9.8 C
Toronto
Wednesday, April 29, 2026
spot_img
Homeਰੈਗੂਲਰ ਕਾਲਮਛਿੰਦਾ ਛੱਡ ਸੰਸਾਰ ਤੁਰ ਗਿਆ

ਛਿੰਦਾ ਛੱਡ ਸੰਸਾਰ ਤੁਰ ਗਿਆ

ਛਿੰਦਾ ਛੱਡ ਸੰਸਾਰ ਤੁਰ ਗਿਆ
ਯਾਰਾਂ ਦਾ ਇੱਕ ਯਾਰ ਤੁਰ ਗਿਆ।
ਛਿੰਦਾ ਛੱਡ ਸੰਸਾਰ ਤੁਰ ਗਿਆ।
ਦੁਨੀਆਂ ਤੇ ਨਾਂਅ ਚਮਕਾਇਆ ਜਿਸਨੇ।
ਹਿੱਕ ਦੇ ਜ਼ੋਰ ਨਾਲ ਗਾਇਆ ਜਿਸਨੇ।
ਮਾਣਮੱਤਾ ਫ਼ੰਨਕਾਰ ਤੁਰ ਗਿਆ।
ਛਿੰਦਾ ਛੱਡ ਸੰਸਾਰ ਤੁਰ ਗਿਆ।
ਫਿਲਮਾਂ ਵਿੱਚ ਵੀ ਰੋਲ ਨਿਭਾਏ।
ਲੋਕਾਂ ਨੂੰ ਪਸੰਦ ਵੀ ਆਏ।
ਕਰਕੇ ਕੰਮ ਸ਼ਾਨਦਾਰ ਤੁਰ ਗਿਆ।
ਛਿੰਦਾ ਛੱਡ ਸੰਸਾਰ ਤੁਰ ਗਿਆ।
ਉੱਚੇ ਸੁਰਾਂ ‘ਚ ਕਲੀਆਂ ਗਾਉਂਦਾ।
ਅਖਾੜਿਆਂ ਦਾ ਵੀ ਧਨੀ ਕਹਾਉਂਦਾ।
ਜੀਊਣਾ ਮੌੜ ਸਰਦਾਰ ਤੁਰ ਗਿਆ।
ਛਿੰਦਾ ਛੱਡ ਸੰਸਾਰ ਤੁਰ ਗਿਆ।
ਚਾਲੀ ਸਾਲ ਤੋਂ ਵੱਧ ਹੀ ਗਾਇਆ।
ਭੰਵਰਾ ਜੀ ਉਸਤਾਦ ਬਣਾਇਆ।
ਬੋਲੀ ਨੂੰ ਕਰ ਪਿਆਰ ਤੁਰ ਗਿਆ।
ਛਿੰਦਾ ਛੱਡ ਸੰਸਾਰ ਤੁਰ ਗਿਆ।
ਲੱਚਰ ਨਾ ਕਦੇ ਗਾਇਆ ਉਸਨੇ।
ਕਿੱਸਾ-ਕਾਵਿ ਸੁਣਾਇਆ ਉਸਨੇ।
ਦੇ ਕੇ ਕਈ ਸ਼ਾਹਕਾਰ ਤੁਰ ਗਿਆ।
ਛਿੰਦਾ ਛੱਡ ਸੰਸਾਰ ਤੁਰ ਗਿਆ।
ਮਹਿਫ਼ਿਲ ਦੀ ਉਹ ਸ਼ਾਨ ਸੀ ਹੁੰਦਾ।
ਵੱਖਰਾ ਅੰਦਾਜ਼ੇ ਬਿਆਨ ਸੀ ਹੁੰਦਾ।
ਹਾਸਿਆਂ ਦੀ ਛਣਕਾਰ ਤੁਰ ਗਿਆ।
ਛਿੰਦਾ ਛੱਡ ਸੰਸਾਰ ਤੁਰ ਗਿਆ।
ਕੇਹਾ ਕਹਿਰ ਕਮਾ ਗਈ ਹੋਣੀ।
ਸੱਥਰ ਘਰ ‘ਚ ਵਿਛਾ ਗਈ ਹੋਣੀ।
ਫੋਟੋ ‘ਤੇ ਪਾ ਹਾਰ ਤੁਰ ਗਿਆ।
ਛਿੰਦਾ ਛੱਡ ਸੰਸਾਰ ਤੁਰ ਗਿਆ।
ਵਾਰ ਵਾਰ ਨਾ ਜੱਗ ‘ਤੇ ਆਉਣਾ।
ਉਸ ਵਾਂਙ ‘ਸੁਲੱਖਣਾ’ ਕੀਹਨੇ ਗਾਉਣਾ।
ਸੁਰਾਂ ਦਾ ਸ਼ਾਹ ਅਸਵਾਰ ਤੁਰ ਗਿਆ।
ਛਿੰਦਾ ਛੱਡ ਸੰਸਾਰ ਤੁਰ ਗਿਆ।

 

RELATED ARTICLES
POPULAR POSTS