Breaking News
Home / ਰੈਗੂਲਰ ਕਾਲਮ / ਭਾਰਤ-ਪਾਕਿ ਜੰਗਂ1965

ਭਾਰਤ-ਪਾਕਿ ਜੰਗਂ1965

ਜਰਨੈਲ ਸਿੰਘ
ਕਿਸ਼ਤ 15ਵੀਂ
ਪਹਿਲੀ ਸਤੰਬਰ ਨੂੰ ਜੰਗ ਛਿੜ ਪਈ। ਸਿਲੇਬਸ ਮੁੱਕਣ ‘ਤੇ ਫਾਈਨਲ ਟੈਸਟਹੋ ਗਏ… ਨਤੀਜਿਆਂ ਦੇ ਨਾਲ਼ ਹੀ ਬਦਲੀਆਂ ਸੁਣਾ ਦਿੱਤੀਆਂ ਗਈਆਂ। ਮੇਰੀ, ਮਨਜੀਤ ਤੇ ਹੋਰ ਕਈਆਂ ਦੀ ਬਦਲੀ ਆਗਰੇ ਦੀ ਹੋਈ। ਪੰਜਾਬ ਤੇ ਜੰਮੂ-ਕਸ਼ਮੀਰ ਜੰਗ ਦੇ ਮੁੱਖ ਖੇਤਰ ਹੋਣ ਕਰਕੇ ਬਹੁਤੀਆਂ ਬਦਲੀਆਂ ਉਸ ਪਾਸੇ ਦੇ ਹਵਾਈ ਅੱਡਿਆਂ ਦੀਆਂ ਹੋਈਆਂ। ਚੇਨਈ ਤੋਂ ਦਿੱਲੀ ਤੱਕ ਸਪੈਸ਼ਲ ਰੇਲਗੱਡੀ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ।
ਤਾਂਬਰਮ ਛੱਡਣ ਤੋਂ ਪਹਿਲਾਂ ਮੈਂ ਸਮੁੰਦਰ ਨੂੰ ਮਿਲਣ ਦਾ ਮਨ ਬਣਾਇਆ ਹੋਇਆ ਸੀ। ਇਕ ਦਿਨ ਜਦੋਂ ਦੋਸਤ ਨਿੱਕੀਆਂ-ਮੋਟੀਆਂ ਚੀਜ਼ਾਂ ਖ਼ਰੀਦਣ ‘ਚ ਬਿਜ਼ੀ ਸਨ, ਮੈਂ ਮਰੀਨਾ ਬੀਚ ‘ਤੇ ਚਲਾ ਗਿਆ। ਇਕਲਵਾਂਜੇ ਥਾਂ ਬੈਠ ਸਮੁੰਦਰ ਨਾਲ਼ ਇਕਮਿੱਕ ਹੋਇਆ, ਮੈਂ ਉਸਦੇ ਵਿਰਾਟ ਪਾਣੀ ਨੂੰ ਨਿਹਾਰਦਾ ਰਿਹਾ… ਤੇ ਫਿਰ ਮੇਰੇ ਅੰਦਰੋਂ ਕੁਝ ਇਸ ਤਰ੍ਹਾਂ ਦੇ ਸ਼ਬਦ ਉੱਭਰ ਪਏ, ”ਚੇਨਈ ‘ਚ ਹੋਰ ਵੀ ਕਈ ਕੁਝ ਚੰਗਾ ਲੱਗੈ ਪਰ ਸੱਜਣਾਂ! ਮੈਨੂੰ ਸਭ ਤੋਂ ਚੰਗਾ ਤੂੰ ਲੱਗਿਐਂ। ਤੂੰ ਚੇਨਈ ਦੀ ਸ਼ਾਨ ਹੈਂ, ਏਥੋਂ ਦੇ ਲੋਕਾਂ ਵਾਸਤੇ ਤੂੰ ਸਕੂਨ ਤੇ ਊਰਜਾ ਦਾ ਸੋਮਾ ਹੈਂ। ਇਹ ਸਕੂਨ ਤੇ ਊਰਜਾ ਮੈਨੂੰ ਵੀ ਮਿਲਦੇ ਰਹੇ ਹਨ। ਮੈਂ ਤੇਰਾ ਰਿਣੀ ਹਾਂ। ਅੱਜ ਤੈਨੂੰ ਆਖਰੀ ਵਾਰ ਮਿਲ਼ ਰਿਹਾਂ। ਤੈਨੂੰ ਹਮੇਸ਼ਾ ਯਾਦ ਰੱਖਾਂਗਾ। ਅਲਵਿਦਾ! ਮਿੱਤਰ ਪਿਆਰੇ।”
ਜੰਗ ਦੇ ਦਿਨਾਂ ਵਿਚ ਤਾਮਿਲ ਲੋਕਾਂ ਦਾ ਰਵੱਈਆ ਮੇਰੇ ਲਈ ਹੈਰਾਨੀ ਵਾਲ਼ਾ ਸੀ। ਉਹ ਆਪੋ ਆਪਣੇ ਕੰਮਾਂ ਵਿਚ ਇੰਜ ਮਸਤ ਸਨ ਜਿਵੇਂ ਚੱਲ ਰਹੀ ਭਾਰਤ-ਪਾਕਿ ਜੰਗ ਨਾਲ਼ ਉਨ੍ਹਾਂ ਦਾ ਕੋਈ ਸਰੋਕਾਰ ਹੀ ਨਾ ਹੋਵੇ। ਜੰਗ ਦੀ ਤਾਜ਼ਾ ਸਥਿਤੀ ਬਾਰੇ ਖ਼ਬਰਾਂ ਪੜ੍ਹਨ-ਸੁਣਨ ਦੀ ਪੰਜਾਬੀਆਂ ਵਾਲ਼ੀ ਉਤਸੁਕਤਾ ਕਿਧਰੇ ਵੀ ਨਜ਼ਰ ਨਹੀਂ ਸੀ ਆ ਰਹੀ। ਲੋਕਲ ਰੇਲਗੱਡੀਆਂ, ਬੱਸਾਂ, ਦੁਕਾਨਾਂ, ਕਾਫ਼ੀ ਹਾਊਸਾਂ ਅਤੇ ਹੋਰ ਜਨਤਕ ਥਾਵਾਂ ‘ਤੇ ਜੰਗ ਬਾਰੇ ਕੋਈ ਗੱਲ ਹੀ ਨਹੀਂ ਸੀ ਹੋ ਰਹੀ।
ਦਰਅਸਲ ਤਾਮਿਲਨਾਡੂ ਤੇ ਦੂਜੇ ਦੱਖਣੀ ਸੂਬੇ ਭਾਰਤ-ਪਾਕਿ ਬਾਰਡਰ ਤੋਂ ਤਕਰੀਬਨ ਢਾਈ ਹਜ਼ਾਰ ਕਿੱਲੋਮੀਟਰ ਦੂਰ ਹਨ। ਏਨੇ ਦੁਰਾਡੇ ਹੋਣ ਕਰਕੇ ਇਹ ਸੂਬੇ ਕਦੀ ਪਾਕਿਸਤਾਨ ਦੇ ਜ਼ਮੀਨੀ ਤੇ ਹਵਾਈ ਹਮਲਿਆਂ ਦੀ ਮਾਰ ਹੇਠ ਨਹੀਂ ਆਏ। ਜੰਗਾਂ ਨਾਲ਼ ਵਾਹ-ਵਾਸਤਾ ਨਾ ਪੈਣ ਕਰਕੇ, ਜੰਗ ਇਨ੍ਹਾਂ ਲੋਕਾਂ ਦੀ ਸਾਈਕੀ ਦਾ ਹਿੱਸਾ ਨਹੀਂ ਬਣੀ।
ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਮੁਢ-ਕਦੀਮ ਤੋਂ ਹੀ ਜੰਗਾਂ-ਯੁੱਧਾਂ ਦਾ ਖੇਤਰ ਬਣਦਾ ਰਿਹੈ। ਮੁਗਲਾਂ ਤੇ ਅੰਗ੍ਰੇਜ਼ਾਂ ਨਾਲ਼ ਭਿੜਦਿਆਂ ਉਹ ਸਿਰ-ਧੜ ਦੀਆਂ ਬਾਜ਼ੀਆਂ ਲਾ ਕੇ ਆਪਣੀ ਬਹਾਦਰੀ ਤੇ ਕੁਰਬਾਨੀ ਦੀਆਂ ਮਿਸਾਲਾਂ ਕਾਇਮ ਕਰਦੇ ਰਹੇ।
ਤੇ ਹੁਣ ਪਾਕਿਸਤਾਨ ਨਾਲ਼ ਚੱਲ ਰਹੀ ਜੰਗ ਦੀਆਂ ਖ਼ਬਰਾਂ ਤੋਂ ਪਤਾ ਲੱਗ ਰਿਹਾ ਸੀ ਕਿ ਪੰਜਾਬ ਦੇ ਲੋਕਾਂ ਨੇ, ਬਾਰਡਰ ਵੱਲ ਨੂੰ ਜਾ ਰਹੇ ਫੌਜੀਆਂ ਦੀ ਸੇਵਾ ਵਾਸਤੇ ਸੜਕਾਂ ‘ਤੇ ਰੋਟੀ ਅਤੇ ਚਾਹ-ਪਾਣੀ ਦੇ ਲੰਗਰ ਲਾਏ ਹੋਏ ਸਨ। ਗੱਲ ਸਿਰਫ਼ ਖਾਣ-ਪੀਣ ਦੀਆਂ ਵਸਤਾਂ ਦੀ ਨਹੀਂ ਹੁੰਦੀ, ਲੋਕਾਂ ਦੇ ਇਹ ਉਪਰਾਲੇ ਫੌਜੀਆਂ ਦਾ ਮਨੋਬਲ ਵਧਾਉਂਦੇ ਹਨ।
ਸਪੈਸ਼ਲ ਰੇਲ ਗੱਡੀ ਦਾ ਪ੍ਰਬੰਧ ਹੋ ਚੁੱਕਾ ਸੀ। ਸ਼ਾਇਦ ਸਤੰਬਰ ਦੀ 10 ਤਾਰੀਖ਼ ਸੀ। ਚੇਨਈ ਰੇਲਵੇ ਸਟੇਸ਼ਨ ‘ਤੇ ਅਸੀਂ ਆਪੋ-ਆਪਣਾ ਸਾਮਾਨ ਡੱਬਿਆਂ ਵਿਚ ਟਿਕਾ ਰਹੇ ਸਾਂ ਕਿ ਤਿੰਨ-ਚਾਰ ਪੰਜਾਬੀਆਂ ਨੇ ਆ ਕੇ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ। ਜਵਾਬ ਵਿਚ ਅਸੀਂ ਵੀ ਸਤਿ ਸ੍ਰੀ ਅਕਾਲ ਆਖੀ। ਉਹ ਸਾਨੂੰ ਚਾਹ ਪੀਣ ਦਾ ਸੱਦਾ ਦੇਣ ਆਏ ਸਨ। ਉਨ੍ਹਾਂ ਨੇ ਫੌਜੀਆਂ ਵਾਸਤੇ ਨਾਲ਼ ਵਾਲ਼ੇ ਪਲੈਟਫਾਰਮ ‘ਤੇ ਸਟਾਲ ਲਾਇਆ ਹੋਇਆ ਸੀ। ਮੈਂ ਉਨ੍ਹਾਂ ਨੂੰ- ਸਾਨੂੰ ਵਿਦਾ ਕਰਨ ਆਏ- ਟਰੇਨਿੰਗ ਸੈਂਟਰ ਦੇ ਅਧਿਕਾਰੀਆਂ ਕੋਲ਼ ਲੈ ਗਿਆ। ਅਧਿਕਾਰੀਆਂ ਨੇ ਸਾਰਿਆਂ ਨੂੰ ਸਟਾਲ ‘ਤੇ ਜਾਣ ਲਈ ਆਖ ਦਿੱਤਾ। ਵੀਹ-ਬਾਈ ਪੰਜਾਬੀ ਮਰਦ-ਔਰਤਾਂ ਸਟਾਲ ਚਲਾ ਰਹੇ ਸਨ। ਉਨ੍ਹਾਂ ਨੇ ਬੜੇ ਸਨੇਹ ਨਾਲ਼ ਹਵਾਈ ਸੈਨਿਕਾਂ ਦੀ ਚਾਹ, ਕੌਫੀ, ਬਿਸਕੁਟਾਂ ਤੇ ਫਲਾਂ ਨਾਲ਼ ਸੇਵਾ ਕੀਤੀ। ਅਧਿਕਾਰੀਆਂ ਨੇ ਤੇ ਅਸੀਂ ਵੀ ਉਨ੍ਹਾਂ ਦਾ ਧੰਨਵਾਦ ਕੀਤਾ। ਮਾਣ ਮਹਸਿੂਸ ਕਰਦਅਿਾਂ ਮੈਂ ਆਖਿਆ ਸੀ, ”ਇਹ ਹੈ ਫ਼ਰਕ ਪੰਜਾਬੀਆਂ ਦਾ ਭਾਰਤ ਦੇ ਹੋਰ ਲੋਕਾਂ ਨਾਲ਼ੋਂ… ।”
ਆਗਰਾ ਛਾਉਣੀ ਰੇਲਵੇ ਸਟੇਸ਼ਨ ‘ਤੇ ਸਾਡਾ ਨਿੱਘਾ ਸਵਾਗਤ ਹੋਇਆ। ਪਲੈਟਫਾਰਮ ‘ਤੇ ਖਲੋਤੇ ਕਾਲਜਾਂ-ਯੂਨੀਵਰਸਿਟੀਆਂ ਦੇ ਨੌਜਵਾਨਾਂ ਤੇ ਮੁਟਿਆਰਾਂ ਨੇ ”ਜੈ ਭਾਰਤ”, ”ਜੈ ਜਵਾਨ” ਦੇ ਨਾਅਰੇ ਬੁਲੰਦ ਕੀਤੇ। ਸਪੈਸ਼ਲ ਰੇਲਗੱਡੀ ਨੇ ਕੁਝ ਕੁ ਮਿੰਟ ਹੀ ਰੁਕਣਾ ਸੀ। ਜਿਸ ਕਰਕੇ ਅਗਾਂਹ ਜਾਣ ਵਾਲ਼ੇ ਸੈਨਿਕ ਗੱਡੀ ਵਿਚ ਹੀ ਰਹੇ। ਨੌਜਵਾਨ ਉਨ੍ਹਾਂ ਨੂੰ ਪਲੈਟਫਾਰਮ ਤੋਂ ਬਿਸਕੁਟਾਂ ਦੇ ਡੱਬੇ ਅਤੇ ਮੈਗਜ਼ੀਨ ਫੜਾਉਣ ਲੱਗ ਪਏ। ਮੁਟਿਆਰਾਂ ਨੇ ਸਾਡੇ ਗਰੁੱਪ ਦੇ ਹਰੇਕ ਹਵਾਈ ਸੈਨਿਕ ਦੇ ਮੱਥੇ ‘ਤੇ ਟਿੱਕਾ ਲਾਇਆ। ਏਅਰ ਫੋਰਸ ਸਟੇਸ਼ਨ ਦੇ ਅਧਿਕਾਰੀਆਂ ਤੇ ਆਗਰੇ ਦੇ ਕੁਝ ਪੱਤਵੰਤੇ ਸੱਜਣਾਂ ਨੇ ਸਾਡੇ ਨਾਲ਼ ਹੱਥ ਮਿਲਾਉਂਦਿਆਂ ‘ਵੈਲਕਮ’ ਆਖਿਆ ਤੇ ਸਾਨੂੰ ਖਾਣ-ਪੀਣ ਦੇ ਸਟਾਲ ‘ਤੇ ਲੈ ਗਏ।
ਆਗਰਾ ਏਅਰ ਫੋਰਸ ਸਟੇਸ਼ਨ ਉਦੋਂ ਬੰਬਰ ਬੇਸ ਸੀ। ਕੁਝ ਸੁਕਆਡਰਨ ਦੂਜੇ ਏਅਰ ਫੋਰਸ ਸਟੇਸ਼ਨਾਂ ਤੋਂ ਵੀ ਆਏ ਹੋਏ ਸਨ। ਟਰੇਨਿੰਗ ਸੈਂਟਰਾਂ ਤੋਂ ਸਾਡੇ ਵਾਂਗ ਤਕਨੀਸ਼ਨਾਂ ਦੇ ਹੋਰ ਗਰੁੱਪ ਵੀ ਆ ਰਹੇ ਸਨ। ਏਨੇ ਹਵਾਈ ਸੈਨਿਕਾਂ ਲਈ ਬੈਰਕਾਂ ‘ਚ ਜਗ੍ਹਾ ਨਹੀਂ ਸੀ। ਕਾਫ਼ੀ ਤੰਬੂ ਲਾਏ ਹੋਏ ਸਨ। ਮੈਂ ਤੇ ਮਨਜੀਤ ਨੇ ਵੀ ਇਕ ਤੰਬੂ ‘ਚ ਡੇਰਾ ਲਾ ਲਿਆ। ਸਾਡੀ ਬਦਲੀ ਆਗਰਾ ‘ਵਿੰਗ’ ਦੀ ਹੋਈ ਸੀ। ਮਨਜੀਤ ਤਾਂ ਵਿੰਗ ‘ਚ ਹੀ ਰਿਹਾ। ਮੇਰੀ ਬਦਲੀ ਅਗਾਂਹ ਨੰਬਰ 5 ਸੁਕਆਡਰਨ ‘ਚ ਹੋ ਗਈ। ਏਥੇ ਮੈਂ ਪਾਠਕਾਂ ਨੂੰ ਵਿੰਗ ਅਤੇ ਸੁਕਆਡਰਨ ਬਾਰੇ ਮੋਟੀ ਜਿਹੀ ਜਾਣਕਾਰੀ ਦੇ ਰਿਹਾਂ। ਆਮ ਤੌਰ ‘ਤੇ ਹਰ ਵੱਡਾ ਏਅਰ ਫੋਰਸ ਸਟੇਸ਼ਨ ਵਿੰਗ ਦਾ ਦਰਜਾ ਰੱਖਦਾ ਹੈ। ਹਰ ਵਿੰਗ ਦਾ ਨੰਬਰ ਹੁੰਦਾ ਹੈ। ਏਅਰ ਫੋਰਸ ਸਟੇਸ਼ਨ ‘ਚ ਸਥਿਤ ਸਾਰੇ ਸੁਕਆਡਰਨ ਵਿੰਗ ਦੀ ਕਮਾਂਡ ਹੇਠ ਹੁੰਦੇ ਹਨ, ਵਿੰਗ ਦਾ ਕਮਾਂਡੈਂਟ, ਜਿਸਨੂੰ ‘ਸਟੇਸ਼ਨ ਕਮਾਂਡਰ’ ਵੀ ਕਿਹਾ ਜਾਂਦੈ, ਸੁਕਆਡਰਨ ਦੇ ਕਮਾਂਡਰਾਂ ਨਾਲ਼ੋਂ ਵੱਡੇ ਰੈਂਕ ਦਾ ਹੁੰਦਾ ਹੈ। ਪਾਠਕਾਂ ਦੀ ਸਹੂਲਤ ਲਈ ਮੈਂ ‘ਏਅਰਫੋਰਸ ਸਟੇਸ਼ਨ’ ਨੂੰ ‘ਹਵਾਈ ਅੱਡਾ’ ਲਿਖਾਂਗਾ।
ਵਿੰਗ ‘ਚ ਜਹਾਜ਼ ਨਹੀਂ ਹੁੰਦੇ, ਸੁਕਆਡਰਨਾਂ ‘ਚ ਹੀ ਹੁੰਦੇ ਹਨ। ਜਹਾਜ਼ਾਂ ਦੀਆਂ ਮੁਰੰਮਤਾਂ ਅਤੇ ਪ੍ਰਬੰਧਕੀ ਕੰਮ-ਕਾਜ ਸੁਕਆਡਰਨ ਆਪਣੇ ਹਿਸਾਬ ਨਾਲ਼ ਚਲਾਉਂਦੇ ਹਨ। ਸੁਕਆਡਰਨਾਂ ਨੂੰ ਲੋੜੀਂਦੀਆਂ ਸੇਵਾਵਾਂ ਵਿੰਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਸੇਵਾਵਾਂ ਵਾਸਤੇ, ਵਿੰਗ ਦੇ ਕੰਟਰੋਲ ਹੇਠ ਸੈਕਸ਼ਨ ਬਣੇ ਹੁੰਦੇ ਹਨ ਜਿਵੇਂ ਜਹਾਜ਼ਾਂ ਲਈ ਫਿਊਲ ਸਪਲਾਈ ਕਰਨ ਵਾਸਤੇ ‘ਰੀਫਿਊਲਿੰਗ ਸੈਕਸ਼ਨ’, ਅੱਗ ਦੇ ਹਾਦਸਿਆਂ ‘ਤੇ ਕਾਬੂ ਪਾਉਣ ਲਈ ‘ਫਾਇਰ ਸੈਕਸ਼ਨ’, ਜਹਾਜ਼ਾਂ ਦੇ ਟਰੈਫਿਕ ਨੂੰ ਕੰਟਰੋਲ ਕਰਨ ਲਈ ‘ਫਲਾਈਂਗ ਕੰਟਰੋਲ ਟਾਵਰ’ ਆਦਿ।
ਸਾਡਾ ਸੁਕਆਡਰਨ, ਕੈਨਬਰਾ B-58 ਮੀਡੀਅਮ ਬੰਬਰ ਜਹਾਜ਼ਾਂ ਦਾ ਸੁਕਆਡਰਨ ਸੀ। ਇਸ ਜਹਾਜ਼ ਵਿਚ ਦੋ ਜੈੱਟ ਇੰਜਣ ਹੁੰਦੇ ਸਨ। ਪਾਇਲਟ ਨਾਲ਼ ਨੇਵੀਗੇਟਰ ਵੀ ਉੱਡਦਾ ਸੀ। ਜਹਾਜ਼ ਵਿਚ ਵੱਖ-ਵੱਖ ਸਾਈਜ਼ਾਂ ਦੇ ਬੰਬ ਫਿੱਟ ਕੀਤੇ ਜਾ ਸਕਦੇ ਸਨ, ਜਿਨ੍ਹਾਂ ਦੇ ਕੁਲ ਭਾਰ ਦੀ ਸੀਮਾਂ 8000 ਪੌਂਡ ਸੀ। ਗੋਲ਼ੀਬਾਰੀ ਕਰਨ ਲਈ ਚਾਰ ਗੰਨਾਂ ਫਿੱਟ ਸਨ। ਟੈਂਕਾਂ ਅਤੇ ਸਖਤ ਮੈਟੀਰੀਅਲ ਦੇ ਹੋਰ ਟਾਰਗਿਟਾਂ ਨੂੰ ਫੁੰਡਣ ਲਈ ਰਾਕਟ ਵੀ ਲੋਡ ਕੀਤੇ ਜਾ ਸਕਦੇ ਸਨ। ਬਾਰੂਦ ਦਾ ਐਨਾ ਲੋਡ ਲੈ ਕੇ ਇਹ ਜਹਾਜ਼ ਦੁਸ਼ਮਣ ਦੇ ਦੁਰਾਡੇ ਟਿਕਾਣਿਆਂ ‘ਤੇ ਮਾਰ ਕਰਨ ਲਈ ਕਰੀਬ ਤਿੰਨ ਘੰਟੇ ਲਗਾਤਾਰ ਉੱਡ ਸਕਦਾ ਸੀ। ਕੈਨਬਰਾ ਦੀ ਉਡਣ-ਉਚਾਈ 60,000 ਫੁੱਟ ਤੱਕ ਸੀ। ਏਨੀ ਉਚਾਈ ‘ਤੇ ਜਾ ਕੇ ਇਹ ਜਹਾਜ਼ ਆਪਣੇ ਸ਼ਕਤੀਸ਼ਾਲੀ ਕੈਮਰਿਆਂ ਨਾਲ਼ ਦੁਸ਼ਮਣ ਦੇ ਫੌਜੀ ਟਿਕਾਣਿਆਂ ਦੀ ਗੁਪਤ ਫੋਟੋਗ੍ਰਾਫੀ ਕਰ ਸਕਦਾ ਸੀ।
ਉਦੋਂ ਪਾਕਿਸਤਾਨ ‘ਚ ਜਨਰਲ ਆਯੂਬ ਖਾਂ ਦੀ ਫੌਜੀ ਸਰਕਾਰ ਸੀ। ਉਸ ਸਰਕਾਰ ਨੂੰ ਆਪਣੀ ਫੌਜੀ ਸ਼ਕਤੀ ਦਾ ਹੰਕਾਰ ਹੋ ਗਿਆ। ਹੰਕਾਰ ਦੇ ਦੋ ਕਾਰਨ ਸਨ।
(1) ਪਾਕਿਸਤਾਨ ਕੋਲ਼ ਅਮਰੀਕਾ ਦੇ ਬਣੇ ਪੈਟਨ ਟੈਂਕ ਅਤੇ ਸੈਬਰੇ ਜੈੱਟ??ਸਟਾਰਫਾਈਟਰ ਜਹਾਜ਼ ਸਨ, ਜੋ ਭਾਰਤ ਦੇ ਮੁਕਾਬਲੇ ਨਵੇਂ ਸਨ।
(2) ਯੁੱਧ-ਕਲਾ ਦੇ ਪੱਖ ਤੋਂ ਪਾਕਿਸਤਾਨੀ ਫੌਜ ਆਪਣੇ ਆਪ ਨੂੰ ਭਾਰਤੀ ਫੌਜ ਨਾਲ਼ੋਂ ਵਧੇਰੇ ਨਿਪੁੰਨ ਸਮਝਦੀ ਸੀ। ਇਹ ਧਾਰਨਾ ਤਿੰਨ ਸਾਲ ਪਹਿਲਾਂ ਹੋਈ ਭਾਰਤ-ਚੀਨ ਜੰਗ ਦੇ ਆਧਾਰ ‘ਤੇ ਬਣੀ ਸੀ।
ਫੌਜੀ ਸ਼ਕਤੀ ਦੇ ਇਸ ਗੁਮਾਨ ਵਿਚ ਪਾਕਿਸਤਾਨ ਨੇ ਕਸ਼ਮੀਰ ‘ਤੇ ਕਬਜਾ ਕਰਨ ਦੀ ਪਲਾਨ ਬਣਾ ਕੇ ਜੰਗ ਛੇੜ ਦਿੱਤੀ। ਇਸ ਜੰਗ ਵਿਚ ਫੌਜਾਂ ਦੇ ਭੇੜ ਤਾਂ ਕਈ ਥਾਵਾਂ ‘ਤੇ ਹੋਏ ਪਰ ਘਮਸਾਨ ਦੀਆਂ ਲੜਾਈਆਂ ਹੇਠ ਲਿਖੇ ਤਿੰਨ ਸੈਕਟਰਾਂ ‘ਚ ਹੋਈਆਂ:
(1) ਛੰਭ ਸੈਕਟਰ: ਪਾਕਿਸਤਾਨ ਦਾ ਪਹਿਲਾ ਵੱਡਾ ਐਕਸ਼ਨ ‘ਅਪਰੇਸ਼ਨ ਗਰੈਂਡਸਲੈਮ’ (ਉੱਤਮ ਤਰੀਕੇ ਨਾਲ਼ ਪਟਕਾ ਕੇ ਮਾਰਨ ਵਾਲ਼ਾ ਅਪਰੇਸ਼ਨ) ਸੀ। ਪਾਕਿਸਤਾਨੀ ਫੌਜਾਂ ਨੇ 1 ਸਤੰਬਰ, 1965 ਨੂੰ ਟੈਂਕਾਂ-ਤੋਪਾਂ ਦੀ ਵੱਡੀ ਸੰਖਿਆ ਨਾਲ਼ ਹਮਲਾ ਕਰ ਦਿੱਤਾ। ਮਕਸਦ ਜੰਮੂ ਏਰੀਏ ਦੇ ਕਸਬੇ ‘ਅਖਨੂਰ’ ‘ਤੇ ਕਬਜ਼ਾ ਕਰਕੇ ਕਸ਼ਮੀਰ ਦੀ ਸਪਲਾਈ-ਲਾਈਨ ਕੱਟਣ ਦਾ ਸੀ। ਇਸ ਅਚਨਚੇਤੀ ਹਮਲੇ ਲਈ ਭਾਰਤ ਤਿਆਰ ਨਹੀਂ ਸੀ। ਜਿਹੜੀ ਥੋੜ੍ਹੀ ਕੁ ਫੌਜ ਓਥੇ ਸੀ, ਉਸਦਾ ਕਾਫ਼ੀ ਨੁਕਸਾਨ ਹੋਇਆ। ਦੁਸ਼ਮਣ ਨੂੰ ਠੱਲ੍ਹ ਹਵਾਈ ਹਮਲਿਆਂ ਨਾਲ਼ ਹੀ ਪਾਈ ਜਾ ਸਕਦੀ ਸੀ। ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਹਵਾਈ ਸੈਨਾ ਦੇ ਚੀਫ ਏਅਰ ਮਾਰਸ਼ਲ ਅਰਜਨ ਸਿੰਘ ਨੂੰ ‘ਬਾਦਲੋਂ ਕੀ ਤਰਹ ਛਾ ਜਾਓ’ ਦਾ ਆਦੇਸ਼ ਦੇ ਦਿੱਤਾ। ਭਾਰਤ ਦੇ ਵੈਂਪਾਇਰ, ਨੈਟ, ਹੰਟਰ ਤੇ ਮਿਸਟੀਅਰ ਜਹਾਜਾਂ ਨੇ ਆਕਾਸ਼ ਮੱਲ ਲਿਆ। ਜਵਾਬ ਵਿਚ ਪਾਕਿਸਤਾਨੀ ਸੈਬਰੇ ਤੇF-104 ਸਟਾਰ ਫਾਈਟਰ ਵੀ ਆ ਧਮਕੇ। ਭਾਰਤੀ ਪਾਇਲਟਾਂ ਲਈ ਇਹ ਦੋਹਰਾ ਕਾਰਜ ਸੀ, ਦੁਸ਼ਮਣ ਦੇ ਟੈਂਕ ਭੰਨਣੇ ਅਤੇ ਨਾਲ਼ ਦੀ ਨਾਲ਼ ਹਮਲਾਵਰ ਜਹਾਜ਼ਾਂ ਨਾਲ਼ ਭਿੜਨਾ। ਡੌਗ ਫਾਈਟਾਂ (ਜਹਾਜ਼ਾਂ ਦੀਆਂ ਆਕਾਸ਼ ਵਿਚ ਲੜਾਈਆਂ) ਵਿਚ ਭਰਤੀ ਨੈਟ ਅਮਰੀਕਾ ਦੇ ਬਣੇ ਆਹਲਾ ਸੈਬਰਿਆਂ ‘ਤੇ ਹਾਵੀ ਹੋ ਗਏ… ਪਾਕਿਸਤਾਨ ਦਾ ਇਹ ਅਪਰੇਸ਼ਨ ਫਿਹਲ ਹੋ ਗਿਆ।
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …