ਡਾ. ਬਲਜਿੰਦਰ ਸੇਖੋਂ
ਮੈਨੂੰ, ਜਵਾਹਰ ਲਾਲ ਯੂਨੀਵਰਸਿਟੀ ਵਿਚੋਂ ਰਿਟਾਇਰ ਹੋਏ ਪ੍ਰੋਫੈਸਰ ਚਮਨ ਲਾਲ ਦੀ ਈ ਮੇਲ ਮਿਲੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪਿਛਲੇ ਕੁਝ ਸਾਲਾਂ ਤੋਂ ਸ਼ਹੀਦ ਭਗਤ ਸਿੰਘ ਦੀ ਅਸਲੀ ਤਸਵੀਰ ਨੂੰ ਵਿਗਾੜਨ ਦੀ ਹੋੜ ਜਿਹੀ ਲੱਗ ਗਈ ਹੈ ਅਤੇ ਮੀਡੀਆ ਵਿਚ ਵਾਰ ਵਾਰ ਭਗਤ ਸਿੰਘ ਨੂੰ ਕਿਸੇ ਅਣਜਾਣ ਚਿਤਰਕਾਰ ਦੀ ਬਣਾਈ ਪੀਲੀ ਪੱਗ ਵਾਲੀ ਤਸਵੀਰ ਵਿਚ ਵਿਖਾਇਆ ਜਾ ਰਿਹਾ ਹੈ। ਪ੍ਰੋ ਚਮਨ ਲਾਲ ਨੇ ਲਿਖਿਆ ਹੈ ਕਿ ”ਮੇਰੇ ਕੋਲ ਭਗਤ ਸਿੰਘ ਨਾਲ ਜੁੜੀਆਂ 200 ਤੋਂ ਵੱਧ ਤਸਵੀਰਾਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀਆਂ ਅਸਲ ਫੋਟੋਆਂ ਤੋਂ ਇਲਾਵਾ ਕਿਤਾਬਾਂ ਅਤੇ ਅਖਬਾਰਾਂ ਵਿਚ ਛਪੀਆਂ ਅਤੇ ਦਫਤਰਾਂ ਵਗੈਰਾ ਵਿਚ ਲਗੀਆਂ ਤਸਵੀਰਾਂ ਵੀ ਸ਼ਾਮਿਲ ਹਨ। ਇਹ ਤਸਵੀਰਾਂ ਭਾਰਤ ਦੇ ਵੱਖ ਵੱਖ ਪਾਸਿਆਂ ਤੋਂ ਇਲਾਵਾ ਫਿਜੀ, ਅਮਰੀਕਾ ਅਤੇ ਕੈਨੇਡਾ ਵਿਚੋਂ ਲਈਆਂ ਗਈਆਂ ਹਨ। ਇਨ੍ਹਾਂ ਵਿਚੋਂ ਜ਼ਿਆਦਾ ਤਸਵੀਰਾਂ ਵਿਚ ਭਗਤ ਸਿੰਘ ਦੀ ਅੰਗਰੇਜ਼ੀ ਹੈਟ ਵਾਲੀ ਚਰਚਿਤ ਤਸਵੀਰ ਹੈ, ਜਿਸ ਨੂੰ ਸ਼ਾਮ ਲਾਲ ਫੋਟੋਗਰਾਫਰ ਨੇ ਦਿੱਲੀ ਦੇ ਕਸ਼ਮੀਰੀ ਗੇਟ ਤੇ 3 ਅਪਰੈਲ 1929 ਨੂੰ ਖਿਚਿਆ ਸੀ।” ਉਨ੍ਹਾਂ ਇਹ ਵੀ ਲਿਖਿਆ ਹੈ ਕਿ ਭਗਤ ਸਿੰਘ ਦੀਆਂ ਸਿਰਫ ਚਾਰ ਅਸਲ ਤਸਵੀਰਾਂ ਦੀ ਜਾਣਕਾਰੀ ਹੀ ਮਿਲਦੀ ਹੈ, ਪਹਿਲੀ 11 ਸਾਲ ਦੀ ਉਮਰ ਵਿਚ ਘਰ ਵਿਚ ਹੀ ਚਿੱਟੇ ਕਪੜਿਆਂ ਵਿਚ, ਦੂਜੀ 16 ਸਾਲ ਦੀ ਉਮਰ ਵਿਚ ਨੈਸ਼ਨਲ ਕਾਲਜ ਲਾਹੌਰ ਦੇ ਡਰਾਮਾ ਗਰੁਪ ਦੇ ਮੈਂਬਰ ਵਜੋਂ, ਜਿਸ ਵਿਚ ਭਗਤ ਸਿੰਘ ਨੇ ਚਿੱਟੀ ਪੱਗ ਤੇ ਕੁੜਤਾ ਪਜਾਮਾ ਪਾਇਆ ਹੋਇਆ ਹੈ, ਤੀਜੀ 1927 ਦੀ, 20 ਸਾਲ ਦੀ ਉਮਰ ਵਿਚ, ਜਿਸ ਵਿਚ ਭਗਤ ਸਿੰਘ ਨੰਗੇ ਸਿਰ ਮੰਜੇ ‘ਤੇ ਬੈਠੇ ਹਨ ਅਤੇ ਇਕ ਪੁਲਿਸ ਅਧਿਕਾਰੀ ਉਨ੍ਹਾਂ ਤੋਂ ਪੁਛ ਗਿੱਛ ਕਰ ਰਿਹਾ ਹੈ, ਚੌਥੀ ਤੇ ਆਖਰੀ ਅੰਗਰੇਜ਼ੀ ਹੈਟ ਵਾਲੀ। ਇਨ੍ਹਾਂ ਤੋਂ ਬਿਨਾ, ਭਗਤ ਸਿੰਘ ਦੇ ਪਰਿਵਾਰ, ਅਦਾਲਤ, ਜੇਲ੍ਹ ਜਾਂ ਸਰਕਾਰੀ ਫਾਈਲਾਂ ਵਿਚ ਉਨ੍ਹਾਂ ਦੀ ਹੋਰ ਕੋਈ ਤਸਵੀਰ ਨਹੀਂ ਮਿਲਦੀ। ਚਮਨ ਲਾਲ ਦਾ ਕਹਿਣਾ ਹੈ, ਅਤੇ ਮੈਂ ਖੁੱਦ ਵੀ ਵੇਖਿਆ ਹੈ, ਕਿ 1970 ਦੇ ਦਹਾਕੇ ਤੋਂ ਪਹਿਲਾਂ ਦੇਸ਼ ਵਿਦੇਸ਼ ਵਿਚ ਭਗਤ ਸਿੰਘ ਦੀ ਹੈਟ ਵਾਲੀ ਫੋਟੋ ਹੀ ਲੋਕਾਂ ਵਿਚ ਪ੍ਰਚਲਿਤ ਸੀ, ਸਤਰ ਦੇ ਦਹਾਕੇ ਵਿਚ ਹੀ ਉਸ ਦੀ ਤਸਵੀਰ ਨੂੰ ਬਦਲਣ ਦਾ ਸਿਲਸਿਲਾ ਸ਼ੁਰੂ ਹੋਇਆ। ਉਨ੍ਹਾਂ ਮੁਤਾਬਿਕ ਭਗਤ ਸਿੰਘ ਵਰਗੇ ਧਰਮ ਨਿਰਪੱਖ ਵਿਅੱਕਤੀ ਦੇ ਚਿਹਰੇ ਨੂੰ ਬਦਲਕੇ ਸਤਾਧਾਰੀ ਪਾਰਟੀਆਂ, ਬਦਲੀ ਹੋਈ ਤਸਵੀਰ ਥੱਲੇ ਉਸ ਦੇ ਕਰਾਂਤੀਕਾਰੀ ਵਿਚਾਰਾਂ ਨੂੰ ਵੀ ਦਬਾ ਦੇਣਾ ਚਾਹੁੰਦੀਆਂ ਹਨ ਤਾਂ ਕਿ ਦੇਸ਼ ਦੇ ਨੌਜਵਾਨਾ ਅਤੇ ਆਮ ਲੋਕਾਂ ਨੂੰ ਉਨ੍ਹਾਂ ਤੋਂ ਦੂਰ ਰੱਖਿਆ ਜਾ ਸਕੇ।
ਪੀਲੀ ਪੱਗ ਵਾਲੀ ਫੋਟੋ ਦੀ ਕਹਾਣੀ:
ਇਹ ਫੋਟੋ ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਨੰਬਰ ਤਿੰਨ ਦਾ ਨਾਂ ਸ਼ਹੀਦ ਭਗਤ ਸਿੰਘ ਰੱਖਣ ਮੌਕੇ, ਪੰਜਾਬੀ ਯੂਨੀਵਰਸਿਟੀ ਵਲੋਂ ਚਿਤਰਕਾਰ ਸ: ਸੋਭਾ ਸਿੰਘ ਪਾਸੋਂ ਬਣਵਾ ਕੇ 1973 ਵਿਚ ਹੋਸਟਲ ਦੇ ਕੌਮਨ ਰੂਮ ਵਿਚ ਲਗਾਈ ਗਈ। ਡਾ ਕ੍ਰਿਪਾਲ ਸਿੰਘ ਨਾਰੰਗ ਉਸ ਵੇਲੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ (ਵੀ ਸੀ) ਸਨ। ਮੈਂ ਉਸ ਵੇਲੇ ਪੰਜਾਬੀ ਯੂਨੀਵਰਸਿਟੀ ਵਿਚ ਜ਼ੁਓਲੋਜੀ ਦੀ ਐਮ ਐਸ ਸੀ ਕਰਦਾ ਸੀ ਅਤੇ ਇਸੇ ਹੋਸਟਲ ਵਿਚ ਰਹਿੰਦਾ ਸੀ। ਮੋਗਾ ਐਜੀਟੇਸ਼ਨ ਹੋ ਕੇ ਹਟੀ ਸੀ, ਪੰਜਾਬ ਵਿਚ ਨਕਸਲਬਾੜੀ ਦੀ ਲਹਿਰ ਵੀ ਅਜੇ ਚੱਲ ਰਹੀ ਸੀ। ਕੁਝ ਦੇਰ ਪਹਿਲਾਂ ਹੀ ਪੰਜਾਬ ਦੀ ਗਿਆਨੀ ਜ਼ੈਲ ਸਿੰਘ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੀ ਮਾਤਾ ਨੂੰ ‘ਪੰਜਾਬ ਮਾਤਾ’ ਦਾ ਖ਼ਿਤਾਬ ਦਿੱਤਾ ਸੀ ਅਤੇ ਉਨ੍ਹਾਂ ਨੂੰ ਥਾਂ ਥਾਂ ਸਨਮਾਨਿਤ ਕੀਤਾ ਜਾ ਰਿਹਾ ਸੀ। ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਵੀ ਉਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਹੋਸਟਲ ਦੇ ਗਰਾਊਂਡ ਵਿਚ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ। ਮੈਂ ਉਸ ਵੇਲੇ ਯੂਨੀਵਰਸਿਟੀ ਦੀ ਯੂਨੀਅਨ ਦਾ ਮੈਂਬਰ ਸੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਧੜੇ ਨਾਲ ਜੁੜਿਆ ਹੋਇਆ ਸੀ। ਅਧਿਕਾਰੀਆਂ ਨੂੰ ਇਸ ਪ੍ਰੋਗਰਾਮ ਨੂੰ ਸਹੀ ਸਲਾਮਤ ਨੇਪਰੇ ਚਾੜ੍ਹਨ ਦਾ ਫਿਕਰ ਸੀ, ਕਿਉਂਕਿ ਇਸ ਹੋਸਟਲ ਵਿਚ ਖੱਬੇ ਪੱਖੀ ਖਿਆਲਾਂ ਵਾਲੇ ਵਿਦਿਆਰਥੀਆਂ ਦਾ ਗਰੁੱਪ ਕਾਫੀ ਵੱਡਾ ਸੀ। ਮੇਰੇ ਡਿਪਾਰਟਮੈਂਟ ਦੇ ਮੁਖੀ ਡਾ ਸੁਰਜੀਤ ਸਿੰਘ ਢਿੱਲੋਂ ਜੋ ਬਹੁਤ ਵਧੀਆ ਅਧਿਆਪਕ ਰਹੇ ਅਤੇ ਹੋਸਟਲ ਦੇ ਵਾਰਡਨ ਵੀ ਸਨ, ਨੇ ਮੈਨੂੰ ਕਿਹਾ ਕਿ ਇਸ ਮੌਕੇ ਵਿਦਿਆਰਥੀਆਂ ਵਲੋਂ ਕਿਸੇ ਨੂੰ ਬੋਲਣ ਦਾ ਮੌਕਾ ਨਾ ਹੀ ਦਿੱਤਾ ਜਾਵੇ ਤਾਂ ਠੀਕ ਹੈ। ਪਰ ਸਾਨੂੰ ਇਹ ਮਨਜ਼ੂਰ ਨਹੀਂ ਸੀ ਕਿ ਸਾਡੇ ਹੋਸਟਲ ਦਾ ਪ੍ਰੋਗਰਾਮ ਹੋਵੇ ਤੇ ਸਾਡੇ ਵਿਚੋਂ ਕਿਸੇ ਨੂੰ ਵੀ ਸਟੇਜ ਤੋਂ ਸਮਾਂ ਨਾ ਦਿੱਤਾ ਜਾਵੇ। ਆਖਿਰ ਫੈਸਲਾ ਹੋਇਆ ਕਿ ਸਿਰਫ ਇੱਕ ਵਿਦਿਆਰਥੀ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇਗਾ। ਮੁਖਤਿਆਰ ਸਿੰਘ ਜੋ ਅਜੇ ਤੱਕ ਵੀ ਖੱਬੇ ਪੱਖੀ ਸਿਆਸਤ ਵਿਚ ਸਰਗਰਮ ਹਨ, ਨੂੰ ਸਾਡੇ ਵਲੋਂ ਬੋਲਣ ਲਈ ਨਾਮਜਦ ਕੀਤਾ ਗਿਆ। ਉਸ ਸਮੇਂ ਸ਼ਹੀਦ ਭਗਤ ਸਿੰਘ ਦੇ ਮਾਤਾ ਬਹੁਤ ਬਿਰਧ ਹੋ ਚੁੱਕੇ ਸਨ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁਣਾਈ ਵੀ ਨਹੀਂ ਦਿੰਦਾ ਸੀ। ਯੂਨੀਵਰਸਿਟੀ ਦੇ ਵੱਖ ਵੱਖ ਬੁਲਾਰਿਆਂ ਵਲੋਂ ਪ੍ਰੋਗਰਾਮ ਵਿਚ ਪੰਜਾਬ ਸਰਕਾਰ ਦੀ ਮਾਤਾ ਜੀ ਨੂੰ ‘ਪੰਜਾਬ ਮਾਤਾ’ ਦਾ ਖਿਤਾਬ ਦਿਤੇ ਜਾਣ ਤੇ ਪ੍ਰਸ਼ੰਸਾ ਕੀਤੀ ਜਾ ਰਹੀ ਸੀ, ਜਦ ਮੁਖਤਿਆਰ ਨੂੰ ਬੋਲਣ ਲਈ ਕਿਹਾ ਗਿਆ।
ਮੁਖਤਿਆਰ ਕਦੇ ਕੋਈ ਗੱਲ ਲੁਕਾ ਛੁਪਾ ਕੇ ਨਹੀਂ ਸੀ ਕਰਦਾ। ਅਜੇ ਕੁਝ ਦੇਰ ਪਹਿਲਾਂ ਹੀ ਉਸ ਨੇ ਭਰੇ ਇਕੱਠ ਵਿਚ ਖੁਸ਼ੀ ਖੁਸ਼ੀ ਭੁੱਖ ਹੜਤਾਲ ਤੋਂ ਜਿਊਸ ਪਿਆ ਕੇ ਵਿਦਿਆਰਥੀਆਂ ਨੂੰ ਉਠਾਉਣ ਆਏ, ਵਾਇਸ ਚਾਂਸਲਰ ਨੂੰ ਖਰੀਆਂ ਖਰੀਆਂ ਸੁਣਾ ਦਿਤੀਆਂ ਸਨ। ਮੋਗਾ ਐਜੀਟੇਸ਼ਨ ਨੂੰ ਕਿਸੇ ਤਰੀਕੇ ਖਤਮ ਕਰਾਉਣ ਦੇ ਯਤਨਾਂ ਵਿਚ ਪੰਜਾਬ ਦੇ ਸਿੱਖਿਆ ਮੰਤਰੀ ਯੂਨੀਵਰਸਿਟੀ ਵਿਚ ਆਏ ਸਨ। ਰਾਤ ਦੇ ਖਾਣੇ ਤੇ ਹੋਈ, ਯੂਨੀਅਨ ਨਾਲ ਗੱਲਬਾਤ ਕਰਨ ਤੋਂ ਬਾਅਦ ਯੂਨੀਵਰਸਿਟੀ ਅਧਿਕਾਰੀਆਂ ਵਲੋਂ ਸਾਡੇ ਤੇ ਦਬਾਅ ਬਣਨ ਲੱਗਾ ਕਿ ਤੁਸੀਂ ਕੁਝ ਤਾਂ ਕਰੋ ਕਿ ਅਸੀਂ ਮੰਤਰੀ ਜੀ ਨੂੰ ਦੱਸ ਸਕੀਏ ਕਿ ਵਿਦਿਆਰਥੀਆਂ ਨੇ ਅਪਣਾ ਰਵੱਈਆ ਨਰਮ ਕਰ ਲਿਆ ਹੈ। ਅਜ਼ੀਟੇਸ਼ਨ ਮੌਕੇ ਰੋਸ ਵਜੋਂ, ਵਿਦਿਆਰਥੀਆਂ ਦੀ ਯੂਨੀਵਰਸਿਟੀ ਦੇ ਗੇਟ ਤੇ ਲੜੀਵਾਰ ਭੁੱਖ ਹੜਤਾਲ ਚੱਲ ਰਹੀ ਸੀ। ਬਹੁਤ ਸਾਰੇ ਵਿਦਿਆਰਥੀ ਹੜਤਾਲ ਲੰਬੀ ਹੋ ਜਾਣ ਤੇ, ਆਪੋ ਅਪਣੇ ਘਰਾਂ ਨੂੰ ਜਾ ਚੁੱਕੇ ਸਨ ਅਤੇ ਅਸੀਂ, ਜੋ ਥੋੜ੍ਹੇ ਬਹੁਤ ਟਿਕੇ ਹੋਏ ਸਾਂ, ਉਨ੍ਹਾਂ ਵਿਚੋਂ ਹੀ ਸਰਗਰਮ ਮੈਂਬਰਾਂ ਦੀ ਭੁੱਖ ਹੜਤਾਲ ‘ਤੇ ਬੈਠਣ ਦੀ ਵਾਰੀ ਆਈ ਹੀ ਰਹਿੰਦੀ ਸੀ, ਸੋ ਅਸੀਂ ਫੈਸਲਾ ਕੀਤਾ ਕਿ ਚਲੋ ਇਹ ਭੁੱਖ ਹੜਤਾਲ ਦਾ ਸਿਲਸਲਾ ਬੰਦ ਕਰ ਦਿੱਤਾ ਜਾਵੇ। ਮੁਖਤਿਆਰ ਨੂੰ ਇਸ ਫੈਸਲੇ ਲਈ ਅਸੀਂ ਬੜੀ ਮੁਸ਼ਕਿਲ ਨਾਲ ਰਾਜ਼ੀ ਕੀਤਾ। ਪਰ ਉਸ ਦੇ ਰੋਸ ਦਾ ਅਧਿਕਾਰੀਆਂ ਨੂੰ ਕੋਈ ਪਤਾ ਨਹੀਂ ਸੀ। ਜਿਸ ਤਰ੍ਹਾਂ ਹੁੰਦਾ ਹੈ, ਵਾਇਸ ਚਾਂਸਲਰ ਡਾ ਨਾਰੰਗ ਨੇ ਵੱਖੋ ਵੱਖਰੇ ਕੰਮਾਂ ਲਈ ਉਸ ਦੇ ਨੇੜੇ ਤੇੜੇ ਰਹਿੰਦੇ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ। ਸਵੇਰੇ ਸਵੇਰੇ ਸਭ ਭੁਖ ਹੜਤਾਲ ਵਾਲੇ ਟੈਂਟ ਕੋਲ ਪਹੁੰਚ ਗਏ ਅਤੇ ਵਾਇਸ ਚਾਂਸਲਰ ਨੇ ਭੁੱਖ ਹੜਤਾਲ ‘ਤੇ ਬੈਠੇ ਤਿੰਨੋ ਵਿਦਿਆਰਥੀਆਂ ਨੂੰ ਵਾਰੋ ਵਾਰੀ ਜਿਊਸ ਪਿਆਇਆ, ਫਿਰ ਮੁਖਤਿਆਰ ਨੂੰ ਜਿਊਸ ਦਾ ਗਲਾਸ ਪੀਣ ਨੂੰ ਕਿਹਾ। ਉਸ ਨੇ ਪੀਣ ਤੋਂ ਇਨਕਾਰ ਕਰ ਦਿੱਤਾ, ਜਦ ਦੂਸਰੀ ਵਾਰ ਉਸ ਨੂੰ ਜਿਊਸ ਪੀਣ ਲਈ ਕਿਹਾ ਗਿਆ ਤਾਂ ਮੁਖਤਿਆਰ, ਕੋਲ ਪਈ ਕੁਰਸੀ ‘ਤੇ ਚੜ੍ਹ ਗਿਆ ਅਤੇ ਲੱਗਾ ਲੈਕਚਰ ਦੇਣ, ”ਨਾਂ ਕਿਸ ਖੁਸ਼ੀ ‘ਚ ਪੀਈਏ, ਸਾਡੀ ਕਿਹੜੀ ਮੰਗ ਮਨੀ ਗਈ, ਇਹ ਹੜਤਾਲ ਤਾਂ ਇਵੇਂ ਚੱਲੂ”। ਗਲ ਵਿਗੜਦੀ ਵੇਖ ਕੇ ਵੀ ਸੀ ਸਾਹਿਬ ਨੇ ਆਪਣੇ ਅਮਲੇ ਫੇਲੇ ਨਾਲ ਛੇਤੀ ਹੀ ਉਥੋਂ ਜਾਣ ਵਿਚ ਬਿਹਤਰੀ ਸਮਝੀ ਤੇ ਇਸ ਪ੍ਰੋਗਰਾਮ ਮੌਕੇ ਜਦ ਮੁਖਤਿਆਰ ਬੋਲਣ ਲੱਗਾ ਤਾਂ ਸਰਕਾਰ ਨੂੰ ਦਿੱਤੀਆਂ ਜਾ ਰਹੀਆਂ ਵਧਾਈਆਂ ਦਾ ਸਿਲਸਲਾ ਇੱਕਦਮ ਬਦਲ ਗਿਆ। ਉਸ ਨੇ ਸ: ਭਗਤ ਸਿੰਘ ਦੀ ਮਾਤਾ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ”ਮਾਤਾ! ਤੂੰ ਸ਼ਹੀਦ ਭਗਤ ਸਿੰਘ ਦੀ ਮਾਂ ਹੈਂ! ਸਾਡੀ, ਉਸ ਦੇ ਵਾਰਸਾਂ ਦੀ ਮਾਂ ਹੈਂ! ਇਹ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਵਿਰੋਧੀ, ਤੈਨੂੰ ਇਹ ਕਾਰ ਤੇ ਪੰਜਾਬ ਮਾਤਾ ਦਾ ਖਿਤਾਬ ਦੇ ਕੇ ਸਾਥੋਂ, ਭਗਤ ਸਿੰਘ ਦੇ ਵਾਰਸਾਂ ਤੋਂ, ਖੋਹਣ ਦੀ ਕੋਸ਼ਿਸ ਕਰ ਰਹੇ ਨੇ। ਹੁਣ ਤੱਕ ਤਾਂ ਕਦੇ ਇਨ੍ਹਾਂ ਨੂੰ ਤੇਰੀ ਯਾਦ ਨਾ ਆਈ, ਅੱਜ ਕਿਥੋਂ ਇਹ ਤੇਰੇ ਤੇ ਭਗਤ ਸਿੰਘ ਦੇ ਬਣਨ ਆਗੇ, ਮੋੜ ਦੇ ਇਹ ਖਿਤਾਬ, ਇਹ ਕਾਰ ਅਤੇ ਭਗਤ ਸਿੰਘ ਦੀ ਤੇ ਸਾਡੀ ਮਾਂ ਬਣੀ ਰਹਿ”।
ਅਜੇ ਮੁਖਤਿਆਰ ਨੇ ਇਹ ਸ਼ਬਦ ਬੋਲੇ ਹੀ ਸਨ, ਕਿ ਵੀ ਸੀ ਡਾ. ਨਾਰੰਗ ਖੜ੍ਹੇ ਹੋ ਗਏ ਅਤੇ ਕਹਿਣ ਲੱਗੇ, ”ਮਾਤਾ ਜੀ ਬਾਰੇ ਬਹੁਤ ਗਲਤ ਸ਼ਬਦ ਬੋਲੇ ਗਏ ਹਨ, ਮੈਂ ਇਹ ਪ੍ਰੋਗਰਾਮ ਇਥੇ ਹੀ ਖਤਮ ਕਰਦਾ ਹਾਂ।” ਉਨ੍ਹਾਂ ਨੂੰ ਖੜ੍ਹੇ ਵੇਖ ਹੌਲੀ ਹੌਲੀ ਹੋਰ ਪ੍ਰੋਫੈਸਰ ਵੀ ਉਠਣ ਲੱਗੇ। ਵਿਦਿਅਰਥੀਆਂ ਵਲੋਂ ਆਵਾਜ਼ਾਂ ਆਉਣ ਲੱਗੀਆਂ,”ਚਮਚੇ ਓਏ, ਚਮਚੇ ਓਏ”। ਇਸ ਨੂੰ ਸੁਣ ਖੜ੍ਹੇ ਹੋਏ ਪ੍ਰੋਫੈਸਰ ਬੈਠਣ ਲੱਗੇ ਅਤੇ ਇੱਕ ਇੱਕ ਕਰਕੇ ਸਾਰੇ ਬੈਠ ਗਏ, ਸਿਰਫ ਡਾ. ਨਾਰੰਗ ਇਕੱਲੇ ਖੜ੍ਹੇ ਰਹਿ ਗਏ। ਜਦ ਉਨ੍ਹਾਂ ਵੇਖਿਆ ਕਿ ਮੇਰੇ ਨਾਲ ਹੁਣ ਕੋਈ ਵੀ ਨਹੀਂ, ਸਾਰੇ ਹੀ ਬੈਠ ਗਏ ਹਨ, ਉਹ ਵੀ ਬੈਠ ਗਏ। ਉਸ ਤੋਂ ਬਾਅਦ ਕਾਫੀ ਦੇਰ ਰਾਤ ਤੱਕ ਪ੍ਰੋਗਰਾਮ ਚਲਦਾ ਰਿਹਾ।
ਦੂਸਰੇ ਦਿਨ ਮੈਨੂੰ ਮੇਰੇ ਵਿਭਾਗ ਦੇ ਮੁਖੀ ਡਾ. ਢਿਲੋਂ ਉਲਾਂਭਾ ਦੇਣ ਲੱਗੇ, ”ਬਲਜਿੰਦਰ ਕੱਲ੍ਹ ਰਾਤੀਂ ਤੁਸੀਂ ਚੰਗੀ ਬੇਇਜ਼ਤੀ ਕਰਵਾਈ” ਮੇਰਾ ਉਤਰ ਸੀ ”ਡਾ. ਸਾਹਿਬ ਬੇਇਜ਼ਤੀ ਤਾਂ ਪ੍ਰੋਗਰਾਮ ਵਿਚਾਲੇ ਰੋਕ ਕੇ ਵੀ ਸੀ ਸਾਹਿਬ ਕਰਵਾ ਰਹੇ ਸਨ, ਅਸੀਂ ਤਾਂ ਪ੍ਰੋਗਰਾਮ ਚਲਦਾ ਰੱਖ ਕੇ ਤੁਹਾਡੀ ਤੇ ਹੋਸਟਲ ਦੀ ਇਜ਼ਤ ਬਣਾਈ।” ਬਹੁਤ ਚੰਗੇ ਸੁਭਾਅ ਦੇ ਸਨ, ਡਾ. ਢਿੱਲੋਂ, ਬਿਨਾ ਹੋਰ ਕੁਝ ਕਹਿਆਂ ਗੱਲ ਖਤਮ ਕਰ ਦਿੱਤੀ।