(ਕਿਸ਼ਤ-8)
ਰੇਸ਼ਮੀ ਰੁਮਾਲ ਵਾਲੀਏ
ਪਹਿਰਾਵਾ ਸਾਡੇ ਸਭਿਆਚਾਰ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ, ਜੋ ਮੂਲ ਰੂਪ ਵਿਚ ਮਨੁੱਖ ਦੀਆਂ ਸਰੀਰਕ ਲੋੜਾਂ ਨੂੰ ਪੂਰਾ ਕਰਨ ਵਿਚ ਸਹਾਈ ਹੁੰਦਾ ਹੈ। ਪਾਰਖੂ ਲੋਕ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਉਸ ਵੱਲੋਂ ਪਹਿਨੇ ਗਏ ਪਹਿਰਾਵੇ ਤੋਂ ਲਾਉਂਦੇ ਹਨ। ਇਸੇ ਲਈ ਹਰ ਮਰਦ-ਔਰਤ ਆਪਣੀ ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਜ-ਧਜ ਕੇ ਰਹਿੰਦਾ ਹੈ। ਮਨੁੱਖੀ ਪਹਿਰਾਵੇ ਦਾ ਇਕ ਅੰਗ ਰੁਮਾਲ ਵੀ ਹੈ, ਜਿਸ ਦੇ ਸ਼ਾਬਦਿਕ ਅਰਥ ਹਨ ਮੂੰਹ ਸਾਫ ਕਰਨ ਵਾਲੀ ਵਸਤੂ। ਰੁਮਾਲ ਆਮ ਤੌਰ ‘ਤੇ ਹੱਥ, ਮੂੰਹ ਜਾਂ ਵਗਦੇ ਹੋਏ ਨੱਕ ਨੂੰ ਸਾਫ ਕਰਨ ਲਈ ਵਰਤਿਆ ਜਾਂਦਾ ਹੈ। ਰੁਮਾਲ ਨੂੰ ਸ਼ੁਕੀਨੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਸ਼ੁਕੀਨ ਗੱਭਰੂ ਤੇ ਮੁਟਿਆਰਾਂ ਬੜੇ ਸ਼ੌਕ ਨਾਲ ਸੁਹਣੇ-ਸੁਹਣੇ ਰੁਮਾਲ ਆਪਣੇ ਕੋਲ ਰੱਖਦੇ ਹਨ :
ਦਾਦਕਿਆਂ ਦੀ ਜ਼ੋਰੋ ਨੇ,
ਸੁੱਥਣ ਸਮਾਈ, ਕੁੰਦੇ ਚਾਰ ਰੱਖਦੀ,
ਮਾਰੀ ਸ਼ੌਕ ਦੀ ਹੱਥ ‘ਚ ਰੁਮਾਲ ਰੱਖਦੀ…
ਇੰਗਲੈਂਡ ਦਾ ਬਾਦਸ਼ਾਹ ਰਿਚਰਡ ਦੂਜਾ ਜਿਸ ਨੇ 1377 ਤੋਂ 1399 ਈਸਵੀ ਤੱਕ ਰਾਜ ਕੀਤਾ, ਦੇ ਰਾਜ ਦਰਬਾਰੀਆਂ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਬਾਦਸ਼ਾਹ ਰਿਚਰਡ ਦੂਜੇ ਨੇ ਹੀ ਸਭ ਤੋਂ ਪਹਿਲਾਂ ਰੁਮਾਲ ਦੀ ਵਰਤੋਂ ਕਰਨੀ ਸ਼ੁਰੂ ਕੀਤੀ। ਉਹ ਆਪਣੇ ਵਗਦੇ ਹੋਏ ਨੱਕ ਨੂੰ ਸਾਫ ਕਰਨ ਲਈ ਕੱਪੜੇ ਦੇ ਚੌਰਸ ਟੁਕੜੇ ਵਰਤਿਆ ਕਰਦਾ ਸੀ। ਸ਼ੈਕਸਪੀਅਰ ਦੇ ਸਮੇਂ ਨਾਟਕਾਂ ਵਿਚ ਰੁਮਾਲ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾਂਦੀ ਸੀ।
ਰੁਮਾਲ ਚੌਰਸ ਪਤਲੇ ਕੱਪੜੇ ਦਾ ਬਣਿਆ ਹੁੰਦਾ ਹੈ, ਜਿਸ ਨੂੰ ਜੇਬ ਜਾਂ ਬਟੂਏ ਵਿਚ ਤਹਿ ਲਾ ਕੇ ਰੱਖਿਆ ਜਾ ਸਕਦਾ ਹੈ। ਰੁਮਾਲ ਮਹਿੰਗੇ ਵੀ ਹੁੰਦੇ ਹਨ ਤੇ ਸਸਤੇ ਵੀ। ਮਰਦਾਂ ਦੇ ਰੁਮਾਲ ਔਰਤਾਂ ਦੇ ਰੁਮਾਲਾਂ ਨਾਲੋਂ ਆਕਾਰ ਵਿਚ ਵੱਡੇ ਹੁੰਦੇ ਹਨ। ਰੁਮਾਲ ਬਣਾਉਣ ਲਈ ਸੂਤੀ, ਰੇਸ਼ਮੀ, ਮਿਸ਼ਰਤ ਜਾਂ ਪਟਸਨ ਦਾ ਕੱਪੜਾ ਵਰਤਿਆ ਜਾਂਦਾ ਹੈ। ਅੱਜ ਕੱਲ੍ਹ ਬਰਾਂਡਿਡ ਰੁਮਾਲ ਵਰਤਣ ਦਾ ਬਹੁਤ ਰਿਵਾਜ਼ ਹੈ। ਵਧੀਆ ਤੇ ਸੋਹਣੇ ਰੁਮਾਲ ਬਣਾਉਣ ਵਿਚ ਹਮੇਸ਼ਾ ਸਪੇਨ ਤੇ ਰੋਮ ਦੀ ਹੀ ਸਰਦਾਰੀ ਰਹੀ ਹੈ। ਦੁਨੀਆ ਭਰ ਦੇ ਬਜ਼ਾਰਾਂ ਵਿਚ ਇਕ ਹਜ਼ਾਰ ਤੋਂ ਵੀ ਵੱਧ ਕਿਸਮਾਂ ਦੇ ਰੁਮਾਲ ਵਿਕ ਰਹੇ ਹਨ :
ਚੱਲ ਜਿੰਦੂਆ ਵੇ ਚੱਲ ਚੱਲੀਏ ਬਜ਼ਾਰ,
ਜਿੱਥੇ ਵਿਕਦੇ ਨੇ ਰੁਮਾਲ।
ਹਾੜਾ ਵੇ ਜਿੰਦੂਆ ਬੁਰਾ ਵਿਛੋੜਾ,
ਲੈ ਚੱਲ ਆਪਣੇ ਨਾਲ।
ਪੰਜਾਬ ਵਿਚ ਰੁਮਾਲ ਦੀ ਵਰਤੋਂ ਮੁਗਲ ਕਾਲ ਸਮੇਂ ਪ੍ਰਚਲਿਤ ਹੋਈ। ਪੰਜਾਬ ਦੀਆਂ ਪੇਂਡੂ ਮੁਟਿਆਰਾਂ ਰੁਮਾਲਾਂ ਉਤੇ ਰੇਸ਼ਮੀ ਧਾਗਿਆਂ ਨਾਲ ਬੜੇ ਸੋਹਣੇ ਫੁੱਲ, ਵੇਲ ਬੂਟਿਆਂ, ਪੰਛੀਆਂ, ਜਾਨਵਰਾਂ ਤੇ ਦੇਵੀ ਦੇਵਤਿਆਂ ਦੇ ਚਿੱਤਰਾਂ ਦੀ ਕਢਾਈ ਕਰਦੀਆਂ ਸਨ। ਬੇਬੇ ਨਾਨਕੀ ਜੀ ਦੇ ਹੱਥਾਂ ਦਾ ਕੱਢਿਆ ਹੋਇਆ ਇਕ ਅਜਿਹਾ ਹੀ ਖੂਬਸੂਰਤ ਰੁਮਾਲ ਡੇਰਾ ਬਾਬਾ ਨਾਨਕ ਵਿਚ ਸੰਭਾਲ ਕੇ ਰੱਖਿਆ ਹੋਇਆ ਹੈ, ਜੋ ਪੰਜਾਬ ਦੀ ਲੋਕ ਕਲਾ ਦਾ ਉਤਮ ਨਮੂਨਾ ਹੈ। ਉਨ੍ਹਾਂ ਸਮਿਆਂ ਵਿਚ ਕੁੜੀਆਂ ਸੂਤੀ ਧਾਗੇ ਦੀਆਂ ਸਫੈਦ ਜਾਂ ਰੰਗਦਾਰ ਅੱਟੀਆਂ ਦੀ ਵਰਤੋਂ ਕਰਕੇ ਕਰੋਸ਼ੀਏ ਨਾਲ ਬੜੇ ਸੁੰਦਰ ਰੁਮਾਲ ਬੁਣਦੀਆਂ ਸਨ। ਇਨ੍ਹਾਂ ਰੁਮਾਲਾਂ ਨੂੰ ਕਰੋਸੀਏ ਨਾਲ ਹੀ ਕੰਗੂਰੀ ਕਰਕੇ ਜਾਂ ਬਜ਼ਾਰ ‘ਚੋਂ ਖਰੀਦੀ ਲੇਸ ਨਾਲ ਸਜਾਇਆ ਜਾਂਦਾ। ਕਈ ਸ਼ੁਕੀਨ ਮੁਟਿਆਰਾਂ ਆਪਣੇ ਰੁਮਾਲਾਂ ਦੀ ਦਿੱਖ ਨੂੰ ਸੁੰਦਰ ਤੇ ਦਿਲਕਸ਼ ਬਣਾਉਣ ਲਈ ਇਨ੍ਹਾਂ ਵਿਚ ਚਮਕਦਾਰ ਖੂਬਸੂਰਤ ਮੋਤੀ ਜੜ੍ਹ ਲੈਂਦੀਆਂ ਜਾਂ ਇਨ੍ਹਾਂ ਦੇ ਚਾਰੇ ਪਾਸੇ ਮੋਤੀਆਂ ਦੀਆਂ ਲੜੀਆਂ ਬਣਾ ਲੈਂਦੀਆਂ। ਇਨ੍ਹਾਂ ਰੁਮਾਲਾਂ ਨੂੰ ਵਿਆਹਾਂ-ਸ਼ਾਦੀਆਂ ਦੇ ਮੌਕੇ ਆਪਣੀਆਂ ਰਿਸ਼ਤੇਦਾਰੀਆਂ ਜਾਂ ਜਾਣ-ਪਛਾਣ ਦੇ ਘਰਾਂ ਵਿਚ ਮਾਂਜਾ ਜਾਂ ਪਰੋਸਾ ਦੇਣ ਸਮੇਂ ਥਾਲ ਜਾਂ ਪਰਾਤ ਵਿਚ ਰੱਖੀਆਂ ਵਸਤਾਂ ਨੂੰ ਢੱਕਣ ਲਈ ਵਰਤਿਆ ਜਾਂਦਾ ਸੀ। ਥਾਲਾਂ ਉਤੇ ਦੇਣ ਵਾਲੇ ਰੁਮਾਲ ਗੋਲ ਤੇ ਪਰਾਤਾਂ ਨੂੰ ਢੱਕਣ ਵਾਲੇ ਰੁਮਾਲ ਵੱਡੇ ਆਕਾਰ ਦੇ ਹੁੰਦੇ ਸਨ। ਛੋਟੇ ਮੁੰਡਿਆਂ ਦੇ ਜੂੜਿਆਂ ਉਤੇ ਬੰਨ੍ਹਣ ਲਈ ਛੋਟੇ-ਛੋਟੇ ਰੁਮਾਲ ਵੀ ਕਰੋਸ਼ੀਏ ਨਾਲ ਬੁਣੇ ਜਾਂਦੇ ਸਨ।
ਪੁਰਾਣੇ ਸਮਿਆਂ ਵਿਚ ਰੇਸ਼ਮੀ ਰੁਮਾਲ ਦੀ ਬੜੀ ਚੜ੍ਹਤ ਸੀ। ਆਮ ਤੌਰ ‘ਤੇ ਰੁਮਾਲ ਦੇ ਇਕ ਕੋਨੇ ‘ਤੇ ਨਿੱਕੇ-ਨਿੱਕੇ ਫੁੱਲ ਬੂਟਿਆਂ ਦੀ ਕਢਾਈ ਕੀਤੀ ਜਾਂਦੀ। ਕਈ ਸ਼ੁਕੀਨ ਮੁਟਿਆਰਾਂ ਰੁਮਾਲ ਨੂੰ ਚਾਰੇ ਪਾਸਿਆਂ ਤੋਂ ਕੱਢ ਕੇ ਵਿਚਕਾਰ ਫੁੱਲ ਪੱਤੀਆਂ ਦਾ ਸੁੰਦਰ ਡਿਜਾਈਨ ਬਣਾਉਂਦੀਆਂ। ਰੁਮਾਲ ਨੂੰ ਬੜੇ ਸੁਚੱਜੇ ਢੰਗ ਨਾਲ ਚਾਰੇ ਪਾਸਿਆਂ ਤੋਂ ਲੇੜਿਆ ਜਾਂਦਾ। ਗਰੀਬ ਘਰਾਂ ਦੀਆਂ ਮੁਟਿਆਰਾਂ ਪਾਪਲੀਨ ਦੇ ਸਫੈਦ ਜਾਂ ਹਲਕੇ ਰੰਗਾਂ ਦੇ ਕੱਪੜਿਆਂ ਦੇ ਟੁਕੜਿਆਂ ਤੋਂ ਰੁਮਾਲ ਬਣਾ ਲੈਂਦੀਆਂ। ਕਈ ਇਸ਼ਕ ਦੀਆਂ ਡੰਗੀਆਂ ਹੋਈਆਂ ਮੁਟਿਆਰਾਂ ਆਪਣਾ ਜਾਂ ਆਪਣੇ ਪ੍ਰੇਮੀ ਦਾ ਨਾਂ ਰੁਮਾਲ ‘ਤੇ ਕੱਢਦੀਆਂ ਪਰ ਅਜਿਹੇ ਰੁਮਾਲ ਨੂੰ ਜੱਗ ਦੀਆਂ ਨਜ਼ਰਾਂ ਤੋਂ ਲੁਕਾ ਕੇ ਰੱਖਣਾ ਪੈਂਦਾ :
ਲੋਕਾਂ ਤੋਂ ਲੁਕਾ ਕੇ ਰੱਖਦੀ,
ਤੇਰਾ ਕੱਢਿਆ ਰੁਮਾਲ ਉਤੇ ਨਾਂ ਵੇ…
ਰੀਝ ਨਾਲ ਆਪਣੇ ਹੱਥੀਂ ਕੱਢਿਆ ਹੋਇਆ ਸੋਹਣਾ ਜਿਹਾ ਰੁਮਾਲ ਆਪਣੇ ਦਿਲ ਦੇ ਮਹਿਰਮ ਨੂੰ ਸੌਗਾਤ ਵਜੋਂ ਭੇਂਟ ਕਰਕੇ, ਉਸ ਦੀ ਫਰਮਾਇਸ਼ ਨੂੰ ਪੂਰਾ ਕੀਤਾ ਜਾਂਦਾ :
ਝਾਵਾਂ …ਝਾਵਾਂ…ਝਾਵਾਂ
ਆਵਦੇ ਮਿੱਤਰਾਂ ਨੂੰ ਹੱਥੀਂ ਕੱਢਿਆ ਰੁਮਾਲ ਫੜਾਵਾਂ,
ਜੱਗ ਭਾਵੇਂ ਰਹੇ ਦੇਖਦਾ, ਤੇਰਾ ਦਿਲ ਤੇ ਲਿਖ ਲਿਆ ਨਾਵਾਂ,
ਧੂੜ ਤੇਰੇ ਚਰਨਾਂ ਦੀ ਚੁੱਕ ਕੇ ਮੱਥੇ ਨਾਲ ਲਾਵਾਂ,
ਸੱਦ ਪਟਵਾਰੀ ਨੂੰ ਜ਼ਿੰਦ ਮਿੱਤਰਾਂ ਦੇ ਨਾਂ ਲਾਵਾਂ …
ਕੋਈ ਨਵੀਂ ਵਿਆਹੀ ਸ਼ੁਕੀਨ, ਨਟਖਟ, ਨਖਰੇਲੋ ਆਪਣੇ ਸੂਟ ਨਾਲ ਮਿਲਦੇ ਰੰਗ ਦਾ ਸੋਹਣਾ ਰੇਸ਼ਮੀ ਰੁਮਾਲ ਹੱਥ ਵਿਚ ਫੜ ਕੇ ਪੈਲਾਂ ਪਾ-ਪਾ ਕੇ ਤੁਰਦੀ :
ਤੋਰ ਤੁਰੇ ਜਦ ਵਾਂਗ ਹੰਸ ਦੇ, ਸੱਪ ਵਾਂਗ ਵਲ ਖਾਵੇ,
ਬਸਰੇ ਦਾ ਲਹਿੰਗਾ ਗੌਰਨੈਟ ਦਾ, ਛਮ ਛਮ ਲੱਕ ਹਿਲਾਵੇ,
ਕੁੜਤੀ, ਜਾਕਟ ਪਾਪਲੀਨ ਦੀ, ਹੱਥ ਰੁਮਾਲ ਸੁਹਾਵੇ,
ਝਾਂਜਰ ਵੈਰਨ ਦੀ ਅੱਗ ਛੜਿਆਂ ਨੂੰ ਲਾਵੇ …
ਕਈ ਕੁਆਰੀਆਂ ਕੁੜੀਆਂ ਵੀ ਸ਼ੁਕੀਨ ਲਾਉਣ ਸਮੇਂ ਵਿਆਹੀਆਂ ਤੋਂ ਪਿੱਛੇ ਨਾ ਰਹਿੰਦੀਆਂ : ਆਲਾ…ਆਲਾ…ਆਲਾ
ਲੰਬੜਾਂ ਦੀ ਬੰਤੋ ਦੇ ਗੱਲ੍ਹ ‘ਤੇ ਟਿਮਕਣਾ ਕਾਲਾ,
ਰੰਗ ਦੀ ਕੀ ਸਿਫਤ ਕਰਾਂ, ਚੰਦ ਲੁਕਦਾ ਸ਼ਰਮ ਦਾ ਮਾਰਾ,
ਰੇਸ਼ਮੀ ਰੁਮਾਲ ਕੁੜੀ ਦਾ, ਸੁਰਮਾ ਧਾਰੀਆਂ ਵਾਲਾ,
ਵਿਆਹ ਕੇ ਲੈ ਜੂਗਾ ਕੋਈ, ਵੱਡਿਆ ਨਸੀਬਾਂ ਵਾਲਾ…
ਕਈ ਪ੍ਰੇਮੀ ਜੋੜੇ ਇਕ ਦੂਜੇ ਪ੍ਰੇਮ ਨਿਸ਼ਾਨੀ ਵਜੋਂ ਰੁਮਾਲ ਦਿੰਦੇ ਹਨ :
ਹੱਥੀਂ ਕੱਢ ਕੇ ਰੁਮਾਲ ਨਿਸ਼ਾਨੀ,
ਦੇ ਜਾਈਂ ਮਿੱਤਰਾਂ ਨੂੰ…
ਪਰ ਖੋਹ-ਖਿੰਝ ਕੇ ਹਾਸਲ ਕੀਤੀ ਹੋਈ ਪ੍ਰੇਮ ਨਿਸ਼ਾਨੀ ਨੂੰ ਚੰਗਾ ਨਹੀਂ ਸਮਝਿਆ ਜਾਂਦਾ :
ਮੇਰਾ ਖੋਹ ਕੇ ਰੁਮਾਲ ਅਣਜਾਨਾ,
ਤੈਂ ਕੀ ਦੱਸ ਜਸ ਖੱਟਿਆ…
ਕੋਈ ਪ੍ਰੇਮਿਕਾ ਪ੍ਰੇਮ ਦਾ ਇਜ਼ਹਾਰ ਕਰਨ ਲਈ ਰੁਮਾਲ ਦਾ ਸਹਾਰਾ ਲੈਂਦੀ :
ਨੀ ਤੂੰ ਮੋਹ ਲਿਆ ਮੁੰਡਾ ਪਟਵਾਰੀ,
ਰੇਸ਼ਮੀ ਰੁਮਾਲ ਸੁੱਟ ਕੇ…
ਸੱਜਣਾਂ ਵਲੋਂ ਦਿੱਤੀ ਪ੍ਰੇਮ ਨਿਸ਼ਾਨੀ ਨੂੰ ਜਾਨ ਤੋਂ ਵੀ ਪਿਆਰੀ ਸਮਝ ਕੇ ਸਾਂਭ-ਸਾਂਭ ਰੱਖਿਆ ਜਾਂਦਾ :
ਸਾਂਭ ਕੇ ਨਿਸ਼ਾਨੀ ਰੱਖ ਲਈ,
ਦਿਲ ਦਿੱਤਾ ਸੀ ਰੁਮਾਲ ਵਿਚ ਬੰਨ੍ਹ ਕੇ…
ਪ੍ਰੇਮ ਨਿਸ਼ਾਨੀ ਅਚਾਨਕ ਹੱਥੋਂ ਖੁੱਸ ਜਾਂਦੀ ਤਾਂ ਕਾਲਜੇ ਹੌਲ ਪੈਣ ਲੱਗਦੇ :
ਜੇ ਮੈਂ ਜਾਣਦੀ ਰੁਮਾਲ ਉਡ ਜਾਣਾ,
ਗੁੱਟ ਨਾਲ ਬੰਨ੍ਹ ਛੱਡਦੀ…
ਮਸ਼ੂਕਾ ਦਾ ਅਚਾਨਕ ਵਿਆਹ ਹੋ ਜਾਂਦਾ ਤਾਂ ਆਸ਼ਕ ਉਸ ਨੂੰ ਯਾਦ ਕਰਕੇ ਧਾਹਾਂ ਮਾਰ ਮਾਰ ਕੇ ਰੋਂਦੇ :
ਮੁੰਡੇ ਰੋਂਦੇ ਰੁਮਾਲਾਂ ਵਾਲੇ,
ਨੰਦ ਕੁਰ ਡੋਲੀ ਚੜ੍ਹ ਗਈ …
ਡੋਲੀ ਵਿਚ ਬੈਠ ਕੇ ਵਿਦਾ ਹੋਣ ਸਮੇਂ ਮੁਟਿਆਰ ਦੇ ਹੱਥ ਵਿਚ ਫੜਿਆ ਹੋਇਆ ਰੇਸ਼ਮੀ ਰੁਮਾਲ ਅਚਾਨਕ ਹੱਥੋਂ ਡਿੱਗ ਪੈਂਦਾ ਤਾਂ ਰੋ-ਰੋ ਕੇ ਉਸ ਦਾ ਬੁਰਾ ਹਾਲ ਹੋ ਜਾਂਦਾ :
ਘੁੰਡ ਵਿਚ ਰੋਣ ਅੱਖੀਆਂ,
ਰੁਮਾਲ ਡਿੱਗਿਆ ਗੱਡੀ ਵਿਚੋਂ ਮੇਰਾ…
ਮੁਟਿਆਰ ਨੂੰ ਵਿਦਾ ਕਰਨ ਸਮੇਂ ਉਸਦੀ ਭੈਣ ਰੋ ਰੋ ਕੇ ਹਾਲੋਂ ਬੇਹਾਲ ਹੋ ਜਾਂਦੀ ਤੇ ਉਸਦਾ ਰੇਸ਼ਮੀ ਰੁਮਾਲ ਅੱਖਾਂ ‘ਚੋਂ ਵਗਦੇ ਹੰਝੂ ਪੂੰਝ-ਪੂੰਝ ਕੇ ਹੌਲੀ-ਹੌਲੀ ਗੜੁੱਚ ਹੋ ਜਾਂਦਾ :
ਰੋਂਦੀ ਦਾ ਰੁਮਾਲ ਭਿੱਜਿਆ,
ਮੈਂ ਭੈਣ ਨੂੰ ਤੋਰ ਕੇ ਆਈ…
ਕੋਈ ਬਾਂਕਾ ਗੱਭਰੂ ਰਾਹੇ-ਰਾਹ ਜਾਣ ਵਾਲੀ ਕਿਸੇ ਛੈਲ-ਛਬੀਲੀ ਮੁਟਿਆਰ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕਰਦਾ :
ਰਾਹੇ ਰਾਹੇ ਜਾਣ ਵਾਲੀਏ,
ਮੇਰਾ ਡਿੱਗਿਆ ਰੁਮਾਲ ਫੜਾਮੀਂ…
ਪਰ ਚੁਸਤ-ਚਲਾਕ ਤੇ ਹਾਜ਼ਰ ਜਵਾਬ ਮੁਟਿਆਰ ਇਹ ਕਹਿ ਕੇ ਉਸ ਦੀਆਂ ਆਸਾਂ ‘ਤੇ ਪਾਣੀ ਫੇਰ ਦਿੰਦੀ : ਝਾਮਾਂ…ਝਾਮਾਂ…ਝਾਮਾਂ
ਵੰਨੇ ਵੰਨੇ ਜਾਣ ਵਾਲਿਆ, ਮੈਂ ਤੇਰੀ ਤੋਰ ਪਛਾਣਾਂ,
ਡੰਡੀ ਡੰਡੀ ਜਾਣ ਵਾਲੀਏ ਤੈਨੂੰ ਰਮਜ਼ਾਂ ਨਾਲ ਬੁਲਾਮਾਂ,
ਤੰ ਕਿਹੜਾ ਲਾਟ ਦਾ ਬੱਚਾ, ਤੇਰਾ ਡਿੱਗਿਆ ਰੂਮਾਲ ਫੜਾਮਾਂ,
ਚਿੱਠੀ ਆਈ ਬਾਲੋ ਦੀ, ਮਾਹੀਏ ਦਾ ਸਿਰਨਾਮਾ…
ਪ੍ਰੇਮੀ ਦੀਆਂ ਬਦਲੀਆਂ ਹੋਈਆਂ ਨਜ਼ਰਾਂ ਨੂੰ ਦੇਖ ਕੇ ਕੋਈ ਪ੍ਰੇਮਿਕਾ ਕਹਿਣ ਲਈ ਮਜਬੂਰ ਹੋ ਜਾਂਦੀ :
ਜੇ ਨਹੀਂ ਲੱਗੀਆਂ ਦੇ ਬੋਲ ਪੁਗਾਉਣੇ,
ਮੋੜ ਦੇ ਰੁਮਾਲ ਮਿੱਤਰਾ…
ਪ੍ਰੇਮ ਨਿਸ਼ਾਨੀਆਂ ਦੀ ਮੋੜ ਮੁੜਾਈ ਦੇ ਨਾਲ-ਨਾਲ ਹੀ ਪ੍ਰੇਮ ਦੇ ਨਿੱਘੇ ਰਿਸ਼ਤੇ ਦਾ ਵੀ ਭੋਗ ਪੈ ਜਾਂਦਾ :
ਛੱਲਾ ਤੇ ਰੁਮਾਲ ਚੱਕ ਲੈ,
ਤੇਰੀ ਗਲੀ ‘ਚ ਪੈਰ ਨੀ ਪਾਉਣਾ …
ਕਿਸੇ ਵਿਆਹੁਲੇ ਗਿੱਧੇ ਵਿਚ ਦੂਹਰੀ ਹੋ ਹੋ ਕੇ ਨੱਚਦੀ ਕਿਸੇ ਮੁਟਿਆਰ ਦੀ ਫੁਲਕਾਰੀ ਹਵਾ ਵਿਚ ਉਡਣ ਲੱਗਦੀ ਤਾਂ ਜੋਬਨ ਹੁਸਨ ਦਾ ਜਾਦੂ ਕਿਸੇ ਦਰਸ਼ਕ ਦੇ ਸਿਰ ਚੜ੍ਹ ਕੇ ਬੋਲਣ ਲੱਗਦਾ ਤੇ ਉਹ ਆਪਣਾ ਰੇਸ਼ਮੀ ਰੁਮਾਲ ਹਿਲਾ-ਹਿਲਾ ਕੇ ਮੁਟਿਆਰ ਨੂੰ ਹੱਲਾ ਸ਼ੇਰੀ ਦਿੰਦਾ :
ਨੱਚਣ ਜਾਣਦੀ ਗਾਉਣ ਜਾਣਦੀ,
ਮੈਂ ਨੱਚਦੀ ਨਾ ਹਾਰੀ,
ਨੀ ਓਧਰੋਂ ਰੁਮਾਲ ਹਿੱਲਿਆ,
ਮੇਰੀ ਗਿੱਧੇ ‘ਚੋਂ ਉਡੇ ਫੁਲਕਾਰੀ …
ਕਈ ਭੁਲੱਕੜਾਂ ਨੂੰ ਭੁੱਲ ਜਾਣ ਦੀ ਬੁਰੀ ਆਦਤ ਹੁੰਦੀ ਹੈ ਤੇ ਉਹ ਲਾਪਰਵਾਹ ਹੋ ਕੇ ਆਪਣੀਆਂ ਵਸਤਾਂ ਗੁਆ ਲੈਂਦੇ ਹਨ :
ਹਾਕਾਂ ਮਾਰਦੇ ਬੱਕਰੀਆਂ ਵਾਲੇ,
ਬੱਲੀਏ ਰੁਮਾਲ ਭੁੱਲਗੀ…
ਸੋਹਣਾ ਜਿਹਾ ਰੁਮਾਲ ਗੁਆ ਕੇ ਮਨ ਨੂੰ ਪਛਤਾਵਾ ਲੱਗ ਜਾਂਦਾ ਹੈ :
ਦੁੱਧ ਕਾਸ਼ਣੀ ਰੁਮਾਲ ਮੇਰੇ ਵੀਰ ਦਾ,
ਭੁੱਲ ਆਈ ਟੇਸ਼ਣ ਤੇ …
ਕੋਈ ਰੇਸ਼ਮੀ ਰੁਮਾਲ ਵਰਗੀ ਸੋਹਣੀ ਸੁਨੱਖੀ ਮੁਟਿਆਰ ਕਿੱਕਰ ਦੇ ਜਾਤੂ ਵਰਗੇ ਗੱਭਰੂ ਨਾਲ ਵਿਆਹੀ ਜਾਂਦੀ ਤਾਂ ਅਨਰਥ ਹੋ ਜਾਂਦਾ :
ਰੰਨ ਘਸਗੀ ਖੱਦਰ ਨਾਲ ਖਹਿ ਕੇ,
ਰੇਸ਼ਮੀ ਰੁਮਾਲ ਵਰਗੀ…
ਕੋਈ ਵੀਰ ਤਿੱਥ ਤਿਉਹਾਰ ਸਮੇਂ ਸੇਮੀਆਂ ਦੀ ਸੌਗਾਤ ਲੈ ਕੇ ਭੈਣ ਨੂੰ ਮਿਲਣ ਜਾਂਦਾ ਤਾਂ ਭੈਣ ਤੋਂ ਚਾਅ ਨਾ ਚੁੱਕਿਆ ਜਾਂਦਾ : ਹੱਥ ਛੱਤਰੀ ਰੁਮਾਲ ਪੱਲੇ ਸੇਮੀਆ, ੌਹ ਮੇਰਾ ਵੀਰ ਕੁੜੀਓ…
ਲੰਮਾ ਸਫ਼ਰ ਕਰਨ ਸਮੇਂ ਰੁਮਾਲ ਵਿਚ ਚੂਰੀ ਬੰਨ੍ਹ ਲਈ ਜਾਂਦੀ :
ਚੂਰੀ ਕੁੱਟ ਕੇ ਰੁਮਾਲ ਪੱਲੇ ਬੰਨ੍ਹ ਲੈ,
ਸਹੁਰੇ ਮੇਰੇ ਦੂਰ ਵੀਰਨਾ …
ਕੋਈ ਗੱਭਰੂ ਪਰਦੇਸ ਵਿਚ ਖੱਟ ਕਰਨ ਲਈ ਜਾਣਾ ਚਾਹੁੰਦਾ ਪਰ ਉਸ ਦੀ ਪਤਨੀ ਨੂੰ ਲੰਮਾ ਵਿਛੋੜਾ ਸਹਿਣ ਕਰਨਾ ਮੁਸ਼ਕਲ ਜਾਪਦਾ ਤੇ ਉਹ ਪਤੀ ਦਾ ਸਾਥ ਮਾਨਣ ਲਈ ਮਨ ਹੀ ਮਨ ਤਰਕੀਬ ਸੋਚਦੀ :
ਦੁੱਧ ਬਣ ਜਾਨੀ ਆਂ, ਮਲਾਈ ਬਣ ਜਾਨੀ ਆਂ।
ਜੇਬ ਵਿਚ ਪਾ ਲੈ ਵੇ, ਰੁਮਾਲ ਬਣ ਜਾਨੀ ਆਂ।
ਆਖਰ ਵਿਛੋੜੇ ਦੀ ਘੜੀ ਆਣ ਪਹੁੰਚਦੀ ਤੇ ਪਤੀ ਰੁਮਾਲ ਹਿਲਾ ਕੇ ਅਲਵਿਦਾ ਕਹਿ ਦਿੰਦਾ :
ਤਾਵੇ…ਤਾਵੇ…ਤਾਵੇ
ਵੋਖੋ ਨੀ ਕੁੜੀਓ,
ਮੇਰਾ ਸ਼ਾਮ ਚੀਨ ਨੂੰ ਜਾਵੇ,
ਉਡਦਾ ਰੁਮਾਲ ਦਿਸਦਾ,
ਗੱਡੀ ਚੜ੍ਹਦਾ ਨਜ਼ਰ ਨਾ ਆਵੇ,
ਮੁਕਸਰ ਨਹਾਉਂਦੇ ਦਾ ਚਿਹਰਾ ਬਦਲਵਾ ਜਾਵੇ…
ਜਦੋਂ ਮਾਹੀ ਦੀ ਯਾਦ ਆਉਂਦੀ ਤਾਂ ਵਿਯੋਗਣ ਪਤਨੀ ਦੀਆਂ ਅੱਖਾਂ ਵਿਚੋਂ ਪਰਲ-ਪਰਲ ਹੰਝੂ ਵਗਣ ਲੱਗਦੇ ਤੇ ਉਹ ਪਤੀ ਵਲੋਂ ਨਿਸ਼ਾਨੀ ਵਜੋਂ ਦਿੱਤੇ ਰੁਮਾਲ ਨਾਲ ਅੱਖਾਂ ਪੂੰਝ ਲੈਂਦੀ :
ਕਾਨੀ…ਕਾਨੀ…ਕਾਨੀ
ਜਿਗਰੀ ਯਾਰ ਬਿਨਾ ਕੋਈ ਨਾ ਦਿਲਾ ਦਾ ਜਾਨੀ,
ਤਿਪ ਤਿਪ ਰੋਈਆਂ ਅੱਖੀਆਂ, ਰਾਤੀਂ ਟੁੱਟ ਗਈ ਯਾਰ ਦੀ ਗਾਨੀ,
ਅੱਖੀਆਂ ਪੂੰਝਣ ਨੂੰ ਛੱਡ ਗਿਆ ਰੁਮਾਲ ਨਿਸ਼ਾਨੀ,
ਦੋ ਦਿਲ ਮਿਲਦਿਆਂ ਨੂੰ ਜੱਗ ਚੰਦਰਾ ਮਾਰਦਾ ਭਾਨੀ …
ਮਾਹੀ ਦੀ ਦਿੱਤੀ ਹੋਈ ਪਿਆਰ ਨਿਸ਼ਾਨੀ ਨੂੰ ਬੜੇ ਪਿਆਰ-ਸਤਿਕਾਰ ਨਾਲ ਸਾਂਭ ਕੇ ਰੱਖਿਆ ਜਾਂਦਾ :
ਗੋਰੇ ਗੋਰੇ ਪੈਰ ਮੇਰੇ,
ਮਹਿੰਦੀ ਮੇਰੀ ਲਾਲ ਵੇ।
ਹੱਥ ‘ਚ ਰੁਮਾਲ ਤੇਰਾ,
ਲਾਵਾਂ ਅੱਖਾਂ ਨਾਲ ਵੇ।
ਪਿਆਰ ਨਿਸ਼ਾਨੀ ਗੁਆਚ ਜਾਂਦੀ ਤਾਂ ਹੱਥਾਂ ਪੈਰਾਂ ਦੀ ਪੈ ਜਾਂਦੀ :
ਸੁਪਨੇ ‘ਚ ਗੁੰਮ ਹੋ ਗਿਆ,
ਰਹੀ ਭਾਲਦੀ ਰੁਮਾਲ ਰਾਤ ਸਾਰੀ…
ਹਰਜਾਈ ਮਹਿਰਮ ਦੀ ਯਾਦ ਆਉਂਦੀ ਤਾਂ ਮਨ ਉਦਾਸ ਹੋ ਜਾਂਦਾ : ਚਿੱਤ ਲੱਗੇ ਨਾ ਉਦਾਸਣ ਹੋਈ,
ਦੇ ਗਿਆ ਰੁਮਾਲ ਕੱਢਣਾ …
ਪਹਿਲੇ ਸਮਿਆਂ ਵਿਚ ਪੰਜਾਬ ਦੇ ਸ਼ੁਕੀਨ ਗੱਭਰੂ ਮੇਲਾ ਦੇਖਣ ਜਾਂ ਬਰਾਤ ਵਿਚ ਸ਼ਾਮਲ ਹੋਣ ਲਈ ਜਾਣ ਸਮੇਂ ਸਜ-ਸੰਵਰ ਕੇ ਆਪਣੀ ਜੇਬ ਵਿਚ ਬੇਗੋ ਨਾਰ ਦੀ ਫੋਟੋ ਵਾਲਾ ਗੋਲ ਸ਼ੀਸ਼ਾ ਤੇ ਹੱਥ ਵਿਚ ਬਾਲੋ ਮਾਹੀਏ ਦੀ ਤਸਵੀਰ ਵਾਲਾ ਸਨਕੁਕੜੇ ਦਾ ਸੋਹਣਾ ਰੁਮਾਲ ਜ਼ਰੂਰ ਰੱਖਦੇ ਸਨ। ਬਰਾਤ ਵਿਚ ਜਾਣ ਵਾਲੇ ਬਲਦਾਂ ਦੇ ਸਿੰਗਾਂ ਉਤੇ ਰੁਮਾਲ ਬੰਨ੍ਹੇ ਜਾਂਦੇ ਤੇ ਬੋਤਿਆਂ ਨੂੰ ਉਨ੍ਹਾਂ ਦੀਆਂ ਮੁਹਾਰਾਂ ਨਾਲ ਰੁਮਾਲ ਬੰਨ੍ਹ ਕੇ ਸ਼ਿੰਗਾਰਿਆ ਜਾਂਦਾ। ਅੰਗਰੇਜ਼ੀ ਰਾਜ ਸਮੇਂ ਜਦੋਂ ਪੜ੍ਹੇ ਲਿਖੇ ਗੱਭਰੂ ਕੋਟ ਪੈਂਟ ਪਹਿਨਣ ਲੱਗੇ ਤਾਂ ਉਹ ਰੁਮਾਲ ਨੂੰ ਤਿਕੋਣਾ ਬਣਾ ਕੇ ਕੋਟ ਦੀ ਜੇਬ ਵਿਚ ਟੰਗਣ ਲੱਗ ਪਏ :
ਸਾਡਾ ਵੀਰ ਨੀ ਵਲੈਤੀ ਬਾਊ ਲੱਗਦਾ,
ਜੇਬ ‘ਚ ਰੁਮਾਲ ਰੱਖਦਾ…
ਪ੍ਰੇਮਿਕਾ ਵਲੋਂ ਹੱਥੀਂ ਕੱਢੇ ਹੋਏ ਰੁਮਾਲ ਦੀ ਦਿੱਤੀ ਹੋਈ ਨਿਸ਼ਾਨੀ ਨੂੰ ਕੋਈ ਪ੍ਰੇਮੀ ਆਪਣੀ ਜੇਬ ਵਿਚ ਸਾਂਭ ਸਾਂਭ ਕੇ ਰੱਖਦਾ :
ਤੇਰੇ ਹੱਥ ਦਾ ਰੁਮਾਲ ਮੀਤੋ ਕੱਢਿਆ,
ਜਾਨ ਨਾਲੋਂ ਪਿਆਰਾ ਲੱਗਦਾ,
ਕਿੱਥੇ ਰੱਖਾਂ ਨੀ ਲੁਕਾ ਕੇ ਮੋਮਬੱਤੀਏ,
ਜੇਬ ਵਿਚ ਰਹੇ ਜਗਦਾ …
ਪੁਰਾਣੇ ਸਮਿਆਂ ਵਿਚ ਕਾਂਗੜੇ ਦਾ ਰੁਮਾਲ ਸਾਰੇ ਭਾਰਤ ਵਿਚ ਪ੍ਰਸਿੱਧ ਸੀ। ਕਾਂਗੜੇ ਦੀਆਂ ਔਰਤਾਂ ਦੁੱਧ ਚਿੱਟੇ ਜਾਂ ਕਰੀਮ ਰੰਗ ਦੇ ਰੇਸ਼ਮ ਜਾਂ ਟਸਰ ਦੇ ਕੱਪੜਿਆਂ ਉਤੇ ਗੂੜੇ, ਭੜਕੀਲੇ ਰੰਗਾਂ ਦੇ ਰੇਸ਼ਮੀ ਧਾਗਿਆਂ ਦੀ ਸਹਾਇਤਾ ਨਾਲ ਮਿਥਿਹਾਸ ਦੀਆਂ ਕਥਾਵਾਂ ਦੇ ਸੁੰਦਰ ਦ੍ਰਿਸ਼ਾਂ ਦੀ ਕਢਾਈ ਕਰਕੇ ਰੁਮਾਲ ਤਿਆਰ ਕਰਦੀਆਂ। ਇਹ ਰੁਮਾਲ ਲੜਕੀਆਂ ਨੂੰ ਵਿਆਹ ਸਮੇਂ ਦਾਜ ਵਿਚ ਦਿੱਤੇ ਜਾਂਦੇ। ਕੁੱਲੂ ਦੀਆਂ ਔਰਤਾਂ ਸਿਰ ਦੇ ਵਾਲਾਂ ਨੂੰ ਢੱਕਣ ਲਈ ਗੂੜ੍ਹੇ ਰੰਗ ਦਾ ਲਾਲ ਜਾਂ ਕਾਲਾ ਰੁਮਾਲ ਵਰਤੀਆਂ ਹਨ, ਜਿਸ ਨੂੰ ਠਿੱਪੂ ਕਿਹਾ ਜਾਂਦਾ ਹੈ।
ਦੂਜੀ ਸੰਸਾਰ ਜੰਗ ਸਮੇਂ ਅਮਰੀਕਨ ਹਵਾਈ ਫੌਜ ਲਈ ਵਿਸ਼ੇਸ਼ ਕਿਸਮ ਦੇ ਰੇਸ਼ਮੀ ਰੁਮਾਲ ਤਿਆਰ ਕੀਤੇ ਗਏ, ਜਿਨ੍ਹਾਂ ਉਤੇ ਨਕਸ਼ੇ ਛਪੇ ਹੋਏ ਸਨ ਇਹ ਰੁਮਾਲ ਹੌਲੇ, ਵਾਟਰ ਪਰੂਫ ਤੇ ਮਜ਼ਬੂਤ ਹੁੰਦੇ ਸਨ ਜੋ ਛੇਤੀ ਕੀਤੇ ਪਾਟਦੇ ਨਹੀਂ ਸਨ।
ਰੁਮਾਲ ਸਾਡੇ ਰੋਜ਼ਾਨਾ ਜੀਵਨ ਵਿਚ ਕੰਮ ਆਉਣ ਵਾਲੀ ਮਹੱਤਵਪੂਰਨ ਵਸਤੂ ਹੈ। ਲੋੜ ਸਮੇਂ ਇਸ ਨੂੰ ਅਨੇਕਾਂ ਕੰਮਾਂ ਲਈ ਵਰਤ ਲਿਆ ਜਾਂਦਾ ਹੈ। ਜੇ ਹਨ੍ਹੇਰੀ ਵਗਦੀ ਹੋਵੇ ਤਾਂ ਮਿੱਟੀ ਘੱਟੇ ਤੋਂ ਬਚਣ ਲਈ ਰੁਮਾਲ ਨੂੰ ਨੱਕ ‘ਤੇ ਬੰਨ੍ਹ ਲਿਆ ਜਾਂਦਾ ਹੈ। ਗਰਮੀ ਦੀ ਰੁੱਤ ਵਿਚ ਧੌਣ ਨੂੰ ਧੁੱਪ ਦੇ ਪਰਕੋਪ ਤੋਂ ਬਚਾਉਣ ਲਈ ਧੌਣਦੇ ਦੁਆਲੇ ਲਪੇਟਿਆ ਜਾ ਸਕਦਾ ਹੈ। ਤੇਜ਼ ਹਵਾ ਵਗਦੀ ਹੋਵੇ ਤਾਂ ਸਿਰ ‘ਤੇ ਲਈ ਹੋਈ ਟੋਪੀ ਜਾਂ ਪੱਗ ਨੂੰ ਉਡਣ ਤੋਂ ਬਚਾਉਣ ਲਈ ਇਸਦੇ ਉਪਰ ਦੀ ਬੰਨ੍ਹ ਲਿਆ ਜਾਂਦਾ ਹੈ। ਪਸੀਨੇ ਜਾਂ ਵਗਦੇ ਨੱਕ ਨੂੰ ਸਾਫ ਕਰਨ ਦੇ ਕੰਮ ਆਉਂਦਾ ਹੈ। ਛੋਟੇ ਮੋਟੇ ਜ਼ਖਮਾਂ ‘ਤੇ ਪੱਟੀ ਦੇ ਤੌਰ ‘ਤੇ ਬੰਨ੍ਹ ਸਕਦੇ ਹਾਂ। ਧਾਰਮਿਕ ਸਥਾਨਾਂ ‘ਤੇ ਜਾਣ ਸਮੇਂ ਨੰਗੇ ਸਿਰ ਨੂੰ ਢੱਕਣ ਲਈ ਵਰਤਿਆ ਜਾਂਦਾ ਹੈ। ਲੋੜ ਪੈਣ ‘ਤੇ ਰੁਮਾਲ ਨਾਲ ਜੁੱਤੀਆਂ ਅਤੇ ਹਥਿਆਰ ਸਾਫ ਕੀਤੇ ਜਾ ਸਕਦੇ ਹਨ। ਪਾਣੀ ਨੂੰ ਪੁਣ ਕੇ ਪੀਣ ਦੇ ਕੰਮ ਆਉਂਦਾ ਹੈ। ਗਰਮ ਚੀਜ਼ ਨੂੰ ਫੜਨ ਸਮੇਂ ਵੀ ਰੁਮਾਲ ਕੰਮ ਆਉਂਦਾ ਹੈ।
ਅੱਜ ਕੱਲ੍ਹ ਕੱਪੜੇ ਦੇ ਰੁਮਾਲ ਨੂੰ ਵਰਤਣਾ ਪੁਰਾਣਾ ਫੈਸ਼ਨ ਤੇ ਸਫਾਈ ਪੱਖੋਂ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਹੁਣ ਕੱਪੜੇ ਦੇ ਰੁਮਾਲ ਦੀ ਥਾਂ ਇਕ ਵਾਰ ਵਰਤ ਕੇ ਸੁੱਟੇ ਜਾਣ ਵਾਲੇ ਕਾਗਜ਼ ਦੇ ਨਰਮ, ਮੁਲਾਇਮ, ਕੂਲੇ ਰੁਮਾਲ ਵਰਤਣ ਦਾ ਰਿਵਾਜ਼ ਜ਼ੋਰ ਫੜਦਾ ਜਾ ਰਿਹਾ ਹੈ, ਜਿਨ੍ਹਾਂ ਨੂੰ ਜੇਬ ਜਾਂ ਪਰਸ ਵਿਚ ਰੱਖਿਆ ਜਾਂਦਾ ਹੈ। ਇਨ੍ਹਾਂ ਰੁਮਾਲਾਂ ਨੂੰ ਸਿਰਫ ਇਕ ਵਾਰ ਹੀ ਵਰਤਿਆ ਜਾ ਸਕਦਾ ਹੈ ਜਦੋਂ ਕਿ ਕੱਪੜੇ ਦੇ ਰੁਮਾਲਾਂ ਨੂੰ ਧੋ ਕੇ ਵਾਰ-ਵਾਰ ਵਰਤਿਆ ਜਾ ਸਕਦਾ ਹੈ।
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …