Breaking News
Home / ਰੈਗੂਲਰ ਕਾਲਮ / ਪੈੱਗ-ਪੁੱਗ ਲਾਉਂਦਾ ਹੋਵੇ ਚੱਲਜੂ, ਪਰ ਚਿੱਟੇ ਤੋਂ ਪ੍ਰਹੇਜ਼ ਚਾਹੀਦਾ…

ਪੈੱਗ-ਪੁੱਗ ਲਾਉਂਦਾ ਹੋਵੇ ਚੱਲਜੂ, ਪਰ ਚਿੱਟੇ ਤੋਂ ਪ੍ਰਹੇਜ਼ ਚਾਹੀਦਾ…

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਅੱਜਕਲ੍ਹ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਵਲੋਂ ਜੋ ਵੀ ਮਨ ਵਿਚ ਆਉਂਦਾ ਹੈ, ਆਪਾ-ਧਾਪਾ ਨਾਲ ਆਖਿਆ ਜਾ ਰਿਹਾ ਹੈ। ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਈ ਵਾਰ ਆਖਿਐ ਕਿ ਸਰਕਾਰ ਨੂੰ ਭੁੱਕੀ ਤੇ ਅਫ਼ੀਮ ਦੇ ਠੇਕੇ ਖੋਲ੍ਹ ਦੇਣੇ ਚਾਹੀਦੇ ਹਨ ਤੇ ਹੈਰੋਇਨ-ਸਮੈਕ ਤੇ ਸ਼ਰਾਬ ਪੂਰੀ ਤਰ੍ਹਾਂ ਬੰਦ ਕਰ ਦੇਣੀ ਚਾਹੀਦੀ ਹੈ, ਜੇ ਇਉਂ ਨਾ ਕੀਤਾ ਤਾਂ ਪੰਜਾਬ ਦੇ ਅਮਲੀ ਕੰਧਾਂ ਵਿਚ ਸਿਰ ਮਾਰ-ਮਾਰ ਕੇ ਮਰ ਜਾਣਗੇ। ਪਿਛਲੇ ਸਾਲਾਂ ਵਿਚ ਅਕਾਲੀਆਂ ਦੇ ਦੋ ਕੈਬਨਿਟ ਮੰਤਰੀਆਂ ਸੁਰਜੀਤ ਸਿੰਘ ਰੱਖੜਾ ਤੇ ਸੁਰਜੀਤ ਕੁਮਾਰ ਜਿਆਣੀ ਵਲੋਂ ਵੀ ਇਹ ਆਖਿਆ ਗਿਆ ਸੀ ਕਿ ਸ਼ਰਾਬ ਕੋਈ ਨਸ਼ਾ ਨਹੀਂ ਹੈ। ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿਖੇ ਕਾਂਗਰਸ ਦੀ ਰੈਲੀ ਵਿਚ ਸ੍ਰੀ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਸਹੁੰ ਖਾ ਕੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਉਹ ਚਹੁੰ ਹਫ਼ਤਿਆਂ ਵਿਚ ਨਸ਼ਾ ਪੂਰੀ ਤਰ੍ਹਾਂ ਬੰਦ ਕਰ ਦੇਣਗੇ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਵੱਲੋਂ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਐਸ ਟੀ ਐੱਫ ਦੀ ਰਿਪੋਰਟ ਸਮੇਤ ਆਪਣੇ ਵੱਲੋਂ ਸਬੂਤ ਵੀ ਦੇ ਦਿੱਤੇ ਹਨ। ਸਿੱਧੂ ਸ਼ੁਰੂ ਤੋਂ ਹੀ ਨਸ਼ਿਆਂ ਦੇ ਮੁੱਦੇ ਉਤੇ ਨਿੱਡਰਤਾ ਨਾਲ ਲੜ ਰਹੇ ਹਨ। ਆਮ ਆਦਮੀ ਪਾਰਟੀ ਦੇ ਨੇਤਾ ਸੰਜੈ ਸਿੰਘ ਤਾਂ ਇਸ ਮੁੱਦੇ ਉਤੇ ਪੰਜਾਬ ਦੇ ਇੱਕ ਕੈਬਨਿਟ ਵਜ਼ੀਰ ਦਾ ਨਾਂ ਲੈਣ ਕਾਰਨ ਮਾਨਹਾਨੀ ਕੇਸ ਦਾ ਸਾਹਮਣਾ ਵੀ ਕਰ ਰਹੇ ਹਨ। ਕੇਜਰੀਵਾਲ ਸਾਹਮਣਾ ਕਰਨ ਤੋਂ ਭੱਜ ਗਏ ਹਨ। ਮਜੀਠੀਆ ਨੇ ਮਾਨਹਾਨੀ ਦਾ ਕੇਸ ਪਾ ਰੱਖਿਆ ਸੀ। ਕੇਜਰੀਵਾਲ ਖਿਲਾਫ 22 ਰਾਜਾਂ ਵਿਚ ਮਾਨਹਾਨੀ ਦੇ 33 ਕੇਸ ਚੱਲ ਰਹੇ ਹਨ। ਹੁਣ ਉਹ ਮਾਫੀਆਂ ਮੰਗੀ ਜਾ ਹਰੇ ਹਨ।
ਇਸ ਕਾਲਮ ਵਿਚ ਮੰਤਰੀਆਂ ਤੇ ਨੇਤਾਵਾਂ ਦੇ ਨਾਵਾਂ ਦੀ ਗਿਣਤੀ ਅਸੰਭਵ ਹੈ, ਗੱਲ ਕੀ, ਪੰਜਾਬ ਦੀ ਹਰ ਗਲੀ-ਮੁਹੱਲੇ ਤੇ ਚੌਕ ਚੌਰਾਹੇ ਵਿਚ ‘ਚਿੱਟਾ-ਚਿੱਟਾ’ ਹੁੰਦੀ ਰਹੀ ਤੇ ਹੁਣ ਵੀ ਹੋ ਰਹੀ ਹੈ। ਹੋਰ ਤਾਂ ਹੋਰ ਗੀਤ ਵੀ ਇਸ ਚਿੱਟੇ ਬਾਰੇ ਕਾਫ਼ੀ ਸੁਣਨ ਨੂੰ ਮਿਲਣ ਲੱਗ ਪਏ ਹਨ। ਪ੍ਰੇਮੀ ਪ੍ਰੇਮਿਕਾ ਨੂੰ ਕਹਿੰਦਾ ਹੈ:
ਤੇਰੇ ਪਿੱਛੇ ਚਿੱਟੀਏ ਮੈਂ ਚਿੱਟਾ ਛੱਡਤਾ
ਹੁਣ ਤੂੰ ਮੈਨੂੰ ਛੱਡ ਕੇ ਨਾ ਜਾਈਂ
ਕੋਈ ਸਮਾਂ ਸੀ, ਸ਼ਰਾਬ ਨੂੰ ਏਨਾ ਘਾਤਕ ਨਸ਼ਾ ਮੰਨਿਆ ਜਾਂਦਾ ਸੀ ਕਿ ਜਦ ਕੋਈ ਆਪਣੀ ਧੀ ਦੇ ਵਰ ਲਈ ਮੁੰਡਾ ਲੱਭਣ ਜਾਂਦਾ ਸੀ ਤਾਂ ਉਸਦਾ ਪਹਿਲਾ ਸਵਾਲ ਇਹੋ ਹੁੰਦਾ ਸੀ ਕਿ ਮੁੰਡਾ ਸ਼ਰਾਬ ਤਾਂ ਨਹੀਂ ਪੀਂਦਾ? ਹੁਣ ਸ਼ਰਾਬ ਨੂੰ ਉਹ ‘ਰੁਤਬਾ’ ਪ੍ਰਾਪਤ ਨਹੀਂ ਰਿਹਾ ਕਿਉਂਕਿ ਉਸ ਤੋਂ ਵੀ ਹੋਰ ਘਾਤਕ ਨਸ਼ੇ ਆ ਗਏ ਹੋਏ ਹਨ। ਇੱਕ ਗਾਇਕ ਨੇ ਗਾਇਆ ਹੈ:
ਮੁੰਡਾ ਰੰਗ ਦਾ ਵੀ ਪੱਕਾ ਹੋਵੇ
ਕੋਈ ਨੀ ਗੋਰੇ ਰੰਗ ਦਾ ਕਰੇਜ਼ ਚਾਹੀਦਾ
ਪੈੱਗ-ਪੁੱਗ ਲਾਉਂਦਾ ਹੋਵੇ ਚੱਲਜੂ
ਪਰ ਚਿੱਟੇ ਤੋਂ ਪ੍ਰਹੇਜ਼ ਚਾਹੀਦਾ…
ਇਹਨੀਂ ਦਿਨੀਂ ਪੰਜਾਬ ਦੀ ਪੁਲਿਸ ਵਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਪਿੰਡੋ-ਪਿੰਡ ਤੇ ਸ਼ਹਿਰਾਂ-ਕਸਬਿਆਂ ਵਿਚ ਜਾ-ਜਾ ਕੇ ਆਮ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੇ ਇਸ ਮੁੱਦੇ ਉਤੇ ਸੈਮੀਨਾਰ ਵੀ ਪੂਰੇ ਪੰਜਾਬ ਵਿਚ ਰੋਜ਼ਾਨਾ ਵਾਂਗ ਹੀ ਹੋ ਰਹੇ ਹਨ। ਆਪਣੇ ਗੀਤਾਂ ਰਾਹੀਂ ਨਸ਼ਿਆਂ ਦਾ ਪ੍ਰਚਾਰ ਕਰਨ ਵਾਲੇ ਗਾਇਕਾਂ ਨੂੰ ਪੰਜਾਬ ਦੀ ਪੁਲੀਸ ਦਫਤਰਾਂ ਵਿਚ ਮੀਟਿੰਗਾਂ ਕਰ ਕਰ ਕੇ ਸਮਝਾ ਰਹੀ ਹੈ। ਇਹ ਆਮ ਹੀ ਵੇਖਣ ਵਿਚ ਆਇਆ ਕਿ ਜਦ ਪੁਲਿਸ ਅਧਿਕਾਰੀਆਂ ਨੂੰ ਲੋਕੀਂ ਭਰੇ ਇਕੱਠ ਵਿਚ ਸਖ਼ਤ-ਸਖਤ ਸੁਆਲ ਪੁੱਛਣ ਲਗਦੇ ਹਨ ਤਾਂ ਪੁਲਿਸ ਅਧਿਕਾਰੀ ਲਾਜਵਾਬ ਹੋ ਜਾਂਦੇ ਹਨ। ਜਿਹੜੇ ਲੋਕਾਂ ਦੇ ਨਸ਼ਿਆਂ ਨੇ ਘਰ ਤਬਾਹ ਕਰ ਦਿੱਤੇ ਹੋਏ ਨੇ, ਖ਼ਾਸ ਕਰਕੇ ਜਿਸ ਘਰ ਦਾ ਇਕੋ-ਇਕ ਪੁੱਤਰ ਨਸ਼ੇ ਕਾਰਨ ਸੰਸਾਰ ਛੱਡ ਗਿਆ, ਅਜਿਹੇ ਮਾਪਿਆਂ ਦੀ ਗਿਣਤੀ ਬਹੁਤ ਵੱਡੀ ਹੈ,ਤੇ ਵੰਨ-ਸੁਵੰਨੀਆਂ ਗੱਲਾਂ ਸੁਣ ਕੇ ਕੰਬਣੀ ਛਿੜ ਜਾਂਦੀ ਕਿ ਆਖ਼ਰ ਅਜਿਹੇ ਪਰਿਵਾਰਾਂ ਦਾ ਬਣੇਗਾ ਕੀ? ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਮੋਗਾ ਜ਼ਿਲ੍ਹੇ ਦੇ ਉਸ ਪਿੰਡ ਵੀ ਗੇੜਾ ਘੱਤ ਆਏ ਸਨ, ਜਿੱਥੇ ਨਸ਼ਿਆਂ ਦੀ ਵਿਕਰੀ ਲਈ ਕਈ ਔਰਤਾਂ ਤੇ ਮਰਦ ਜੇਲ੍ਹਾਂ ਵਿਚ ਬੰਦ ਹਨ ਪਰੰਤੂ ਲੋਕ ਫਿਰ ਵੀ ਨਸ਼ਾ ਵੇਚਣੋਂ ਹਟ ਨਹੀਂ ਸਕੇ, ਉਹ ਕਹਿੰਦੇ ਹਨ ਕਿ ਅਸੀਂ ਰੋਟੀ ਕਿੱਥੋਂ ਖਾਈਏ?
ਇਹਨਾਂ ਖਬਰਾਂ ਦੀ ਭਰਮਾਰ ਜ਼ੋਰਾਂ ‘ਤੇ ਹੈ ਕਿ ਨਸ਼ਿਆਂ ਦੀ ਪੂਰਤੀ ਹੁੰਦੀ ਨਾ ਦੇਖ ਨਸ਼ੇੜੀ ਮੁੰਡੇ ਕੋਈ ਮਾਂ ਨੂੰ ਮਾਰ ਮੁਕਾ ਰਿਹਾ ਹੈ, ਕੋਈ ਪਿਓ ਨੂੰ ਤੇ ਕੋਈ ਜ਼ਿੰਦਗੀ ਦੇ ਅੰਤਲੇ ਪਹਿਰ ਵਿਚ ਬੈਠੇ ਦਾਦੇ-ਦਾਦੀ ਨੂੰ ਜਾਨੋਂ ਮਾਰੀ ਜਾਂਦਾ ਹੈ। ਇਹੋ ਜਿਹੀਆਂ ਖ਼ਬਰਾਂ ਰੌਂਗਟੇ ਖੜ੍ਹੇ ਕਰ ਦਿੰਦੀਆਂ ਹਨ। ਖਾਂਦੇ-ਪੀਂਦੇ ਤਕੜੇ ਘਰ ਦਾ ਇਕੋ ਇਕ ਮੁੰਡਾ ਚਿੱਟਾ ਖਾਂਦਾ-ਖਾਂਦਾ ਮਰ ਗਿਆ। ਪਿੱਛੋਂ ਉਸਦਾ ਪਿਤਾ ਮਾਨਸਿਕ ਰੋਗੀ ਹੋ ਗਿਆ, ਉਸਨੇ ਸੋਚਿਆ ਕਿ ਹੁਣ ਮੇਰਾ ਵੀ ਕੀ ਹੈ ਇਥੇ? ਇਕ ਦਿਨ ਉਹ ਵੀ ਸਲਫਾਸ ਪੀ ਗਿਆ। ਪਿੱਛੇ ਨਿੱਕੇ ਨਿਆਣਿਆਂ ਤੇ ਬਾਕੀ ਪਰਿਵਾਰ ਦਾ ਕੀ ਬਣੇਗਾ? ਦੋਵਾਂ ਪਿਉ-ਪੁੱਤਾਂ ਵਿਚੋਂ ਕਿਸੇ ਵੀ ਨਾ ਸੋਚਿਆ। ਇਹ ਨਸ਼ੇ ਕਾਰਨ ਹੀ ਪੰਜਾਬ ਵਿੱਚ ਗੈਂਗਸਟਰਾਂ ਦੀ ਚੜ੍ਹ ਮੱਚੀ ਹੈ ਤੇ ਧੜਾਧੜ ਹਥਿਆਰ ਬਣੀ ਜਾ ਰਹੇ ਹਨ।
ਬੀਤੇ ਵਰ੍ਹੇ ਵਿਚ ਬੀ.ਐਸ.ਐਫ਼. ਨੇ 145 ਕਰੋੜ, 10 ਕਰੋੜ, 30 ਕਰੋੜ ਤੇ ਢਾਈ ਕਰੋੜ ਦੀ ਹੈਰੋਇਨ ਫੜੀ ਸੀ, ਲਗਭਗ ਦੋ ਸੌ ਕਰੋੜ ਦੀ ਇਹਦੀ ਅੰਤਰਰਾਸ਼ਟਰੀ ਕੀਮਤ ਬਣਦੀ ਹੈ ਤੇ ਇਸ ਸਾਲ ਵੀ ਅਰਬਾਂ ਦੀ ਕੀਮਤ ਦੀ ਹੈਰੋਇਨ ਫੜੀ੍ਹ ਹੈ। ਇਹ ਸਾਰੀ ਪੰਜਾਬ ਵਿਚ ਹੀ ਆ ਰਹੀ ਸੀ, ਕਿਤੇ ਹੋਰ ਨਹੀਂ। ਇਕ ਵਾਰੀ ਅਕਾਲੀ ਦਲ ਦੇ ਕਿਸੇ ਨੇਤਾ ਦੇ ਕਹਿ ਦਿੱਤਾ ਸੀ ਕਿ ਵਧਦੇ ਨਸ਼ਿਆਂ ਦੇ ਮੱਦੇਨਜ਼ਰ ਉਹ ਬੀ.ਐਸ.ਐਫ਼. ਦੇ ਖ਼ਿਲਾਫ਼ ਬਾਰਡਰ ਉਤੇ ਧਰਨਾ ਲਾਉਣਗੇ ਤਾਂ ਕਿਸੇ ਸਿਆਣੇ ਨੇ ਮੱਤ ਦਿੱਤੀ ਸੀ ਕਿ ਤੁਸੀਂ ਉਨ੍ਹਾਂ ਦੇ ਉਲਟ ਧਰਨਾ ਲਾਉਣ ਲੱਗੇ ਹੋ, ਇਹ ਤੁਹਾਨੂੰ ਹੀ ਪੁੱਠਾ ਪੈ ਸਕਦਾ ਹੈ, ਸੋ ਚੁੱਪ ਹੀ ਰਹੋ। ਫਿਰ ਇਕ ਬੁਲਾਰੇ ਨੇ ਝਟ ਵਿੱਚ ਬਿਆਨ ਬਦਲਿਆ ਕਿ ਨਹੀਂ ਅਸੀਂ ਤਾਂ ਕਿਹਾ ਸੀ ਕਿ ਅਸੀਂ ਬੀ.ਐਸ.ਐਫ਼. ਨਾਲ ਮਿਲ ਕੇ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢਾਂਗੇ।
ਹੁਣ ਲਗਦੇ ਹੱਥ ਤੁਹਾਨੂੰ ਇਹ ਵੀ ਦੱਸਦੇ ਜਾਵਾਂ ਕਿ ਪਤਾ ਨਹੀਂ ਪੰਜਾਬੀਆਂ ਦੀ ਏਨੀ ਮਾੜੀ ਕਿਸਮਤ ਕਿਉਂ ਲਿਖੀ ਹੋਈ ਹੈ? ਕੈਨੈਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਬੀਤੇ ਸਾਲ ਦੇ ਪਹਿਲੇ ਦੋ ਮਹੀਨਿਆਂ ਵਿਚ ਤਿੰਨ ਸੌ ਤੋਂ ਵਧੇਰੇ ਲੋਕ ਨਸ਼ਿਆਂ ਕਾਰਨ ਮੌਤ ਦੀ ਖੱਡ ਵਿਚ ਜਾ ਡਿੱਗੇ ਹਨ ਤੇ ਬੀਤੇ ਵਰ੍ਹੇ ਇਹ ਗਿਣਤੀ ਵਧ ਕੇ 474 ਹੋ ਗਈ ਸੀ। ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਸਿਹਤ ਸਕੱਤਰ ਮੈਰੀ ਕੈਂਡਲ ਨੇ ਦੱਸਿਆ ਕਿ ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਵਿਚ ਤੇਜ਼ੀ ਆਈ ਹੈ ਅਤੇ ਸ਼ੰਕਾ ਬਣੀ ਹੋਈ ਹੈ ਕਿ ਇਸ ਸਾਲ ਦੇ ਅੰਤ ਤਕ ਇਹ ਗਿਣਤੀ ਵਧ ਕੇ ਇਕ ਹਜ਼ਾਰ ਤੀਕ ਹੋ ਸਕਦੀ ਹੈ। ਬੀਬੀ ਕੈਂਡਲ ਨੇ ਕਿਹਾ ਕਿ ਕਿ ਫੈਟਾਨਿਲ ਮੈਡੀਸਨ ਦਰਦ ਨਿਵਾਰਣ ਲਈ ਵਰਤੀ ਜਾਂਦੀ ਹੈ ਤੇ ਮਾਰਫਿਨ ਤੋਂ ਵੀ 100 ਪ੍ਰਤੀਸ਼ਤ ਘਾਤਕ ਹੈ। 200 ਮੌਤਾਂ ਫੈਟਾਨਿਲ ਦੀ ਓਵਰਡੋਜ਼ ਕਾਰਨ ਹੋਈਆਂ ਹਨ। ਕੈਂਡਲ ਨੇ ਕਿਹਾ ਕਿ ਬੀ.ਸੀ. ਵਿਚ ਨਸ਼ਿਆਂ ਕਾਰਨ ਮੌਤਾਂ ਦੀ ਵਧ ਰਹੀ ਗਿਣਤੀ ਸਾਡੇ ਲਈ ਗੰਭੀਰ ਚਿੰਤਾ ਤੇ ਡਾਹਢੀ ਬਣੀ ਹੋਈ ਹੈ। ਇਹ ਬਿਲਕੁਲ ਦਰੁਸਤ ਹੈ, ਮੈਂ ਤਾਂ ਖ਼ੁਦ ਕਈ ਵਾਰ ਬਿੂੰਟਿਸ਼ ਕੋਲੰਬੀਆ ਗਿਆ ਹਾਂ ਤੇ ਕਈ ਅਜਿਹੇ ਪਰਿਵਾਰਾਂ ਨਾਲ ਦੁੱਖ ਵਿਚ ਵੀ ਸ਼ਰੀਕ ਹੋਇਆ ਹਾਂ, ਜਿਨ੍ਹਾਂ ਦੇ ਪੁੱਤਰ ਗੈਂਗਵਾਰਾਂ ਵਿਚ ਮਾਰੇ ਗਏ ਹਨ। ਰੋਂਦੇ ਮਾਪੇ ਝੱਲੇ ਨਹੀਂ ਜਾਂਦੇ ਤੇ ਕਹਿੰਦੇ ਹਨ ਕਿ ਇੱਥੇ ਵੀ ਪੰਜਾਬ ਵਾਲਾ ਹਾਲ ਬਣ ਗਿਆ ਹੈ ਕੀ ਕਰੀਏ ਹੁਣ?

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 10ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਸ ਲੋਕੇਸ਼ਨ ਨੂੰ ਸੀ.ਬੀ.ਸੀ ਦੀ …