Breaking News
Home / ਰੈਗੂਲਰ ਕਾਲਮ / ਲੰਗਰ ‘ਤੇ ਜੀਐਸਟੀ ਦਾ ਮਾਮਲਾ : ਹੁਣ ਵਾਰੀ ਅਕਾਲੀ ਦਲ ਦੀ

ਲੰਗਰ ‘ਤੇ ਜੀਐਸਟੀ ਦਾ ਮਾਮਲਾ : ਹੁਣ ਵਾਰੀ ਅਕਾਲੀ ਦਲ ਦੀ

ਦੀਪਕ ਸ਼ਰਮਾ ਚਨਾਰਥਲ, 98152-52959
ਜਦੋਂ ਦੇਸ਼ ਵਿਚ ਇਕ ਟੈਕਸ ਦੇ ਨਾਂ ‘ਤੇ ਜੀਐਸਟੀ ਲਗਾਈ ਗਈ ਤਾਂ ਇਸ ਗੱਲ ਨੂੰ ਲੈ ਕੇ ਸਿੱਖ ਭਾਈਚਾਰੇ ‘ਚ ਵੱਡਾ ਰੋਸਾ ਪਾਇਆ ਗਿਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਲੰਗਰ ‘ਤੇ ਵੀ ਜੀਐਸਟੀ ਲਗਾ ਦਿੱਤੀ ਗਈ। ਹੁਣ ਜਦੋਂ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਰਬਾਰ ਸਾਹਿਬ ਆਏ ਤਾਂ ਸ਼੍ਰੋਮਣੀ ਕਮੇਟੀ ਵਲੋਂ ਸੌਂਪੇ ਗਏ ਮੰਗ ਪੱਤਰ ਵਿਚ ਲੰਗਰ ਨੂੰ ਜੀਐਸਟੀ ਤੋਂ ਮੁਕਤ ਕਰਨ ਦੀ ਮੰਗ ਸ਼ਾਮਲ ਕੀਤੀ ਗਈ। ਪਰ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਅਸੀਂ ਲੰਗਰ ‘ਤੇ ਜੀਐਸਟੀ ਨਹੀ ਲਗਾਈ। ਉਹ ਸੱਚ ਵੀ ਬੋਲ ਰਹੇ ਹਨ ਤੇ ਅਜਿਹਾ ਸੱਚ ਜੋ ਨਿਰਾ ਝੂਠ ਹੈ। ਅਸਲ ਵਿਚ ਰਸਦ ਤੋਂ ਤਿਆਰ ਹੋ ਕੇ ਜਦੋਂ ਲੰਗਰ ਵਰਤਾਉਣਯੋਗ ਬਣ ਜਾਂਦਾ ਹੈ ਤਦ ਉਸ ‘ਤੇ ਕੋਈ ਟੈਕਸ ਨਹੀਂ ਹੈ। ਪਰ ਲੰਗਰ ਤਿਆਰ ਕਰਨ ਲਈ ਜਿਹੜੀ ਰਸਦ, ਜਿਹੜਾ ਰਾਸ਼ਨ ਬਜ਼ਾਰੋਂ ਖਰੀਦਿਆ ਜਾਂਦਾ ਹੈ, ਉਸ ‘ਤੇ ਜੀਐਸਟੀ ਹੈ। ਇਸ ਲਈ ਧਾਰਮਿਕ ਸਥਾਨਾਂ ‘ਤੇ ਬਣਨ ਵਾਲੇ ਲੰਗਰ ਦੀ ਰਸਦ ‘ਤੇ ਲੱਗੇ ਜੀਐਸਟੀ ਦਾ ਵਿਰੋਧ ਲਗਾਤਾਰ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਚ ਭਾਈਵਾਲ ਹੈ। ਉਸ ਨੇ ਕਦੇ ਵੀ ਖੁੱਲ੍ਹ ਕੇ ਜੀਐਸਟੀ ਦੇ ਮੁੱਦੇ ‘ਤੇ ਖਾਸਕਰ ਲੰਗਰ ‘ਤੇ ਲੱਗੀ ਜੀਐਸਟੀ ਦੇ ਮਾਮਲੇ ‘ਤੇ ਕਦੇ ਵੀ ਅਜਿਹਾ ਰੋਸਾ, ਅਜਿਹਾ ਗੁੱਸਾ ਜਾਂ ਅਜਿਹਾ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਦਿਖਾਇਆ, ਜਿਸ ਨਾਲ ਕੇਂਦਰ ਇਸ ਪ੍ਰਤੀ ਗੰਭੀਰ ਹੋਵੇ। ਹਾਂ, ਇਹੋ ਅਕਾਲੀ ਦਲ ਸੂਬੇ ਦੀ ਸਰਕਾਰ ਪ੍ਰਤੀ ਪੂਰੀ ਤਰ੍ਹਾਂ ਹਰ ਮੁੱਦੇ ‘ਤੇ ਉਸ ਨੂੰ ਘੇਰਦਾ ਹੋਇਆ ਨਜ਼ਰ ਆ ਰਿਹਾ ਹੈ। ਕੈਪਟਨ ਸਰਕਾਰ ਆਪਣੇ ਇਕ ਸਾਲ ਦੇ ਕਾਰਜਕਾਲ ਦੌਰਾਨ ਨਸ਼ੇ ਨੂੰ ਰੋਕਣ ਦੇ ਮਾਮਲੇ ‘ਤੇ, ਰੇਤ ਮਾਫੀਆ ਨੂੰ ਨੱਥ ਪਾਉਣ ਦੇ ਮਾਮਲੇ ‘ਤੇ, ਕਿਸਾਨਾਂ ਦਾ ਸੰਪੂਰਨ ਕਰਜ਼ਾ ਮਾਫ ਕਰਨ ਦੇ ਨਾਂ ‘ਤੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਨਾਂ ‘ਤੇ ਫਿਲਹਾਲ ਫੇਲ੍ਹ ਨਜ਼ਰ ਆ ਰਹੀ ਹੈ। ਕੈਪਟਨ ਸਰਕਾਰ ਦੇ ਚੋਣ ਵਾਅਦੇ ਇਕ ਸਾਲ ਵਿਚ ਕੋਈ ਜ਼ਮੀਨੀ ਹਕੀਕਤ ਲੈਂਦਿਆਂ ਨਜ਼ਰ ਨਹੀਂ ਆਏ ਇਸ ਲਈ ਸੂਬਾ ਵਾਸੀਆਂ ਦੀ ਇਨ੍ਹਾਂ ਪ੍ਰਤੀ ਬੇਭਰੋਸਗੀ ਬਣਨੀ ਸ਼ੁਰੂ ਹੋ ਗਈ ਹੈ, ਜਿਸ ਦਾ ਲਾਹਾ ਅਕਾਲੀ ਦਲ ਲੈਂਦਾ ਵੀ ਨਜ਼ਰ ਆ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਆਪਣੀਆਂ ਗਲਤੀਆਂ ਕਾਰਨ ਹਾਸ਼ੀਏ ‘ਤੇ ਜਾਂਦੀ ਦਿਸ ਰਹੀ ਹੈ। ਇਸ ਸਭ ਦੇ ਦਰਮਿਆਨ ਪੰਜਾਬ ਵਿਧਾਨ ਸਭਾ ਵਿਚ ਖੜ੍ਹ ਕੇ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਲੰਗਰ ਨੂੰ ਜੀਐਸਟੀ ਤੋਂ ਛੋਟ ਦਾ ਐਲਾਨ ਕੀਤਾ ਤਾਂ ਉਹ ਸ਼ਲਾਘਾਯੋਗ ਕਦਮ ਮਹਿਸੂਸ ਹੋਇਆ। ਮੁੱਖ ਮੰਤਰੀ ਨੇ ਆਖਿਆ ਕਿ ਅਸੀਂ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਵਾਲੀਮੀਕ ਜੀ ਦੇ ਪਾਵਨ ਅਸਥਾਨ ਸਮੇਤ ਸੂਬੇ ਦੇ ਪੰਜ ਧਾਰਮਿਕ ਥਾਵਾਂ ਦੀ ਰਸਦ ਤੋਂ ਆਪਣੇ ਹਿੱਸੇ ਦਾ ਜੀਐਸਟੀ ਨਹੀਂ ਵਸੂਲਾਂਗੇ। ਸਰਕਾਰ ਦਾ ਇਹ ਉਦਮ ਜਿੱਥੇ ਸ਼ਲਾਘਾਯੋਗ ਹੈ, ਉਥੇ ਹੁਣ ਵਾਰੀ ਅਕਾਲੀ ਦਲ ਦੀ ਹੈ, ਜੋ ਕੇਂਦਰ ਸਰਕਾਰ ਵਿਚ ਵੀ ਭਾਈਵਾਲ ਹੈ ਤੇ ਮੰਤਰੀ ਮੰਡਲ ਵਿਚ ਬਾਦਲ ਪਰਿਵਾਰ ਦੀ ਨੂੰਹ ਮੰਤਰੀ ਵੀ ਹੈ। ਇਸ ਲਈ ਹੁਣ ਅਕਾਲੀ ਦਲ ਜੇ ਆਪਣੀ ਸਹੀ ਭੂਮਿਕਾ ਨਿਭਾ ਕੇ ਕੇਂਦਰ ਤੋਂ ਵੀ ਰਹਿੰਦਾ 50 ਫੀਸਦੀ ਜੀਐਸਟੀ ਦਾ ਹਿੱਸਾ ਛੁਡਾ ਲੈਂਦਾ ਹੈ ਤਾਂ ਲੰਗਰ ਦੀ ਰਸਦ ਪੂਰੀ ਤਰ੍ਹਾਂ ਟੈਕਸ ਮੁਕਤ ਹੋ ਜਾਂਦੀ ਹੈ, ਤਦ ਇਸ ਨਾਲ ਅਕਾਲੀ ਦਲ ਦੇ ਫਿਰ ਪੰਥਕ ਹਲਕਿਆਂ ਵਿਚ ਪੈਰ ਲੱਗ ਸਕਦੇ ਹਨ। ਪਰ ਜਿਹੋ ਜਿਹੀ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਚਲਾ ਰਿਹਾ ਹੈ, ਉਸ ਤੋਂ ਉਹ ਇਹੋ ਸੁਨੇਹਾ ਦਿੰਦੇ ਦਿਖਦੇ ਹਨ, ਕਿ ਉਹ ਕੇਂਦਰ ਤੋਂ ਕੁਝ ਚੰਗਾ ਕਰਾ ਕੇ ਨਹੀਂ, ਉਲਟਾ ਪੰਜਾਬ ਵਿਚ ਰੌਲਾ ਪਾ ਕੇ ਹੀ ਚਰਚਾ ਵਿਚ ਰਹਿਣਾ ਚਾਹੁੰਦੇ ਹਨ। ਚੰਗਾ ਹੋਵੇ ਜੇ ਉਹ ਮੋਦੀ ਸਰਕਾਰ ਤੋਂ ਸੂਬੇ ਲਈ ਕੁਝ ਚੰਗੀਆਂ ਯੋਜਨਾਵਾਂ, ਕੁਝ ਚੰਗੇ ਫੈਸਲੇ ਲੈ ਕੇ ਪਰਤਣ, ਤਦ ਉਹ ਕੈਪਟਨ ਸਰਕਾਰ ਨੂੰ ਘੇਰਨ ਲਈ ਹੋਰ ਤਕੜੇ ਹੋ ਸਕਦੇ ਹਨ। ਪਰ ਅਜਿਹੀ ਰਣਨੀਤੀ ਅਜੇ ਅਕਾਲੀ ਦਲ ਦੇ ਵਿਹੜੇ ਸਿਰਜੀ ਜਾਂਦੀ ਨਜ਼ਰ ਨਹੀਂ ਆਉਂਦੀ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …