Breaking News
Home / ਰੈਗੂਲਰ ਕਾਲਮ / ਸੁਚੱਜੇ ਜੀਵਨ ਦੀ ਟਕਸਾਲ

ਸੁਚੱਜੇ ਜੀਵਨ ਦੀ ਟਕਸਾਲ

ਜਰਨੈਲ ਸਿੰਘ
(ਕਿਸ਼ਤ ਪਹਿਲੀ)
ਸਾਡੇ ਜੀਜੇ ਫੂਲਾ ਸਿੰਘ ਚਾਹਲ ਨਾਲ਼ ਉਹਦੇ ਪਿੰਡ ਸੰਘਵਾਲ਼ (ਜ਼ਿਲ੍ਹਾ ਜਲੰਧਰ) ਦੇ ਨਾਮਵਰ ਭਲਵਾਨ ਜਗੀਰੀ ਤੇ ਨੰਜੂ ਹਰ ਸਾਲ ਸਾਡੇ ਮਹਿਮਾਨ ਹੁੰਦੇ। ਰੁਮਾਲੀ ਆਮ ਤੌਰ ‘ਤੇ ਜਗੀਰੀ ਹੀ ਜਿੱਤਦਾ ਸੀ।
ਛਿੰਝ ਦੇ ਦਿਨਾਂ ਵਿਚ ਗੂਗਾ ਪੂਜਣ ਦੀ ਪ੍ਰਥਾ ਵੀ ਸੀ। ਇਕ ਹੱਥ ‘ਤੇ ਸੇਵੀਆਂ ਵਾਲ਼ੀ ਥਾਲੀ ਤੇ ਦੂਜੇ ਹੱਥ ਵਿਚ ਕੱਚੀ ਲੱਸੀ ਦਾ ਗਿਲਾਸ ਉਠਾਈ ਪਿੰਡ ਦੀਆਂ ਔਰਤਾਂ, ਗਵਾਂਢੀ ਪਿੰਡ ਪਿਆਲ਼ਾਂ ਨਾਲ਼ ਲੱਗਦੇ ਬਸੀਵੇਂ ‘ਤੇ ਪਹੁੰਚ ਜਾਂਦੀਆਂ। ਓਥੇ ਸੰਘਣੇ ਘਾਹ-ਫੂਸ ਵਿਚ ਦੋਵੇਂ ਚੀਜ਼ਾਂ ਉਲੱਦ ਕੇ ਆਖਦੀਆਂ, ”ਹੇ ਗੂਗਾ ਪੀਰ! ਆਪਣੀ ਸੱਪਾਂ ਦੀ ਪਰਜਾ ਏਥੇ ਹੀ ਰੱਖ। ਸਾਡੇ ਘਰ ਨਾ ਭੇਜੀਂ।”
ਬਾਪੂ ਜੀ ਤੇ ਪਿੰਡ ਦੇ ਚਾਰ ਕੁ ਬੰਦੇ ਗੂਗਾ-ਪੂਜਾ ਦੇ ਵਿਰੋਧੀ ਸਨ। ਇਕ ਵੇਰਾਂ ਸਵੇਰੇ-ਸਵੇਰੇ ਸਾਡੇ ਘਰ ਸੱਪ ਨਿੱਕਲ਼ ਆਇਆ। ਘਰ ਵਿਚ ਮੈ ਤੇ ਬੀਬੀ ਹੀ ਸਾਂ। ਅਸੀਂ ਦਹਿਲ ਗਏ। ਬੀਬੀ ਮੈਨੂੰ ਕਹਿੰਦੀ, ”ਜਾਹ ਪਿਆਰਾ ਸੁੰਹ ਨੂੰ ਬੁਲਾ ਲਿਆ।” ਉਹ ਖੇਤੀ ਨਹੀਂ ਸੀ ਕਰਦਾ। ਘਰ ਹੀ ਹੁੰਦਾ ਸੀ। ਮੈਂ ਦੌੜ ਕੇ ਗਿਆ ਪਰ ਉਸ ਵਕਤ ਉਹ ਘਰ ਨਹੀਂ ਸੀ। ਮੈਂ ਮੁੜ ਕੇ ਆਇਆ ਤਾਂ ਬੀਬੀ ਨੇ ਉਤਸੁਕਤਾ ਨਾਲ਼ ਪੁੱਛਿਆ, ”ਆਉਂਦੈ?” ”ਉਹ ਘਰ ਨ੍ਹੀਂ।” ਮੇਰੇ ਬੋਲ ਸੁਣ ਕੇ ਬੀਬੀ ਨਿਰਾਸ਼ ਹੋ ਗਈ ਪਰ ਦੋ ਕੁ ਪਲਾਂ ਬਾਅਦ ਉਹਦੇ ‘ਚ ਪਤਾ ਨਹੀਂ ਕਿੱਧਰੋਂ ਹਿੰਮਤ ਆ ਗਈ। ਉਸਨੇ ਡਾਂਗ ਚੁੱਕ ਲਈ। ਏਨੇ ਨੂੰ ਸੱਪ ਦਲਾਨ ‘ਚੋਂ ਨਿੱਕਲ ਕੇ ਚੌਂਕੇ ‘ਚ ਆ ਵੜਿਆ। ਬੀਬੀ ਦੀ ਡਾਂਗ ਸਿੱਧੀ ਸੱਪ ਦੀ ਸਿਰੀ ‘ਤੇ ਵੱਜੀ। ਪੈਂਦੀ ਸੱਟੇ ਉਸ ਨੇ ਤਿੰਨ-ਚਾਰ ਵਾਰੀ ਡਾਂਗ ਵਰ੍ਹਾ ਦਿੱਤੀ। ਸੱਪ ਮਰ ਗਿਆ। ਪਿੰਡ ਵਿਚ ਬੀਬੀ ਦੇ ਹੌਸਲੇ ਦੀ ਪ੍ਰਸ਼ੰਸਾ ਕਰਨ ਵਾਲ਼ੇ ਵੀ ਸਨ ਤੇ ਸਾਡੇ ਟੱਬਰ ਨੂੰ ਦੋਸ਼ ਜਿਹਾ ਦੇਣ ਵਾਲ਼ੇ ਵੀਂ ਜਦ ਗੂਗਾ ਨਹੀਂ ਪੂਜਣਾ ਤਾਂ ਸੱਪਾਂ ਨੇ ਘਰ ‘ਚ ਆਉਣਾ ਹੀ ਆਉਣਾ… ਦੇਖ ਲਓ ਗਿਆ ਵੀ ਚੁੱਲ੍ਹੇ ਵੱਲ ਨੂੰ ਸੇਵੀਆਂ ਦੀ ਮਹਿਕ ਲੈਣ।”
ਪਿੰਡ ‘ਚ ਹਰ ਚਾਰ-ਪੰਜ ਸਾਲ ਬਾਅਦ ਬਾਜ਼ੀ ਪੈਂਦੀ ਸੀ। ਲਾਗਲੇ ਪਿੰਡ ਬਾਦੋਵਾਲ ‘ਚ ਬਾਜ਼ੀਗਰਾਂ ਦੇ ਕੁਝ ਘਰ ਸਨ। ਉਹ ਸਾਡੇ ਪਿੰਡਾਂ ‘ਚੋਂ ਦਾਣਿਆਂ ਤੇ ਪੈਸਿਆਂ ਦੀ ਉਗਰਾਹੀ ਕਰਕੇ ਬਾਜ਼ੀ ਦਾ ਪ੍ਰੋਗਰਾਮ ਵਿੱਢ ਲੈਂਦੇ। ਨੌਜਵਾਨ ਬਾਜ਼ੀਗਰ ਲੱਕ ਨੂੰ ਘੁੰਗਰੂ ਬੰਨ੍ਹ ਕੇ ਮੈਦਾਨ ‘ਚ ਨਿੱਤਰਦੇ। ਪਹਿਲਾਂ ਉਹ ਢੋਲ ਦੀ ਤਾਲ ‘ਤੇ ਆਪਸੀ ਮੁਕਾਬਲੇ ਵਿਚ ਇਕ-ਦੂਜੇ ਤੋਂ ਵੱਧ ਕੇ ਉੱਚੀਆਂ-ਲੰਮੀਆਂ ਛਾਲਾਂ ਮਾਰਦੇ ਤੇ ਫਿਰ ਤ੍ਰੇਟੀਆਂ ਛਾਲਾਂ ਲੱਗਦੀਆਂ। ਜ਼ਮੀਨ ਦੇ ਲੈਵਲ ਤੋਂ ਲੇਦਵੇਂ ਰੁਖ ਮਿੱਟੀ ਦਾ ਮਜ਼ਬਤੂ ਰੈਂਪ ਬਣਾ ਕੇ ਉਸਦੇ ਸਿਖ਼ਰ ‘ਤੇ ਲਚਕਦਾਰ ਫੱਟਾ ਬੀੜਿਆ ਹੁੰਦਾ ਸੀ। ਖਿਡਾਰੀ ਦੂਰੋਂ ਜ਼ਮੀਨ ‘ਤੇ ਦੌੜ ਕੇ ਰੈਂਪ ‘ਤੇ ਚੜ੍ਹਦੇ ਅਤੇ ਲਚਕਦਾਰ ਫੱਟੇ ‘ਤੇ ਜੰਪ ਲੈ ਕੇ ਉਤਾਂਹ ਨੂੰ ਉੱਲਰ ਜਾਂਦੇ ਤੇ ਹਵਾ ਵਿਚ ਬੰਦਬਾਜ਼ੀ ਜਾਂ ਪਲ਼ਸੇਟਾ ਮਾਰ ਕੇ ਪੂਰੇ ਸੰਤੁਲਨ ਨਾਲ਼ ਜ਼ਮੀਨ ‘ਤੇ ਆ ਖੜ੍ਹਦੇ। ਮੇਰੇ ਪਿੰਡ ਵਾਂਗ, ਬਾਜ਼ੀ ਪੰਜਾਬ ਦੇ ਅਨੇਕਾਂ ਪਿੰਡਾਂ ਵਿਚ ਪੈਂਦੀ ਸੀ।
ਹੁਣ ਜਦੋਂ ਮੈਂ ਉਲੰਪਿਕ ਤੇ ਹੋਰ ਕੌਮਾਂਤਰੀ ਖੇਡਾਂ ਵਿਚ ਜਿਮਨਾਸਟਿਕ ਖਿਡਾਰੀਆਂ ਦੇ ਜੌਹਰ ਦੇਖਦਾ ਹਾਂ ਤਾਂ ਮੈਨੂੰ 60 ਸਾਲ ਪਹਿਲਾਂ ਦੀਆਂ ਬਾਜ਼ੀਗਰਾਂ ਦੀਆਂ ਬਾਕਮਾਲ ਕਲਾਬਾਜ਼ੀਆਂ ਯਾਦ ਆ ਜਾਂਦੀਆਂ ਹਨ। ਉਨ੍ਹਾਂ ਵਿਚ ਵਧੀਆ ਜਿਮਨਾਸਟਿਕ ਖਿਡਾਰੀ ਬਣਨ ਦੀਆਂ ਭਰਪੂਰ ਸੰਭਾਵਨਾਵਾਂ ਸਨ। ਪਰ ਸਰਕਾਰਾਂ ਨੇ ਬਾਜ਼ੀ-ਕਲਾ ਨੂੰ ਵਿਕਸਤ ਕਰਨ ਜਾਂ ਹੋਣਹਾਰ ਬਾਜ਼ੀਗਰ ਜਵਾਨਾਂ ਨੂੰ ਮੌਕੇ ਦੇਣ ਦਾ ਕੋਈ ਉਪਰਾਲਾ ਨਾ ਕੀਤਾ। ਲੋਕ ਹਿਤਾਂ ਨੂੰ ਵਿਸਾਰ ਕੇ ਆਪਣੇ ਹਿੱਤ ਪਾਲਣ ਵਾਲ਼ੇ ਰਾਜਨੀਤਕਾਂ ਦੀਆਂ ਗਲਤ ਚਾਲਾਂ ਕਾਰਨ ਬਾਜ਼ੀ ਦੀ ਅਮੀਰ ਪਰੰਪਰਾ ਦਾ ਅੰਤ ਹੋ ਗਿਆ।
ਪਿੰਡ ਦੇ ਆਮ ਝਗੜੇ-ਝੇੜੇ ਪੰਚਾਇਤ ਵਿਚ ਹੀ ਨਿਪਟਾ ਦਿੱਤੇ ਜਾਂਦੇ। ਸਾਡੇ ਬਾਪੂ ਜੀ 27-28 ਸਾਲ ਦੀ ਉਮਰ ਤੋਂ ਲੈ ਕੇ ਆਪਣੇ ਆਖਰੀ ਸਮੇਂ ਤੱਕ ਪੰਚਾਇਤ ਦੇ ਮੈਂਬਰ ਰਹੇ। ਪਿੰਡ ਦੀ ਮੁਰੱਬੇਬੰਦੀ ਸਮੇਂ ਉਹ ‘ਮੁਰੱਬੇਬੰਦੀ ਕਮੇਟੀ’ ਦੇ ਮੀਤ ਪ੍ਰਧਾਨ ਸਨ।
ਪਿੰਡ ਵਾਲ਼ਿਆਂ ਦੋ ਵਾਰ ਉਨ੍ਹਾਂ ਨੂੰ ਸਰਪੰਚ ਵੀ ਬਣਾਉਣਾ ਚਾਹਿਆ ਪਰ ਉਨ੍ਹਾਂ ਪਰਿਵਾਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦੇ ਮੱਦੇਨਜ਼ਰ ਨਾਂਹ ਕਰ ਦਿੱਤੀ। ਨੇਕ-ਨੀਤੀ ਤੇ ਸਾਫਗੋਈ ਕਰਕੇ ਉਨ੍ਹਾਂ ਦੀ ਪੁੱਛ ਸਰਪੰਚ ਨਾਲ਼ੋਂ ਵੱਧ ਸੀ। ਘਰੇਲੂ ਫੁੱਟ, ਬੰਨਿਆਂ ਦੇ ਰੱਟਿਆਂ, ਗਾਲ਼ੀ-ਗਲੋਚ ਤੇ ਡਾਂਗ-ਸੋਟੇ ਦੀਆਂ ਲੜਾਈਆਂ ਦੇ ਮਸਲੇ ਲੈ ਕੇ ਲੋਕੀਂ ਪਹਿਲਾਂ ਉਨ੍ਹਾਂ ਕੋਲ਼ ਹੀ ਆਉਂਦੇ। ਉਹ ਇਕ ਧਿਰ ਦੀ ਸੁਣ ਕੇ ਦੂਜੀ ਧਿਰ ਨੂੰ ਵੀ ਪੁੱਛਦੇ। ਜਦੋਂ ਮਸਲਾ ਪੰਚਾਇਤ ‘ਚ ਜਾਂਦਾ ਤਾਂ ਨਿੱਖਰ ਕੇ ਆਪਣੀ ਰਾਇ ਦੱਸਦੇ। ਬਹੁਤੀ ਵਾਰ ਸਰਪੰਚ ਤੇ ਹੋਰ ਮੈਂਬਰ ਫ਼ੈਸਲਾ ਉਨ੍ਹਾਂ ‘ਤੇ ਛੱਡ ਦੇਂਦੇ। ਉਹ ਜਿਸ ਧਿਰ ਦਾ ਵਾਧਾ ਹੁੰਦਾ ਉਸਨੂੰ ਮੁਆਫ਼ੀ ਮੰਗਣ ਤੇ ਹਰਜਾਨਾ ਭਰਨ ਲਈ ਆਖ ਕੇ ਮਾਮਲਾ ਨਿਪਟਾ ਦੇਂਦੇ। ਥਾਣਿਆਂ-ਕਚਿਹਰੀਆਂ ਦੇ ਚੱਕਰਾਂ ਤੋਂ ਬਚਣ ਦੀ ਸਲਾਹ ਦੇਂਦੇ। ਕਦੀ-ਕਦੀ ਕੋਈ ਧਿਰ ਆਪਣੀ ਹੈਂਕੜ ਜਾਂ ਕਿਸੇ ਦੀ ਚੁੱਕ ‘ਚ ਆ ਕੇ ਅੜ ਵੀ ਜਾਂਦੀ ਪਰ ਆਮ ਤੌਰ ‘ਤੇ ਰਾਜ਼ੀਨਾਮੇ ਹੋ ਜਾਂਦੇ।
ਬਾਪੂ ਜੀ ਗੁਰਪੁਰਬਾਂ ਮੌਕੇ ਧਾਰਮਿਕ ਕਵਤਿਾਵਾਂ ਲਿਖ ਕੇ ਗੁਰਦਵਾਰੇ ਵਿਚ ਸੁਣਾਇਆ ਕਰਦੇ ਸਨ। ਪਿੰਡ ਅਤੇ ਇਲਾਕੇ ਦੇ ਲੋਕ ਉਨ੍ਹਾਂ ਨੂੰ ‘ਭਾਈ ਮਹਿੰਦਰ ਸਿੰਘ’ ਕਹਿ ਕੇ ਬੁਲਾਉਂਦੇ ਸਨ। ਉਹ ਜਾਤ-ਪਾਤ ਦੇ ਵਿਰੋਧੀ ਸਨ। ਸਿਆਣੀ ਉਮਰ ਦਾ ਨੰਦ ਸਿੰਘ ਜੁਲਾਹਾ ਉਨ੍ਹਾਂ ਨਾਲ਼ ਖੇਤੀ ਦਾ ਕੰਮ ਕਰਵਾਉਂਦਾ ਸੀ। ਪਰ ਸਾਡੇ ਲਈ ਉਹ ਕਾਮਾ ਨਹੀਂ ਪਰਿਵਾਰ ਦਾ ਮੈਂਬਰ ਸੀ। ਅਸੀਂ ਭੈਣ-ਭਰਾ ਉਸਨੂੰ ਬਾਬਾ ਕਹਿ ਕੇ ਬੁਲਾਉਂਦੇ ਸਾਂ। ਉਦੋਂ ਖੇਤਾਂ ‘ਚ ਕੰਮ ਕਰਨ ਆਉਂਦੇ ਖੇਤ-ਮਜ਼ਦੂਰਾਂ ਨੂੰ ਆਪਣਾ ਕੌਲੀ-ਗਲਾਸ ਨਾਲ਼ ਲਿਆਉਣਾ ਪੈਂਦਾ ਸੀ। ਪਰ ਬਾਪੂ ਜੀ ਇਸ ਕੁਰੀਤ ਦੇ ਵਿਰੋਧੀ ਸਨ। ਸਾਡੇ ਖੇਤਾਂ ਵਿਚ ਆਉਂਦੇ ਕਾਮਿਆਂ ਨੂੰ, ਅਸੀਂ ਆਪਣੇ ਭਾਂਡਿਆਂ ‘ਚ ਰੋਟੀ ਖੁਆਉਂਦੇ ਸਾਂ। ਕੁਝ ਜਾਤ ਅਭਿਮਾਨੀ ਜੱਟ ਬਾਪੂ ਜੀ ਦੀ ਨੁਕਤਾਚੀਨੀ ਕਰਦੇ। ਪਰ ਜਦੋਂ ਬਾਪੂ ਜੀ ਗੁਰਬਾਣੀ ਦੇ ਹਵਾਲਿਆਂ ਰਾਹੀਂ ਊਚ-ਨੀਚ ਨੂੰ ਗਲਤ ਕਰਾਰ ਦੇਂਦੇ ਤਾਂ ਉਨ੍ਹਾਂ ਨੂੰ ਕੋਈ ਜਵਾਬ ਨਾ ਔੜਦਾ।
ਜੈਤੋਂ ਮੋਰਚੇ ਦੇ ਸਹਿਭਾਗੀ
ਗੁਰਦਵਾਰਾ ਸੁਧਾਰ ਲਹਿਰ ਸਮੇਂ ਬਾਪੂ ਜੀ ਤੋਂ ਪਹਿਲੀ ਪੀੜ੍ਹੀ ਦਾ ਟਕਸਾਲੀ ਸਿੱਖ ਦਲੀਪ ਸਿੰਘ ਕੁਝ ਕੁ ਵਾਰ ਮੋਰਚਿਆਂ ਵਿਚ ਗਿਆ ਸੀ। ਉਸ ਤੋਂ ਪ੍ਰੇਰਿਤ ਹੋ ਕੇ ਬਾਪੂ ਜੀ, ਸ਼ਰੀਕੇ ‘ਚੋਂ ਸਾਡੇ ਤਾਇਆ ਜੀ ਅਮਰ ਸਿੰਘ ਅਤੇ ਗੰਡਾ ਸਿੰਘ ਜੈਤੋਂ ਮੋਰਚੇ ਵਿਚ ਗਏ। ਬਾਪੂ ਜੀ ਤੇ ਗੰਡਾ ਸਿੰਘ ਨਾਬਾਲਗ ਹੋਣ ਕਰਕੇ ਪੁਲਿਸ ਦੇ ਤਸ਼ੱਦਦ ਤੋਂ ਬਚ ਗਏ ਤੇ ਉਨ੍ਹਾਂ ਨੂੰ ਰਿਹਾਅ ਵੀ ਛੇਤੀ ਕਰ ਦਿੱਤਾ ਗਿਆ। ਪਰ ਛੇ ਫੁੱਟ ਲੰਮੇ ਭਰ ਜਵਾਨ ਅਮਰ ਸਿੰਘ ‘ਤੇ ਬਹੁਤ ਤਸ਼ੱਦਦ ਹੋਇਆ। ਬਾਪੂ ਜੀ ਦੱਸਦੇ ਹੁੰਦੇ ਸਨ ਕਿ ਕਿ ਜਦੋਂ ਉਹ ਸਜ਼ਾ ਕੱਟ ਕੇ ਆਇਆ ਤਾਂ ਕਈ ਮਹੀਨੇ ਉਸਨੂੰ ਪੱਬਾਂ ਭਾਰ ਹੀ ਤੁਰਨਾ ਪਿਆ। ਅੱਡੀਆਂ ਜ਼ਮੀਨ ‘ਤੇ ਲੱਗਣ ਨਾਲ਼ ਉਸਦੀਆਂ ਲੱਤਾਂ ਵਿਚ ਚੀਸਾਂ ਪੈਣ ਲੱਗ ਜਾਂਦੀਆਂ ਸਨ। ਗੰਡਾ ਸਿੰਘ ਅਫਰੀਕਾ ਚਲਾ ਗਿਆ ਸੀ। ਅਮਰ ਸਿੰਘ ਹੁਰਾਂ ਦੇ ਘਰ ਵਿਚ ਬਹੁਤ ਗਰੀਬੀ ਸੀ। ਦੁਖੀ ਹੋ ਕੇ ਉਹ ਪਿੰਡੋਂ ਨਿਕਲ਼ ਗਿਆ। ਘੁੰਮਦਾ-ਘੁਮਾਉਂਦਾ ਪਟਨਾ ਸਾਹਿਬ ਜਾ ਟਿਕਿਆ। ਟਰੱਕ ਡਰਾਈਵਰ ਬਣ ਕੇ ਕਰੜੀ ਮਿਹਨਤ ਕੀਤੀ। ਪਹਿਲਾਂ ਦੋ ਟਰੱਕ ਲਏ ਤੇ ਫਿਰ ਹੌਲੀ-ਹੌਲੀ ਵੱਡਾ ਟਰਾਂਸਪੋਰਟਰ ਬਣ ਗਿਆ। ਉਹ ਕੁਝ ਸਾਲ ਪਟਨਾ ਸਾਹਿਬ ਦੇ ਮੁੱਖ ਗੁਰਦੁਆਰੇ ‘ਹਰਿਮੰਦਰ ਸਾਹਿਬ’ ਦਾ ਪ੍ਰਧਾਨ ਵੀ ਰਿਹਾ। ਬਾਪੂ ਜੀ ਨਾਲ਼ ਉਸਦਾ ਬਹੁਤ ਪਿਆਰ ਸੀ ਜੋ ਆਖਰੀ ਸਮੇਂ ਤੱਕ ਨਿਭਿਆ।
ਉਦੋਂ ਸਾਡੇ ਪਿੰਡ ਦੋ ਗੁਰਦਵਾਰੇ ਸਨ। ਇਕ ਪਿੰਡ ‘ਚ ਤੇ ਦੂਜਾ ਪਿੰਡੋਂ ਬਾਹਰ। ਬਾਹਰਲੇ ਗੁਰਦਵਾਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਕੀਤਾ ਜਾਂਦਾ। ਲੋਕਾਂ ਨੂੰ ੳਪਦੇਸ਼ ਦੇਣ ਲਈ ਉਨ੍ਹਾਂ ਆਪਣੀ ਬਾਣੀ ਰਚੀ ਹੋਈ ਹੈ। ਡੇਰੇ ਦੇ ਮੋਢੀ ਦਾ ਨਾਂ ਸੰਤ ਈਸ਼ਰ ਦਾਸ ਸੀ।
ਗੁਰਦਵਾਰੇ ਦੇ ਮੌਜੂਦਾ ਜਾਂ-ਨਸ਼ੀਨ ਸੰਤ ਇੰਦਰ ਦਾਸ ਵੱਲੋਂ ਪਿੰਡ ਦੇ ਉਸਾਰੂ ਕੰਮਾਂ ‘ਚ ਪਾਇਆ ਵੱਡਾ ਯੋਗਦਾਨ ਸ਼ਲਾਘਾਯੋਗ ਹੈ ਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਣ ਕਰਕੇ ਸਾਡੇ ਪਰਿਵਾਰ ਸਮੇਤ ਪਿੰਡ ਦੇ ਕਈ ਪਰਿਵਾਰ ਉਸ ਗੁਰਦਵਾਰੇ ਨਹੀਂ ਜਾਂਦੇ।
ਪਿੰਡ ਵਿਚਲਾ ਗੁਰਦਵਾਰਾ ਬਾਬਾ ਰੂਪ ਦੇਵ ਦਾ ਹੈ। ਬਾਬਾ ਜੀ ਉੱਚੇ- ਸੁੱਚੇ ਜੀਵਨ ਵਾਲ਼ੇ ਭਗਤ ਸਨ। ਅਗਾਂਹ ਉਨ੍ਹਾਂ ਦੇ ਵੰਸ਼ ਵਿਚੋਂ ਤਿੰਨ ਪਰਿਵਾਰ ਸਨ। ਵੰਸ਼ ਦੇ ਸਾਡੇ ਸਮੇਂ ਦੇ ਜਾਂਨਸ਼ੀਨ ਦਾ ਨਾਂ ਸੰਤ ਬਾਵਾ ਸਿੰਘ ਸੀ। ਉਸਨੂੰ ਗੁਰਬਾਣੀ ਬਾਰੇ ਗਿਆਨ ਤਾਂ ਸੀ ਪਰ ਉਸਨੇ ਅਤੇ ਵੰਸ਼ ਦੇ ਦੂਜੇ ਪਰਿਵਾਰਾਂ ਨੇ ਬਾਬਾ ਜੀ ਦੇ ਜੀਵਨ ਨਾਲ਼ ਜੋ ਕਥਾ ਜੋੜੀ ਹੋਈ ਸੀ, ਉਹ ਇਤਿਹਾਸਕ ਨਹੀਂ ਸੀ। ਕਥਾ ਇਹ ਸੀ ਕਿ ਇਕ ਵਾਰ ਅਚਾਨਕ ਹੀ ਬਾਬਾ ਰੂਪ ਦੇਵ ਦੀ ਗੁਰੂ ਨਾਨਕ ਦੇਵ ਜੀ ਨਾਲ਼ ਮੁਲਾਕਾਤ ਹੋ ਗਈ। ਉਪਰੰਤ ਗੁਰੂ ਸਾਹਿਬ ਬਾਬਾ ਜੀ ਦੇ ਘਰ ਆਏ ਸਨ। ਦਲੀਪ ਸਿੰਘ ਨੇ ਇਸ ਕਥਾ ਨੂੰ ਚੁਣੌਤੀ ਦੇਂਦਿਆਂ ਵੰਸ਼ ਵਾਲ਼ਿਆਂ ਨੂੰ ਠੋਸ ਸਬੂਤ ਪੇਸ਼ ਕਰਨ ਲਈ ਕਿਹਾ। ਪਰ ਕਥਾ ਮਨਘੜਤ ਸੀ, ਉਹ ਸਬੂਤ ਪੇਸ਼ ਨਾ ਕਰ ਸਕੇ। ਗੁਰੂ ਸਾਹਿਬ ਪੰਜਾਬ ਵਿਚ ਜਿਹੜੀਆਂ ਥਾਵਾਂ ‘ਤੇ ਗਏ ਸਨ ਉਨ੍ਹਾਂ ਵਿਚ ਸਾਡੇ ਪਿੰਡ ਦਾ ਨਾਂ ਕਿਤੇ ਵੀ ਦਰਜ ਨਹੀਂ। ਅਨਪੜ੍ਹਤਾ ਕਾਰਨ ਪਿੰਡ ਦੇ ਕਾਫ਼ੀ ਲੋਕ ਉਸ ਕਥਾ ਨੂੰ ਸਹੀ ਮੰਨੀ ਜਾਂਦੇ ਸਨ। ਪਰ ਦਲੀਪ ਸਿੰਘ ਵਾਂਗ ਬਾਪੂ ਜੀ, ਹਜਾਰਾ ਸਿੰਘ, ਨਿਧਾਨ ਸਿੰਘ ਤੇ ਮਲਕੀਅਤ ਸਿੰਘ ਇਸ ਕਥਾ ‘ਤੇ ਕਿੰਤੂ ਕਰਦੇ ਸਨ। ਉਨ੍ਹਾਂ ਦਾ ਕਿੰਤੂ ਗੁਰਦਵਾਰੇ ਦੀ ਮਰਯਾਦਾ ‘ਤੇ ਵੀ ਸੀਂ ਗੁਰਦਵਾਰੇ ‘ਚ ਬਾਬਾ ਰੂਪ ਦੇਵ ਦਾ ਮਠ ਬਣਿਆ ਹੋਇਆ ਹੈ।
ੳਨ੍ਹਾਂ ਦੇ ਵੰਸ਼ ਵੱਲੋਂ ਚਲਾਈ ਰੀਤ ਅਨੁਸਾਰ ਲੋਕ ਪਹਿਲਾਂ ਮਠ ਨੂੰ ਮੱਥਾ ਟੇਕਦੇ ਸਨ ਤੇ ਬਾਅਦ ਵਿਚ ਗੁਰੂ ਗ੍ਰੰਥ ਸਾਹਿਬ ਨੂੰ। ਅਰਦਾਸ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕਰਨ ਦੀ ਬਜਾਇ ਮਠ ਮੂਹਰੇ ਖਲੋ ਕੇ ਕੀਤੀ ਜਾਂਦੀ ਸੀ। ਇਹ ਮਰਯਾਦਾ ਸਿੱਖੀ ਸਿਧਾਂਤਾਂ ਦੀ ਉਲੰਘਣਾ ਸੀ। ਬਾਪੂ ਜੀ ਤੇ ਉਨ੍ਹਾਂ ਦੇ ਹਮਖਿਆਲੀ ਜਦੋਂ ਬਾਵਾ ਸਿੰਘ ਨੂੰ ਮਰਯਾਦਾ ਠੀਕ ਕਰਨ ਲਈ ਕਹਿੰਦੇ ਤਾਂ ਉਸਦਾ ਜਵਾਬ ਹੁੰਦਾ ਕਿ ਗੁਰਦਵਾਰਾ ਪਿੰਡ ਦਾ ਨਹੀਂ ਉਨ੍ਹਾਂ ਦੇ ਵੰਸ਼ ਦਾ ਹੈ। ਇਸ ਦੀ ਮਰਯਾਦਾ ਵਿਚ ਲੋਕਾਂ ਨੂੰ ਦਖਲ ਦੇਣ ਦਾ ਕੋਈ ਹੱਕ ਨਹੀਂ। ਆਖਰ ਬਾਪੂ ਜੀ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਸਲਾਹ ਕਰਕੇ ਸੰਗਰਾਂਦਾਂ ਤੇ ਗੁਰਪੁਰਬ ਜੰਞਘਰ ‘ਚ ਮਨਾਉਣੇ ਸ਼ੁਰੂ ਕਰ ਦਿੱਤੇ। ਮੈਂ ਚਾਰ ਜਮਾਤਾਂ ਪਿੰਡ ਦੇ ਪ੍ਰਾਇਮਰੀ ਸਕੂਲ ‘ਚ ਪਾਸ ਕੀਤੀਆਂ। ਮੁੱਖ ਅਧਿਆਪਕ ਦਾ ਨਾਂ ਚਰੰਜੀ ਲਾਲ ਸੀ। ਉਸਦਾ ਪਿੰਡ ਤਾਂ ਕੋਈ ਹੋਰ ਸੀ ਪਰ ਉਹ ਪੱਕੇ ਤੌਰ ‘ਤੇ ਮੇਘੋਵਾਲ-ਨਿਵਾਸੀ ਬਣ ਗਿਆ। ਉਸਦੀ ਸਾਰੀ ਨੌਕਰੀ ਸਾਡੇ ਸਕੂਲ ‘ਚ ਹੀ ਪੂਰੀ ਹੋਈ। ਉਹ ਪੜ੍ਹਾਉਂਦਾ ਤਾਂ ਵਧੀਆ ਸੀ ਪਰ ਕੁੱਟਦਾ ਹੁੰਦਾ ਸੀ। ਅਸੀਂ ਤੱਪੜਾਂ ‘ਤੇ ਬੈਠ ਕੇ ਪੜ੍ਹਦੇ ਸਾਂ। ਲਿਖਣ ਵਾਸਤੇ ਲੱਕੜੀ ਦੀ ਫੱਟੀ, ਕਾਨੇ ਦੀ ਕਲਮ ਤੇ ਘੋਲ਼ ਕੇ ਬਣਾਈ ਸਿਆਹੀ ਦੀ ਦਵਾਤ ਹੁੰਦੀ ਸੀ। ਲਿਖਿਆ ਹੋਇਆ ਮਾਸਟਰ ਨੂੰ ਦਿਖਾਉਣ ਬਾਅਦ ਫੱਟੀ ਧੋ ਕੇ ਗਾਚਣੀ ਮਲ਼ ਲਈਦੀ ਸੀ। ਗਾਚਣੀ ਲੱਗੀ ਫਟੀ ‘ਤੇ ਅੱਖਰ ਬਹੁਤ ਸੁਹਣੇ ਉੱਘੜਦੇ ਸਨ। ਹਿਸਾਬ ਦੇ ਸਵਾਲ ਹੱਲ ਕਰਨ ਲਈ ਸਲੇਟਾਂ ਹੁੰਦੀਆਂ ਸਨ, ਲਿਖਿਆ ਸਲੇਟੀਆਂ ਨਾਲ਼ ਜਾਂਦਾ ਸੀ।
ਪਹਾੜੇ ਯਾਦ ਕਰਵਾਉਣ ਦਾ ਢੰਗ ਸਾਦਾ ਵੀ ਸੀ ਤੇ ਨਿਆਰਾ ਵੀ। ਕਲਾਸ ਦੇ ਦੋ ਗਰੁੱਪ ਬਣਾ ਕੇ ਆਹਮੋ-ਸਾਹਮਣੇ ਖੜ੍ਹਾ ਦਿੱਤੇ ਜਾਂਦੇ। ਇਕ ਗਰੁੱਪ ਦੇ ਸਾਰੇ ਬੱਚੇ ਉੱਚੀ ਦੇਣੀ ਉਚਾਰਦੇ, ”ਇਕ ਦੂਣੀ ਦੂਣੀ, ਦੋ ਦੂਣੀ ਚਾਰ ਆ।” ਦੂਜੇ ਗਰੁੱਪ ਦੇ ਬੱਚੇ ਵੀ ਉਸੀ ਟੋਨ ‘ਚ ਉਚਾਰਦੇ, ”ਤਿੰਨ ਦੂਣੀ ਛੇ ਆ, ਚਾਰ ਦੂਣੀ ਅੱਠ ਆ।” ਇਸੇ ਅੰਦਾਜ਼ ਵਿਚ ਸੋਲਾਂ ਦੂਣੀ ਬੱਤੀ ਕਹਿ ਕੇ ਤੀਏ, ਚੌਕੇ, ਪਾਂਜੇ, ਛੀਕੇ ਤੇ ਅਗਲੇ ਪਹਾੜੇ ਉਚਾਰੇ ਜਾਂਦੇ।
ਸ਼ਬਦ-ਜੋੜਾਂ ਵਾਸਤੇ ਲਗਾਂ-ਮਾਤਰਾਂ ਦੀ ਸਹੀ ਵਰਤੋਂ ਸਿੱਖਣ ਲਈ ਇਸੇ ਢੰਗ ਨਾਲ਼ ਮੁਹਾਰਨੀ ਉਚਾਰੀ ਜਾਂਦੀ ਸੀ।
(ਚਲਦਾ))

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 15ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਲੜੀ ਜੋੜਨ ਲਈ ਪਿਛਲਾ ਅੰਕ …