Breaking News
Home / ਰੈਗੂਲਰ ਕਾਲਮ / ਇੰਮੀਗ੍ਰਾਂਟਾਂ ਦੇ ਦੇਸ਼ ਕੈਨੇਡਾ ਵਿਚ

ਇੰਮੀਗ੍ਰਾਂਟਾਂ ਦੇ ਦੇਸ਼ ਕੈਨੇਡਾ ਵਿਚ

ਜਰਨੈਲ ਸਿੰਘ
(ਕਿਸ਼ਤ 6)
8 ਸਤੰਬਰ ਨੂੰ ਮੈਂ ਟਰਾਂਟੋ ਪਹੁੰਚ ਗਿਆ। ਸਾਂਢੂ-ਸਾਲ਼ੀ ਗਰੇਟਰ ਟਰਾਂਟੋ ਦੇ ਸ਼ਹਿਰ ਵੌਨ (Vaughan) ‘ਚ ਰਹਿੰਦੇ ਸਨ। ਰਣਜੀਤ ਸਿੰਘ ਕਰੇਨ ਓਪਰੇਟਰ ਸੀ ਤੇ ਗੁਰਸ਼ਰਨ ਕੌਰ ਫਰਨੀਚਰ ਫੈਕਟਰੀ ‘ਚ ਜੌਬ ਕਰਦੀ ਸੀ। ਉਨ੍ਹਾਂ ਦਾ ਵੱਡਾ ਲੜਕਾ ਯੂਨੀਵਰਸਟੀ ‘ਚ ਪੜ੍ਹਦਾ ਸੀ ਤੇ ਛੋਟਾ ਹਾਈ ਸਕੂਲ ‘ਚ। ਪਰਿਵਾਰ ਚੰਗਾ ਜੀਵਨ ਬਤੀਤ ਕਰ ਰਿਹਾ ਸੀ।
ਗਰੇਟਰ ਟਰਾਂਟੋ ‘ਚ ਹੋਰ ਵੀ ਰਿਸ਼ਤੇਦਾਰ ਸਨ। ਕੁਲਵੰਤ ਦੀ ਭੂਆ ਦਾ ਪੁੱਤ ਸੁਖਜੀਤ ਸਿੰਘ ਨਰਵਾਲ (ਐਕਸ ਏਅਰ ਫੋਰਸ), ਤਾਏ ਦਾ ਪੁੱਤ ਕਰਨਲ ਜੋਗਿੰਦਰ ਸਿੰਘ ਖਹਿਰਾ ਅਤੇ ਸਾਡੀ ਬੀਬੀ ਦੇ ਚਚੇਰੇ ਭਰਾ ਦਾ ਪੁੱਤ ਸੁਰਿੰਦਰਪਾਲ ਸਿੰਘ ਪੰਨੂੰ।
ਮੈਂ ਐਮਨਿਸਟੀ ਬਾਰੇ ਜਾਣਨ ਲਈ ਉਤਸਕ ਸਾਂ। ਰਣਜੀਤ ਨਾਲ਼ ਗੱਲ ਛੇੜੀ। ਉਹ ਦੱਸਣ ਲੱਗ ਪਿਆ “ਕੈਨੇਡਾ ਸਰਕਾਰ ਪਹਿਲੀ ਜਨਵਰੀ 1989 ਤੋਂ ਇੰਮੀਗਰੇਸ਼ਨ ਕਾਨੂੰਨਾਂ ਵਿਚ ਕੁਝ ਤਬਦੀਲੀਆਂ ਕਰਨ ਜਾ ਰਹੀ ਆ। ਸੋਧਿਆ ਹੋਇਆ ਕਾਨੂੰਨ ਕੈਨੇਡਾ ‘ਚ ਪਹਿਲਾਂ ਰਹਿੰਦੇ ਕੱਚੇ ਲੋਕਾਂ ‘ਤੇ ਲਾਗੂ ਨਹੀਂ ਹੋ ਸਕਦਾ। ਸੋ ਅੰਦਾਜ਼ਾ ਇਹ ਆ ਕਿ ਸੋਧੇ ਹੋਏ ਕਾਨੂੰਨ ਨੂੰ ਅਮਲ ਵਿਚ ਲਿਆਉਣ ਤੋਂ ਪਹਿਲਾਂ, ਸਰਕਾਰ ਕੱਚੇ ਲੋਕਾਂ ਵਾਲ਼ਾ ਖਾਤਾ ਪੱਧਰਾ ਕਰਨ ਲਈ ਐਮਨਿਸਟੀ ਦਾ ਐਲਾਨ ਕਰੇਗੀ। ਤੁਸੀਂ ਰਫਿਊਜੀ ਸਟੈਟਸ ਲਈ ਅਪਲਾਈ ਕਰ ਦਿਓ।”
“ਰਣਜੀਤ ਜੀ! ਜਦ ਮੇਰੀ ਕੋਈ ਪੁਲਿਟੀਕਲ ਪਰੌਬਲਮ ਹੈ ਈ ਨਹੀਂ, ਰਫਿਊਜੀ ਕੇਸ ਮੈਂ ਕਿਵੇਂ ਪਾ ਦੇਵਾਂ।” ਮੈਂ ਖਦਸ਼ਾ ਜ਼ਹਿਰ ਕੀਤਾ।
“ਕੈਨੇਡਾ ਦਾ ਐਟਿਚਿਊਡ ਨਰਮੀ ਵਾਲ਼ਾ ਹੁੰਦਾ ਆ। ਏਥੇ ਬਹੁਤੇ ਇੰਮੀਗਰਾਂਟ ਰਫਿਊਜੀ ਕੇਸਾਂ ਰਾਹੀਂ ਪੱਕੇ ਹੋਇਓ ਆ। ਅਸਲ ਗੱਲ ਤਾਂ ਇਹ ਹੈ ਕਿ ਇਸ ਵਕਤ ਕੈਨੇਡਾ ਦੀ ਇਕਾਨਮੀ ਹੌਟ ਆ। ਜੌਬਾਂ ਬਹੁਤ ਆ। ਇਨ੍ਹਾਂ ਨੂੰ ਬੰਦੇ ਚਾਹੀਦੇ ਆ।” ਇੰਡੀਆ ‘ਚ ਮੇਰੀ ਨੌਕਰੀ ਤਾਂ ਹੈਗੀ ਸੀ ਪਰ ਓਥੇ ਬੱਚਿਆਂ ਦਾ ਭਵਿੱਖ ਠੀਕ ਨਹੀਂ ਸੀ ਲੱਗ ਰਿਹਾ। ਮੇਰੀ ਪਤਨੀ ਤੇ ਭਰਾਵਾਂ ਦੇ ਮਨਾਂ ‘ਚ ਵੀ ਇਹੀ ਸੀ ਕਿ ਚੰਗੇਰੇ ਭਵਿੱਖ ਲਈ ਕੈਨੇਡਾ ਜਾਂ ਅਮਰੀਕਾ ‘ਚ ਜੜ੍ਹਾਂ ਲਾਈਆਂ ਜਾਣ। ਸੋ ਮੈਂ ਅਪਲਾਈ ਕਰ ਦਿੱਤਾ।
ਕੈਨੇਡਾ ਨਾਲ਼ ਵਾਕਫੀਅਤ : ਜਿਸ ਦੇਸ਼ ‘ਚ ਰਹਿਣ ਲਈ ਕਦਮ ਚੁੱਕਿਆ, ਉਸ ਬਾਰੇ ਜਾਣਕਾਰੀ ਹਾਸਲ ਕਰਨੀ ਜ਼ਰੂਰੀ ਸੀ। ਮੈਂ ਰਣਜੀਤ ਤੋਂ ਕਿਤਾਬਾਂ ਮੰਗਵਾ ਲਈਆਂ ਤੇ ਨਿੱਠ ਕੇ ਪੜ੍ਹੀਆਂ। ਕੈਨੇਡਾ ਦਾ ਢਾਂਚਾ ਮੈਨੂੰ ਵਧੀਆ ਲੱਗਾ। ਮੋਟੇ ਤੌਰ ‘ਤੇ ਕੁਝ ਜਾਣਕਾਰੀ ਪਾਠਕਾਂ ਨਾਲ਼ ਸਾਂਝੀ ਕਰ ਰਿਹਾਂ:
ਕੈਨੇਡਾ ਖੇਤਰਫਲ ਦੇ ਹਿਸਾਬ ਨਾਲ਼ ਦੁਨੀਆਂ ਦਾ ਸਭ ਤੋਂ ਵੱਡਾ ਦੂਜਾ ਦੇਸ਼ ਹੈ। ਦੱਖਣ ਵਿਚ ਕੈਨੇਡਾ ਦਾ ਅਮਰੀਕਾ ਨਾਲ਼ ਲਗਦਾ ਬਾਰਡਰ ਦੁਨੀਆਂ ਦਾ ਸਭ ਤੋਂ ਲੰਮਾ ਬਾਰਡਰ ਹੈ। ਦਿਲਚਸਪ ਗੱਲ ਇਹ ਹੈ ਕਿ 8891 ਕਿਲੋਮੀਟਰ ਲੰਮੇ ਇਸ ਬਾਰਡਰ ‘ਤੇ ਫੌਜੀਆਂ ਦਾ ਕੋਈ ਪਹਿਰਾ ਨਹੀਂ।
ਕੈਨੇਡਾ ਦੇ 10 ਸੂਬੇ (ਪਰੋਵਿੰਸ) ਤੇ ਤਿੰਨ ਟੈਰਿਟਰੀ ਹਨ। ਰਾਜਧਾਨੀ ਓਟਵਾ ਹੈ। ਉਨਟੇਰੀਓ, ਬ੍ਰਿਟਿਸ਼ ਕੋਲੰਬੀਆ ਤੇ ਕਿਉਬੈੱਕ ਵੱਧ ਵਸੋਂ ਵਾਲ਼ੇ ਸੂਬੇ ਹਨ। ਟਰਾਂਟੋ, ਮਾਂਟਰੀਆਲ ਤੇ ਵੈਨਕੂਵਰ ਮਹਾਂਨਗਰ ਹਨ।
ਕੈਨੇਡਾ ਦੇ ਮੁਢਲੇ ਵਸਨੀਕ : ਕੈਨੇਡਾ ਅਸਲ ਵਿਚ ਨੇਟਿਵ ਲੋਕਾਂ ਦਾ ਦੇਸ਼ ਹੈ। ਨੇਟਿਵ ਅਮਰੀਕਾ ਵਿਚ ਵੀ ਹਨ। ਉੱਤਰੀ ਅਮਰੀਕਾ ਦੇ ਮੁਢਲੇ ਬਾਸ਼ਿੰਦੇ ਹੋਣ ਕਰਕੇ ਇਨ੍ਹਾਂ ਬਾਰੇ ਜਾਣਨ ਲਈ ਮੇਰੀ ਵਿਸ਼ੇਸ਼ ਜਿਗਿਆਸਾ ਸੀ। ਨੇਟਿਵਾਂ ਲਈ ਵਰਤੇ ਜਾਂਦੇ ਹੋਰ ਨਾਂ ਇਹ ਹਨ: ਇੰਡੀਅਨ, ਰੈੱਡ ਇੰਡੀਅਨ, ਐਬਔਰਿਜਨਲ (Aboriginal), ਫਸਟ ਨੇਸ਼ਨਜ਼ (FirstNations) ਤੇ ਇੰਡੀਜੀਨਸ (Indigenous)
ਇਨ੍ਹਾਂ ਨਾਵਾਂ ਨਾਲ਼ ਸੰਬੰਧਿਤ ਹਵਾਲੇ: ਇੰਡੀਅਨ: ਸੰਨ 1472 ਵਿਚ ਨਵੇਂ ਦੇਸ਼ਾਂ ਨੂੰ ਲੱਭਣ ਵਾਲ਼ਾ ਇਟਾਲੀਅਨ ਖੋਜੀ ਕਰਿਸਟੋਫਰ ਕੋਲੰਬਸ ਆਪਣੇ ਨਾਲ਼ ਕੁਝ ਹੋਰ ਮਲਾਹ ਲੈ ਕੇ, ਤਿਜਾਰਤੀ ਮੰਤਵ ਲਈ, ਭਾਰਤ ਨੂੰ ਲੱਭਣ ਨਿਕਲ਼ਿਆ ਸੀ ਪਰ ਭੁਲੇਖੇ ਨਾਲ਼ ਅਮਰੀਕਾ ਪਹੁੰਚ ਗਿਆ। ਆਪਣੇ ਆਪ ਨੂੰ ਭਾਰਤ ‘ਚ ਸਮਝਦਿਆਂ, ਉਸਨੇ ਅਮਰੀਕਨ ਨੇਟਿਵਾਂ ਨੂੰ ‘ਇੰਡੀਅਨ’ ਨਾਂ ਨਾਲ਼ ਸੰਬੋਧਨ ਕੀਤਾ। ਉਦੋਂ ਤੋਂ ਅਮਰੀਕਾ ਤੇ ਕੈਨੇਡਾ ਦੇ ਨੇਟਿਵਾਂ ਨਾਲ਼ ‘ਇੰਡੀਅਨ’ ਨਾਂ ਜੁੜ ਗਿਆ।
ਰੈੱਡ ਇੰਡੀਅਨ: ਭਾਰਤ ਤੇ ਉੱਤਰੀ ਅਮਰੀਕਾ ਅੰਗ੍ਰੇਜ਼ਾਂ ਦੀਆਂ ਕਾਲੋਨੀਆਂ ਸਨ। ਬਸਤੀਵਾਦੀ ਅੰਗ੍ਰੇਜ਼ ਭਾਰਤੀਆਂ ਨੂੰ ਬਲੈਕ (ਕਾਲ਼ੇ) ਇੰਡੀਅਨ ਤੇ ਨੇਟਿਵਾਂ ਦਾ ਰੰਗ ਲਾਲਗੀ ‘ਚ ਹੋਣ ਕਰਕੇ ਇਨ੍ਹਾਂ ਨੂੰ ਰੈੱਡ ਇੰਡੀਅਨ ਆਖਦੇ ਸਨ। ਇਹ ਨਾਂ ਨੇਟਿਵਾਂ ਨੂੰ ਭਾਰਤੀਆਂ ਨਾਲੋਂ ਵੱਖਰਿਆਉਣ ਲਈ ਹੀ ਵਰਤਿਆ ਜਾਂਦਾ ਸੀ। ਸੋ ਇਸ ਨਾਂ ਦੀ ਪ੍ਰਸੰਗਿਕਤਾ ਬਸਤੀਵਾਦੀ ਕਾਲ ਤੱਕ ਹੀ ਸੀ।
ਐਬਔਰਿਜਨਲ: ਇਹ ਸ਼ਬਦ ਭਾਵੇਂ ਵਰਤਿਆ ਤਾਂ ਜਾਂਦੈ ਪਰ ਨੇਟਿਵ ਇਸਨੂੰ ਪ੍ਰਵਾਨ ਨਹੀਂ ਕਰਦੇ। ਲਾਤੀਨੀ ਸ਼ਬਦ Ab (ਐਬ) ਦਾ ਅਰਥ ਹੈ Not ਯਾਅਨੀ ਨਹੀਂ। ਐਬ ਦਾ ਅਰਥ ਨੇਟਿਵਾਂ ਨੂੰ ਉਨ੍ਹਾਂ ਦੇ ਮੁੱਢਲੇ (Original) ਹੋਣ ਦੇ ਹੱਕ ਤੋਂ ਵਾਂਝਿਆਂ ਕਰਦਾ ਹੈ।
ਫਸਟ ਨੇਸ਼ਨਜ਼: ਭਾਵ ‘ਪਹਿਲੀਆਂ ਕੌਮਾਂ’ ਨਾਂ ਸਹੀ ਤੇ ਢੁੱਕਵਾਂ ਹੈ।
ਇੰਡੀਜੀਨਸ: ਯਾਅਨੀ ‘ਦੇਸੀ’ ਨਾਂ ਵੀ ਸਹੀ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਨੇਟਿਵ ਕਿੱਥੋਂ ਤੇ ਕਦੋਂ ਆਏ? ਇਸ ਬਾਰੇ ਇਤਿਹਾਸਕ ਜਾਣਕਾਰੀ ਉਪਲਬਧ ਨਹੀਂ। ਇਕ ਨਵੀਂ ਖੋਜ ਅਨਸਾਰ ਤਕਰੀਬਨ 16000 ਸਾਲ ਪਹਿਲਾਂ ਉਹ ਸਾਇਬੇਰੀਆ ਤੇ ਪੂਰਬੀ ਏਸ਼ੀਆ (ਚੀਨ, ਜਾਪਾਨ, ਮੰਗੋਲੀਆ ਆਦਿ) ਤੋਂ ਆਏ ਸਨ। ਦੋਨਾਂ ਵਰਗਾਂ ਦੇ ਆਪਸੀ ਸੰਬੰਧਾਂ ਰਾਹੀਂ ਉਨ੍ਹਾਂ ਦਾ ਵਿਸਥਾਰ ਹੁੰਦਾ ਰਿਹਾ।
ਨਵੀਆਂ ਧਰਤੀਆਂ ਦੇ ਯੌਰਪੀਨ ਖੋਜੀ ਤੇ ਵਪਾਰੀ ਪੰਦਰਵੀਂ ਤੇ ਸੋਲ਼ਵੀਂ ਸਦੀ ਦੌਰਾਨ ਕੈਨੇਡਾ ਆਏ। ਪਹਿਲਾਂ ਨਰਮ ਵਾਲ਼ਾਂ ਵਾਲ਼ੇ ਚਮੜੇ (FUR), ਮੱਛੀ ਤੇ ਕੁਝ ਹੋਰ ਵਸਤਾਂ ਦੀ ਖ਼ਰੀਦ ਸ਼ੁਰੂ ਹੋਈ ਤੇ ਫਿਰ ਅੰਗ੍ਰੇਜ਼ਾਂ ਤੇ ਫਰਾਂਸੀਸੀਆਂ ਦੀ ਬਸਤੀਵਾਦੀ ਬਿਰਤੀ ਹਾਵੀ ਹੋ ਗਈ। ਉਹ ਇਲਾਕੇ ਮੱਲਣ ਲੱਗ ਪਏ। ਵੱਧ ਤੋਂ ਵੱਧ ਇਲਾਕੇ ਮੱਲਣ ਦੀ ਹੋੜ ਵਿਚ ਦੋਨਾਂ ਬਸਤੀਵਾਦਾਂ ‘ਚ ਟਕਰਾਅ ਸ਼ੁਰੂ ਹੋ ਗਿਆ। ਲੜਾਈਆਂ ਹੋਈਆਂ। ਅੰਗ੍ਰੇਜ਼ ਬਾਜ਼ੀ ਮਾਰ ਗਏ।
ਸਾਰੇ ਇਲਾਕਿਆਂ ਨੂੰ ਸੰਗਠਿਤ ਕਰਨ ਲਈ ਇੰਗਲੈਂਡ ਦੀ ਸਰਕਾਰ ਨੇ ਪਹਿਲੀ ਜੁਲਾਈ 1867 ਨੂੰ ਚਾਰ ਸੂਬਿਆਂ ਉਨਟੇਰੀਓ, ਕਿਊਬੈੱਕ, ਨੋਵਾ ਸਕੌਸ਼ਿਆ ਤੇ ਨਿਊਬਰਨਜ਼ਵਿਕ ਦੀ ਕੌਨਫੈਡਰੇਸ਼ਨ ਬਣਾ ਦਿਤੀ। ਇਹ ਤਾਰੀਖ਼ ਕੈਨੇਡਾ ਦਾ ਜਨਮ ਦਿਨ ਮੰਨੀ ਜਾਂਦੀ ਹੈ। ਅਗਲੇ ਸਾਲਾਂ ਵਿਚ ਬਾਕੀ ਸੂਬੇ ਵੀ ਕੌਨਫੈਡਰੇਸ਼ਨ ਵਿਚ ਸ਼ਾਮਲ ਹੋ ਗਏ ਤੇ ਕੈਨੇਡਾ ਦਾ ਸਮੁੱਚਾ ਰੂਪ ਹੋਂਦ ਵਿਚ ਆ ਗਿਆ।
1931 ਵਿਚ ਕੈਨੇਡਾ ਆਜ਼ਾਦ ਹੋ ਗਿਆ।
ਕੈਨੇਡਾ ਪਾਰਲੀਮੈਂਟਰੀ ਲੋਕਤੰਤਰ ਹੈ। ਪਾਰਲੀਮੈਂਟ ਦੇ ਦੋ ਹਾਊਸ ਹਨ। ਹੇਠਲੇ ਹਾਊਸ ਨੂੰ ‘ਹਾਊਸ ਆਫ ਕੌਮਨਜ਼’ ਕਿਹਾ ਜਾਂਦਾ ਹੈ ਤੇ ਉੱਪਰਲੇ ਨੂੰ ਸੈਨੇਟ। ਹੇਠਲੇ ਹਾਊਸ ਦੇ ਮੈਂਬਰ ਲੋਕਾਂ ਵੱਲੋਂ ਚੁਣੇ ਜਾਂਦੇ ਹਨ ਤੇ ਸੈਨੇਟ ਦੇ, ਜਿਨ੍ਹਾਂ ਨੂੰ ਸੈਨੇਟਰ ਕਿਹਾ ਜਾਂਦਾ ਹੈ, ਨਿਯੁਕਤ ਕੀਤੇ ਜਾਂਦੇ ਹਨ।
‘ਹਾਊਸ ਆਫ ਕੌਮਨਜ਼’ ਦੀ ਬਹੁਮਤ ਪਾਰਟੀ ਦਾ ਲੀਡਰ ਪ੍ਰਧਾਨ ਮੰਤਰੀ ਹੁੰਦਾ ਹੈ। ਇੰਗਲੈਂਡ ਦੀ ਰਾਣੀ ਕੈਨੇਡਾ ਦੀ ਬਾਦਸ਼ਾਹ ਹੈ। ਪਰ ਇਹ ਉਪਾਧੀ ਸਿਰਫ਼ ਸੰਵਿਧਾਨਕ ਹੈ। ਕੈਨੇਡਾ ਦੇ ਸਰਕਾਰੀ ਕਾਰਜਾਂ ਵਿਚ ਉਸਦੀ ਕੋਈ ਸਰਗਰਮ ਭੂਮਿਕਾ ਨਹੀਂ। ਕੈਨੇਡਾ ਦਾ ਗਵਰਨਰ ਜਨਰਲ ਰਾਣੀ ਦਾ ਪ੍ਰਤੀਨਿਧ ਹੈ। ਰਾਣੀ ਦੇ ਕਾਰਜ ਉਹ ਨਿਭਾਉਂਦਾ ਹੈ।
ਕੈਨੇਡਾ ਦੇ ਸੂਬਿਆਂ ਤੇ ਟੈਰਿਟਰੀਜ਼ ਦੀਆਂ ਆਪਣੀਆਂ ਲੈਜਿਸਲੇਟਿਵ ਅਸੈਂਬਲੀਆਂ ਹਨ। ਇਨ੍ਹਾਂ ਨੂੰ ‘ਪਰੋਵਿੰਸ਼ਿਅਲ ਪਾਰਲੀਮੈਂਟ’ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦੇ ਮੈਂਬਰਾਂ ਦੀ ਚੋਣ, ਹਲਕਿਆਂ ਦੇ ਵੋਟਰਾਂ ਵਲੋਂ ਹੁੰਦੀ ਹੈ। ਬਹੁਮਤ ਵਾਲ਼ੀ ਪਾਰਟੀ ਦਾ ਲੀਡਰ ਸੂਬੇ ਦਾ ‘ਪ੍ਰੀਮੀਅਰ’ (ਮੁੱਖ ਮੰਤਰੀ) ਹੁੰਦਾ ਹੈ।
ਕੈਨੇਡਾ ਦੀਆਂ ਰਾਜਨੀਤਕ ਪਾਰਟੀਆਂ: ਲਿਬਰਲ ਪਾਰਟੀ, ਪ੍ਰੌਗਰੈਸਿਵ ਕੰਸਰਵੇਟਿਵ ਪਾਰਟੀ, ਨੈਸ਼ਨਲ ਡੈਮੋਕ੍ਰੈਟਿਕ ਪਾਰਟੀ, ਗਰੀਨ ਪਾਰਟੀ, ਬਲੌਕ ਕਿਊਬੈੱਕਵਾ, ਪਾਰਟੀ ਕਿਊਬੈੱਕਵਾ, (ਇਹ ਦੋ ਪਾਰਟੀਆਂ ਕਿਊਬੈੱਕ ਸੂਬੇ ਦੇ ਰਾਜਨੀਤਕਾਂ ਦੀਆਂ ਹਨ। ਇਸ ਸੂਬੇ ਵਿਚ ਬਹੁਗਿਣਤੀ ਫਰਾਂਸੀਸੀ ਮੂਲ ਦੇ ਕੈਨੇਡੀਅਨਾਂ ਦੀ ਹੈ)।
ਕੈਨੇਡਾ ਦੇ ਰਾਜਨੀਤਕ ਸਿਰਫ ਗੱਲਾਂ ਹੀ ਨਹੀਂ ਕੰਮ ਵੀ ਕਰਦੇ ਹਨ। ਸਾਲ ਵਿਚ ਪਾਰਲੀਮੈਂਟ ਦੇ ਕੁੱਲ ਸੈਸ਼ਨਾਂ ਦਾ ਜੋੜ 100 ਦਿਨ ਤੋਂ ਉੱਪਰ ਹੁੰਦਾ ਹੈ।
ਕੈਨੇਡਾ ਦੀਆਂ ਰਾਸ਼ਟਰੀ ਭਾਸ਼ਾਵਾਂ ਦੋ ਹਨ ਅੰਗ੍ਰਜ਼ੀ ਤੇ ਫਰੈਂਚ।
ਕੈਨੇਡਾ ਮਲਟੀਕਲਚਰਲ ਯਾਅਨੀ ਬਹੁਸਭਿਆਚਾਰੀ ਦੇਸ਼ ਹੈ। ਮਲਟੀਕਲਚਰਲਿਜ਼ਮ ਕੈਨੇਡਾ ਦੇ ਵਿਧਾਨ ਦੇ ‘ਚਾਰਟਰ ਆਫ ਰਾਈਟਸ ਐਂਡ ਫਰੀਡਮ’ ਵਿਚ ਦਰਜ ਹੈ। 150 ਤੋਂ ਵੱਧ ਦੇਸ਼ਾਂ ਤੋਂ ਆਏ ਲੋਕ ਏਥੇ ਵਸਦੇ ਹਨ। Unity in Diversity ਯਾਅਨੀ ‘ਵੰਨ-ਸੁਵੰਨਤਾ ਵਿਚ ਏਕਤਾ’ ਦੇ ਸਿਧਾਂਤ ਅਨੁਸਾਰ ਇੰਮੀਗਰਾਂਟਾਂ ਦੀਆਂ ਚੀਨੀ, ਭਾਰਤੀ, ਇਟਾਲੀਅਨ, ਜਰਮਨ, ਫਿਲਪੀਨੀ, ਪੁਰਤਗਾਲੀ, ਸ਼੍ਰੀਲੰਕਨ, ਈਰਾਨੀ, ਗੱਲ ਕੀ ਹਰ ਕਮਿਊਨਿਟੀ ਨੂੰ ਆਪਣੀ ਭਾਸ਼ਾ, ਕਲਚਰ ਤੇ ਧਰਮ ਨੂੰ ਬਰਕਰਾਰ ਰੱਖਣ ਦਾ ਹੱਕ ਹਾਸਲ ਹੈ।
ਕੈਨੇਡਾ ਦੁਨੀਆਂ ਦਾ 10ਵਾਂ ਵੱਡਾ ਅਰਥਚਾਰਾ ਹੈ। ਇਹ ਅਰਥਚਾਰਾ ਕੁਦਰਤੀ ਸ੍ਰੋਤਾਂ ਅਤੇ ਅੰਤਰਰਾਸ਼ਟਰੀ ਵਪਾਰ ਦੇ ਨੈੱਟਵਰਕ ‘ਤੇ ਆਧਾਰਿਤ ਹੈ। ਕੁੱਲ ਜ਼ਮੀਨ ਦੇ 42% ਹਿੱਸੇ ਵਿਚ ਝੂਮਦੇ ਜੰਗਲ ਕੈਨੇਡਾ ਦੀ ਇਕਾਨਮੀ ਦਾ ਸ੍ਰੋਤ ਤਾਂ ਹਨ ਹੀ, ਇਹ ਵਾਤਾਵਰਣ ਨੂੰ ਵੀ ਸਾਫ ਰੱਖਦੇ ਹਨ।
ਅੰਤਰਰਾਸ਼ਟਰੀ ਮਾਪਦੰਡਾਂ ਮੁਤਾਬਿਕ, ਕੈਨੇਡਾ ਦੀਆਂ ਸਿਹਤ ਤੇ ਵਿਦਿਅਕ ਪ੍ਰਣਾਲੀਆਂ, ਸਰਕਾਰਾਂ ਦੀਆਂ ਗਤੀਵਿਧੀਆਂ ਦੀ ਪਾਰਦਰਸ਼ਤਾ, ਇਸਦੇ ਨਾਗਰਿਕਾਂ ਦੇ ਜੀਵਨ-ਪੱਧਰ, ਉਨ੍ਹਾਂ ਦੀ ਸਿਵਲ ਤੇ ਆਰਥਿਕ ਆਜ਼ਾਦੀ ਅਤੇ ਕੁਝ ਹੋਰ ਪੱਖਾਂ ਤੋਂ ਇਹ ਦੇਸ਼ ਦੁਨੀਆਂ ਦੇ ਉੱਚ ਕੋਟੀ ਦੇਸ਼ਾਂ ਵਿਚ ਗਿਣਿਆਂ ਜਾਂਦਾ ਹੈ।
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …