Breaking News
Home / ਨਜ਼ਰੀਆ / ਵਾਹਗੇ ਵਾਲੀ ਲਕੀਰ

ਵਾਹਗੇ ਵਾਲੀ ਲਕੀਰ

ਦੋਵਾਂ ਪਾਸਿਆਂ ਦੀ ਸੁੱਖ ਮੰਗਣ ਵਾਲੇ ਲੋਕ
ਡਾ: ਸ. ਸ. ਛੀਨਾ
ਪਾਦਰੀ ਇਰਸ਼ਾਦ ਦਤਾ ਮੇਰੇ ਵਾਕਿਫ ਨਹੀਂ ਸਨ ਪਰ ਉਹਨਾਂ ਦੇ ਹਮੇਸ਼ਾਂ ਨਾਲ ਰਹਿੰਦੇ ਬਾਊ ਰਾਮ ਜੀ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਸਾਂ ਖਾਸ ਕਰਕੇ ਉਹਨਾਂ ਦੇ ਇਨ੍ਹਾਂ ਵਿਚਾਰਾਂ ਕਰਕੇ ਕਿ ਉਹ ਪੈਦਾ ਤਾਂ ਭਾਵੇਂ ਹਿੰਦੂ ਧਰਮ ਵਿਚ ਹੋਏ ਸਨ ਪਰ ਉਹ ਕਿਸੇ ਵੀ ਧਰਮ ਵਿਚ ਵਿਸ਼ਵਾਸ ਨਹੀਂ ਸਨ ਰੱਖਦੇ ਉਹਨਾਂ ਦੇ ਕਈ ਵਿਚਾਰ ਮੇਰੀ ਸਮਝ ਤੋਂ ਪਰੇ ਸਨ ਜਿਸ ਤਰ੍ਹਾਂ ਉਹ ਕਹਿੰਦੇ ਹੁੰਦੇ ਸਨ ਕਿ ਉਹ ਧਰਮ ਵਿਚ ਵਿਸ਼ਵਾਸ਼ ਨਹੀਂ ਰੱਖਦੇ ਸਗੋਂ ਰੂਹਾਨੀਅਤ ਵਿਚ ਵਿਸ਼ਵਾਸ਼ ਰੱਖਦੇ ਹਨ। ਉਹ ਜਾਂ ਤਾਂ ਸਾਰੇ ਹੀ ਧਰਮਾਂ ਦੇ ਆਦਮੀ ਹਨ ਜਾਂ ਕਿਸੇ ਦੇ ਵੀ ਨਹੀਂ। ਫਿਰ ਉਹਨਾਂ ਵੱਲੋਂ ਕੀਤੇ ਕਈ ਕੰਮ ਜਿਨ੍ਹਾਂ ਦੀ ਸਾਡੇ ਇਲਾਕੇ ਵਿਚ ਚਰਚਾ ਸੀ, ਉਸ ਕਰਕੇ ਉਹ ਸਤਿਕਾਰੇ ਜਾਂਦੇ ਸਨ। ਬਹੁਤ ਚਿਰ ਪਹਿਲਾਂ ਇਕ ਘਰ ਵਿਚ ਬਜੁਰਗ ਔਰਤ ਨੌਕਰਾਨੀ ਨੂੰ ਘਰ ਦੇ ਮਾਲਿਕਾਂ ਨੇ ਬਿਜਲੀ ਦੀ ਪ੍ਰੈਸ ਲਾ ਕੇ ਉਸ ਦੇ ਹੱਥ ਸਾੜ ਦਿੱਤੇ ਕਿਉਂ ਜੋ ਉਹਨਾਂ ਨੂੰ ਉਸ ਤੇ ਇਹ ਸ਼ੱਕ ਸੀ ਕਿ ਉਸਨੇ ਉਹਨਾਂ ਦੇ 10 ਰੁਪਏ ਚੋਰੀ ਕੀਤੇ ਹਨ। ਬਾਊ ਰਾਮ ਨੇ ਉਹਨਾਂ ‘ਤੇ ਮੁਕੱਦਮਾ ਕੀਤਾ ਅਤੇ ਮੁਆਫੀ ਮੰਗਵਾਈ, ਇਸ ਤਰ੍ਹਾਂ ਹੀ ਜਦੋਂ ਇਕ ਮਜ਼ਦੂਰ ਕੋਲੋਂ ਇਕ ਸ਼ਾਹੂਕਾਰ ਕਰਜ਼ੇ ਤੋਂ ਕਈ ਗੁਣਾ ਵਿਆਜ ਲੈ ਕੇ ਵੀ ਉਸ ਦੇ ਬੱਚੇ ਕੋਲੋ ਵਿਆਜ ਵਿਚ ਹੀ ਘਰ ਵਿਚ ਮਜ਼ਦੂਰੀ ਕਰਾ ਰਿਹਾ ਸੀ, ਤਾਂ ਬਾਊ ਰਾਮ ਨੇ ਉਸ ਦੇ ਖਿਲਾਫ ਕਾਰਵਾਈ ਕਰਕੇ ਉਸ ਦੀ ਜਾਨ ਛੁਡਾਈ ਸੀ ਅਤੇ ਇਸ ਤਰ੍ਹਾਂ ਦੇ ਅਨੇਕਾਂ ਕੰਮ। ਇਸ ਤਰ੍ਹਾਂ ਦੇ ਕੰਮ ਹੀ ਪਾਦਰੀ ਇਰਸ਼ਾਦ ਦੱਤਾ, ਹਰ ਇਕ ਲਈ ਕਰਦਾ ਸੀ ਅਤੇ ਸ਼ਾਇਦ ਉਹਨਾਂ ਦੀ ਦੋਸਤੀ ਦਾ ਅਧਾਰ ਵੀ ਇਹੋ ਸੀ। ਬਾਊ ਰਾਮ ਪਿਛੋਂ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਵਿਚ ਰਹਿੰਦੇ ਸਨ ਵੰਡ ਦੇ ਸਮੇਂ ਜਦੋਂ ਉਹ ਸਾਰੇ ਗੱਡੇ ‘ਤੇ ਇੱਧਰ ਆ ਰਹੇ ਸਨ ਤਾਂ ਕੁਝ ਗੁੰਡਿਆਂ ਨੇ ਉਸ ਦੇ ਬਾਪ ਨੂੰ ਗੱਡੇ ਤੋਂ ਲਾਹ ਕੇ ਉਸ ਦੇ ਸਾਹਮਣੇ ਤਲਵਾਰਾਂ ਨਾਲ ਕਤਲ ਕਰ ਦਿੱਤਾ ਪਰ ਉਹਨਾਂ ਹਾਲਤਾਂ ਅਨੁਸਾਰ ਉਹਨਾਂ ਨੂੰ ਉਸ ਦਾ ਸਸਕਾਰ ਕਰਨ ਦਾ ਮੌਕਾ ਵੀ ਨਾ ਦਿੱਤਾ ਇਥੋਂ ਤੱਕ ਕਿ ਉਹਨਾਂ ਦੇ ਪਰਿਵਾਰ ਅਨੁਸਾਰ ਉਹਨਾਂ ਦੀ ਲਾਸ਼ ਨੂੰ ਰਸਤੇ ਤੋਂ ਪਰੇ ਕਰ ਕੇ ਉਸ ਤੇ ਕੱਪੜਾ ਵੀ ਨਾ ਪਾਣ ਦਿੱਤਾ ਕਿਉਂ ਜੋ ਹੋਰ ਧਾੜਵੀਆਂ ਦੀ ਭੀੜ ਆ ਰਹੀ ਸੀ ਅਤੇ ਕਾਫਲੇ ਵਾਲੇ ਲੋਕ ਕਾਹਲੀ ਵਿਚ ਸਨ, ਇਸ ਤਰ੍ਹਾਂ ਹੀ ਹੋਰ ਕਤਲ ਹੋਏ ਲੋਕਾਂ ਨਾਲ ਹੋਇਆ। ਬਾਊ ਰਾਮ ਜੀ ਮੇਰੇ ਚੰਗੇ ਵਾਕਿਫ ਸਨ ਅਤੇ ਇਨ੍ਹਾਂ ਨੇ ਹੀ ਮੇਰੀ ਵਾਕਫੀ ਪਾਦਰੀ ਇਰਸ਼ਾਦ ਦੱਤਾ ਨਾਲ ਕਰਵਾਈ ਸੀ। ਮੈਂ ਕਈ ਵਾਰ ਇਸ ਗੱਲ ਤੋਂ ਹੈਰਾਨ ਹੁੰਦਾ ਸਾਂ ਕਿ ਪਾਦਰੀ ਇਰਸ਼ਾਦ ਦੱਤਾ ਤਾਂ ਹਰ ਵਕਤ ਧਾਰਮਿਕ ਪ੍ਰਚਾਰਿਕ ਵਜੋਂ ਕੰਮ ਕਰਦੇ ਹਨ ਪਰ ਬਾਊ ਰਾਮ ਕਿਸੇ ਧਰਮ ਵਿਚ ਵਿਸ਼ਵਾਸ਼ ਹੀ ਨਹੀਂ ਰੱਖਦਾ, ਫਿਰ ਇਨ੍ਹਾਂ ਦਾ ਦੋਸਤੀ ਕਿਸ ਤਰ੍ਹਾਂ ਨਿਭ ਰਹੀ ਹੈ।
ਇਰਸ਼ਾਦ ਦੱਤਾ ਦੱਸਦੇ ਸਨ ਕਿ ਉਹ ਗੋਲਡਨ ਕਾਲਜ ਰਾਵਲਪਿੰਡੀ ਦੇ ਵਿਦਿਆਰਥੀ ਸਨ ਅਤੇ ਉਹਨਾਂ ਨੇ ਉਥੋਂ ਹੀ ਬੀ.ਏ. ਪਾਸ ਕੀਤੀ ਸੀ। ਮੈਂ ਮਿਸ਼ਨ ਸਕੂਲ ਧਾਰੀਵਾਲ ਦਾ ਵਿਦਿਆਰਥੀ ਸਾਂ, ਸਾਡੇ ਜ਼ਿਆਦਾਤਰ ਟੀਚਰ ਗੋਰਡਨ ਕਾਲਜ ਰਾਵਲਪਿੰਡੀ ਦੇ ਹੀ ਵਿਦਿਆਰਥੀ ਸਨ ਅਤੇ ਉਹ ਕਾਲਜ ਦੇ ਸਭਿਆਚਾਰ, ਖੁੱਲ੍ਹੀਆਂ ਗਰਾਉਂਡਾਂ, ਉਚੀਆਂ ਇਮਾਰਤਾਂ ਅਤੇ ਆਪਣੇ ਉਸਤਾਦਾਂ ਦੀਆਂ ਬਹੁਤ ਸਿਫਤਾਂ ਕਰਦੇ ਹੁੰਦੇ ਸਨ। ਅਸਲ ਵਿਚ ਉਹ ਕਾਲਜ ਕਿਸੇ ਅੰਗਰੇਜ ‘ਗੋਰਡਨ’ ਦੀ ਸਰਪ੍ਰਸਤੀ ਅਧੀਨ ਬਣਿਆ ਸੀ। ਉਸ ਵਿਚ ਇਸਾਈ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਸੀ। ਉਹਨਾਂ ਸਮਿਆਂ ਵਿਚ ਕਾਲਜਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ ਅਤੇ ਇਹ ਸਾਰੇ ਕਾਲਜ ਪੰਜਾਬ ਯੂਨੀਵਰਸਿਟੀ ਲਾਹੌਰ ਨਾਲ ਸੰਬੰਧਿਤ ਸਨ । ਲਹੌਰ ਯੂਨੀਵਰਸਿਟੀ ਦਾ ਖੇਤਰ ਦਿਲੀ ਤੋਂ ਲੈ ਕੇ ਪਿਸ਼ਾਵਰ ਤੱਕ ਅਤੇ ਦੂਸਰੀ ਤਰਫ ਕਸ਼ਮੀਰ ਤੋਂ ਲੈ ਕੇ ਮੁਲਤਾਨ ਤੱਕ ਫੈਲਿਆ ਹੋਇਆ ਸੀ। ਪਾਦਰੀ ਇਰਸ਼ਾਦ ਦੱਤਾ ਵੀ ਉਸ ਹੀ ਕਾਲਜ ਦੇ ਹੋਸਟਲ ਵਿਚ ਰਹਿੰਦੇ ਹੁੰਦੇ ਸਨ। ਉਸ ਤਰ੍ਹਾਂ ਤਾਂ ਉਹਨਾਂ ਦੀਆਂ ਸਾਰੀਆਂ ਹੀ ਗੱਲਾਂ ਬਹੁਤ ਦਿਲਚਸਪ ਸਨ, ਪਰ ਖਾਸ ਕਰਕੇ ਉਹਨਾਂ ਦੀ ਉਹ ਖਾਸ ਗੱਲ ਮੈਨੂੰ ਬਹੁਤ ਯਾਦ ਆਉਂਦੀ ਰਹਿੰਦੀ ਸੀ, ਜੋ ਉਹਨਾਂ ਦੇ ਪਾਦਰੀ ਬਨਣ ਦੇ ਪਿਛੋਕੜ ਨਾਲ ਸਬੰਧਿਤ ਸੀ।
ਕਾਲਜ ਪੜ੍ਹਦਿਆਂ, ਇਰਸ਼ਾਦ ਦਤਾ ਇਕ ਮੀਲ ਦੀ ਦੌੜ ਦੌੜਦਾ ਸੀ ਪਰ 1927 ਦੀਆਂ ਲਾਹੌਰ ਯੂਨੀਵਰਸਿਟੀ ਦੀਆਂ ਖੇਡਾਂ ਵਿਚ ਉਹ ਨਾ ਸਿਰਫ ਅਸਫਲ ਹੀ ਰਿਹਾ ਸਗੋਂ ਸਭ ਤੋਂ ਮਗਰ ਰਹਿ ਗਿਆ ਇਸ ਗੱਲ ਨੂੰ ਉਸ ਨੇ ਬਹੁਤ ਮਹਿਸੂਸ ਕੀਤਾ ਅਤੇ ਉਸ ਨੇ ਯੂਨੀਵਰਸਿਟੀ ਦੀ ਗਰਾਊਂਡ ਵਿਚ ਬੈਠ ਕੇ ਹੀ ਇਹ ਪ੍ਰਾਰਥਨਾ ਕੀਤੀ ਕਿ ਜੇ ਉਹ ਅਗਲੇ ਸਾਲ ਮੀਲ ਦੀ ਦੌੜ ਵਿਚ ਫਸਟ ਆਵੇਗਾ ਤਾਂ ਉਹ ਸਾਰੀ ਉਮਰ ਪਾਦਰੀ ਬਣ ਕੇ ਖੁਦਾ ਦੀ ਖਿਦਮਤ ਕਰੇਗਾ।
1928 ਵਿਚ ਹੋਣ ਵਾਲੀਆਂ ਖੇਤਾਂ ਲਈ ਉਸ ਨੇ ਬਹੁਤ ਮਿਹਨਤ ਕੀਤੀ। ਉਹਨਾਂ ਦਿਨਾਂ ਵਿਚ ਖੇਡਾਂ ਨੂੰ ਮਨੋਰੰਜਨ ਦੇ ਸਾਧਨ ਵਜੋਂ ਬਹੁਤ ਮਹੱਤਤਾ ਦਿੱਤੀ ਜਾਂਦੀ ਸੀ। ਯੂਨੀਵਰਸਿਟੀ ਦੀਆਂ ਖੇਡਾਂ ਨੂੰ ਨਾ ਸਿਰਫ ਵਿਦਿਆਰਥੀ ਸਗੋਂ ਆਮ ਪਬਲਿਕ ਅਤੇ ਹੋਰ ਪਿੰਡਾਂ ਦੇ ਲੋਕ ਵੀ ਵੇਖਣ ਆਉਂਦੇ ਸਨ। ਇਥੋਂ ਤੱਕ ਕਿ ਖੇਡਾਂ ਦੇ ਦਿਨ ਦੀ ਉਡੀਕ ਕਰਦੇ ਰਹਿੰਦੇ ਸਨ। ਇਹ ਇਕ ਵੱਡਾ ਮੇਲਾ ਬਣ ਜਾਂਦਾ ਸੀ। ਇਨ੍ਹਾਂ ਖੇਡਾਂ ਵਿਚ ਇਰਸ਼ਾਦ ਦੱਤਾ ਬੜੇ ਜੋਸ਼ ਨਾਲ ਦੌੜਿਆ ਅਤੇ ਉਹ ਨਾ ਸਿਰ ਪਹਿਲੇ ਨੰਬਰ ‘ਤੇ ਹੀ ਆਇਆ ਸਗੋਂ ਉਸ ਨੇ ਨਵਾਂ ਰਿਕਾਰਡ ਵੀ ਬਣਾ ਦਿੱਤਾ ।
ਸ਼ਾਮ ਨੂੰ ਇਨਾਮ ਵੰਡ ਸਮਾਰੋਹ ਵਿਚ ਪੰਜਾਬ ਦਾ ਲੈਫਟੀਨੈਂਟ ਗਵਰਨਰ ਇਨਾਮ ਵੰਡਣ ਆਇਆ। ਜਦੋਂ ਇਹ ਘੋਸ਼ਣਾ ਹੋਈ ਕਿ ਇਰਸ਼ਾਦ ਦੱਤਾ ਗੋਰਡਨ ਕਾਲਜ ਰਾਵਲਪਿੰਡੀ ਦਾ ਵਿਦਿਆਰਥੀ ਮੀਲ ਦੀ ਦੌੜ ਵਿਚ ਪਹਿਲੇ ਨੰਬਰ ‘ਤੇ ਆਇਆ ਹੈ ਅਤੇ ਉਸਨੇ ਯੂਨੀਵਰਸਿਟੀ ਦਾ ਨਵਾਂ ਰਿਕਾਰਡ ਬਣਾਇਆ ਹੈ ਤਾਂ ਇਕੱਠੀ ਹੋਈ ਭੀੜ ਬਹੁਤ ਲੰਮਾ ਸਮਾਂ ਤਾੜੀ ਮਾਰਦੀ ਰਹੀ। ਜਦੋਂ ਇਰਸ਼ਾਦ ਦੱਤਾ ਆਪਣਾ ਇਨਾਮ ਲੈਣ ਗਿਆ ਤਾਂ ਲੈਫਟੀਨੈਂਟ ਗਵਰਨਰ ਨੇ ਆਪਣੇ ਅਰਦਲੀ ਨੂੰ ਕਿਹਾ ਕਿ ਇਸ ਲੜਕੇ ਨੂੰ ਪੁਲਿਸ ਵਿਚ ਇੰਸਪੈਕਟਰ ਭਰਤੀ ਕਰ ਲਉ ਅਤੇ ਗਵਰਨਰ ਨੇ ਇਰਸ਼ਾਦ ਦੀ ਰਜ਼ਾਮੰਦੀ ਪੁੱਛੀ। ਪਰ ਇਰਸ਼ਾਦ ਦਤਾ ਨੇ ਕਿਹਾ ”ਮੈਂ ਇਸ ਪੇਸ਼ਕਸ਼ ਲਈ ਤੁਹਾਡਾ ਧੰਨਵਾਦੀ ਹਾਂ ਪਰ ਮੈਂ ਭਰਤੀ ਨਹੀਂ ਹੋ ਸਕਦਾ”
ਲੈਫਟੀਨੈਂਟ ਗਵਰਨਰ ਹੈਰਾਨ ਸੀ, ਲੋਕ ਤਾਂ ਪੁਲਿਸ ਵਿਚ ਸਿਪਾਹੀ ਭਰਤੀ ਹੋਣ ਲਈ ਤਰਲੇ ਲੈਂਦੇ ਹਨ ਮੈਂ ਇਸ ਨੂੰ ਇੰਸਪੈਕਟਰ ਭਰਤੀ ਕਰ ਰਿਹਾ ਹਾਂ ਅਤੇ ਇਹ ਨਾਂਹ ਕਰ ਰਿਹਾ ਹੈ, ਉਸ ਦੀ ਇਸ ਦਾ ਕਾਰਣ ਜਾਨਣ ਦੀ ਦਿਲਚਸਪੀ ਵਧ ਗਈ ਅਤੇ ਉਸ ਨੇ ਪੁੱਛਿਆ
”ਕੀ ਕਾਰਣ ਹੈ ਤੂੰ ਇੰਸਪੈਕਟਰ ਦੀ ਪੋਸਟ ਤੋਂ ਇਨਕਾਰ ਕਿਉਂ ਕਰ ਰਿਹਾ ਹੈ”
ਸਰ, ਮੇਰਾ ਖੁਦਾ ਨਾਲ ਵਾਅਦਾ ਹੋ ਚੁੱਕਾ ਹੈ, ਮੈਂ ਤੁਹਾਡੀ ਪੇਸ਼ਕਸ਼ ਸਵੀਕਾਰ ਨਹੀਂ ਕਰ ਸਕਦਾ, ਇਰਸ਼ਾਦ ਦਤਾ ਨੇ ਜਵਾਬ ਦਿੱਤਾ।
ਲੋਕ ਉਹਨਾਂ ਦੀ ਵਾਰਤਾਲਾਪ ਨੂੰ ਵੇਖ ਤਾਂ ਰਹੇ ਸਨ ਪਰ ਸੁਣ ਨਹੀਂ ਸਨ ਸਕਦੇ ਇਸ ਲਈ ਲੋਕਾਂ ਵਿਚ ਚੁਪ ਚਾਪ ਛਾਈ ਹੋਈ ਸੀ ਅਤੇ ਸਭ ਹੈਰਾਨ ਸਨ।
ਗਵਰਨਰ ਦੀ ਹੈਰਾਨੀ ਹੋਰ ਵਧ ਗਈ
”ਕੀ ਵਾਅਦਾ ਹੋ ਚੁੱਕਿਆ ਹੈ ਤੇਰਾ ਖੁਦਾ ਨਾਲ, ਤੂੰ ਖੁਦਾ ਨੂੰ ਕਿੱਥੇ ਮਿਲਿਆ ਸੀ । ਗਵਰਨਰ ਨੇ ਸੁਆਲ ਕੀਤਾ।”
ਸਰ, ਮੈਂ ਖੁਦਾ ਨਾਲ ਵਾਅਦਾ ਕੀਤਾ ਸੀ ਕਿ ਜੇ ਮੈਂ ਇਹ ਦੌੜ ਜਿੱਤ ਗਿਆ ਤਾਂ ਸਾਰੀ ਉਮਰ ਪਾਦਰੀ ਬਣ ਕੇ ਤੇਰੀ ਖਿਦਮਤ ਕਰਾਂਗਾ। ਇਰਸ਼ਾਦ ਦੱਤਾ ਨੇ ਜੁਆਬ ਦਿਤਾ।
ਇਸ ‘ਤੇ ਲੈ: ਗਵਰਨਰ ਸਟੇਜ ਤੋਂ ਥੱਲੇ ਉਤਰਿਆ ਅਤੇ ਉਸ ਨੇ ਇਰਸ਼ਾਦ ਦਤਾ ਨੂੰ ਜੱਫੀ ਪਾ ਲਈ ਅਤੇ ਉਸ ਦੀ ਪਿਠ ਤੇ ਥਾਪੀ ਦੇ ਕੇ ਇੰਨਾ ਹੀ ਕਿਹਾ
”ਖੁਦਾ ਤੈਨੂੰ ਬਰਕਤ ਦੇਵੇ”।
ਬੀ.ਏ ਕਰਨ ਤੋਂ ਬਾਅਦ ਇਰਸ਼ਾਦ ਦੱਤਾ ਪਾਦਰੀ ਬਣ ਗਿਆ ਉਸ ਦੀ ਪਹਿਲੀ ਪੋਸਟਿੰਗ ਕਸ਼ਮੀਰ ਦੀ ਹੋਈ ਅਤੇ ਫਿਰ ਗੁਰਦਾਸਪੁਰ ਜ਼ਿਲ੍ਹੇ ਵਿਚ, ਜਿੱਥੇ ਉਸ ਨੇ ਲੋਕਾਂ ਦੀ ਤਨ, ਮਨ ਅਤੇ ਧਨ ਨਾਲ ਸੇਵਾ ਕੀਤੀ। ਉਸ ਬਗੈਰ ਕਿਸੇ ਧਾਰਮਿਕ ਭੇਦਭਾਵ ਦੇ ਹਰ ਇਕ ਲਈ ਦਿਲੋਂ ਹੋ ਕੇ ਕੰਮ ਕੀਤਾ। ਉਸ ਨੇ ਨਾ ਸਿਰਫ ਧਾਰਮਿਕ ਪ੍ਰਚਾਰ ਹੀ ਕੀਤਾ, ਬਲਕਿ ਇਕ ਸਮਾਜ ਸੁਧਾਰਿਕ ਅਤੇ ਸੇਵਾਦਾਰ ਦੇ ਤੌਰ ‘ਤੇ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ। ਉਸ ਦਾ ਕੰਮ ਸਵੇ ਸ਼ੁਰੂ ਹੋ ਕੇ ਰਾਤ ਬਹੁਤ ਦੇਰ ਤੱਕ ਚੱਲਦਾ ਰਹਿੰਦਾ ਸੀ। ਇਹ ਉਹ ਸਮਾਂ ਸੀ ਜਦੋਂ ਵਿਦਿਆ ਅਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ ਸੀ ਅਤੇ ਖਾਸ ਕਰਕੇ ਪੇਂਡੂ ਖੇਤਰਾਂ ਵਿਚ ਇਹ ਹੋਰ ਵੀ ਘਟ ਸਨ। ਉਹ ਬੱਚਿਆਂ ਨੂੰ ਵਿਦਿਅਕ ਸੰਸਥਾਵਾਂ ਵਿਚ ਦਾਖਲ ਕਰਾਉਂਦਾ, ਮਰੀਜ਼ਾਂ ਨੂੰ ਡਿਸਪੈਂਸਰੀਆਂ ਅਤੇ ਹਸਪਤਾਲਾਂ ਤੱਕ ਪਹੁੰਚਾਉਂਦਾ। ਉਹਨਾਂ ਨੂੰ ਦਵਾਈਆਂ ਲਿਆ ਕੇ ਦਿੰਦਾ ਬਿਮਾਰੀਆਂ ਅਤੇ ਦਵਾਈਆਂ ਬਾਰੇ ਉਸ ਨੂੰ ਇੰਨੀ ਜਾਣਕਾਰੀ ਹੋ ਚੁੱਕੀ ਸੀ ਕਿ ਬਹੁਤ ਸਾਰੇ ਮਰੀਜ਼ਾਂ ਨੂੰ ਆਪ ਹੀ ਦਵਾਈਆਂ ਦੇ ਦਿੰਦਾ। ਹਰ ਧਰਮ ਦੇ ਲੋਕਾਂ ਨੂੰ ਉਸ ‘ਤੇ ਵੱਡਾ ਵਿਸ਼ਵਾਸ਼ ਹੋ ਚੁੱਕਿਆ ਸੀ ਉਸ ਨੂੰ ਵੇਖ ਕੇ ਹੀ ਉਹਨਾਂ ਦਾ ਹੌਸਲਾ ਵਧ ਜਾਂਦਾ। ਥੋੜ੍ਹੇ ਹੀ ਸਮੇਂ ਵਿਚ ਉਹ ਲੋਕਾਂ ਵਿਚ ਬਹੁਤ ਹਰਮਨ ਪਿਆਰਾ ਹੋ ਗਿਆ ਹਰ ਕੋਈ ਉਸ ਨੂੰ ਆਪਣੇ ਹੀ ਪਰਿਵਾਰ ਦਾ ਮੈਂਬਰ ਸਮਝਦਾ ਸੀ ਅਤੇ ਸਤਿਕਾਰਤ ਦਰਜਾ ਦਿੰਦਾ ਸੀ। 1947 ਵਿਚ ਪਾਕਿਸਤਾਨ ਬਣ ਗਿਆ। ਇਰਸ਼ਾਦ ਦੱਤਾ ਗੁਰਦਾਸਪੁਰ ਨੌਕਰੀ ਕਰਦਾ ਸੀ। ਪਰ ਇਰਸ਼ਾਦ ਦੱਤਾ ਦੇ ਬਹੁਤ ਸਾਰੇ ਰਿਸ਼ਤੇਦਾਰ ਅਤੇ ਸਹੁਰਿਆਂ ਦਾ ਪਰਿਵਾਰ ਪਾਕਿਸਤਾਨ ਵਿਚ ਸਨ। ਉਹਨਾਂ ਦਿਨਾਂ ਵਿਚ ਕਤਲੋਗਾਰਤ ਚਲ ਰਹੀ ਸੀ। ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸੀ ਸਮਝਦਾ। ਇਰਸ਼ਾਦ ਦੱਤਾ ਦੇ ਸਹੁਰੇ ਅਤੇ ਹੋਰ ਰਿਸ਼ਤੇਦਾਰ ਉਸ ਨੂੰ ਪ੍ਰੇਰਦੇ ਸਨ ਉਹ ਪਾਕਿਸਤਾਨ ਦੀ ਤਰਫ ਆ ਜਾਵੇ। ਪਰ ਇਰਸ਼ਾਦ ਦੱਤਾ ਉਹਨਾਂ ਦਿਨਾਂ ਵਿਚ ਕਤਲ ਹੋਏ ਲੋਕਾਂ ਦੇ ਉਹਨਾਂ ਦੇ ਧਾਰਮਿਕ ਵਿਸ਼ਵਾਸ਼ ਅਨੁਸਾਰ ਸਸਕਾਰ ਕਰਨ ਅਤੇ ਜ਼ਖਮੀਆਂ ਦੇ ਇਲਾਜ ਵਿਚ ਇੰਨਾ ਰੁੱਝਾ ਹੋਇਆ ਸੀ ਕਿ ਉਹ ਕਈ ਰਾਤਾਂ ਸੌਂਦਾ ਵੀ ਨਹੀਂ ਸੀ। ਉਹ ਇੱਧਰੋਂ ਉਧਰ ਜਾਣ ਵਾਲਿਆਂ ਦੇ ਨਾਲ ਉਹਨਾਂ ਨੂੰ ਸੁਰੱਖਿਆ ਦੇਣ ਲਈ ਕਾਫਲਿਆਂ ਨਾਲ ਮਿਲਾਉਂਦਾ, ਉਧਰੋਂ ਆਉਣ ਵਾਲਿਆਂ ਨੂੰ ਇੱਧਰ ਵਸਾਉਣ ਵਿਚ ਮਦਦ ਕਰਦਾ। ਇਨ੍ਹਾਂ ਕੰਮਾਂ ਵਿਚ ਰਾਤ ਬਰਾਤੇ ਤੁਰੇ ਫਿਰਦਿਆਂ ਉਹ ਕਈ ਵਾਰ ਉਹਨਾਂ ਗੁੰਡਿਆਂ ਨਾਲ ਉਲਝਿਆ ਵੀ ਪਰ ਉਸ ਦੀ ਪਹਿਚਾਣ ਕਰਕੇ ਅਤੇ ਉਸ ਦੇ ਪਿਛਲੇ ਕੀਤੇ ਕੰਮ ਕਰਕੇ ਉਹ ਬਚ ਜਾਂਦਾ।
ਭਾਵੇਂ ਕਿ ਇਸਾਈ ਵਸੋਂ ਇਧਰ ਜਾਂ ਉਧਰ ਕਿਸੇ ਤਰਫ ਵੀ ਰਹਿ ਸਕਦੀ ਸੀ ਪਰ ਇਕ ਤਾਂ ਆਪਣੇ ਘਰ ਅਤੇ ਜਾਇਦਾਦ ਨੂੰ ਕੋਈ ਨਹੀਂ ਸੀ ਛੱਡਣਾ ਚਾਹੁੰਦਾ ਅਤੇ ਦੂਸਰਾ ਇਸ ਗਲ ਦਾ ਕਦੀ ਖਿਆਲ ਵੀ ਨਹੀਂ ਸੀ ਹੋਇਆ ਕਿ ਉਹਨਾਂ ਥਾਵਾਂ ਤੇ ਜਿਥੇ ਪੈਦਲ ਜਾਂਦੇ ਹੁੰਦੇ ਸਨ ਅਤੇ ਜਿਥੇ ਜੰਮੇ ਪਲੇ ਖੇਡੇ ਅਤੇ ਪੜ੍ਹੇ ਸਨ, ਉਹਨਾਂ ਜਗ੍ਹਾ ‘ਤੇ ਜਾਣ ਵਿਚ ਕੋਈ ਮੁਸ਼ਕਲ ਆਵੇਗੀ। ਉਸ ਵਕਤ ਇਨ੍ਹਾਂ ਗੱਲਾਂ ਦੀ ਕਲਪਨਾ ਵੀ ਨਹੀਂ ਕੀਤੀ ਗਈ ਸੀ। ਇਸ ਕਰਕੇ, ਇਰਸ਼ਾਦ ਦੱਤਾ ਇਧਰ ਅਤੇ ਉਸ ਦੇ ਸਹੁਰੇ ਉਧਰ ਰਹਿ ਗਏ। ਉਸ ਦੇ ਦੋ ਸਾਲਿਆਂ ਵਿਚੋਂ ਵੱਡਾ ਸਕੂਲ ਮਾਸਟਰ ਸੀ ਛੋਟਾ ਪਾਦਰੀ ਸੀ ਅਤੇ ਉਹ ਇਰਸ਼ਾਦ ਦੱਤਾ ਦਾ ਜਮਾਤੀ ਸੀ ਅਤੇ ਹੋਸਟਲ ਵਿਚ ਉਸ ਦਾ ਰੂਮ ਮੇਟ ਵੀ ਸੀ। ਉਸ ਦਾ ਨਾਂ ਜਲਾ ਸੀ ਪਰ ਉਹ ਕਾਲਜ ਪੜ੍ਹਦਿਆਂ ਇਸ ਨਾ ਨੂੰ ਠੀਕ ਨਹੀਂ ਸੀ ਸਮਝਦਾ ਇਸ ਲਈ ਕਾਲਜ ਪੜ੍ਹਦਿਆਂ ਉਸ ਨੂੰ ਜੇ.ਐਸ ਕਹਿਣਾ ਸ਼ੁਰੂ ਕਰ ਦਿੱਤਾ ਸੀ। ਇਹ ਸਿਰਫ ਇਰਸ਼ਾਦ ਦਤਾ ਦਾ ਪਰਿਵਾਰ ਹੀ ਨਹੀਂ ਸੀ, ਜੋ ਲਕੀਰ ਦੇ ਦੋਵਾਂ ਪਾਸਿਆਂ ਤੇ ਵੰਡਿਆ ਗਿਆ ਸਗੋਂ ਹਜ਼ਾਰਾਂ ਇਸਾਈ ਪਰਿਵਾਰ ਇਸ ਲਕੀਰ ਦੇ ਇਧਰ ਅਤੇ ਉਧਰ ਵੰਡੇ ਗਏ।
ਇਨ੍ਹਾਂ ਪਰਿਵਾਰਾਂ ਵਿਚੋਂ ਹਜ਼ਾਰਾਂ ਪਰਿਵਾਰ ਆਪਣੇ ਪਿਆਰੇ ਰਿਸ਼ਤੇਦਾਰਾਂ ਨੂੰ ਇਕ ਵਾਰ ਵੀ ਨਾ ਮਿਲ ਸਕੇ ਅਤੇ ਕਈ ਇਕ ਜਾਂ ਦੋ ਵਾਰ ਬੜੀਆਂ ਬੰਦਸ਼ਾਂ ਅਧੀਨ, ਬੜੇ ਸੀਮਤ ਸਮੇਂ ਲਈ ਮਿਲ ਸਕੇ। ਕੁਝ ਲੋਕਾਂ ਨੇ ਤਾਂ ਚਿੱਠੀ ਪੱਤਰ ਨਾਲ ਇਕ ਦੂਜੇ ਨਾਲ ਸਬੰਧ ਬਣਾਈ ਰੱਖੇ ਪਰ ਬਹੁਤ ਸਾਰਿਆਂ ਦੇ ਚਿੱਠੀ ਪੱਤਰ ਨਾਲ ਵੀ ਸਬੰਧ ਨਾ ਰਹਿ ਸਕੇ। ਕਈਆਂ ਪਰਿਵਾਰਾਂ ਵਿਚ ਤਾਂ ਕੁਝ ਭਰਾ ਇਧਰ ਅਤੇ ਕੁਝ ਉਧਰ, ਬਾਪ ਅਤੇ ਇਕ ਭਰਾ ਇਧਰ ਅਤੇ ਬਾਕੀ ਭਰਾ ਅਤੇ ਭੈਣਾਂ ਉਧਰ, ਕੁਝ ਭੈਣਾਂ ਇਧਰ ਕੁਝ ਉਧਰ, ਭਰਾ ਇਧਰ, ਭਰਾ ਉਧਰ ਅਤੇ ਇਹ ਉਹ ਲੋਕ ਸਨ ਜਿਨ੍ਹਾਂ ਦੇ ਵਿਛੋੜੇ ਦਾ ਕਾਰਨ ਉਹ ਵਾਹਗੇ ਵਾਲੀ ਲਕੀਰ ਸੀ। ਇਰਸ਼ਾਦ ਦੱਤਾ ਦੀ ਪਤਨੀ ਤਾਂ ਇਨ੍ਹਾਂ 50 ਸਾਲਾਂ ਵਿਚ ਦੋ ਵਾਰ ਵੀਜ਼ਾ ਲੈ ਕੇ ਆਪਣੇ ਭਰਾਵਾਂ ਨੂੰ ਮਿਲ ਆਈ ਸੀ, ਪਰ ਇਰਸ਼ਾਦ ਦਤਾ ਨੇ ਜਦੋਂ 1958 ਵਿਚ ਵੀਜ਼ਾ ਲਿਆ ਤਾਂ ਪੰਜਾਬ ਵਿਚ ਇਨਫਲੂਜਾਂ ਦੀ ਬਿਮਾਰੀ ਫੈਲ ਗਈ ਅਤੇ ਇਰਸ਼ਾਦ ਦੱਤਾ ਇਸ ਬਿਮਾਰੀ ਦੀ ਰੋਕਥਾਮ ਲਈ, ਆਮ ਲੋਕਾਂ ਦੀ ਮਦਦ ਕਰਨ ਵਿਚ ਰੁਝ ਗਿਆ ਅਤੇ ਅਖੀਰ ਉਸ ਨੇ ਨਾ ਜਾਣ ਦਾ ਫੈਸਲਾ ਕਰ ਲਿਆ ਫਿਰ ਜਦ 1971 ਵਿਚ ਵੀਜ਼ਾ ਲਿਆ ਤਾਂ ਭਾਰਤ ਪਾਕਿਸਤਾਨ ਦੀ ਜੰਗ ਸ਼ੁਰੂ ਹੋ ਗਈ ਅਤੇ ਉਹ ਫਿਰ ਵੀ ਨਾ ਜਾ ਸਕਿਆ ।
ਮੈਂ ਕਈ ਵਾਰ ਇਹ ਗੱਲ ਮਹਿਸੂਸ ਕਰਦਾ ਹੁੰਦਾ ਸਾਂ ਕਿ ਪਾਦਰੀ ਸਾਹਿਬ ਦੇ ਸੀਮਤ ਸਾਧਨਾਂ ਕਰਕੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਉਸ ਢੰਗ ਨਾਲ ਨਹੀਂ ਕਰ ਸਕੇ ਜਿਸ ਢੰਗ ਨਾਲ ਉਹ ਕਰ ਸਕਦੇ ਸਨ, ਉਹ ਤਾਂ ਆਪਣੀ ਸੀਮਤ ਤਨਖਾਹ ਵਿਚੋਂ ਵੀ ਕੁਝ ਨਾ ਕੁਝ ਕਿਸੇ ਨਾ ਕਿਸੇ ਦੀ ਬੀਮਾਰੀ ਜਾਂ ਹੋਰ ਲੋੜ ‘ਤੇ ਖਰਚ ਦਿੰਦੇ ਸਨ । ਹੁਣ ਪਾਦਰੀ ਸਾਹਿਬ ਮਹੀਨੇ ਵਿਚ ਤਕਰੀਬਨ, ਇਕ ਵਾਰ ਮੇਰੇ ਕੋਲ ਆ ਜਾਂਦੇ ਸਨ। ਮੈਨੂੰ ਉਹਨਾਂ ਨਾਲ ਗੱਲਬਾਤ ਕਰਨੀ ਬੜੀ ਚੰਗੀ ਲਗਦੀ ਸੀ। ਮੈਂ ਵੇਖਦਾ ਹੁੰਦਾ ਸਾਂ ਕਿ ਉਹਨਾਂ ਨੂੰ ਇਤਿਹਾਸ ਦੀ ਵੱਡੀ ਜਾਣਕਾਰੀ ਸੀ । ਇਕ ਦਿਨ ਚਾਹ ਪੀਂਦਿਆਂ ਪੀਂਦਿਆਂ ਮੈਂ ਇਹ ਕਹਿ ਦਿੱਤਾ।
ਪਾਦਰੀ ਸਾਹਿਬ ਜੇ ਤੁਸੀ ਪੁਲਿਸ ਵਿਚ ਇੰਸਪੈਕਟਰ ਭਰਤੀ ਹੋਏ ਹੁੰਦੇ ਤਾਂ ਤੁਸੀ ਘੱਟੋ ਘੱਟ ਆਈ.ਜੀ ਰਿਟਾਇਰ ਹੋਣਾ ਸੀ, ਭਾਵੇਂ ਭਾਰਤ ਵਿਚ ਹੁੰਦੇ ਜਾਂ ਪਾਕਿਸਤਾਨ ਵਿਚ।
ਮੈਂ ਵੇਖਿਆ, ਮੇਰੀ ਗਲ ਸੁਣ ਕੇ ਪਾਦਰੀ ਸਾਹਿਬ ਗੁੱਸੇ ਵਿਚ ਆ ਗਏ, ਉਹਨਾਂ ਦੀਆਂ ਅੱਖਾਂ ਵਿਚ ਭਿਆਨਕ ਗੁੱਸਾ ਸੀ ਅਤੇ ਉਹ ਇਕ ਦਮ ਕਹਿਣ ਲੱਗੇ
”ਸਰਬਜੀਤ ਤੂੰ ਬੜੀ ਨਿਕੰਮੀ ਗਲ ਕੀਤੀ ਹੈ, ਤੂੰ ਬੜੀ ਨਿਕੰਮੀ ਗਲ ਕੀਤੀ ਹੈ।”
ਮੈਂ ਹੈਰਾਨ ਸਾਂ, ਪਰ ਮੈਂ ਹੌਸਲਾ ਕਰਕੇ ਕਿਹਾ ”ਪਾਦਰੀ ਸਾਹਿਬ ਮੈਂ ਕਿਹੜੀ ਮਾੜੀ ਗਲ ਕੀਤੀ ਹੈ” ਤਾਂ ਉਹਨਾਂ ਫਿਰ ਦੁਹਰਾਇਆ ”ਸਰਬਜੀਤ ਤੂੰ ਬੜੀ ਘਟੀਆ ਗਲ ਕੀਤੀ ਹੈ, ਤੂੰ ਆਈ.ਜੀ ਦੀ ਗਲ ਕੀਤੀ ਹੈ । ਖੁਦਾ ਦੀ ਖਿਦਮਤ ਕਰਕੇ ਜੋ ਕੁਝ ਮੈਨੂੰ ਮਿਲਿਆ ਹੈ, ਮੈਂ ਤਾਂ ਉਸ ਤੋਂ ਕਈ ਸਲਤਨਤਾਂ ਵਾਰ ਸਕਦਾ ਹਾਂ”।
ਇਸ ਤੋਂ ਬਾਅਦ, ਪਾਦਰੀ ਸਾਹਿਬ ਵਲ ਮੇਰਾ ਸਤਿਕਾਰ ਹੋਰ ਵਧ ਗਿਆ।
ਕੁਝ ਸਮੇਂ ਬਾਅਦ ਮੇਰਾ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਬਣ ਗਿਆ। ਜਦੋਂ ਇਰਸ਼ਾਦ ਦੱਤਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਅਤੇ ਬਾਊ ਰਾਮ ਦੋਵੇਂ ਇਕ ਸ਼ਾਮ ਨੂੰ ਸਾਡੇ ਘਰ ਆਏ ਅਤੇ ਉਸ ਨੇ ਆਪਣੇ ਰਿਸ਼ਤੇਦਾਰਾਂ ਦੇ ਐਡਰੈਸ ਦਿਤੇ ਜੋ ਲਹੌਰ ਵਿਚ ਰਹਿੰਦੇ ਸਨ ਅਤੇ ਮੈਨੂੰ ਉਹਨਾਂ ਨੂੰ ਮਿਲ ਕੇ ਆਉਣ ਲਈ ਕਿਹਾ ਗਿਆ। ਕਾਫੀ ਚਿਰ ਅਸੀ ਗੱਲਾਂ ਕਰਦੇ ਰਹੇ ਅਤੇ ਜਾਣ ਤੋਂ ਪਹਿਲਾਂ ਪਾਦਰੀ ਸਾਹਿਬ ਕਹਿਣ ਲਗੇ ”ਚਲੋ ਦੁਆ ਤਾਂ ਕਰ ਲਈਏ” ਤਾਂ ਉਹਨਾਂ ਨੇ ਅੱਖਾਂ ਬੰਦ ਕਰਕੇ ਪ੍ਰਾਰਥਨਾ ਸ਼ੁਰੂ ਕਰ ਦਿੱਤੀ ”ਖੁਦਾ ਦੋਵਾਂ ਤਰਫਾਂ ਦੇ ਲੋਕਾਂ ਨੂੰ ਖੁਸ਼ਹਾਲੀ ਦੇਵੇ, ਦੋਵੇਂ ਤਰਫ ਪਿਆਰ ਮੁਹੱਬਤ ਵਧੇ ਦੋਵੇਂ ਤਰਫਾਂ ਦੇ ਲੋਕ ਤਰੱਕੀ ਕਰਣ, ਸੁਖੀ ਵੱਸਣ…”
ਦੁਆ ਕਰਦੇ ਸਮੇਂ, ਪਾਦਰੀ ਇਰਸ਼ਾਦ ਦਤਾ ਦੇ ਚਿਹਰੇ ਤੇ ਪੂਰੀ ਸ਼ਾਂਤੀ ਤੇ ਸਕੂਨ ਸੀ, ਮੈਨੂੰ ਇਹ ਬੜਾ ਅੱਛਾ ਲੱਗਾ ਅਤੇ ਮੈਂ ਵਾਅਦਾ ਕੀਤਾ ਕਿ ਮੈਂ ਜ਼ਰੂਰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗਾ ।
ਲਾਹੌਰ ਵਿਚ ਇਕ ਰਾਤ ਰਹਿ ਕੇ ਅਗਲੇ ਦਿਨ ਸ਼ਾਮ ਨੂੰ ਜਦੋਂ ਮੈਂ ਕੁਝ ਵਿਹਲ ਮਹਿਸੂਸ ਕੀਤੀ ਤਾਂ ਮੈਂ ਇਰਸ਼ਾਦ ਦੱਤਾ ਵਲੋਂ ਦਸੇ ਪਤੇ ਤੇ ਉਸ ਦੇ ਸਹੁਰਿਆਂ ਦੇ ਘਰ ਪਹੁੰਚਿਆ। ਇਹ ਸ਼ਾਮ ਦਾ ਸਮਾਂ ਸੀ, ਉਹ ਦੋਵੇਂ ਭਰਾ ਹੀ ਘਰ ਨਹੀਂ ਸਨ ਪਰ ਔਰਤਾਂ ਅਤੇ ਬਚੇ ਘਰ ਵਿਚ ਸਨ ਉਹ ਮੈਨੂੰ ਹੈਰਾਨੀ ਨਾਲ ਵੇਖ ਰਹੇ ਸਨ ਨਾਲ ਦੇ ਘਰ ਦੇ ਮਰਦ ਵੀ ਮੇਰੇ ਵਲ ਹੈਰਾਨੀ ਨਾਲ ਵੇਖ ਰਹੇ ਸਨ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਧਾਰੀਵਾਲ ਤੋਂ ਆਇਆ ਹਾਂ ਅਤੇ ਪਾਦਰੀ ਇਰਸ਼ਾਦ ਦਤਾ ਜੀ ਨੇ ਉਹਨਾਂ ਨੂੰ ਮਿਲ ਦੇ ਆਉਣ ਲਈ ਕਿਹਾ ਸੀ, ਇਹ ਸੁਣ ਕੇ ਉਹ ਖੁਸ਼ ਹੋ ਗਏ ਅਤੇ ਅੰਦਰੋਂ ਲੱਕੜ ਦੀਆਂ ਕੁਰਸੀਆਂ ਬਾਹਰ ਵਿਹੜੇ ਵਿਚ ਲੈ ਆਂਦੀਆਂ। ਸਧਾਰਣ ਜਿਹਾ ਘਰ ਸੀ ਅਤੇ ਛੋਟੇ ਜਹੇ ਵਿਹੜੇ ਵਿਚ ਇੱਟਾਂ ਦਾ ਫਰਸ਼ ਲਗਾ ਹੋਇਆ ਸੀ। ਗਰਮੀ ਤਾ ਕੋਈ ਖਾਸ ਨਹੀਂ ਸੀ ਪਰ ਫਿਰ ਵੀ ਉਹਨਾਂ ਲੜਕਿਆਂ ਨੇ ਬਾਹਰ ਮੇਜ ਤੇ ਟੇਬਲਫੈਨ ਰੱਖ ਦਿੱਤਾ ਪਰ ਉਸ ਦੀ ਅਵਾਜ ਬਹੁਤ ਉੱਚੀ ਆਉਂਦੀ ਸੀ ਜਿਸ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਪੱਖਾ ਤਾਂ ਬੰਦ ਹੀ ਕਰ ਦੇਣ। ਨਾਲ ਦੇ ਘਰ ਦਾ ਇਕ ਵਿਅਕਤੀ ਅੰਦਰ ਆ ਕੇ ਮੇਰੇ ਕੋਲ ਬੈਠ ਗਿਆ ਅਤੇ ਉਹਨਾਂ ਔਰਤਾਂ ਨੇ ਇਕ ਲੜਕੇ ਨੂੰ ਉਹਨਾਂ ਦੋਵਾਂ ਭਰਾਵਾਂ ਨੂੰ ਬੁਲਾਉਣ ਭੇਜ ਦਿੱਤਾ।
ਉਹਨਾਂ ਦਾ ਗੁਆਂਢੀ ਦੱਸਣ ਲੱਗਾ ਕਿ ਇਹ ਦੋਵੇਂ ਭਰਾ ਤਾਂ ਇਸ ਇਲਾਕੇ ਲਈ ਫਰਿਸ਼ਤੇ ਹਨ, ਹਰ ਇਕ ਦੀ ਮਦਦ ਕਰਦੇ ਹਨ। ਪਾਦਰੀ ਸਾਹਿਬ ਤਾਂ ਆਪਣੀ ਤਨਖਾਹ ਵਿਚੋਂ ਵੀ ਬਹੁਤ ਸਾਰੇ ਪੈਸੇ ਕਈ ਬੱਚਿਆਂ ਦੀ ਫੀਸ ਦੇਣ ਅਤੇ ਕਈਆਂ ਦੇ ਇਲਾਜ ਤੇ ਖਰਚ ਦਿੰਦੇ ਹਨ, ਫਿਰ ਉਹ ਦੱਸਣ ਲਗਾ ਕਈ ਵਾਰ ਸਰਦੀਆਂ ਵਿਚ ਇਹ ਉਹਨਾ ਬੱਚਿਆਂ ਨੂੰ ਗਰਮ ਕੱਪੜੇ ਨੇ ਕੇ ਦਿੰਦੇ ਹਨ, ਇਕ ਵਾਰ ਇੰਨਾਂ ਇਕ ਬੱਚੇ ਨੂੰ ਗਰਮ ਕੋਟੀ ਲਿਆ ਕੇ ਦਿੱਤੀ, ਉਸ ਬੱਚੇ ਨੇ ਸਰਦੀਆਂ ਵਿਚ ਇਕ ਕਮੀਜ ਦੇ ਉਤੇ ਇਕ ਹੋਰ ਕਮੀਜ ਪਾਲਾ ਢੱਕਣ ਲਈ ਪਾਈ ਹੁੰਦੀ ਸੀ ਪਰ ਜਦੋਂ ਇਨ੍ਹਾਂ ਨੇ ਉਸ ਬੱਚੇ ਨੂੰ ਕੋਟੀ ਦਿੱਤੀ ਅਤੇ ਪਾ ਕੇ ਉਹ ਘਰ ਗਿਆ ਤਾਂ ਉਸ ਦੀ ਮਾਂ ਨੇ ਇਸ ਦਾ ਬੜਾ ਗੁੱਸਾ ਕੀਤਾ ਕੋਟੀ ਲਾਹ ਕੇ ਇਨ੍ਹਾਂ ਦੇ ਘਰ ਸੁਟ ਗਈ ਅਤੇ ਇਹਨਾਂ ਨੂੰ ਬੜਾ ਬੁਰਾ ਭਲਾ ਕਿਹਾ । ਇਕ ਵਾਰ ਇਕ ਸਕੂਲ ਦੇ ਬਾਹਰ ਇਕ ਬੱਚੇ ਨੇ ਬਰਫ ਦਾ ਮਿੱਠਾ ਗੋਲਾ ਖਰੀਦਿਆ ਅਤੇ ਛੇਤੀ ਨਾਲ ਉਸ ਨੂੰ ਚੂਸਣ ਲੱਗਾ ਪਰ ਦੁਕਾਨਦਾਰ ਨੇ ਉਸ ਦਾ ਦਿੱਤਾ ਹੋਇਆ ਆਨਾ ਵਾਪਿਸ ਕਰ ਦਿੱਤਾ, ਕਿਉਂ ਜੋ ਖੋਟਾ ਸੀ ਅਤੇ ਉਸ ਨੇ ਬਚੇ ਕੋਲੋਂ ਉਹ ਗੋਲਾ ਵੀ ਖੋਹ ਲਿਆ ਅਤੇ ਉਸ ਨੂੰ ਚਪੇੜ ਮਾਰ ਦਿੱਤੀ। ਪਾਦਰੀ ਗੁਲਜਾਰ ਉਥੇ ਖੜ੍ਹਾ ਸੀ ਉਸ ਕੋਲੋਂ ਜਰਿਆ ਨਾ ਗਿਆ, ਉਸ ਨੇ ਉਸ ਗੋਲੇ ਵੇਚਣ ਵਾਲੇ ਨੂੰ ਜਾ ਕੇ ਪੈਸੇ ਵੀ ਦਿੱਤੇ ਅਤੇ ਨਾਲ ਹੀ ਗੁਸੇ ਵਿਚ ਕਹਿਣ ਲੱਗਾ, ਕਿ ਤੈਨੂੰ ਸ਼ਰਮ ਨਹੀਂ ਆਈ ਬਚੇ ਕੋਲੋਂ ਤੂੰ ਗੋਲਾ ਵੀ ਖੋਹ ਲਿਆ ਅਤੇ ਫਿਰ ਵੀ ਚਪੇੜ ਮਾਰੀ। ਇਸ ‘ਤੇ ਦੁਕਾਨ ਉਤੇ ਕਾਫੀ ਹੰਗਾਮੇਂ ਵਾਲੀ ਸਥਿਤੀ ਬਣ ਗਈ ਪਰ ਪਾਦਰੀ ਸਾਹਿਬ ਸਾਰੀ ਹੀ ਉਮਰ ਇਸ ਤਰ੍ਹਾਂ ਦੇ ਕੰਮ ਕਰਦੇ ਹੀ ਰਹੇ ਹਨ।
ਇੰਨੇ ਚਿਰ ਨੂੰ ਉਹ ਦੋਵੇਂ ਭਰਾ ਇਕੱਠੇ ਹੀ ਅੰਦਰ ਦਾਖਿਲ ਹੋਏ। ਇਹ ਜਾਨਣ ਤੇ ਕਿ ਮੈਂ ਇਰਸ਼ਾਦ ਦਤਾ ਜੀ ਦੇ ਕੋਲੋਂ ਆਇਆ ਹਾਂ ਉਹ ਬਹੁਤ ਖੁਸ਼ ਹੋਏ। ਹਾਲ ਚਾਲ ਪੁੱਛਣ ਤੋਂ ਬਾਦ ਉਹ ਆਣੀ ਵਿਛੜੀ ਭੌੈਣ ਨੂੰ ਯਾਦ ਕਰਣ ਲੱਗੇ ਜਿਸ ਨੂੰ ਵੰਡ ਤੋਂ ਬਾਅਦ ਸਿਰਫ ਦੋ ਤਿੰਨ ਵਾਰ ਹੀ ਮਿਲ ਸਕੇ ਸਨ ਅਤੇ ਉਹਨਾ ਨੂੰ ਇਸ ਗੱਲ ਦਾ ਵਡਾ ਅਫਸੋਸ ਸੀ ਕਿ ਭਾਵੇਂ ਉਹ ਦੋ ਤਿੰਨ ਘੰਟਿਆਂ ਵਿਚ ਉਸ ਕੋਲ ਪਹੁੰਚ ਸਕਦੇ ਸਨ ਪਰ ਇਹ ਕਨੂੰਨੀ ਪਾਬੰਦੀਆਂ ਕਰ ਕੇ ਉਹ ਉਸ ਨੂੰ ਆਖਰੀ ਸਮੇਂ ਵੀ ਨਾ ਮਿਲ ਸਕੇ। ਮਾਸਟਰ ਜੀ ਕਹਿਣ ਲਗੇ, ਅਸਲ ਵਿਚ ਇਹ ਕਿਹੜਾ ਸੌਖਾ ਕੰਮ ਹੈ। ਇਸਲਾਮਾਬਾਦ ਤੋਂ ਜਾ ਕੇ ਵੀਜ਼ਾ ਲੈਣਾ, ਅਤੇ ਫਿਰ ਕਈ ਕਾਰਵਾਈਆਂ ਪੂਰੀਆਂ ਕਰਨੀਆਂ ਅਤੇ ਇਹ ਸਫਰ ਜਿਹੜਾ ਸਾਈਕਲ ‘ਤੇ ਤਿੰਨ ਚਾਰ ਘੰਟਿਆਂ ਦਾ ਸਫਰ ਹੈ, ਉਸ ਲਈ ਸਾਰਾ ਦਿਨ ਲਾ ਦੇਣਾ। ਇਧਰ ਜਾਂ ਉਧਰ ਜਾਣ ਵਾਲਿਆਂ ਨੂੰ ਪੁਲਿਸ ਕੋਲ ਜਾ ਕੇ ਰਿਪੋਰਟ ਕਰਾਉਣੀ, ਜਿਵੇਂ ਉਹ ਦਸ ਨੰਬਰੀ ਹੋਣ। ਮੈਂ ਮਹਿਸੂਸ ਕਰ ਰਿਹਾ ਸਾਂ, ਮਾਸਟਰ ਜੀ ਦੀ ਗਲ ਵਿਚ ਕਿੰਨੀ ਸਚਾਈ ਹੈ। ਹਾਲਾਂ ਕਿ ਇਹ ਪੜ੍ਹਿਆ ਲਿਖਿਆ ਪਰਿਵਾਰ ਹੈ ਪਰ ਉਹ ਪਰਿਵਾਰ ਵੀ ਹਨ ਜਿੰਨਾਂ ਨੇ ਇਕ ਵਾਰ ਵੀ ਆਪਣੇ ਵਿਛੜੇ ਭਰਾਵਾਂ ਭੈਣਾਂ ਰਿਸ਼ਤੇਦਾਰਾਂ ਨੂੰ ਮਿਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਭਾਵੇਂ ਕਿ ਉਹ ਦਿਨ ਰਾਤ ਉਹਨਾਂ ਦੇ ਚੇਤੇ ਵਿਚ ਰਹੇ ਹਨ ।
ਕਿੰਨੀ ਅਜੀਬ ਵੰਡ ਸੀ ਜਿਸ ਨੇ ਉਹ ਭੈਣ ਭਰਾ ਜੋ ਇਕੱਠੇ ਪਲੇ, ਖੇਡਦੇ ਰਹੇ ਪਰ ਵੰਡ ਤੋਂ ਬਾਅਦ ਇਕ ਵਾਰ ਵੀ ਨਾ ਮਿਲ ਸਕੇ। ਫਿਰ ਪਾਦਰੀ ਸਾਹਿਬ ਕਹਿਣ ਲਗੇ ਜਲ੍ਹਾ ਤਾਂ ਦੋ ਵਾਰ ਹੋ ਆਇਆ ਸੀ ਮੈਂ ਤਾਂ ਸਿਰਫ ਇਕ ਵਾਰ ਹੀ ਗਿਆ ਸੀ।
ਮੈਂ ਜਾਣ ਕੇ ਕਿਹਾ ”ਜੇ.ਐਮ ਸਾਹਿਬ ਦੋ ਵਾਰ ਹੋ ਆਏ ਹਨ” ਤਾਂ ਜੇ.ਐਮ ਨੇ ਅਜੀਬ ਹੈਰਾਨੀ ਨਾਲ ਮੇਰੇ ਵਲ ਵੇਖਿਆ ਜਿਵੇਂ ਉਹ ਮਹਿਸੂਸ ਕਰਦਾ ਹੋਵੇ ਕਿ ਮੈਂ ਉਹਦੇ ਨਾਂ ਤੋਂ ਇਲਾਵਾ ਵੀ ਉਸ ਬਾਰੇ ਬਹੁਤ ਕੁਝ ਜਾਣਦਾ ਹਾਂ। ਪਰ ਦੂਸਰੇ ਲੋਕ ਮੇਰੀ ਗੱਲ ਸੁਣ ਕੇ ਮਾੜਾ ਜਿਹਾ ਹੱਸ ਰਹੇ ਸਨ। ਕਾਫੀ ਲੋਕ ਸਾਡੇ ਇਰਦ ਗਿਰਦ ਮੰਜੀਆਂ ‘ਤੇ ਬੈਠੇ ਸਨ। ਪਾਦਰੀ ਸਾਹਿਬ ਅਤੇ ਮਾਸਟਰ ਜੀ ਆਪਣੇ ਭਨੇਵਿਆਂ ਅਤੇ ਇਰਸ਼ਾਦ ਦੱਤਾ ਜੀ ਬਾਰੇ ਕਾਫੀ ਕੁਝ ਪੁੱਛ ਰਹੇ ਸਨ। ਮੈਂ ਉਹਨਾਂ ਨੂੰ ਫਿਰ ਧਾਰੀਵਾਲ ਆਉਣ ਨੂੰ ਕਿਹਾ ਤਾਂ ਮਾਸਟਰ ਜੀ ਕਹਿਣ ਲੱਗੇ ਹੁਣ ਤਾਂ ਪਾਸਪੋਰਟਾਂ ਦੀ ਮਿਆਦ ਮੁੱਕਿਆਂ ਵੀ ਕਈ ਸਾਲ ਹੋ ਗਏ ਹਨ, ਪਾਸਪੋਰਟ ਬਨਾਉਣ ਤੋਂ ਬਾਅਦ ਵੀ ਵੀਜ਼ਾ ਕਿਹੜਾ ਅਸਾਨੀ ਨਾਲ ਮਿਲ ਜਾਂਦਾ ਹੈ ਪਰ ਚਲੋ ਵੇਖਾਂਗੇ, …. ਭਨੇਵਿਆਂ ਨੂੰ ਮਿਲਣ ਨੂੰ ਦਿਲ ਤਾਂ ਬਹੁਤ ਕਰਦਾ ਹੈ। ਜਦ ਮੈਂ ਉਹਨਾਂ ਕੋਲੋਂ ਛੁੱਟੀ ਮੰਗੀ ਤਾਂ ਪਾਦਰੀ ਸਾਹਿਬ ਕਹਿਣ ਲਗੇ ”ਬੈਠੋ ਦੁਆ ਤਾਂ ਕਰ ਲਈਏ” ਉਹਨਾਂ ਨੇ ਅੱਖਾਂ ਬੰਦ ਕਰਕੇ ਪ੍ਰਾਰਥਨਾ ਕੀਤੀ, ਬਿਲਕੁਲ ਉਸ ਤਰਾਂ ਹੀ ਜਿਸ ਤਰ੍ਹਾਂ ਸਾਡੇ ਘਰ ਪਾਦਰੀ ਇਰਸ਼ਾਦ ਦੱਤਾ ਨੇ ਕੀਤੀ ਸੀ। ”… ਖੁਦਾ ਅਮਨ ਸ਼ਾਂਤੀ ਰੱਖੇ, ਦੋਵੇਂ ਦੇਸ਼ ਤਰੱਕੀ ਕਰਣ, ਦੋਵਾਂ ਦੇਸ਼ਾਂ ਦੇ ਲੋਕਾਂ ਵਿਚ ਖੁਸ਼ਹਾਲੀ ਵਧੇ, ਪਿਆਰ ਮੁਹੱਬਤ ਵਧੇ… ” ਮੈਨੂੰ ਇਸ ਤਰਾਂ ਲੱਗਾ ਜਿਵੇਂ ਮੈਂ ਆਪਣੇ ਪਿੰਡ ਵਾਲੇ ਘਰ ਵਿਚ ਬੈਠਾ ਹੋਇਆ ਹਾਂ। ਇਹੋ ਕੁਝ ਤਾਂ ਦੁਆ ਵਿਚ ਪਾਦਰੀ ਇਰਸ਼ਾਦ ਦਤਾ ਮੰਗ ਰਹੇ ਸਨ। ਉਸ ਵਕਤ ਮੈਂ ਉਹਨਾਂ ਅਨੇਕਾਂ ਲੋਕਾਂ ਨੂੰ ਉਹਨਾਂ ਦੀਆਂ ਇਕੋ ਜਹੀਆਂ ਮਜਬੂਰੀਆਂ ਵਿਚ ਘਿਰਿਆ ਹੋਇਆਂ, ਲਕੀਰ ਦੇ ਇਸ ਪਾਸੇ ਜਾਂ ਉਸ ਪਾਸੇ, ਦੂਰ ਤੋਂ ਹੀ ਇਕ ਦੂਜੇ ਦੀ ਸੁਖ ਮੰਗਦੇ ਹੋਏ ਵੇਖ ਰਿਹਾ ਸਾਂ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …