Breaking News
Home / ਰੈਗੂਲਰ ਕਾਲਮ / ‘ਪਰਦੇਸੀ ਅੰਕਲ’ ਦੀਆਂ ਸੱਚੀਆਂ ਤੇ ਖਰੀਆਂ

‘ਪਰਦੇਸੀ ਅੰਕਲ’ ਦੀਆਂ ਸੱਚੀਆਂ ਤੇ ਖਰੀਆਂ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਢਿੱਲੋਂ ਅੰਕਲ ਜਦ ਵੀ ਕੈਨੇਡਾ ਤੋਂ ਪੰਜਾਬ ਗੇੜਾ ਮਾਰਨ ਆਉਂਦਾ ਹੈ ਤਾਂ ਵਕਤ ਕੱਢ ਕੇ ਲਾਜ਼ਮੀ ਹੀ ਮਿਲਦਾ ਹੈ। ਇਸ ਵਾਰ ਸੰਧੂ ਅੰਕਲ ਦੋ ਸਾਲਾਂ ਬਾਅਦ ਪਿੰਡ ਆਇਆ ਤਾਂ ਮੈਂ ਮਿਲਣ ਲਈ ਉਚੇਚਾ ਗਿਆ। ਜਦ ਪੁੱਛਿਆ ਕਿ ਪਿਛਲੇ ਸਾਲ ਪੰਜਾਬ ਗੇੜੀ ਕਿਉਂ ਨਹੀਂ ਮਾਰੀ ਤਾਂ ਅੰਕਲ ਭਰੇ ਫੋੜੇ ਵਾਂਗ ਜਿਵੇਂ ਫਿੱਸ ਹੀ ਪਿਆ ਸੀ। ਉਹ ਬੇਰੋਕ ਬੋਲਣ ਲੱਗਿਆ, ਮੈਂ ਉਸਦੀ ਕਥਾ-ਵਾਰਤਾ ਵਿਚ ਮਗਨ ਹੋ ਗਿਆ ਸਾਂ, ”ਕਿਵੇਂ ਆ ਜਾਂਦੇ ਮੈਂ ਤੇ ਤੇਰੀ ਅੰਟੀ? ਛੋਟੀ ਨੂੰਹ ਕੋਲ ਨਿਆਣਾ ਹੋਣ ਵਾਲਾ ਸੀ, ਮੁੰਡਾ ਤੇ ਨੂੰਹ ਆਖਣ ਲੱਗੇ ਕਿ ਪਾਪਾ ਤੁਸੀਂ ਇੰਡੀਆ ਚਲੇ ਗਏ ਤਾਂ ਅਸੀਂ ਕੀ ਕਰਾਂਗੇ, ਪਹਿਲੇ ਨਿਆਣੇ ਸਾਂਭਣ ਦੀ ਪੱਕੀ ਡਿਊਟੀ ਤੇਰੀ ਅੰਟੀ ਦੀ ਤੇ ਮੇਰੀ ਆ, ਸੋ ਭਾਈ… ਮੈਂ ਤੇ ਤੇਰੀ ਅੰਟੀ ਨੂੰਹ ਦੀ ਡਲਿਵਰੀ ਦੀ ਬੇਸਬਰੀ ਨਾਲ ਉਡੀਕ ਕਰਨ ਲੱਗੇ ਕਿ ਕਦੋਂ ਸਾਡਾ ਖਹਿੜਾ ਛੁੱਟੇ ਤੇ ਅਸੀਂ ਇੰਡੀਆ ਦੀਆਂ ਟਿਕਟਾਂ ਲਈਏ, ਖ਼ੈਰ…! ਰੋਂਦੇ-ਕੁਰਲਾਂਦੇ ਸਾਡਾ ਸਾਲ ਲੰਘ ਗਿਆ ਤੇ ਹੁਣ ਮਸਾਂ ਆਏ ਆਂ ਰੱਬ-ਰੱਬ ਕਰਦੇ, ਜੇ ਉਥੇ ਜਾਵਾਂਗੇ ਤਾਂ ਪੰਜਾਬ ਤੇ ਪਿੰਡ ਦੀ ਯਾਦ ਤੰਗ ਕਰਦੀ ਆ, ਹੁਣ ਉਥੋਂ ਆਏ ਆਂ ਤੇ ਉਥੇ ਰਹਿ ਗਏ ਪਰਿਵਾਰ ਦੀ ਯਾਦ ਤੇ ਮੋਹ ਮਾਰੀ ਜਾਂਦੈ… ਸਾਡੀ ਬੁੜ੍ਹਿਆਂ ਦੀ ਜ਼ਿੰਦਗੀ ਉਨ੍ਹਾਂ ਠੰਡੇ ਮੁਲਕਾਂ ਵਿਚ ਵੀ ਤੰਦੂਰ ਵਾਂਗ ਤਪਦੀ ਹੀ ਰਹੀ ਪੁੱਤਰਾ…ਤੈਂ ਉਹ ਕਿਤਾਬ ਸੱਚੀਓ ਲਿਖੀ ਆ-‘ਠੰਡੀ ਧਰਤੀ-ਤਪਦੇ ਲੋਕ”’ਅੰਕਲ, ਤੈਂ ਕਿਤਾਬ ਕਿੱਥੈ ਪੜਲ੍ਹੀ ਉਥੇ?” ”ਸਿਟੀ ਦੀ ਲਾਇਬਰੇਰੀ ‘ਚ ਆਈ ਤੇ ਮੈਨੂੰ ਨਕੋਦਰ ਆਲਾ ਜੌਹਲ ਕਹਿੰਦਾ ਕਿ ਤੂੰ ਪੜ੍ਹ, ਮੈਂ ਵੀ ਇਸ਼ੂ ਕਰਵਾ ਲਿਆਇਆ, ਤੂੰ ਲਿਖ ਕੇ ਅਗਲੇ ਦਾ ਰੋਣ ਕਢਵਾ ਦਿੰਨੈ, ਇਉਂ ਨਾ ਕਰਿਆ ਕਰ ਯਾਰਾ।”
ਪਰਦੇਸਾਂ ਵਿੱਚ ਪੰਜਾਬੀ ਬਜੁਰਗਾਂ ਦੇ ਜੀਵਨ ਬਾਰੇ ਇਕੋ ਸਾਹੇ ਏਨਾ ਕੁਝ ਦੱਸ ਕੇ ਅੰਕਲ ਨੇ ਲੰਮਾ ਹਉਕਾ ਖਿੱਚਿਆ ਤੇ ਬਾਕੀ ਪਿਆ ਪੈੱਗ ਸਮਾਪਤ ਕੀਤਾ। ਮੈਂ ਨਾਲ ਹੀ ਸਵਾਲ ਦਾਗ ਦਿੱਤਾ ਕਿ ਅੰਕਲ ਉਥੋਂ ਦੇ ਰੇਡੀਉ ਸਟੇਸ਼ਨਾਂ ਦਾ ਕੀ ਹਾਲ ਆ?ਕਿਹੜੇ ਦਾ ਪੂੋੰਗਰਾਮ ਸਭ ਤੋਂ ਵਧ ਸੁਣਿਆ ਜਾਂਦਾ ਉਥੇ? ਅੰਕਲ ਨੇ ਖੰਘੂਰਾ ਮਾਰਿਆ ਤੇ ਗਲਾ ਸਾਫ਼ ਕੀਤਾ ਜਿਵੇਂ ਤਰੰਨੁਮ ਵਿਚ ਕੋਈ ਗੀਤ ਗਾ ਕੇ ਸੁਣਾਉਣਾ ਹੋਵੇ। ਉਹ ਇਕੋ ਸਾਹੇ ਦੱਸਣ ਲੱਗਿਆ, ”ਬੱਸ… ਬਸ… ਬਸ… ਕੁਛ ਨਾ ਪੁੱਛ… ਕੀ ਦੱਸਾਂ ਤੈਨੂੰ ਮੈਂ।”
”ਨਹੀਂ… ਨਹੀਂ… ਦੱਸੋ ਤਾਂ ਸਹੀ ਕੁਛ।” ”ਬੇਟਾ, ਪਹਿਲੀ ਗੱਲ ਤਾਂ ਇਹ ਕਿ ਉਥੇ ਰੇਡੀਓ ਸਟੇਸ਼ਨਾਂ ਵਾਲੇ ਆਪਣੇ ਪ੍ਰੋਗਰਾਮਾਂ ਵਿੱਚ ਫੋਨ ਕਾਲਾਂ ਬਹੁਤ ਲੈਂਦੇ ਆ ਤੇ ਸਾਰੀਆਂ ਕਾਲਾਂ ਵਿੱਚ ਕੈਨੇਡਾ ਦੀ ਕੋਈ ਗੱਲ ਹੀ ਨੀ ਕਰਦਾ… ਸਾਰੇ ਉਥੇ ਬੈਠੈ ਪੰਜਾਬ ਨੂੰ ਈ ਰੋਈ ਜਾਂਦੇ ਆ…ਆਹ ਜਦੋਂ ਹਰਿਆਣੇ ‘ਚ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਰੌਲਾ ਪਿਆ ਸੀ ਤਾਂ ਉਥੇ ਅੱਗ ਈ ਲੱਗੀ ਪਈ ਸੀ…ਹਰ ਕੋਈ ਰੇਡੀਓ ਉਤੇ ਇਸ ਬਾਰੇ ਬੋਲੀ ਜਾਵੇ, ਜਦ ਅਸੀਂ ਕਦੇ ਕਾਲ ਕਰੀਏ ਕਿ ਕੋਈ ਗੱਲ ਕਰਨੀ ਆਂ ਤਾਂ ਰੇਡੀਓ ਹੋਸਟ ਪਹਿਲਾਂ ਈ ਪੁੱਛ ਲੈਂਦਾ ਆ ਕਿ ਪੰਜਾਬ ਬਾਰੇ ਕਰਨੀ ਆਂ? ਜੇ ਕਹੀਏ ਨਹੀਂ ਕਿ ਕੈਨੇਡਾ ਬਾਰੇ ਗੱਲ ਕਰਨੀ ਆਂ ਤਾਂ ਕਹਿਣਗੇ ਜਰਾ ਰੁਕ ਕੇ ਕਰਿਓ…ਲੈ ਹੱਦ ਹੋਗੀ ਆ ਕਿ ਕੈਨੇਡਾ ਸਾਡੀ ਕਰਮ-ਭੂਮੀ ਆਂ ਤੇ ਉਹਦੀ ਕੋਈ ਗੱਲ ਈ ਨੀ ਕਰਦਾ…ਪੰਜਾਬ ‘ਚ ਕੁਛ ਹੋਜੇ, ਏਥੇ ਪਤਾ ਨੀ ਹੁੰਦਾ ਤੇ ਉਥੇ ਰੇਡੀਓ ਉਤੇ ਸਭ ਤੋਂ ਪਹਿਲਾਂ ਨਸ਼ਰ ਹੋ ਜਾਂਦੈ…ਸਾਰੇ ਦੇ ਸਾਰੇ ਰੇਡੀਓ ਕੈਪਟਨ-ਕੈਪਟਨ ਤੇ ਬਾਦਲ-ਬਾਦਲ, ਸੁਖਬੀਰ ਤੇ ਮਜੀਠੀਆ ਕਰੀ ਜਾਂਦੇ ਆ ਤੇ ਹੁਣ ਕੇਜਰੀਵਾਲ ਦਾ ਨਾਂ ਵੀ ਵਾਹਵਾ ਗੂੰਜਣ ਲੱਗ ਪਿਆ ਉਥੇ…ਖਹਿਰੇ ਦਾ ਨਾਂ ਵੀ ਘੱਟ ਨੀ ਤੇ ਭਗਵੰਤ ਮਾਨ ਊਈਂ ਘਾਬਰਿਆ ਰਹਿੰਦੈ ਯਾਰ।” ਅੰਕਲ ਹਾਲੇ ਦੱਸ ਹੀ ਰਿਹਾ ਸੀ ਕਿ ਉਸਦਾ ਮੋਬਾਈਲ ਫੋਨ ਖੜਕ ਪਿਆ। ਕੈਨੇਡਾ ਤੋਂ ਉਹਨਾਂ ਦੀ ਕੁੜੀ ਪੁੱਛ ਰਹੀ ਸੀ ਕਿ ਕਦੋਂ ਵਾਪਸ ਆਣਾ ਏਂ…ਜਲਦੀ-ਜਲਦੀ ਆਜੋ…ਉਸ ਨੇ ਆਪਣੇ ਨਵੇਂ ਘਰ ਦੀ ਚੱਠ ਕਰਨੀ ਹੈ! ਫੋਨ ਸੁਣ ਕੇ ਅੰਕਲ ਨੇ ਲੰਬਾ ਹਉਕਾ ਲਿਆ ਤੇ ਬਚਦਾ ਪੈੱਗ ਮੁਕਾਇਆ। ਮੈਨੂੰ ਪਰਦੇਸੀ ਅੰਕਲ ਦੀਆਂ ਗੱਲਾਂ ‘ਚੋਂ ਬੜਾ ਕੁਝ ਲਭਦਾ ਹੈ। ਚੰਗੀਆਂ ਵੀ ਬਹੁਤ ਲਗਦੀਆਂ ਨੇ ਸੁਣਾਉਂਦਾ ਵੀ ਬਵੀਆਂ ਰੌਚਕ ਬਣਾ ਕੇ ਹੈ। ”ਅੰਕਲ ਅਸਲ ਵਿਚ ਤੂੰ ਫਿਲਮੀ ਐਕਟਰ ਚਾਹੀਦਾ ਸੀ”- ਇੱਕ ਦਿਨ ਮੈਂ ਹਾਸੇ-ਹਾਸੇ ਆਖਿਆ। ਉਸ ਦੱਸਿਆ ਕਿ ਉਹ ਨਿੱਕਾ ਹੁੰਦਾ ਫਿਲਮੀ ਐਕਟਰਾਂ ਦੀਆਂ ਨਕਲਾਂ ਲਾਹਿਆ ਕਰਦਾ ਸੀ ਪਰ ਇਹ ਕੀ ਪਤਾ ਸੀ ਕਿ ਬੇਗਾਨੀ ਧਰਤ ਉਤੇ ਉਦਾਸੀ ਪੱਲੇ ਪਵੇਗੀ ਤਾਂ ਆਪਣੇ ਆਪ ਐਕਟਿੰਗ ਬਾਹਰ ਨਿੱਕਲ ਆਵੇਗੀ, ਪੁੱਤਰ ਮੈਂ ਹੁਣ ਵੀ ਐਕਟਰਾ ਹੀ ਆਂ। ਸੱਚੀਓਂ ਹੀ ਅੰਕਲ ਦੀ ਐਕਟਿੰਗ ਕਿਸੇ ਮੰਝੇ ਹੋਏ ਐਕਟਰ ਤੋਂ ਭੋਰਾ ਵੀ ਘੱਟ ਨਹੀਂ ਸੀ।

 

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …