਸ ਵਿਚ ਲੰਮੇ ਸਮੇਂ ਤੋਂ ਅਟਕੀਆਂ ਪਈਆਂ ਤਿੰਨ ਹਜ਼ਾਰ ਤੋਂ ਵੱਧ ਜਵਾਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਤਰੱਕੀਆਂ ਨਾਲ ਵੀ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ। ਸਬ-ਇੰਸਪੈਕਟਰ ਤੋਂ ਲੈ ਕੇ ਐਸ.ਪੀ. ਰੈਂਕ ਤੱਕ ઠਦੇ ਅਧਿਕਾਰੀ ਆਪਣੀ ਤਾਇਨਾਤੀ ਵਾਲੀ ਥਾਂ ‘ਤੇ ਹੀ ਟਿਕੇ ਰਹਿਣ ਵਿਚ ਕਾਮਯਾਬ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀਆਂ ਅਤੇ ਸਿਆਸਤਦਾਨਾਂ ઠਵਿਚਕਾਰ ਗੰਢ-ਤੁਪ ਕਰਕੇ ਕੋਈ ਵੱਡਾ ਫੇਰਬਦਲ ਨਹੀਂ ਹੋਇਆ। ਪੰਜਾਬ ਪੁਲਿਸ ਤੋਂ ਡੀਜੀਪੀ ਦੇ ਅਹੁਦੇ ਤੋਂ ਰਿਟਾਇਰ ਹੋਏ ਡੀ ਆਰ ਭੱਟੀ ਮਹਿਸੂਸ ਕਰਦੇ ਹਨ ਕਿ ਮਿਸਾਈਲ ਪੁਲਿਸ ਦਸਤੇ ਬਣਾਉਣ ਦੀ ਲੋੜ ਹੈ। ਇਹ ਦਸਤੇ ਗੈਂਗਸਟਰਾਂ ઠਦੇ ਖਾਤਮੇ ਵਿਚ ਸਹਾਈ ਹੋ ਸਕਦੇ ਹਨ। ਭੱਟੀ ਹੁਰਾਂ ਦਾ ਕਹਿਣਾ ਹੈ ਕਿ ਹਥਿਆਰਾਂ ਦੇ ਲਾਇਸੈਂਸ ਸੁਖਾਲਿਆਂ ਨਹੀਂ ਮਿਲਣੇ ਚਾਹੀਦੇ। ਉਨ੍ਹਾਂ ਦਾ ਸੁਝਾਅ ਹੈ ਕਿ ਪੁਲਿਸ ਪੜਤਾਲ ਸਖਤ ਕਰਨ ਦੇ ਨਾਲ-ਨਾਲ ਉਸ ‘ਤੇ ਨਜ਼ਰ ਰੱਖਣ ਦੀ ਵੀ ਲੋੜ ਹੈ। ਗਰੋਹਾਂ ਦੀ ਤਾਦਾਦ ਵਧਣ ਦੇ ਨਾਲ ਸੂਬੇ ਵਿਚ ਅਮਨ ਕਾਨੂੰਨ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਕਿਸੇ ਨੂੰ ਵੀ ਪੁਲਿਸ ਦਾ ਖੌਫ ਨਹੀਂ ਰਿਹਾ ਅਤੇ ਉਹ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਜਾ ਰਹੇ ਹਨ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ 17 ਮਈ ਨੂੰ ਲੁਧਿਆਣਾ ਵਿਚ ਹੋਇਆ ਹਮਲਾ ਅਮਨ-ਕਾਨੂੰਨ ਦੀ ਵਿਗੜਦੀ ਹਾਲਤ ਦੀ ਗਵਾਹੀ ਭਰਦਾ ਹੈ। ਨਾਮਧਾਰੀ ਮੁਖੀ ਬਾਬਾ ਜਗਜੀਤ ਸਿੰਘ ਦੀ ਵਿਧਵਾ ਮਾਤਾ ਚੰਦ ਕੌਰ ਦੇ ਕਾਤਲਾਂ ਦੀ ਸੂਹ ਦੇਣ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਦਾ ਐਲਾਨ ਕਰਨ ਦੇ ਬਾਵਜੂਦ ਪੁਲਿਸ ਇਸ ਸਾਜ਼ਿਸ਼ ਦਾ ਪਰਦਾਫਾਸ਼ ਨਹੀਂ ਕਰ ਸਕੀ ਹੈ। ਅਜਿਹੀਆਂ ਵਾਰਦਾਤਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਾਅਵਿਆਂ ਨੂੰ ਝੂਠਾ ਸਾਬਤ ਕਰਦੀਆਂ ਹਨ ਕਿ ਪੰਜਾਬ ਸਭ ਤੋਂ ਸੁਰੱਖਿਅਤ ਸੂਬਾ ਹੈ।

Check Also

ਜੋ ਬੀਜਿਆ ਹੈ, ਉਹੀ ਵੱਢ ਰਿਹਾ ਹੈ ਮਾਨ ‘ਬੱਤੀਆਂ ਵਾਲਾ’

ਡਾ. ਗੁਰਵਿੰਦਰ ਸਿੰਘ ਹੁਣ ਇਹ ਕਹਿਣਾ ਭੋਰਾ-ਭਰ ਵੀ ਗ਼ਲਤ ਨਹੀਂ ਹੋਵੇਗਾ ਕਿ ਕਿਸੇ ਸਮੇਂ ‘ਪੰਜਾਬੀ …