ਸੁਖਪਾਲ ਸਿੰਘ ਗਿੱਲ
98781-11445
ਭਾਰਤ ਦੀ ਅਜ਼ਾਦੀ ਲਈ ਪੰਜਾਬੀਆਂ ਨੇ ਸਭ ਤੋ ਵੱਧ ਕੁਰਬਾਨੀਆਂ ਕੀਤੀਆਂ ਜੋ ਪੱਗੜੀ ਸੰਭਾਲ ਓ ਜੱਟਾ ਲਹਿਰ ਤੋਂ ਲੈ ਕੇ ਕਿਸਾਨੀ ਮੋਰਚੇ 2020-21 ਤੱਕ ਨਿਰੰਤਰ ਬਰਕਰਾਰ ਰਹੀਆਂ। ਪੰਜਾਬ ਨੂੰ ਹਰ ਪੱਖੋਂ ਗ੍ਰਹਿਣ ਲਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਰਹੀਆਂ ਪਰ ਸ਼ਾਨਾਂਮੱਤੀ ਇਤਿਹਾਸ ਕਾਇਮ ਰਿਹਾ। ਪੰਜਾਬੀਆਂ ਦਾ ਪ੍ਰਵਾਸ ਨਾਲ ਪੁਰਾਣਾ ਰਿਸ਼ਤਾ ਹੈ। 1950 ਤੋਂ ਹੀ ਪੰਜਾਬੀ ਇੰਗਲੈਂਡ ਵਿੱਚ ਵਸਣ ਲੱਗ ਪਏ ਉਦੋਂ ਤਾਂ ਗੁਲਾਮੀ ਦੀ ਮਾਰ ਵੀ ਸੀ ਪਰ ਅਜ਼ਾਦੀ ਤੋਂ ਬਾਅਦ ਇੰਨੀਆਂ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਪੰਜਾਬ ਦੇ ਇਤਿਹਾਸ, ਭੂਗੋਲਿਕ ਸਥਿੱਤੀਆਂ, ਵਾਤਾਵਰਨ, ਆਰਥਿਕ ਪੱਖ, ਸੱਭਿਆਚਾਰਕ ਅਤੇ ਭਾਈਚਾਰਕ ਏਕਤਾ ਨੂੰ ਖਦੇੜਨ ਦੀਆਂ ਸਾਜਿਸ਼ਾਂ ਵੀ ਚੱਲਦੀਆਂ ਰਹੀਆਂ। ਅਜ਼ਾਦੀ ਤੋਂ ਬਾਅਦ ਵੀ 01 ਨਵੰਬਰ 1966 ਨੂੰ ਪੰਜਾਬ ਫਿਰ ਟੁੱਟਿਆ ਜਿਸਦਾ ਸਿਰਜਿਆ ਸੁਪਨਾ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਵਿਰਾਸਤ ਨੂੰ ਸਾਂਭਣ ਵਿੱਚ ਨਾਕਾਮਯਾਬ ਰਿਹਾ। ਇਹ ਮਾਮਲਾ ਅਜੇ ਲੋਕਾਂ ਦੀ ਕਚਿਹਰੀ ਵਿੱਚ ਲੰਬਿਤ ਪਿਆ ਹੈ। ਅੱਜ ਪੰਜਾਬ ਦੀ ਦਸ਼ਾ-ਦਿਸ਼ਾ ਵਿਗੜਦੀ ਜਾ ਰਹੀ ਹੈ। ਨਤੀਜਾ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ। ਮਾਪੇ ਬੇਵੱਸ ਅਤੇ ਲਾਚਾਰ ਹਨ। ਰੁਜ਼ਗਾਰ, ਸਿਹਤ ਅਤੇ ਵਿਸ਼ਵਾਸ਼ ਨਾਲ ਜੀਉਣ ਦੀ ਤਾਂਘ ਬਾਹਰਲੇ ਦੇਸ਼ਾਂ ਨੂੰ ਜਾਣ ਲਈ ਜਵਾਨੀ ਨੂੰ ਪ੍ਰੇਰਿਤ ਕਰ ਰਹੀ ਹੈ।
ਸਮੇਂ ਦੇ ਹਾਲਾਤ ਅਤੇ ਭਵਿੱਖੀ ਤਸਵੀਰ ਨੂੰ ਸਮਝਦੇ ਹੋਏ ਪੰਜਾਬੀਆਂ ਨੇ ਬੱਚਿਆਂ ਦੇ ਭਵਿੱਖ ਨੂੰ ਵਿਦੇਸ਼ਾਂ ਵਿੱਚ ਸੁਰੱਖਿਅਤ ਸਮਝਿਆ। ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਰੁਝਾਨ ‘ਤੇ ਕਿਸੇ ਸਰਕਾਰ ਨੇ ਚਿੰਤਾ ਜ਼ਾਹਰ ਨਹੀਂ ਕੀਤੀ। ਪੰਜਾਬ ਵਿੱਚ 55 ਲੱਖ ਘਰ ਹਨ। 2014 ਤੋ 2021 ਤੱਕ 54.36 ਲੱਖ ਪਾਸਪੋਰਟ ਬਣੇ। ਪੰਜਾਬ ਵਿੱਚ 14 ਪਾਸਪੋਰਟ ਕੇਂਦਰ ਹਨ ਜੋ 7 ਤੋਂ 11 ਦਿਨਾਂ ਦੇ ਵਿੱਚ ਪਾਸਪੋਰਟ ਤਿਆਰ ਕਰ ਦਿੰਦੇ ਹਨ। 2018 ਵਿੱਚ 60331, 2019 ਵਿੱਚ 73574, 2020 ਵਿੱਚ 33412 ਅਤੇ ਫਰਵਰੀ 2021 ਤੱਕ 5791 ਪਾਸਪੋਰਟ ਬਣੇ। ਇਸ ਪਿੱਛੇ ਪੰਜਾਬੀਆਂ ਦਾ ਸ਼ਾਨਾਂਮੱਤੀ ਅਤੇ ਠਾਠ-ਬਾਠ ਵਾਲਾ ਜੀਵਨ ਵੀ ਛੁਪਿਆ ਹੋਇਆ ਹੈ। ਰੁਜ਼ਗਾਰ ਪੱਖੋਂ ਖੁਸੇ ਪੰਜਾਬ ਨੇ ਮਾਂ ਬੋਲੀ ਪੰਜਾਬੀ ਵੀ ਵਿਸਾਰੀ। ਭਾਸ਼ਾ ਦਾ ਰੁਜ਼ਗਾਰ ਨਾਲ ਸਿੱਧਾ ਸੰਬੰਧ ਹੈ। ਸਾਡੇ ਬੱਚੇ ਅੰਗਰੇਜ਼ੀ ਵੱਲ ਤਾਂ ਹੀ ਹੋ ਰਹੇ ਹਨ ਕਿਉਂਕਿ ਉਹ ਭਵਿੱਖ ਨੂੰ ਵਿਦੇਸ਼ਾਂ ਵਿੱਚ ਸੁਰੱਖਿਅਤ ਸਮਝਦੇ ਹਨ। ਬਾਹਰੀ ਸੂਬਿਆਂ ਤੋਂ ਰੋਜ਼ੀ ਰੋਟੀ ਖਾਤਰ ਆਏ ਮਜ਼ਦੂਰ ਵੀਰ ਆਪਣੇ ਪਰਿਵਾਰਾਂ ਨੂੰ ਪੰਜਾਬ ਵਿੱਚ ਵਸਾ ਕੇ ਪੰਜਾਬੀ ਸਕੂਲਾਂ ਵਿੱਚ ਪੜ੍ਹਾ ਰਹੇ ਹਨ।
ਪੰਜਾਬੀਆਂ ਦਾ ਮਿਹਨਤੀ ਸੁਭਾਅ, ਖੁੱਲਾ ਖਾਣ-ਪੀਣ, ਭਾਈਚਾਰਕ ਏਕਤਾ ਅਤੇ ਵਾਤਾਵਰਨ ਬਲਵਾਨ ਸੀ। ਇਸਨੂੰ ‘ਬਲਿਹਾਰੀ ਕੁਦਰਤਿ ਵਸਿਆ’ ਦੇ ਫਲਸਫ਼ੇ ਤੋਂ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਕਈ ਰਾਜਾਂ ਵਿੱਚ ਵਾਤਾਵਰਨ ਸੰਭਾਲਣ ਲਈ ਯੋਗ ਨੀਤੀਆਂ ਤੈਅ ਹੋਈਆਂ। ਕਈ ਰਾਜਾਂ ਵਿੱਚ ਬਾਹਰੀ ਸੂਬਿਆਂ ਦੇ ਵਸਨੀਕਾਂ ਨੂੰ ਜ਼ਮੀਨ ਦਾ ਬੈਨਾਮਾ ਵੀ ਨਹੀਂ ਕੀਤਾ ਜਾਂਦਾ। ਚਲੋ ਖੈਰ ਇਸਦਾ ਮੇਲ ਪੰਜਾਬ ਨਾਲ ਕਰਵਾਉਣਾ ਵਾਜਬ ਨਹੀਂ ਹੈ। ਸਾਡੇ ਪੰਜਾਬ ਵਿੱਚ ਅਜ਼ਾਦੀ ਤੋਂ ਬਾਅਦ ਵੀ ਜੋ ਮਰਜ਼ੀ ਚੱਲੀ ਜਾਵੇ ਸਭ ਠੀਕ।
ਪੰਜਾਬ ਦੀਆਂ ਕਈ ਕਲਮਾਂ ਨੇ ਕਾਫੀ ਸਮੇਂ ਤੋਂ ਰੌਲਾ ਪਾਇਆ ਕਿ ਸਾਂਭੋ ਪੰਜਾਬ ਨੂੰ, ਊੜਾ, ਜੂੜਾ, ਮਾਂ ਬੋਲੀ, ਜ਼ਮੀਨ, ਸੱਭਿਆਚਾਰ ਤੇ ਭਾਈਚਾਰਕ ਏਕਤਾ ਦੀ ਰਾਖੀ ਕਰੋ। ਸੁਣੀ ਸਭ ਨੇ ਮਰਜ਼ੀ ਆਪਣੀ ਹੀ ਕੀਤੀ। ਹਾਲਾਤ ਦਿਨੋਂ-ਦਿਨ ਇਸ ਨਤੀਜੇ ਤੇ ਪੁੱਜੇ ਕਿ ਜੰਮਦੇ ਬੱਚੇ ਦਾ ਭਵਿੱਖ ਪਹਿਲਾਂ ਹੀ ਦਿੱਸਣ ਲੱਗ ਪੈਂਦਾ ਹੈ। ਭਗਵੰਤ ਮਾਨ ਦਾ ਇੱਕ ਗਾਣਾ ਹਾਲਾਤ ਅਨੁਸਾਰ ਦੂਰ ਦਰਸ਼ੀ ਰੱਖਦਾ ਹੋਇਆ ਬਿਲਕੁਲ ਢੁੱਕਵਾਂ ਹੈ :-
”ਚੱਕ ਤੇ ਟਿੱਬੇ ਲਾਤਾ ਝੋਨਾ, ਧਰਤੀ ਕਹਿੰਦੇ ਉਗਲੇ ਸੋਨਾ”
ਸਬਮਰਸੀਬਲਾਂ ਨੇ ਖਿੱਚਤਾ ਪਾਣੀ, ਫਸਲ ਬੀਜ ਲਈ ਧਰਤੀ ਖਾਣੀ,
ਰੇਹਾਂ ਪਾ ਸਪਰੇਆਂ ਮੰਡੀਆਂ ‘ਚ ਲਾਤੀਆਂ ਢੇਰੀਆਂ,
ਨੀ ਅੱਜ ਕੱਲ ਦਿਖਦੀਆਂ ਨਹੀਂ ਕਿੱਕਰਾਂ, ਟਾਹਲੀਆਂ, ਬੇਰੀਆਂ,
ਖੇਤੀ ਅੱਜ ਕੱਲ੍ਹ ਬਣ ਕੇ ਰਹਿ ਗਈ ਸੌਦਾ ਮਿੱਤਰੋ ਘਾਟੇ ਦਾ,
ਅੰਨਦਾਤੇ ਨੂੰ ਫਿਕਰ ਖਾ ਗਿਆ, ਦਾਲ, ਚੀਨੀ ਤੇ ਆਟੇ ਦਾ,
ਅੱਧੋਂ ਵੱਧ ਜਵਾਨੀ ਖਾ ਲਈ ਲਾਲਚ ਖੋਰ ਕੈਮਿਸਟਾਂ ਨੇ,
ਨਸ਼ੇ ‘ਚ ਉਜੜੇ ਘਰਾਂ ਦੀਆਂ ਹੁਣ ਮਾਨਾਂ ਲੰਬੀਆਂ ਲਿਸਟਾਂ ਨੇ,
ਬਚਿਆ ਖੁਚਿਆ ਸਿਆਸਤ ਖਾ ਗਈ,
ਠੱਗ ਚੋਰਾਂ ਕੋਲ ਤਾਕਤ ਆ ਗਈ,
ਫੁੱਲ ਉਗੇਂਦੀ ਧਰਤੀ ਤੇ ਉੱਗ ਪੈਣ ਨਾ ਥੋਰਾਂ, ਵਤਨ ਪੰਜਾਬ ਦੀਆਂ ਡਾਹਢੇ ਦੇ ਹੱਥ ਡੋਰਾਂ।
ਅਮਰੀਕਾ, ਕੈਨੇਡਾ, ਇੰਗਲੈਂਡ, ਯੂਰਪੀਅਨ ਅਤੇ ਅਰਬ ਵਰਗੇ ਮੁਲਕਾਂ ਵਿੱਚ ਸਾਡੇ ਮਿਹਨਤੀ ਅਤੇ ਪੜ੍ਹ-ਲਿਖੇ ਨੋਜਵਾਨ ਵਹੀਰਾਂ ਘੱਤ ਜਾ ਰਹੇ ਹਨ। 2016 ਤੋਂ ਕੈਨੇਡਾ ਦਾ ਰੁਝਾਨ ਜ਼ਿਆਦਾ ਵਧਿਆ। 75 ਹਜ਼ਾਰ ਪੰਜਾਬੀ ਕੈਨੇਡਾ ਗਿਆ। ਕੈਨੇਡਾ ਨੇ 200 ਕਾਲਜ ਵਿਦੇਸ਼ੀਆਂ ਲਈ ਖੋਲ੍ਹੇ ਜਿਸਦਾ ਟੀਚਾ 4 ਲੱਖ 94 ਹਜ਼ਾਰ ਸੀ। 2018 ਵਿੱਚ ਇੱਕ ਲੱਖ 25 ਹਜ਼ਾਰ ਵਿਦਿਆਰਥੀ ਪੰਜਾਬ ਤੋ ਕੈਨੇਡਾ ਗਿਆ। ਇਸੇ ਦੌਰਾਨ 25 ਹਜ਼ਾਰ ਵਿਦਿਆਰਥੀ ਆਸਟ੍ਰੇਲੀਆ ਗਿਆ। ਕੈਨੇਡਾ ਦੀ 3 ਕਰੋੜ 60 ਲੱਖ ਅਬਾਦੀ ਹੈ। ਇਸ ਅਬਾਦੀ ਦਾ 1.3 ਫੀਸਦੀ ਪੰਜਾਬੀ ਹੈ। ਯੂਨਾਈਟਿਡ ਨੇਸ਼ਨਜ਼ ਆਫਿਸ ਆਫ ਡਰੱਗਜ਼ ਐਂਡ ਕਰਾਈਮ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚੋਂ 20 ਹਜ਼ਾਰ ਵਿਅਕਤੀ ਹਰ ਸਾਲ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਵਾਸ ਕਰਦੇ ਹਨ। ਪੰਜਾਬ ਵਿੱਚ 90 ਲੱਖ ਦੇ ਲਗਭਗ ਬੇਰੁਜਗਾਰੀ ਦਾ ਅੰਕੜਾ ਹੈ।ਸਰਕਾਰਾਂ ਇਸ ਵਿਸ਼ੇ ‘ਤੇ ਚਿੰਤਾ ਮੁਕਤ ਰਹੀਆਂ।
ਸ਼ਾਲਾ! ਪੰਜਾਬ ਦਾ ਖੁਸਿਆ ਰੁਤਬਾ ਬਹਾਲ ਹੋ ਕੇ ਪੁਰਾਣਾ ਪੰਜਾਬ ਰੁਜ਼ਗਾਰ ਮੁਖੀ, ਤਰੱਕੀ ਵਾਲਾ ਅਤੇ ਸਮੇਂ ਦਾ ਹਾਣੀ ਬਣਨ ਵਾਲਾ ਸੂਬਾ ਬਣੇ ਜਿਸ ਵਿੱਚ ਸਾਰੇ ਪੰਜਾਬੀ ਆਰਥਿਕ, ਸੱਭਿਆਚਾਰਕ, ਧਾਰਮਿਕ, ਸਿਹਤ, ਵਾਤਾਵਰਨ ਅਤੇ ਭਾਈਚਾਰਕ ਏਕਤਾ ਪੱਖੋਂ ਮੁੜ ਬਲਵਾਨ ਬਣਨ ਤਾਂ ਜੋ ਵਿਦੇਸ਼ੀ ਨਾਗਰਿਕ ਬਣਨ ਦਾ ਰੁਝਾਨ ਰੁਕੇ।