Breaking News
Home / ਰੈਗੂਲਰ ਕਾਲਮ / ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ

(ਕਿਸ਼ਤ-13)
ਹਰਨੀ ਦੀ ਅੱਖ ਵਾਲੀਏ
ਅੱਖਾਂ, ਕੁਦਰਤ ਵਲੋਂ ਮਨੁੱਖ ਨੂੰ ਬਖ਼ਸੀਆਂ ਗਈਆਂ ਅਣਗਿਣਤ ਅਨਮੋਲ ਸੁਗਾਤਾਂ ਵਿਚੋਂ ਇਕ ਹਨ। ਚਿਹਰੇ ਦੀ ਸੁੰਦਰਤਾ ਵਧਾਉਣ ਵਿਚ ਅੱਖਾਂ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਹਨ। ਤੰਦਰੁਸਤ, ਚਮਕਦਾਰ, ਆਕਰਸ਼ਕ ਤੇ ਖੂਬਸੂਰਤ ਅੱਖਾਂ ਮਨੁੱਖ ਦੀ ਬਾਹਰੀ ਦਿੱਖ ਨੂੰ ਚਾਰ ਚੰਨ ਲਾ ਕੇ ਪ੍ਰਭਾਵਸ਼ਾਲੀ ਤੇ ਸੁੰਦਰ ਬਣਾਉਣ ਵਿਚ ਸਹਾਈ ਹੁੰਦੀਆਂ ਹਨ। ਅੱਖਾਂ ਹਜ਼ਾਰ ਨਿਆਮਤ ਹਨ। ਜੇ ਅੱਖਾਂ ਨਾ ਹੁੰਦੀਆਂ ਤਾਂ ਸਾਰੀ ਦੁਨੀਆ ਹਨ੍ਹੇਰੀ ਹੋ ਜਾਂਦੀ ਤੇ ਅਸੀਂ ਕੁਦਰਤ ਦੇ ਵੰਨ-ਸੁਵੰਨੇ ਰੂਪਾਂ ਦਾ ਆਨੰਦ ਨਾ ਮਾਣ ਸਕਦੇ। ਸਿਆਣਿਆਂ ਦਾ ਕਥਨ ਹੈ :
ਕੰਨ ਗਏ ਤਾਂ ਰਾਗ ਗਿਆ,
ਦੰਦ ਗਏ ਤਾਂ ਸੁਆਦ ਗਿਆ,
ਅੱਖਾਂ ਗਈਆਂ ਤਾਂ ਜਹਾਨ ਗਿਆ …
ਅੱਖਾਂ ਨੂੰ ਦੀਦੇ, ਨੇਤਰ, ਲੋਚਣ ਤੇ ਨੈਣ ਵੀ ਕਿਹਾ ਜਾਂਦਾ ਹੈ।
ਪੱਟੀਆਂ ਰੱਖ ਰੀਵਾ ਲਈਆਂ, ਨੈਣ ਗਵਾ ਲਏ ਰੋ।
ਇਸ ਜਵਾਨੀ ਦੇ ਹਾਣ ਦਾ ਮਹਿਰਮ ਮਿਲਿਆ ਨਾ ਕੋ।
ਅੱਖਾਂ ਦੀ ਉਤਪਤੀ ਬਾਰੇ ਇਕ ਕਥਾ ਅਨੁਸਾਰ ਪਹਿਲਾਂ ਪਹਿਲ ਮਨੁੱਖ ਦੀਆਂ ਅੱਖਾਂ ਨਹੀਂ ਸਨ ਹੁੰਦੀਆਂ। ਉਹ ਆਪਣੀ ਅੰਦਰੂਨੀ ਦ੍ਰਿਸ਼ਟੀ ਨਾਲ ਸੰਸਾਰੀ ਵਸਤਾਂ ਨੂੰ ਦੇਖ ਤਾਂ ਲੈਂਦਾ ਸੀ ਪਰ ਉਨ੍ਹਾਂ ਦਾ ਆਨੰਦ ਨਹੀਂ ਸੀ ਮਾਣ ਸਕਦਾ। ਆਖਰ ਮਨੁੱਖ ਨੇ ਬ੍ਰਹਮਾ ਅੱਗੇ ਅਰਜੋਈ ਕੀਤੀ ਤਾਂ ਉਸ ਨੇ ਪਸੀਜ ਕੇ ਮਨੁੱਖ ਨੂੰ ਦੋ ਅੱਖਾਂ ਦੇ ਦਿੱਤੀਆਂ ਪਰ ਉਸ ਤੋਂ ਅੰਤਰ-ਦ੍ਰਿਸ਼ਟੀ ਖੋਹ ਲਈ। ਉਦੋਂ ਤੋਂ ਮਨੁੱਖ ਦੁਨੀਆ ਦੇ ਨਜ਼ਾਰਿਆਂ ਦਾ ਆਨੰਦ ਤਾਂ ਮਾਨਣ ਲੱਗਾ, ਪਰ ਅੰਤਰ-ਦ੍ਰਿਸ਼ਟੀ ਦੇ ਖੁੱਸਣ ਕਾਰਨ ਉਹ ਬ੍ਰਹਿਮੰਡ ਦੇ ਰਹੱਸਾਂ ਨੂੰ ਨਾ ਸਮਝ ਸਕਿਆ।
ਪੁਰਾਣਾਂ ਅਨੁਸਾਰ ਸਤਯੁਗ ਵਿਚ ਮਨੁੱਖ ਦੀਆਂ ਅਣਗਿਣਤ ਅੱਖਾਂ ਹੁੰਦੀਆਂ ਸਨ। ਪਰ ਦੁਆਪਰ ਯੁਗ ਮਗਰੋਂ ਇਨ੍ਹਾਂ ਦੀ ਗਿਣਤੀ ਹੌਲੀ-ਹੌਲੀ ਘਟਣੀ ਸ਼ੁਰੂ ਹੋ ਗਈ ਤੇ ਆਖਰ ਦੋ ਅੱਖਾਂ ਹੀ ਰਹਿ ਗਈਆਂ। ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਜੀ ਦੇ ਤਿੰਨ ਨੇਤਰ ਹਨ। ਸ਼ਿਵ ਜੀ ਦੀ ਤੀਜੀ ਅੱਖ ਨੂੰ ਅੱਗ ਦੀ ਅੱਖ ਵੀ ਕਿਹਾ ਜਾਂਦਾ ਹੈ। ਇਕ ਮਿਥ ਅਨੁਸਾਰ ਸ਼ਿਵ ਨੇ ਕਰੋਧ ਵਿਚ ਆ ਕੇ ਇਸੇ ਅੱਖ ਨਾਲ ਹੀ ਕਾਮਦੇਵ ਨੂੰ ਭਸਮ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਯੂਨਾਨ ਦਾ ਇਕ ਦੇਵਤਾ ਇਕ ਅੱਖ ਵਾਲਾ ਸੀ, ਜਿਸ ਨੇ ਯੂਨਾਨ ਨੂੰ ਤਬਾਹੀ ਦੇ ਦਹਾਨੇ ਤੱਕ ਪਹੁੰਚਾ ਦਿੱਤਾ ਸੀ।
ਕੋਮਲ ਤੇ ਨਾਜ਼ੁਕ ਅੱਖਾਂ ਮਨੁੱਖੀ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹਨ। ਇਸੇ ਲਈ ਹੀ ਕੁਦਰਤ ਨੇ ਇਨ੍ਹਾਂ ਦੀ ਸੁਰੱਖਿਆ ਲਈ ਮਜ਼ਬੂਤ ਤੇ ਵਿਸ਼ੇਸ਼ ਪ੍ਰਕਾਰ ਦੇ ਪ੍ਰਬੰਧਾਂ ਦੀ ਵਿਵਸਥਾ ਕੀਤੀ ਹੋਈ ਹੈ। ਕਿਸੇ ਬਾਹਰੀ ਚੋਟ ਤੋਂ ਬਚਾਉਣ ਲਈ ਇਨ੍ਹਾਂ ਦੇ ਚਾਰ-ਚੁਫੇਰੇ ਦੀਆਂ ਹੱਡੀਆਂ ਦਾ ਪੱਧਰ ਉਚਾ ਰੱਖ ਕੇ ਇਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ। ਕਿਸੇ ਸੰਭਾਵੀ ਖਤਰੇ ਸਮੇਂ ਪਲਕਾਂ ਦੇ ਬੂਹੇ ਝੱਟ ਬੰਦ ਹੋ ਜਾਂਦੇ ਹਨ। ਅੱਖਾਂ ਵਿਚ ਤੈਰਦਾ ਹੋਇਆ ਤਰਲ ਪਦਾਰਥ, ਇਨ੍ਹਾਂ ਨੂੰ ਖੁਸ਼ਕ ਨਹੀਂ ਹੋਣ ਦਿੰਦਾ। ਇਹ ਤਰਲ ਪਦਾਰਥ ਅੱਖਾਂ ਨੂੰ ਹਮੇਸ਼ਾ ਤਰੋਤਾਜ਼ਾ ਰੱਖਦਾ ਹੈ ਤੇ ਕਈ ਪ੍ਰਕਾਰ ਦੇ ਰੋਗਾਣੂਆਂ ਤੋਂ ਬਚਾਉਂਦਾ ਹੈ। ਜੇ ਕਦੀ ਕੋਈ ਮਹੀਨ ਕਣ ਉਡ ਕੇ ਅੱਖ ਵਿਚ ਪੈ ਜਾਵੇ ਤਾਂ ਹੰਝੂ ਵਗ ਕੇ ਉਸ ਨੂੰ ਬਾਹਰ ਕੱਢਣ ਦਾ ਯਤਨ ਕਰਦੇ ਹਨ।
ਦੁਨੀਆ ਭਰ ਵਿਚ ਅਨੇਕਾਂ ਰੰਗਾਂ ਦੀਆਂ ਮਨੁੱਖੀ ਅੱਖਾਂ ਦੇਖਣ ਨੂੰ ਮਿਲਦੀਆਂ ਹਨ। ਵਿਗਿਆਨੀਆਂ ਵਲੋਂ ਹੁਣ ਤੱਕ ਚੁਰੰਜਾ ਰੰਗਾਂ ਦੀਆਂ ਅੱਖਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ ਕਾਲਾ, ਭੂਰਾ, ਨੀਲਾ, ਹਰਾ ਤੇ ਸਲੇਟੀ ਪੰਜ ਮੁੱਖ ਰੰਗ ਮੰਨੇ ਗਏ ਹਨ। ਪੀਲੀਆਂ ਅੱਖਾਂ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਹਨ। ਕਿਸੇ ਵਿਅਕਤੀ ਦੀ ਅੱਖ ਦਾ ਰੰਗ ਦੇਖ ਕੇ ਤੁਸੀਂ ਕਾਫੀ ਹੱਦ ਤੱਕ ਉਸ ਦੇ ਸੁਭਾਅ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਕਾਲੀਆਂ ਅੱਖਾਂ ਵਾਲਾ ਵਿਅਕਤੀ ਤੇਜ਼ ਤਰਾਰ ਸੁਭਾਅ ਦਾ, ਹੌਂਸਲੇ ਤੇ ਦਲੇਰੀ ਨਾਲ ਭਰਪੂਰ ਤੇ ਖਤਰਿਆਂ ਨਾਲ ਜੂਝਣ ਵਾਲਾ ਹੁੰਦਾ ਹੈ। ਜਿਸ ਮਨੁੱਖ ਦੀਆਂ ਅੱਖਾਂ ਭੂਰੀਆਂ ਹੋਣ ਉਹ ਲਗਨ ਵਾਲਾ ਬਹੁਤ ਮਿਹਨਤੀ, ਚੁਸਤ-ਚਲਾਕ, ਖੁਸ਼ਮਿਜਾਜ਼, ਸਮੇਂ ਸਿਰ ਸੋਚ ਕੇ ਗੰਭੀਰਤਾ ਨਾਲ ਗੱਲ ਕਰਨ ਵਾਲਾ ਤੇ ਮੌਕਾ ਪ੍ਰਸਤ ਹੋਵੇਗਾ।
ਨੀਲੀਆਂ ਅੱਖਾਂ ਵਾਲਾ ਵਿਅਕਤੀ ਖਿਆਲੀ ਪੁਲਾਓ ਪਕਾ ਕੇ ਹਵਾਈ ਕਿਲ੍ਹੇ ਬਣਾਉਣ ਵਾਲਾ, ਕੋਮਲ ਸੁਭਾਅ ਵਾਲਾ, ਹਮਦਰਦੀ ਦੀ ਭਾਵਨਾ ਰੱਖਣ ਵਾਲਾ, ਪਿਆਰਨ ਯੋਗ, ਇਮਾਨਦਾਰ ਤੇ ਸ਼ਰੀਫ ਹੁੰਦਾ ਹੈ। ਉਸ ਦੀ ਨਿਗ੍ਹਾ ਬਹੁਤ ਤੇਜ਼ ਹੁੰਦੀ ਹੈ। ਹਰੀਆਂ ਅੱਖਾਂ ਵਾਲੇ ਵਿਅਕਤੀ ਤੋਂ ਹਮੇਸ਼ਾ ਸਾਵਧਾਨ ਰਹੋ। ਉਹ ਹਿੰਸਾਵਾਦੀ, ਸਾੜੇ ਤੇ ਈਰਖਾ ਨਾਲ ਭਰਿਆ ਹੋਇਆ ਤੇ ਕਰੋਧੀ ਹੁੰਦਾ ਹੈ। ਜਿਸ ਮਨੁੱਖ ਦੀਆਂ ਅੱਖਾਂ ਸਲੇਟੀ ਰੰਗ ਦੀਆਂ ਹੋਣ ਉਹ ਸਿਆਣਾ ਤੇ ਸੰਤੁਲਿਤ ਖਿਆਲਾਂ ਦਾ ਹੁੰਦਾ ਹੈ। ਅਜਿਹੀਆਂ ਅੱਖਾਂ ਵਾਲੇ ਵਿਅਕਤੀ ਆਮ ਤੌਰ ‘ਤੇ ਵਿਗਿਆਨੀ ਜਾਂ ਫਿਲਾਸਫਰ ਹੁੰਦੇ ਹਨ। ਸਲੇਟੀ ਅੱਖਾਂ ਵਾਲੇ ਕਈ ਵਿਅਕਤੀ ਜ਼ਾਲਮ ਪਰਵਿਰਤੀ ਦੇ ਵੀ ਹੁੰਦੇ ਹਨ।
ਅੱਖਾਂ ਦੀ ਪੁਤਲੀ ਨਾਲ ਮੈਲਾਨਿਨ ਨਾਂ ਦਾ ਪਦਾਰਥ ਹੁੰਦਾ ਹੈ, ਜਿਸ ਦੇ ਵੱਧ-ਘੱਟ ਹੋਣ ਕਾਰਨ ਅੱਖਾਂ ਵੱਖੋ-ਵੱਖ ਰੰਗਾਂ ਦੀਆਂ ਹੁੰਦੀਆਂ ਹਨ। ਨਵਜੰਮੇ ਬੱਚੇ ਦੀਆਂ ਅੱਖਾਂ ਆਮ ਤੌਰ ‘ਤੇ ਨੀਲੀਆਂ ਹੁੰਦੀਆਂ ਹਨ, ਜੋ ਹੌਲੀ-ਹੌਲੀ ਵੱਖ-ਵੱਖ ਰੰਗਾਂ ਵਿਚ ਬਦਲ ਜਾਂਦੀਆਂ ਹਨ। ਅੱਖਾਂ ਵਿਚ ਪਾਏ ਜਾਣ ਵਾਲੇ ਪ੍ਰੋਟੀਨਾਂ ਨੂੰ ਕ੍ਰਿਸਟੇਲਾਈਨ ਕਿਹਾ ਜਾਂਦਾ ਹੈ, ਜਿਨ੍ਹਾਂ ਤੋਂ ਕਿਸੇ ਵੀ ਵਿਅਕਤੀ ਦੀ ਉਮਰ ਦਾ ਸਹੀ-ਸਹੀ ਪਤਾ ਲਾਇਆ ਜਾ ਸਕਦਾ ਹੈ।
ਦੁਨੀਆ ਵਿਚ ਸਭ ਤੋਂ ਸੋਹਣੀਆਂ ਅੱਖਾਂ ਮਿਸਰ ਦੇ ਲੋਕਾਂ ਦੀਆਂ ਹੁੰਦੀਆਂ ਹਨ। ਠੰਢੇ ਪਹਾੜੀ ਇਲਾਕਿਆਂ ਦੇ ਵਸਨੀਕਾਂ ਦੀਆਂ ਅੱਖਾਂ ਨਿੱਕੀਆਂ-ਨਿੱਕੀਆਂ ਤੇ ਗਰਮ ਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਦੀਆਂ ਅੱਖਾਂ ਸੋਹਣੀਆਂ ਤੇ ਖੂਬਸੂਰਤ ਹੋਣ। ਪਰ ਹਰੇਕ ਮੁਟਿਆਰ ‘ਮਿਰਗਨੈਣੀ’ ਨਹੀਂ ਹੁੰਦੀ ਤੇ ਨਾ ਹੀ ਹਰੇਕ ਗੱਭਰੂ ਦੀਆਂ ਅੱਖਾਂ ਦਿਲਕਸ਼ ਤੇ ਸੁੰਦਰ ਹੁੰਦੀਆਂ ਹਨ। ਸੋਹਣੀਆਂ ਅੱਖਾਂ ਕੁਦਰਤ ਦੀ ਦੇਣ ਹਨ। ਜਦੋਂ ਉਹ ਕਿਸੇ ‘ਤੇ ਮਿਹਰਬਾਨ ਹੁੰਦੀ ਹੈ ਤਾਂ ਕਟੋਰੇ ਵਰਗੀਆਂ ਵੱਡੀਆਂ-ਵੱਡੀਆਂ ਅੱਖਾਂ ਦਾ ਤੋਹਫਾ ਦੇ ਕੇ ਖੁਸ਼ੀਆਂ ਨਾਲ ਝੋਲੀ ਭਰ ਦਿੰਦੀ ਹੈ :
ਅੱਖ ਪਟਵਾਰਨ ਦੀ, ਇੱਲ੍ਹ ਦੇ ਆਲ੍ਹਣੇ ਆਂਡਾ…
ਕਿਸੇ ਨੂੰ ਉਹ ਹਿਰਨ ਦੀਆਂ ਅੱਖਾਂ ਵਰਗੀਆਂ ਮੋਟੀਆਂ-ਮੋਟੀਆਂ ਅੱਖਾਂ ਦੇ ਕੇ ਨਿਹਾਲ ਕਰ ਦਿੰਦਾ ਹੈ : ਗੋਰਾ ਰੰਗ ਤੇ ਮਿਰਗ ਦੀਆਂ ਅੱਖੀਆਂ, ਕੋਇਲ ਜਿਹੇ ਬੋਲ ਸੋਹਣੀਏ…
ਕਿਸੇ ਖੁਸ਼ ਕਿਸਮਤ ਵਿਅਕਤੀ ਦੇ ਹਿੱਸੇ ਝੀਲ ਵਰਗੀਆਂ ਸੋਹਣੀਆਂ ਨੀਲੀਆਂ ਅੱਖਾਂ ਆ ਜਾਂਦੀਆਂ ਹਨ :
ਅੱਖਾਂ ਝੀਲ ਚਿਹਰਾ ਗੁਲਾਬ ਵਰਗਾ ਹੈ।
ਤੇਰਾ ਸ਼ਬਾਬ ਹੀ ਸ਼ਰਾਬ ਵਰਗਾ ਹੈ। (ਸਾਥੀ ਲੁਧਿਆਣਵੀ)
ਝੀਲ ਵਰਗੀਆਂ ਅਜਿਹੀਆਂ ਸੋਹਣੀਆਂ ਅੱਖਾਂ ਵਿਚ ਕੋਈ ਆਸ਼ਕ ਗੋਤੇ ਖਾ ਖਾ ਕੇ ਡੁੱਬ ਜਾਂਦਾ :
ਅੱਖੀਆਂ ‘ਚ ਡੁੱਬ ਮਰਿਆ,
ਮੁੰਡਾ ਪੰਜ ਪੱਤਣਾਂ ਦਾ ਤਾਰੂ…
ਕਿਸੇ ਹੁਸੀਨ ਮੁਟਿਆਰ ਦੀਆਂ ਸ਼ੀਸ਼ੇ ਵਰਗੀਆਂ ਚਮਕਦਾਰ ਬਲੌਰੀ ਅੱਖਾਂ ਨੂੰ ਕਾਦਰ ਦੀ ਕੁਦਰਤ ਵਿਹਲੇ ਸਮੇਂ ਵਿਚ ਰੀਝ ਨਾਲ ਘੜ ਕੇ ਤਿਆਰ ਕਰਦੀ ਹੈ :
ਬਿੱਲੋ ਕਰ ਲੈ ਬਲੌਰੀ ਅੱਖਾਂ ਸਾਹਮਣੇ,
ਮਿੱਤਰਾਂ ਨੇ ਪੱਗ ਬੰਨ੍ਹਣੀਂ…
ਕਈ ਅੱਖਾਂ ਸ਼ਰਾਬ ਦੇ ਛਲਕਦੇ ਪਿਆਲਿਆਂ ਵਾਂਗ ਜਾਪਦੀਆਂ ਹਨ। ਰਾਂਝੇ ਦੀਆਂ ਅਜਿਹੀਆਂ ਹੀ ਮਧਭਰੀਆਂ, ਨਸ਼ੀਲੀਆਂ ਅੱਖਾਂ ਦੀ ਪਹਿਲੀ ਤੱਕਣੀ ਨੇ ਅਲਬੇਲੀ ਹੀਰ ਨੂੰ ਮੰਤਰਮੁਗਧ ਕਰਕੇ ਕੀਲ ਲਿਆ ਸੀ :
ਨੈਣ ਮਸਤ ਕਲੇਜੜੇ ਵਿਚ ਧਾਣੇ,
ਹੀਰ ਘੋਲ ਘੱਤੀ ਕੁਰਬਾਨ ਹੋਈ। (ਹੀਰ ਵਾਰਿਸ)
ਪਰ ਕਈ ਵਾਰ ਅੱਖਾਂ ਦੀ ਰਚਨਾ ਕਰਨ ਸਮੇਂ ਕੁਦਰਤ ਆਪਣਾ ਹੱਥ ਘੁੱਟ ਲੈਂਦੀ ਹੈ। ਨਿੱਕੀਆਂ-ਨਿੱਕੀਆਂ ਭੱਦੀਆਂ ਅੱਖਾਂ ਕਾਰਨ ਕਿਸੇ ਸੱਸ ਨੂੰ ਨੂੰਹ ਦੇ ਮਿਹਣੇ ਸੁਣਨੇ ਪੈਂਦੇ :
ਗਲ ਘੁੱਟ ਦੂੰ ਸੰਦੂਕਾਂ ਓਹਲੇ,
ਸੱਸੇ ਨੀ ਵੜੇਵੇਂ ਅੱਖੀਏ …
ਕਈ ਅੱਖਾਂ ਭੋਲੀਆਂ-ਭਾਲੀਆਂ ਹੁੰਦੀਆਂ ਹਨ ਤੇ ਕਈ ਸ਼ਰਾਰਤੀ। ਕਿਸੇ ਚੰਦਲ ਨਟਖਟ ਮੁਟਿਆਰ ਦੀ ਸ਼ਰਾਰਤੀ ਅੱਖ ਸ਼ਰਾਰਤ ਕਰਕੇ ਕਿਸੇ ਰਾਹੀ ਨੂੰ ਰਾਹ ਭੁਲਾ ਦਿੰਦੀ :
ਤੇਰੀ ਅੱਖ ਨੇ ਸ਼ਰਾਰਤ ਕੀਤੀ, ਚੀਰੇ ਵਾਲਾ ਰਾਹ ਪੁੱਛਦਾ…
ਕਿਸੇ ਮੁਟਿਆਰ ਦੀਆਂ ਨਾਗਣ ਵਾਂਗ ਚਮਕਦਾਰ ਅੱਖਾਂ ਜਦੋਂ ਆਸ਼ਕਾਂ ਦੇ ਦਿਲਾਂ ‘ਤੇ ਡੰਗ ਮਾਰਦੀਆਂ ਤਾਂ ਉਹ ਪਾਣੀ ਨਾ ਮੰਗਦੇ :
ਅੱਖ ਲਿਸ਼ਕੇ ਨਾਗਣੀ ਵਾਂਗੂੰ,
ਮੱਥਾ ਤੇਰਾ ਚੰਨ ਵਰਗਾ …
ਜਲ ਜੀਵਾਂ ਵਿਚੋਂ ਮੱਛੀ ਦੀਆਂ ਅੱਖਾਂ ਸਭ ਤੋਂ ਸੋਹਣੀਆਂ ਹੁੰਦੀਆਂ ਹਨ। ਕਈ ਮਾਪੇ ਸੋਹਣੀਆਂ ਅੱਖਾਂ ਵਾਲੀਆਂ ਆਪਣੀਆਂ ਧੀਆਂ ਦਾ ਨਾਂ ਮੀਨਾਕਸ਼ੀ ਰੱਖਦੇ ਹਨ। ਜੰਗਲੀ ਜਾਨਵਰਾਂ ਵਿਚੋਂ ਹਿਰਨ ਦੀਆਂ ਅੱਖਾਂ ਨੂੰ ਸਭ ਜਾਨਵਰਾਂ ਦੀਆਂ ਅੱਖਾਂ ਤੋਂ ਸੁੰਦਰ ਮੰਨਿਆ ਜਾਂਦਾ ਹੈ :
ਨਹਾ ਧੋ ਕੇ ਤੂੰ ਬਹਿ ਗਈ ਰਕਾਨੇ, ਪੀੜ੍ਹਾ ਖੂਬ ਜਚਾਇਆ,
ਉਂਗਲਾਂ ਪਤਲੀਆਂ, ਪੈਰ ਬਰੀਕੀ ਖੜ੍ਹਵਾਂ ਗਿੱਟਾ ਰਖਾਇਆ,
ਧੌਂਣ ਤਾਂ ਤੇਰੀ ਜੜੀ ਐ ਕੂੰਜ ਦੀ, ਕੰਠਾ ਸੁੱਚਾ ਗਲ ਪਾਇਆ,
ਮੱਥਾ ਤਿਰਸਵਾਂ ਬੁੱਲ੍ਹ ਸੂਤਮੇਂ, ਚਿੱਟੇ ਦੰਦਾਂ ਦਾ ਅੰਤ ਨਾ ਪਾਇਆ,
ਅੱਖਾਂ ਤੇਰੀਆਂ ਕਾਲੇ ਹਿਰਨ ਦੀਆਂ, ਕਜਲਾ ਖੂਬ ਰਚਾਇਆ,
ਤੀਰ ਵਿਛੋੜੇ ਦਾ ਨਰਮ ਕਾਲਜੇ ਲਾਇਆ …
ਪੰਛੀ ਜਗਤ ਵਿਚੋਂ ਮਮੋਲੇ ਪੰਛੀ ਦੀਆਂ ਅੱਖਾਂ ਨੂੰ ਸਭ ਤੋਂ ਸੋਹਣੀਆਂ, ਮਨਮੋਹਣੀਆਂ ਹੋਣ ਦਾ ਮਾਣ ਪ੍ਰਾਪਤ ਹੈ। ਮਮੋਲਾ ਚਿੜੀ ਦੇ ਆਕਾਰ ਦਾ ਛੋਟਾ ਜਿਹਾ ਪੰਛੀ ਹੈ, ਜਿਸ ਦਾ ਔਸਤ ਭਾਰਤ ਪੱਚੀ ਗ੍ਰਾਮ ਤੇ ਉਮਰ ਵੱਧ ਤੋਂ ਵੱਧ ਬਾਰਾਂ ਸਾਲ ਹੁੰਦੀ ਹੈ। ਪੰਜਾਬ ਵਿਚ ਮਮੋਲਾ, ਸਲੇਟੀ ਮਮੋਲਾ, ਨਕਾਬੀ ਮਮੋਲਾ, ਹੌਜਸਨ ਮਮੋਲਾ, ਵੱਡਾ ਮਮੋਲਾ, ਕਾਲੇ ਸਿਰ ਵਾਲਾ ਮਮੋਲਾ ਅਤੇ ਪੀਲੇ ਸਿਰ ਵਾਲਾ ਸਲੇਟੀ ਮਮੋਲਾ। ਕਿਸੇ ਹੁਸੀਨ ਮੁਟਿਆਰ ਦੀਆਂ ਮਮੋਲੇ ਵਰਗੀਆਂ ਸੋਹਣੀਆਂ ਅੱਖਾਂ ਹਰ ਸਮੇਂ ਆਪਣੇ ਪ੍ਰੇਮੀ ਦੀ ਝਲਕ ਦੇਖਣ ਲਈ ਉਤਾਵਲੀਆਂ ਰਹਿੰਦੀਆਂ :
ਬੈਠੀ ਦੇ ਤੂੰ ਲੰਘ ਗਿਆ ਕੋਲ ਦੀ,
ਕਦਮ ਉਠਾ ਕੇ ਪੋਲੇ,
ਝਾਕੇ ਤੇਰੇ ਵਿਚ ਰਹਿਣ ਹਮੇਸ਼ਾ,
ਮੇਰੇ ਨੈਣ ਮਮੋਲੇ,
ਡਰਦੀ ਮਾਪਿਆਂ ਤੋਂ ਹੱਸ ਕੇ ਕਦੇ ਨਾ ਬੋਲੇ…
ਸੁਲਫੇ ਦੀ ਲਾਟ ਵਰਗੀ ਸੋਹਣੀਆਂ ਅੱਖਾਂ ਵਾਲੀ ਮੁਟਿਆਰ ਜਿੱਧਰ ਦੀ ਲੰਘਦੀ ਅੱਗਾਂ ਲਾਉਂਦੀ ਜਾਂਦੀ :
ਗੱਲਾਂ ਗੋਰੀਆਂ ਤੇ ਨੈਣ ਮਮੋਲੇ,
ਅੱਗ ਵਾਂਗੂੰ ਜਾਵੇ ਮੱਚਦੀ …
ਮੁਟਿਆਰ ਦੀਆਂ ਮਮੋਲੇ ਵਰਗੀਆਂ ਖੂਬਸੂਰਤ ਪਿਆਰੀਆਂ-ਪਿਆਰੀਆਂ ਅੱਖਾਂ ਦਰਸ਼ਕਾਂ ਦੇ ਮਨਾਂ ਨੂੰ ਮੋਹ ਲੈਂਦੀਆਂ ਤੇ ਉਹ ਉਸ ਦੀਆਂ ਅੱਖਾਂ ਦੀ ਸੁੰਦਰਤਾ ਨੂੰ ਸਲਾਹੁੰਦੇ ਨਾ ਥੱਕਦੇ :
ਝੂਲ ਝੂਲ ਕੇ ਤੁਰਦੀਏ ਕੁੜੀਏ, ਮਸਤੀ ‘ਚ ਲੈ ਹੁਲਾਰੇ,
ਬੁੱਲ ਤਾਂ ਤੇਰੇ ਪਾਨੋ ਪਤਲੇ, ਗੱਲਾਂ ਸ਼ਕਰਪਾਰੇ,
ਨੈਣ ਤੇਰੇ ਕਟੋਰਿਆਂ ਵਰਗੇ, ਸਭ ਨੂੰ ਲੱਗਣ ਪਿਆਰੇ,
ਨਿੱਤ ਦੇ ਸਵਾਲੀ ਨੂੰ ਨਾ ਝਿੜਕੀਂ ਮੁਟਿਆਰੇ …
ਅੱਖਾਂ ਮਨ ਦਾ ਸ਼ੀਸ਼ਾ ਹੁੰਦੀਆਂ ਹਨ। ਖੁਸ਼ੀ, ਗਮੀ, ਗੁੱਸੇ, ਹੈਰਾਨੀ, ਨਫਰਤ ਤੇ ਮੋਹ-ਪਿਆਰ ਦੀ ਝਲਕ ਅੱਖਾਂ ਵਿਚ ਦੇਖ ਕੇ ਕਿਸੇ ਵਿਅਕਤੀ ਦੇ ਮਨ ਵਿਚ ਹੋ ਰਹੀ ਉਥਲ-ਪੁਥਲ ਦਾ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ। ਦੁਸ਼ਮਣ ਦੀ ਅੱਖ ਹੋਰ ਹੁੰਦੀ ਹੈ ਤੇ ਮਿੱਤਰ ਦੀ ਹੋਰ। ਜੇ ਮਿੱਤਰ-ਪਿਆਰੇ ਅੱਖਾਂ ਬਦਲ ਕੇ ਕੌੜ ਅੱਖਾਂ ਨਾਲ ਘੂਰ-ਘੂਰ ਕੇ ਤੱਕਣਾ ਸ਼ੁਰੂ ਕਰ ਦੇਣ ਜਾਂ ਸਹਿਣ ਕਰਨਾ ਮੁਸ਼ਕਲ ਹੋ ਜਾਂਦਾ ਹੈ :
ਕਾਹਨੂੰ ਕੌੜੀਆਂ ਅੱਖਾਂ ਨਾਲ ਘੂਰੇਂ,
ਮੈਂ ਕੀ ਤੇਰੇ ਅੰਬ ਤੋੜ ਲੇ…
ਕੁਦਰਤ ਨੇ ਮਨੁੱਖੀ ਸਰੀਰ ਦੇ ਹਰੇਕ ਅੰਗ ਨੂੰ ਵੱਖੋ-ਵੱਖ ਕੰਮ ਨਿਭਾਉਣ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ। ਅੱਖਾਂ ਨੂੰ ਉਸ ਨੇ ਦੇਖਣ ਦਾ ਕੰਮ ਸੰਭਾਲਿਆ ਹੋਇਆ ਹੈ : ਅੱਖੀਓਂ ਬਾਣ ਤੁਹਾਡੀ ਤੱਕਣਾ,
ਕੌਣ ਕਹੇ ਤੁਸੀਂ ਤੱਕੋ ਨਾ।
ਜਗਤ ਤਮਾਸ਼ਾ ਜਮ ਜਮ ਤੱਕੋ,
ਤੱਕਦੀਆਂ ਤੱਕਦੀਆਂ ਥੱਕੋ ਨਾ।
ਪਰ ਜਗਤ ਤਮਾਸ਼ੇ ਦਾ ਹਰ ਨਜ਼ਾਰਾ ਅੱਖਾਂ ਨੂੰ ਪਸੰਦ ਨਹੀਂ ਆਉਂਦਾ। ਉਹ ਵਾਰ-ਵਾਰ ਆਪਣੇ ਮਨਪਸੰਦ ਨਜ਼ਾਰਿਆਂ ਨੂੰ ਹੀ ਵਾਰ-ਵਾਰ ਵੇਖਣਾ ਪਸੰਦ ਕਰਦੀਆਂ ਹਨ। ਸ਼ਾਇਰਾ ਅਮਰਜੀਤ ਕੌਰ ਨਾਜ਼ ਆਪਣੀ ਇਕ ਗ਼ਜ਼ਲ ਵਿਚ ਫੁਰਮਾਉਂਦੀ ਹੈ :
ਹਰ ਨਜ਼ਾਰਾ ਅੱਖ ਨੂੰ ਭਾਵੇ, ਜ਼ਰੂਰੀ ਤਾਂ ਨਹੀਂ।
ਪੀਲੇ ਪੱਤੇ ਵੀ ਦਿਸਣ ਸਾਵੇ, ਜ਼ਰੂਰੀ ਤਾਂ ਨਹੀਂ।
ਪਿਆਰ ਦੀ ਖੇਡ ਵਿਚ ਅੱਖਾਂ ਵਿਚੋਲੇ ਦੀ ਭੂਮਿਕਾ ਨਿਭਾ ਕੇ ਦੋ ਅਣਜਾਣੇ ਦਿਲਾਂ ਦਾ ਮਿਲਾਪ ਕਰਾਉਂਦੀਆਂ ਹਨ। ਉਹ ਇਕ ਹਰਕਾਰੇ ਵਾਂਗ ਇਕ ਧਿਰ ਦਾ ਸੁਨੇਹਾ ਦੂਸਰੀ ਧਿਰ ਤੱਕ ਪਹੁੰਚਾਉਂਦੀਆਂ ਹਨ। ਅੱਖਾਂ ਦੇ ਘਿਉ-ਖਿਚੜੀ ਹੋਏ ਬਿਨਾ ਦੋ ਦਿਲ ਇਕ-ਮਿੱਕ ਨਹੀਂ ਹੋ ਸਕਦੇ :
ਤੇਰੀ ਮੇਰੀ ਅੱਖ ਨਾ ਰਲੇ,
ਦਿਲ ਕਿਕਣ ਰਲੂ ਬੇਈਮਾਨ…
ਜਦੋਂ ਅਚਾਨਕ ਅੱਖਾਂ ਚਾਰ ਹੁੰਦੀਆਂ ਹਨ ਤਾਂ ਦਿਲ ਵਿਚ ਇਸ਼ਕ ਦੀਆਂ ਘੰਟੀਆਂ ਵੱਜਣ ਲੱਗਦੀਆਂ ਹਨ। ਡੁੰਬਕੂੰ-ਡੂੰਬਕੂੰ ਕਰਦੇ ਦਿਲ ਨੂੰ ਕੁਝ-ਕੁਝ ਹੋਣ ਲੱਗਦਾ ਹੈ। ਜਦੋਂ ਦਿਲਾਂ ਵਿਚ ਸਾਂਝ ਪੈਂਦੀ ਹੈ ਤਾਂ ਅੱਖਾਂ ਦੇ ਬਗੀਚੇ ਵਿਚ ਪਿਆਰ ਦੇ ਫੁੱਲ ਖਿੜ ਕੇ ਟਹਿਕਣ ਲੱਗਦੇ ਹਨ :
ਜਦੋਂ ਮਿਲਿਆ ਮਾਹੀ ਪਹਿਲੀ ਵਾਰੀ,
ਅੱਖੀਆਂ ‘ਚ ਫੁੱਲ ਖਿੜ ਗਏ …
ਜਦੋਂ ਅੱਖਾਂ ਆਪਸ ਵਿਚ ਸਾਂਝ ਪਾ ਕੇ ਗਿਟ-ਮਿਟ ਕਰਦੀਆਂ ਹਨ ਤਾਂ ਅੱਖਾਂ ਵਿਚੋਂ ਨੀਂਦ ਉਡਾਰੀ ਮਾਰ ਜਾਂਦੀ ਹੈ :
ਰਾਈ…ਰਾਈ…ਰਾਈ
ਉਮਰ ਨਿਆਣੀ ‘ਚ ਮੈਂ ਭੁੱਲ ਕੇ ਤੇਰੇ ਨਾਲ ਲਾਈ,
ਅੱਖੀਆਂ ‘ਚ ਨੀਂਦ ਨਾ ਪਵੇ, ਕੀ ਅੱਖ ਨਾਲ ਅੱਖ ਮਿਲਾਈ,
ਹੌਕਿਆਂ ‘ਚ ਮੈਂ ਰੁਲਗੀ, ਜਿੰਦ ਸੁੱਕ ਕੇ ਤਬੀਤ ਬਣਾਈ,
ਘੁੱਟ ਕੇ ਫੜ ਮੁੰਡਿਆ ਮੇਰੀ ਨਰਮ ਕਲਾਈ …
ਸੱਜਣਾਂ ਦੇ ਨਾਂ ਦੀ ਮਾਲਾ ਜਪਣੀ ਸ਼ੁਰੂ ਹੋ ਜਾਂਦੀ ਹੈ ਤੇ ਦਿਲ ਦੇ ਮਹਿਰਮ ਨੂੰ ਮਹਿਮਾਨ ਬਣ ਕੇ ਅੱਖਾਂ ਵਿਚ ਬਸੇਰਾ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ :
ਅੱਖਾਂ ਵਿਚ ਤੂ ਵਸ ਜਾ,
ਮੇਰੇ ਦਿਲ ‘ਚ ਵਸੂਗਾ ਨਾਂ ਤੇਰਾ…
ਸੱਜਣਾਂ ਨੂੰ ਅੱਖਾਂ ਵਿਚ ਬਿਠਾ ਕੇ ਖੂਬ ਮਹਿਮਾਨ ਨਿਮਾਜ਼ੀ ਕਰਨ ਦੇ ਵਾਇਦੇ ਕੀਤੇ ਜਾਂਦੇ ਹਨ :
ਤੈਨੂੰ ਝੱਲ ਝਿੰਮਣਾਂ ਦੀ ਮਾਰਾਂ,
ਅੱਖੀਆਂ ‘ਚ ਬਹਿ ਜਾ ਮਿੱਤਰਾ…
ਜਦੋਂ ਦੋ ਜਿਸਮ ਇਕ ਜਿੰਦ-ਜਾਨ ਹੋ ਜਾਂਦੇ ਹਨ ਤਾਂ ਉਹ ਇਕ ਦੂਜੇ ਨੂੰ ਦੇਖ-ਦੇਖ ਕੇ ਜਿਊਂਦੇ ਹਨ ਤੇ ਉਨ੍ਹਾਂ ਦੇ ਦੁੱਖ-ਸੁੱਖ ਵੀ ਸਾਂਝੇ ਹੋ ਜਾਂਦੇ ਹਨ :
ਲਾਲੀ ਮੇਰੀਆਂ ਅੱਖਾਂ ਵਿਚ ਰੜਕੇ,
ਅੱਖ ਮੇਰੇ ਯਾਰ ਦੀ ਦੁਖੇ…
ਅੱਖਾਂ ਨਾਲ ਅਨੇਕਾਂ ਵਹਿਮ-ਭਰਮ ਵੀ ਜੁੜੇ ਹੋਏ ਹਨ। ਜੇ ਕਿਸੇ ਮਰਦ ਦੀ ਸੱਜੀ ਅੱਖ ਫਰਕੇ ਤਾਂ ਚੰਗੀ, ਖੱਬੀ ਫਰਕੇ ਤਾਂ ਮਾੜੀ ਸਮਝੀ ਜਾਂਦੀ ਹੈ। ਇਸਦੇ ਉਲਟ ਔਰਤ ਦੀ ਖੱਬੀ ਅੱਖ ਫਰਕਣੀ ਸ਼ੁਭ ਮੰਨੀ ਜਾਂਦੀ ਹੈ ਤੇ ਸੱਜੀ ਅੱਖ ਫਰਕੇ ਤਾਂ ਨੁਕਸਾਨ ਦਾ ਡਰ ਰਹਿੰਦਾ ਹੈ। ਕਿਹਾ ਜਾਂਦਾ ਹੈ ਕਿ ਦੇਵਤੇ ਤੇ ਦੈਵੀ ਪੁਰਸ਼ ਅੱਖਾਂ ਨਹੀਂ ਝਪਕਦੇ।
ਦੁਨਿਆਵੀ ਕੰਮਾਂ ਵਿਚ ਉਲਝ ਕੇ ਮਨੁੱਖ ਆਪਣੇ ਹੀਰੇ ਵਰਗੇ ਅਮੋਲਕ ਜਨਮ ਨੂੰ ਬੇਅਰਥ ਗੁਆ ਲੈਂਦਾ ਹੈ। ਜਦੋਂ ਅੱਖਾਂ ਖੁੱਲ੍ਹਦੀਆਂ ਹਨ ਤਾਂ ਸਮਾਂ ਹੱਥੋਂ ਨਿਕਲ ਚੁੱਕਾ ਹੁੰਦਾ ਹੈ। ਕੀਤੇ ਹੋਏ ਗੁਨਾਹ ਹਊਆ ਬਣ ਕੇ ਡਰਾਉਣ ਲੱਗਦੇ ਹਨ। ਭੁੱਲਾਂ ਬਖਸ਼ਾਉਣ ਲਈ ਉਹ ਗੁਰੂ ਘਰ ਜਾ ਕੇ ਮੱਥਾ ਰਗੜ-ਰਗੜ ਕੇ ਅਰਦਾਸਾਂ ਕਰਦਾ ਹੈ : ਦੋ ਨੈਣ ਲੋਚਦੇ ਮੇਰੇ, ਗੁਰੂ ਜੀ ਤੇਰੇ ਦਰਸ਼ਨ ਨੂੰ…
ਜਦੋਂ ਜੀਵਨ ਦੇ ਪਰਛਾਵੇਂ ਢਲਦੇ ਹਨ ਤਾਂ ਗਿਆਨ-ਇੰਦਰੀਆਂ ਹੱਥ ਖੜ੍ਹੇ ਕਰਕੇ ਜਵਾਬ ਦੇ ਜਾਂਦੀਆਂ ਹਨ। ਉਡਦੇ ਪੰਛੀ ਫਾਹੁਣ ਵਾਲੀਆਂ ਸੋਹਣੀਆਂ ਅੱਖਾਂ ਬੇਨੂਰ ਹੋ ਕੇ ਖਿੱਚ ਗੁਆ ਬੈਠਦੀਆਂ ਹਨ। ਗੌਂ ਕੱਢ ਕੇ ਦੋਸਤ-ਮਿੱਤਰ ਫਸਲੀ ਬਟੇਰਿਆਂ ਵਾਂਗ, ਸਾਥ ਛੱਡ ਕੇ, ਫੁਰਰ ਕਰਕੇ ਉਡ ਜਾਂਦੇ ਹਨ :
ਕੰਨਾਂ, ਦੰਦਾਂ, ਅੱਖੀਆਂ, ਸਭਨਾ ਦਿਤੀ ਹਾਰ।
ਦੇਖ ਫਰੀਦਾ ਛਡ ਗਏ, ਮੁੱਢ ਕਦੀਮੀ ਯਾਰ।
ਦਿਲਾਂ ਤੇ ਕਹਿਰ ਢਾਹੁਣ ਵਾਲੀਆਂ ਸੋਹਣੀਆਂ ਅੱਖਾਂ ਦੀ ਚਮਕ-ਦਮਕ ਖਤਮ ਹੋ ਜਾਂਦੀ ਹੈ। ਮੋਤੀਆਂ ਵਰਗੇ ਦੁੱਧ-ਚਿੱਟੇ ਦੰਦ ਝੜ ਜਾਂਦੇ ਹਨ। ਰੂਪ ਕਰੇਲਾ ਬਣ ਜਾਂਦਾ ਹੈ। (ਬਟੇਰੇ ਵਾਂਗ) ਮੌਤ ਬਾਜ਼ ਬਣ ਕੇ ਜਿੰਦ ਉਪਰ ਝਪਟਾ ਮਾਰਨ ਲਈ ਸਿਰ ‘ਤੇ ਮੰਡਰਾਉਣ ਲੱਗਦੀ ਹੈ :
ਸੋਹਣੇ ਨੈਣ ਨਾ ਰਹਿਣ ਹਮੇਸ਼ ਤਾਈਂ,
ਦੰਦ ਨਹੀਂ ਜੇ ਮੋਤੀਆਂ ਲੜੀ ਰਹਿਣੀ।
ਮੌਤ ਬਾਜ ਦੇ ਵਾਂਗਰਾਂ ਝਪਟ ਮਾਰੂ,
ਜਿੰਦ ਵਾਂਗ ਬਟੇਰੇ ਨਾ ਦੜੀ ਰਹਿਣੀ।
ਦੁਨੀਆ ਵਿਚ ਅਨੇਕਾਂ ਅਜਿਹੇ ਵਿਅਕਤੀ ਹਨ ਜੋ ਨਵੇਂ ਤੋਂ ਨਵਾਂ ਕਾਰਨਾਮਾ ਕਰਕੇ ਆਪਣੇ ਨਾਂ ਨੂੰ ਦੁਨੀਆ ਵਿਚ ਰੋਸ਼ਨ ਕਰਨ ਦਾ ਯਤਨ ਕਰਦੇ ਹਨ। ਦਿਕਾਤੁਰ ਦਾ ਰਹਿਣ ਵਾਲਾ ਵਿਲੀ ਇਨਗਰਾਮ ਆਪਣੀਆਂ ਅੱਖਾਂ ਦੇ ਡੇਲਿਆਂ ਨੂੰ ਇਕ ਇੰਚ ਤੱਕ ਬਾਹਰ ਕੱਢ ਕੇ ਤੇ ਫਿਰ ਅਸਲੀ ਹਾਲਤ ਵਿਚ ਲਿਆ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੰਦਾ ਹੈ। ਟਰਕੀ ਦੀ ਵਸਨੀਕ ਮਹਿਨਤ ਇਲਮਜ ਨੇ ਦੁੱਧ ਨੂੰ ਨੱਕ ਰਾਹੀਂ ਖਿੱਚ ਕੇ ਅੱਖ ਰਾਹੀਂ ਦੋ ਮੀਟਰ 79.5 ਸੈਂਟੀਮੀਟਰ ਦੂਰ ਸੁੱਟ ਕੇ ਵਿਸ਼ਵ ਕੀਰਤੀਮਾਨ ਸਥਾਪਤ ਕੀਤਾ ਹੈ। ਤਮਾਸ਼ਾ ਦਿਖਾਉਣ ਸਮੇਂ ਨਟਣੀਆਂ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨਾਲ ਧਰਤੀ ਤੋਂ ਸਿੱਕੇ ਤੇ ਤਿੱਖੀ ਨੋਕ ਵਾਲੀਆਂ ਸੂਈਆਂ ਨੂੰ ਚੁੱਕ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੀਆਂ ਹਨ।
ਪੁਰਾਣੇ ਸਮਿਆਂ ਵਿਚ ਲੋਕਾਂ ਦੀ ਨਜ਼ਰ ਬਹੁਤ ਤੇਜ਼ ਹੁੰਦੀ ਸੀ। ਪਰ ਅੱਜ ਕੱਲ੍ਹ ਉਮਰ ਤੋਂ ਪਹਿਲਾਂ ਹੀ ਅੱਖਾਂ ਦੀ ਰੋਸ਼ਨੀ ਘਟਣੀ ਸ਼ੁਰੂ ਹੋ ਜਾਂਦੀ ਹੈ, ਜਿਸ ਦੇ ਅਨੇਕਾਂ ਕਾਰਨ ਹਨ। ਅਜੋਕੇ ਭੱਜ ਦੌੜ ਦੇ ਰੁਝੇਵਿਆਂ ਭਰੇ ਜ਼ਮਾਨੇ ਵਿਚ ਮਨੁੱਖ ਨੂੰ ਤਰ੍ਹਾਂ-ਤਰ੍ਹਾਂ ਦੇ ਮਾਨਸਿਕ ਤਣਾਵਾਂ ਵਿਚੋਂ ਲੰਘਣਾ ਪੈਂਦਾ ਹੈ, ਜਿਸ ਕਾਰਨ ਉਸ ਦੇ ਮੱਥੇ ਅਤੇ ਅੱਖਾਂ ਉਪਰ ਬੁਰਾ ਅਸਰ ਪੈਂਦਾ ਹੈ। ਮਿਲਾਵਟੀ ਖਾਧ-ਪਦਾਰਥ, ਦੂਸ਼ਿਤ ਹਵਾ ਤੇ ਪਾਣੀ ਵੀ ਅੱਖਾਂ ਨੂੰ ਰੋਗੀ ਬਣਾਉਣ ਦਾ ਕਾਰਨ ਬਣ ਜਾਂਦੇ ਹਨ। ਟੈਲੀਵਿਜ਼ਨ ਦੇ ਨਜ਼ਦੀਕ ਬੈਠ ਕੇ ਦੇਰ ਰਾਤ ਤੱਕ ਦੇਖਦੇ ਰਹਿਣਾ ਜਾਂ ਬਹੁਤੀ ਦੇਰ ਕੰਪਿਊਟਰ ‘ਤੇ ਕੰਮ ਕਰਦੇ ਰਹਿਣਾ ਵੀ ਅੱਖਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕਿਸੇ ਬਿਮਾਰੀ ਕਾਰਨ ਹੋਈ ਸਰੀਰਕ ਕਮਜ਼ੋਰੀ ਕਾਰਨ ਵੀ ਅੱਖਾਂ ਦੀ ਰੋਸ਼ਨੀ ਪ੍ਰਭਾਵਿਤ ਹੁੰਦੀ ਹੈ।
ਅੱਖਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਤੇ ਅੱਖਾਂ ਨੂੰ ਅਰੋਗ ਰੱਖਣ ਲਈ ਸਾਨੂੰ ਸੰਤੁਲਤ ਭੋਜਨ ਖਾਣਾ ਚਾਹੀਦਾ ਹੈ। ਤੇਜ਼ ਮਸਾਲੇਦਾਰ ਭੋਜਨ ਦੇ ਸੇਵਨ ਤੋਂ ਪ੍ਰਹੇਜ਼ ਰੱਖਿਆ ਜਾਵੇ ਤਾਂ ਚੰਗਾ ਹੈ। ਫਲ ਤੇ ਸਬਜ਼ੀਆਂ ਦੀ ਵਰਤੋਂ ਅੱਖਾਂ ਦੀ ਤੰਦਰੁਸਤੀ ਲਈ ਬਹੁਤ ਲਾਭਦਾਇਕ ਹੈ। ਸਵੇਰੇ ਤਾਜ਼ੇ ਤੇ ਸਾਫ ਪਾਣੀ ਨਾਲ ਅੱਖਾਂ ਨੂੰ ਸਾਫ ਕਰਨਾ ਵੀ ਲਾਹੇਵੰਦ ਰਹਿੰਦਾ ਹੈ। ਤੇਜ਼ ਧੁੱਪ, ਧੂੰਏਂ ਤੇ ਮਿੱਟੀ-ਘੱਟੇ ਤੋਂ ਅੱਖਾਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ। ਕਦੇ ਵੀ ਲੰਮੇ ਪੈ ਕੇ ਨਾ ਪੜ੍ਹੋ, ਬਹੁਤ ਮੱਧਮ ਤੇ ਜ਼ਿਆਦਾ ਤੇਜ਼ ਰੋਸ਼ਨੀ ਵਿਚ ਪੜ੍ਹਨਾ ਵੀ ਅੱਖਾਂ ਲਈ ਨੁਕਸਾਨਦੇਹ ਹੈ। ਅੱਖਾਂ ਨੂੰ ਤੰਦਰੁਸਤ ਰੱਖਣ ਲਈ ਉਨ੍ਹਾਂ ਦੇ ਆਰਾਮ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਕ ਬਾਲਗ ਲਈ ਸੱਤ-ਅੱਠ ਘੰਟੇ ਸੌਣਾ ਬਹੁਤ ਜ਼ਰੂਰੀ ਹੈ।
ਜੇ ਤੁਸੀਂ ਕੁਦਰਤ ਵਲੋਂ ਬਖਸ਼ੀ ਅਨਮੋਲ ਸੁਗਾਤ ਦੀ ਠੀਕ ਢੰਗ ਨਾਲ ਸਾਂਭ-ਸੰਭਾਲ ਕਰੋਗੇ ਤਾਂ ਇਹ ਉਮਰ ਭਰ ਤੁਹਾਡਾ ਸਾਥ ਨਿਭਾ ਕੇ ਤੁਹਾਡੇ ਕੰਮ ਸੰਵਾਰਦੀਆਂ ਰਹਿਣਗੀਆਂ।
ੲੲੲ

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …