ਪਾਕਿਸਤਾਨ ਨਾਲ ਹੋਈ ਰਣ-ਕੱਛ ਦੀ ਲੜਾਈ
ਕੈਪਟਨ ਇਕਬਾਲ ਸਿੰਘ ਵਿਰਕ 647-631-9445
ਗੁਆਂਢੀ ਦੇਸ਼ ਪਾਕਿਸਤਾਨ ਨਾਲ 2, 3 ਅਤੇ 4 ਅਪ੍ਰੈਲ ਨੂੰ ਰਣ-ਕੱਛ ਦੇ ਮੈਦਾਨ ਵਿਚ ਹੋਈ ਲੜਾਈ ਵਿਚ ਮੈਂ ਆਪਣੇ ਸਾਥੀਆਂ ਨਾਲ ਹਿੱਸਾ ਲਿਆ ਸੀ। ਅਸੀਂ ਆਗਰੇ ਤੋਂ ਪੈਰਾ ਬ੍ਰਿਗੇਡ ਨਾਲ ਮੂਵ ਹੋ ਕੇ ਉੱਥੇ ਗਏ ਸੀ। ਇਸ ਸਾਲ ਆਪਣੀ ਉਮਰ ਦੇ 80 ਸਾਲ ਪੂਰੇ ਹੋਣ ‘ਤੇ ਮੇਰੇ ਮਨ ਵਿਚ ਆਇਆ ਹੈ ਕਿ ਕਿਉਂ ਨਾ ਇਸ ਲੜਾਈ ਦੇ ਬਾਰੇ ਕੁਝ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਜਾਵੇ। ਉਨ੍ਹਾਂ ਨੂੰ ਦੱਸਿਆ ਜਾਵੇ ਕਿ ਇਸ ਲੜਾਈ ਦੇ ਕੀ ਕਾਰਨ ਸਨ ਅਤੇ ਗੁਜਰਾਤ ਦੇ ਲੋਕਾਂ ਦਾ ਭਾਰਤੀ ਫ਼ੌਜ ਬਾਰੇ ਕੀ ਰਵੱਈਆ ਸੀ। ਮੇਰੇ ਖ਼ਿਆਲ ਵਿਚ ਗੁਜਰਾਤ ਦਾ ਕੋਈ ਵੀ ਬਸ਼ਿੰਦਾ ਉਦੋਂ ਭਾਰਤੀ ਫ਼ੌਜ ਵਿਚ ਨਹੀਂ ਸੀ ਤੇ ਨਾ ਹੀ ਉਦੋਂ ਫ਼ੌਜ ਵਿਚ ਕੋਈ ਗੁਜਰਾਤੀ ਇਨਫ਼ੈਂਟਰੀ ਬਟਾਲੀਅਨ ਹੀ ਸੀ ਅਤੇ ਸ਼ਾਇਦ ਇਹ ਹੁਣ ਵੀ ਨਹੀਂ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਗੁਜਰਾਤੀ ਵਪਾਰੀ ਕਿਸਮ ਦੇ ਲੋਕ ਹਨ ਅਤੇ ਉਹ ਸੁਰੱਖਿਆ ਸੰਸਥਾਵਾਂ ਵਿਚ ਘੱਟ ਹੀ ਭਰਤੀ ਹੁੰਦੇ ਹਨ। ਇਹ ਵੱਖਰੀ ਗੱਲ ਹੈ ਕਿ ਭਾਰਤ ਵਿਚੋਂ ਪੈਸਾ ਲੈ ਕੇ ਵਿਦੇਸ਼ ਭੱਜਣ ਵਾਲਿਆਂ ਵਿੱਚੋਂ ਗੁਜਰਾਤੀ ਪਹਿਲੇ ਨੰਬਰ ‘ਤੇ ਹਨ। 1982 ਦੀਆਂ ਏਸ਼ੀਅਨ ਖੇਡਾਂ ਸਮੇਂ ਕਈ ਤਰ੍ਹਾਂ ਦੀਆਂ ਹੇਰਾਫੇਰੀਆਂ ਕਰਕੇ ਲਲਿਤ ਮੋਦੀ ਭਾਰਤ ਵਿੱਚੋਂ ਬਾਹਰ ਭੱਜ ਗਿਆ ਸੀ। ਉਸ ਤੋਂ ਬਾਅਦ ઑਕਿੰਗਫ਼ਿਸ਼ਰ਼ ਹਵਾਈ ਕੰਪਨੀ ਵਾਲਾ ਵਿਜੈ ਮਾਲੀਆ, ਹੀਰਿਆਂ ਦਾ ਵਿਉਪਾਰੀ ਨੀਰਵ ਮੋਦੀ ਅਤੇ ਕਈ ਹੋਰ ਵੀ ਭੱਜੇ ਹਨ ਜਿਨ੍ਹਾਂ ਬਾਰੇ ਹਰ ਕੋਈ ਜਾਣਦਾ ਹੀ ਹੈ, ਦੱਸਣ ਦੀ ਜ਼ਰੂਰਤ ਨਹੀਂ ਹੈ। ਸਾਰੇ ਖਾ ਪੀ ਕੇ ਡਕਾਰ ਮਾਰ ਗਏ ਹਨ।
ਹੁਣ ਜੇਕਰ ਲੜਾਈ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਇਹ ਦੱਸਣਾ ਜ਼ਰੂਰੀ ਹੈ ਕਿ 1965 ਤੋਂ ਪਹਿਲਾਂ ਗੁਜਰਾਤ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ઑਤੇ ਸਮੱਗਲਿੰਗ ਬਹੁਤ ਵੱਧ ਗਈ ਸੀ। ਭਾਰਤ ਵਿਚ ਸੋਨੇ ਅਤੇ ਚਾਂਦੀ ਦੀ ਸਮੱਗਲਿੰਗ ਗੁਜਰਾਤ ਦੇ ਰਸਤੇ ਹੀ ਹੁੰਦੀ ਸੀ। ਇਸ ਤੋਂ ਇਲਾਵਾ ਡਰੱਗਜ਼ ਦੀ ਸਮੱਗਲਿੰਗ ਵੀ ਉਦੋਂ ਬਹੁਤੀ ਏਸੇ ਸਰਹੱਦ ‘ਤੇ ਹੀ ਹੁੰਦੀ ਸੀ। ਪਿੱਛੇ ਜਿਹੇ ਤਰਨਤਾਰਨ ਸ਼ਹਿਰ ਦੀ ਇਕ ਕੋਠੀ ਵਿਚ ਚੱਲਦੀ ਫੈਕਟਰੀ ਵਿਚ ਜਿਹੜੀ ਡਰੱਗ ਫੜੀ ਗਈ ਹੈ, ਉਸ ਦੇ ਤਾਰ ਵੀ ਤਾਂ ਗੁਜਰਾਤ ਨਾਲ ਹੀ ਜੁੜਦੇ ਹਨ। ਗੁਜਰਾਤ ਦੇ ਮੁੱਖ ਮੰਤਰੀ ਬਲਵੰਤ ਰਾਏ ਮਹੰਤਾ ਦਾ ਜਹਾਜ਼ ਇਸ ਇਲਾਕੇ ਵਿਚ ਡਿੱਗ ਪਿਆ ਸੀ ਜਿਸ ਦੇ ਡਿੱਗਣ ਦਾ ਕਾਰਨ ਹੀ ਪਤਾ ਨਹੀਂ ਲੱਗ ਸਕਿਆ। ਉਂਜ, ਇਸ ਦੇ ਡਿੱਗਣ ਦੇ ਸ਼ੱਕ ਦੀ ਸੂਈ ਕਈ ਪਾਸੇ ਜਾਂਦੀ ਸੀ ਜਿਨ੍ਹਾਂ ਵਿੱਚੋਂ ਇਕ ਪਾਕਿਸਤਾਨ ਵਾਲੇ ਪਾਸੇ ਦੀ ਵੀ ਸੀ।
ਗੁਜਰਾਤੀਆਂ ਦੇ ਭਾਰਤੀ ਫ਼ੌਜ ਬਾਰੇ ਰਵੱਈਏ ਸਬੰਧੀ ਮੈਂ ਏਨਾ ਹੀ ਕਹਿਣਾ ਚਾਹਾਂਗਾ ਕਿ ਉਨ੍ਹਾਂ ਵਿਚ ਪ੍ਰੇਮ-ਪਿਆਰ ਜਾਂ ਸੇਵਾ-ਭਾਵਨਾ ਵਾਲੀ ਕੋਈ ਵੀ ਗੱਲ ਮੇਰੇ ਵੇਖਣ ਵਿਚ ਨਹੀਂ ਆਈ। ਇਸ ਲੜਾਈ ਵਿਚ ਸ਼ਾਮਲ ਹੋਣ ਲਈ ਅਸੀਂ ਆਗਰੇ ਤੋਂ ਟਰੇਨ ਰਾਹੀਂ ਅਹਿਮਦਾਬਾਦ ਪਹੁੰਚ ਕੇ ਉੱਥੇ ਦੋ ਦਿਨ ਠਹਿਰੇ। ਅਗਲੇ ਦਿਨ ਮਾਲ-ਗੱਡੀ ਰਾਹੀਂ ਅਸੀਂ ઑਭੁਜ਼ ਸ਼ਹਿਰ ਜਾਣਾ ਸੀ। ਰਣ-ਕੱਛ ਜਾਣ ਲਈ ਭੁਜ ਆਖ਼ਰੀ ਸਟੇਸ਼ਨ ਹੈ। ਮਾਲ-ਗੱਡੀ ਵਿਚ ਸਾਡੀ ਡਰਾਈਵਰਾਂ ਦੀ ਹੀ ਯੂਨਿਟ ਸੀ ਅਤੇ ਡਰਾਈਵਰ ਹਮੇਸ਼ਾ ਆਪਣੀ ਗੱਡੀ ਵਿਚ ਹੀ ਰਹਿੰਦੇ ਹਨ। ਅਹਿਮਦਾਬਾਦ ਤੋਂ ਚੱਲ ਕੇ ਸਾਡੀ ਟਰੇਨ ਜਿਸ ਸਟੇਸ਼ਨ ‘ਤੇ ਥੋੜ੍ਹੇ ਜਿਹੇ ਸਮੇਂ ਲਈ ਰੁਕੀ, ਉੱਥੇ 12-12 ਜਾਂ 13-13 ਸਾਲ ਦੀਆਂ ਲੜਕੀਆਂ ਜਿਨ੍ਹਾਂ ਨੇ ਘੱਗਰੇ ਪਾਏ ਹੋਏ ਸਨ ਅਤੇ ਉਹ ਪਿੱਤਲ ਦੀਆਂ ਗਾਗਰਾਂ ਆਪਣੀਆਂ ਢਾਕਾਂ ‘ਤੇ ਚੁੱਕੀ ਖੜ੍ਹੀਆਂ ਸਨ। ਉਨ੍ਹਾਂ ਗਾਗਰਾਂ ਵਿਚ ਸੱਤ ਜਾਂ ਅੱਠ ਕਿਲੋ ਪਾਣੀ ਹੋਵੇਗਾ, ਉਹ ਚਾਰ ਆਨੇ ਪ੍ਰਤੀ ਗਾਗਰ ਪਾਣੀ ਵੇਚ ਰਹੀਆਂ ਸਨ। ਅਸੀਂ ਉਨ੍ਹਾਂ ਕੋਲੋਂ ਪਾਣੀ ਮੁੱਲ ਲੈ ਕੇ ਪੀਤਾ। ਇਹ ਨਹੀਂ ਕਿ ਸਾਡੇ ਕੋਲ ਪਾਣੀ ਨਹੀਂ ਸੀ। ਦਰਅਸਲ, ਉਹ ਸਾਡੇ ਤੋਂ ਕਾਫ਼ੀ ਪਿੱਛੇ 200 ਗੈਲਨ ਦਾ ਵਾਟਰ-ਟੈਂਕਰ ਸੀ ਅਤੇ ਸਾਡੇ ਲਈ ਆਪਣੇ ਡੱਬੇ ਨੂੰ ਛੱਡ ਕੇ ਉੱਥੇ ਤੱਕ ਜਾਣਾ ਮੁਸ਼ਕਲ ਸੀ, ਕਿਉਂਕਿ ਫ਼ੌਜ ਦਾ ਆਪਣਾ ਹੀ ਡਸਿਪਲਿਨ ਹੁੰਦਾ ਹੈ ਜਿਸ ਨੂੰ ਕਾਇਮ ਰੱਖਣਾ ਜ਼ਰੂਰੀ ਹੁੰਦਾ ਹੈ। ਸੋ, ਤੁਸੀਂ ਵੇਖ ਹੀ ਲਿਆ ਹੈ, ਗੁਜਰਾਤੀਆਂ ਦਾ ਫ਼ੌਜੀਆਂ ਪ੍ਰਤੀ ਕਿੰਨਾ ਕੁ ਪ੍ਰੇਮ-ਪਿਆਰ ਹੈ ਅਤੇ ਕਿੰਨੀ ਕੁ ਸੇਵਾ-ਭਾਵਨਾ ਹੈ।
ਦੂਸਰੇ ਬੰਨੇ ਪੰਜਾਬ ਵਿਚ ਸਤੰਬਰ 1965 ਦੀ ਲੜਾਈ ਦੌਰਾਨ ਪੰਜਾਬਣ ਬੀਬੀਆਂ ਲਾਹੌਰ ਵਾਲੇ ਪਾਸੇ ਮੋਰਚਿਆਂ ਤੱਕ ਪਰੌਂਠੇ, ਮਿੱਸੇ-ਪ੍ਰਸ਼ਾਦੇ, ਲੱਸੀ ਅਤੇ ਚਾਹ-ਪਾਣੀ ਪਹੁੰਚਾ ਆਈਆਂ ਸਨ, ਜਦੋਂ ਉਸ ਵੇਲੇ ਦੇ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਲਾਇਆ ਸੀ। ਲੜਾਈ ਤੋਂ ਕੁਝ ਦਿਨ ਬਾਅਦ ਜਦੋਂ ਉਹ ਪੰਜਾਬ ਆਏ ਸਨ ਤਾਂ ਉਨ੍ਹਾਂ ਦੱਸਿਆ ਸੀ ਕਿ ਰਣ-ਕੱਛ ਦਾ ਇਲਾਕਾ 300 ਵਰਗਮੀਲ ਵਿਚ ਫ਼ੈਲਿਆ ਹੋਇਆ ਹੈ ਅਤੇ ਇਹ ਸਾਰਾ ਇਲਾਕਾ ਬੰਜਰ ਹੀ ਹੈ। ਇੱਥੇ ਦੋ-ਦੋ ਫੁੱਟ ਉੱਚੀਆਂ ਬੁਈ ਦੀ ਸ਼ਕਲ ਦੀਆਂ ਝਾੜੀਆਂ ਹਨ। ਉਨ੍ਹਾਂ ਦੇ ਹੁਕਮ ਨਾਲ ਇਹ ਇਲਾਕਾ ਪੰਜਾਬ ਦੇ ਸੇਵਾ-ਮੁਕਤ ਜਵਾਨਾਂ ਤੇ ਕਿਸਾਨਾਂ ਨੂੰ ਅਲਾਟ ਕੀਤਾ ਗਿਆ। ਇਸ ਦੇ ਦੋ ਕਾਰਨ ਸਨ। ਪਹਿਲਾ ਇਹ ਕਿ ਉਸ ਸਮੇਂ ਦੇਸ਼ ਵਿਚ ਅਨਾਜ ਦੀ ਕਾਫ਼ੀ ਕਮੀ ਸੀ ਅਤੇ ਸ਼ਾਸਤਰੀ ਜੀ ਜਾਣਦੇ ਸਨ ਕਿ ਪੰਜਾਬੀ ਮਿਹਨਤੀ ਤੇ ਸਿਰੜੀ ਹਨ ਅਤੇ ਉਹ ਮਿਹਨਤ ਕਰਕੇ ਇੱਥੇ ਅਨਾਜ ਪੈਦਾ ਕਰਨਗੇ। ਉਨ੍ਹਾਂ ਦੀ ਇਹ ਗੱਲ ਸਹੀ ਸਾਬਤ ਵੀ ਹੋਈ ਜਦੋਂ ਬਾਅਦ ਵਿਚ ਪੰਜਾਬੀਆਂ ਨੇ ਸਖ਼ਤ ਮਿਹਨਤ ਕਰਕੇ ਇਸ ਨੂੰ ਆਬਾਦ ਕੀਤਾ। ਦੂਸਰਾ ਕਾਰਨ ਸ਼ਾਸਤਰੀ ਜੀ ਅਨੁਸਾਰ ਇਹ ਸੀ ਕਿ ਉਹ ਪਾਕਿਸਤਾਨ ਨਾਲ ਲੱਗਦੀ ਇਸ ਸਰਹੱਦ ਦੀ ਰਾਖੀ ਵੀ ਕਰਨਗੇ।
ਰਣ-ਕੱਛ ਦੀ ਲੜਾਈ ਸਿਰਫ਼ ਤਿੰਨ ਦਿਨ ਹੀ ਹੋਈ। ਇੱਥੇ ਕਾਫ਼ੀ ਇਲਾਕਾ ਰੇਤਲਾ ਹੈ ਅਤੇ ਬਹੁਤ ਸਾਰਾ ਦਲਦਲ ਵਾਲਾ ਵੀ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਭਾਰੀ ਬਾਰਸ਼ ਦੇ ਕਾਰਨ ਸਮੁੰਦਰ 50 ਕਿਲੋਮੀਟਰ ਤੱਕ ਅਗਾਂਹ ਵੱਧ ਆਉਂਦਾ ਹੈ ਅਤੇ ਬਾਰਸ਼ਾਂ ਦਾ ਸੀਜ਼ਨ ਖ਼ਤਮ ਹੋਣ ‘ਤੇ ਪਿੱਛੇ ਹੱਟ ਜਾਂਦਾ ਹੈ।
ਆਪਣੇ ਪਿੱਛੇ ਉਹ ਦਲਦਲ ਵਾਲੀ ਜ਼ਮੀਨ ਛੱਡ ਜਾਂਦਾ ਹੈ ਅਤੇ ਟੋਇਆਂ ਵਾਲੀਆਂ ਥਾਵਾਂ ‘ਤੇ ਪਾਣੀ ਭਰ ਜਾਂਦਾ ਹੈ ਜੋ ਸੁੱਕ ਕੇ ਬਿਲਕੁਲ ਚਿੱਟਾ ਨਮਕ ਬਣ ਜਾਂਦਾ ਹੈ। ਦੋ ਅਪ੍ਰੈਲ ਨੂੰ ਜਦੋਂ ਅਸੀਂ ਬਾਰਡਰ ਵੱਲ ਵੱਧਣਾ ਸ਼ੁਰੂ ਕੀਤਾ ਤਾਂ ਰਾਤ ਹੋਣ ਕਰਕੇ ਅਤੇ ਸਾਡੇ ਕੋਲ ਨਕਸ਼ੇ ਪੁਰਾਣੇ ਹੋਣ ਕਾਰਨ ਸਾਡੇ ਦੋ ਅਫ਼ਸਰ (ਇਕ ਕੈਪਟਨ ਅਤੇ ਇਕ ਲੈਫ਼ਟੀਨੈਂਟ) ਸਾਰੀ ਰਾਤ ਨਕਸ਼ੇ ਟਾਰਚ ਨਾਲ ਨਕਸ਼ੇ ਵੇਖਦੇ ਰਹੇ ਪਰ ਉਨ੍ਹਾਂ ਨੂੰ ਅਸਲੀ ਜਗ੍ਹਾ ਹੀ ਨਾ ਮਿਲੀ, ਕਿਉਂਕਿ ਉੱਥੇ ਨਾ ਕੋਈ ਤਾਰ ਅਤੇ ਨਾ ਹੀ ਕੋਈ ਬੁਰਜੀ ਸੀ ਜਿਸ ਨਾਲ ਉਨ੍ਹਾਂ ਨੂੰ ਪਤਾ ਲੱਗਦਾ ਕਿ ਸਾਡੀ ਹੱਦ ਕਿੱਥੋਂ ਸ਼ੁਰੂ ਹੁੰਦੀ ਹੈ। ਦਿਨ ਚੜ੍ਹੇ ਤੋਂ ਹੀ ਪਤਾ ਲੱਗਾ ਜਦੋਂ ਪਾਕਿਸਤਾਨ ਵਾਲੇ ਪਾਸਿਉਂ ਹਲਕੇ ਹਥਿਆਰਾਂ ਨਾਲ ਫ਼ਾਇਰਿੰਗ ਹੋਣੀ ਸ਼ੁਰੂ ਹੋ ਗਈ। ਅਸੀਂ ਇਨਫ਼ੈਂਟਰੀ ਦੇ ਸੈਨਿਕਾਂ ਨੂੰ ਗੱਡੀਆਂ ਤੋਂ ਉਤਾਰ ਦਿੱਤਾ ਅਤੇ ਵਾਪਸ ਪਿੱਛੇ ਚਲੇ ਗਏ।
ਤਿੰਨ ਅਪ੍ਰੈਲ ਨੂੰ ਫਿਰ ਅਸੀਂ ਦੋ ਗੱਡੀਆਂ ਵਿਚ ਪਾਣੀ ਜਰੀਕੇਨਾਂ ਵਿਚ ਲੈ ਕੇ ਗਏ। ਅਗਲੇ ਮੋਰਚਿਆਂ ਵਿਚ ਉਦੋਂ ਵੀ ਫ਼ਾਇਰਿੰਗ ਹੋ ਰਹੀ ਸੀ। ਅਸੀਂ ਦੋ ਯੂਨਿਟਾਂ ਨੂੰ ਪਾਣੀ ਸਪਲਾਈ ਕਰਨਾ ਸੀ ਅਤੇ ਇਹ ਕੰਮ ਮੁਕਾ ਕੇ ਅਸੀਂ ਜਦੋਂ ਵਾਪਸ ਆ ਰਹੇ ਸੀ ਤਾਂ ਮੇਰੇ ਨਾਲ ਵਾਲੀ ਗੱਡੀ ਰੇਤ ਵਿਚ ਫਸ ਗਈ। ਸਾਡੇ ਕੋਲ ਰੇਤ ਵਿਚ ਚੱਲਣ ਵਾਲੇ ਸੈਂਡ-ਟਾਇਰ ਨਹੀਂ ਸਨ ਅਤੇ ਉਸ ਗੱਡੀ ਦਾ ਡਰਾਈਵਰ ਵੀ ਨਵਾਂ ਹੀ ਸੀ। ਉਹ ਸੈਂਟਰ ਵਿੱਚੋਂ ਟ੍ਰੇਨਿੰਗ ਕਰਕੇ ਅਜੇ ਨਵਾਂ-ਨਵਾਂ ਆਇਆ ਸੀ ਅਤੇ ਮੇਰਾ ਤਜਰਬਾ ਉਦੋਂ ਤੱਕ ਕਾਫ਼ੀ ਹੋ ਚੁੱਕਾ ਸੀ। ਮੈਂ ਆਪਣੇ ਦਿਮਾਗ਼ ਦੀ ਸੋਝੀ ਨਾਲ ਗੱਡੀ ਰੇਤ ਵਿੱਚੋਂ ਕੱਢੀ। ਪਰ ਗੱਡੀ ਕੱਢਦਿਆਂ ਸਾਨੂੰ ਵਾਹਵਾ ਈ ਹਨੇਰਾ ਹੋ ਗਿਆ। ਲੜਾਈ ਦੇ ਸਮੇਂ ਰਾਤ ਵੇਲੇਂ ਅਸੀਂ ਬਗ਼ੈਰ ਲਾਈਟਾਂ ਦੇ ਹੀ ਚੱਲਦੇ ਸੀ। ਇਹ ਸੋਚ ਕੇ ਕਿ ਕਿਧਰੇ ਰਸਤਾ ਹੀ ਨਾ ਭੁੱਲ ਜਾਈਏ, ਅਸੀਂ ਰਾਤ ਉੱਥੇ ਹੀ ਗ਼ੁਜ਼ਾਰਨ ਦਾ ਫ਼ੈਸਲਾ ਕੀਤਾ। ਸਾਡੇ ਨਾਲ ਮੇਰੇ ਤੋਂ ਇਕ ਸੀਨੀਅਰ ਵੀ ਸੀ। ਅਸੀਂ ਜਰੀਕੇਨ ਜੋੜ ਕੇ ਉਨ੍ਹਾਂ ਉੱਪਰ ਆਪਣੇ ਬਿਸਤਰੇ ਖੋਲ੍ਹ ਲਏ ਅਤੇ ਸਵੇਰ ਦੀ ਬਚੀ ਹੋਈ ਰੋਟੀ ਪਾਣੀ ਨਾਲ ਖਾ ਕੇ ਸੌਂ ਗਏ। ਪਿੱਛੇ ઑਰੀਅਰ਼ ਵਿਚ ਫ਼ਿਕਰ ਪੈ ਗਿਆ ਕਿ ਗੱਡੀਆਂ ਕਿੱਥੇ ਗਈਆਂ। ਕਿਧਰੇ ਅਸੀਂ ਦੁਸ਼ਮਣ ਦੇ ਕਾਬੂ ਹੀ ਤਾਂ ਨਹੀਂ ਆ ਗਏ। ਇਸ ਫ਼ਿਕਰ ਦਾ ਕਾਰਨ ਇਹ ਵੀ ਸੀ ਕਿ ਉਸ ਤੋਂ ਕੁਝ ਦਿਨ ਪਹਿਲਾਂ ਸਾਡੀ ਇਕ ਗੱਡੀ ਗ਼ਲਤੀ ਨਾਲ ਪਾਕਿਸਤਾਨ ਦੇ ਇਲਾਕੇ ਵਿਚ ਚਲੀ ਗਈ ਸੀ ਜਿਸ ਵਿਚ ਬੰਕਰਾਂ ਨੂੰ ਢੱਕਣ ਵਾਲੀਆਂ ਚਾਦਰਾਂ ਸਨ ਅਤੇ ਪਾਕਿਸਤਾਨੀ ਫ਼ੌਜ ਨੇ ਕੋਰਾ ਝੂਠ ਬੋਲਿਆ ਸੀ ਕਿ ਉਸ ਵਿਚ ਗੋਲਾ ਸੀ।
ਪਾਕਿਸਤਾਨੀ ਰੇਡੀਓ ਨੇ ਉਦੋਂ ਇਹ ਖ਼ਬਰ ਦਿੱਤੀ ਸੀ ਕਿ ਉਸ ਗੱਡੀ ਦੇ ਡਰਾਈਵਰ ਨੂੰ ਫੜ ਲਿਆ ਗਿਆ ਸੀ ਤੇ ੳੇਸ ਦੇ ਨਾਲ ਵਾਲੀ ਸੀਟ ‘ਤੇ ਬੈਠਾ ਸੂਬੇਦਾਰ ਭੱਜਣ ਵਿਚ ਸਫ਼ਲ ਹੋ ਗਿਆ ਸੀ ਅਤੇ ਉਹ ਗੱਡੀ ਉਨ੍ਹਾਂ ਦੇ ਕਬਜ਼ੇ ਵਿਚ ਸੀ। ਇਸ ਦੇ ਨਾਲ ਹੀ ਜਦੋਂ ਵੀ ਸਾਡੀ ਕੋਈ ਯੂਨਿਟ ਭੁਜ ਸਟੇਸ਼ਨ ‘ਤੇ ਪਹੁੰਚਦੀ, ਉਸ ਦੇ 20 ਕੁ ਮਿੰਟਾਂ ਬਾਅਦ ਹੀ ਰੇਡੀਓ ‘ਤੇ ਖ਼ਬਰ ਆ ਜਾਂਦੀ ਸੀ ਕਿ ਕਿਹੜੀ ਯੂਨਿਟ ਸਟੇਸਨ ‘ਤੇ ਉੱਤਰੀ ਹੈ। ਸਾਡੇ ਅਫ਼ਸਰਾਂ ਨੂੰ ਸ਼ੱਕ ਹੋ ਗਿਆ ਅਤੇ ਇਕ ਸੀਨੀਅਰ ਅਫ਼ਸਰ ਨੇ ਜਦੋਂ ਸਟੇਸ਼ਨ ‘ઑਤੇ ਜਾ ਕੇ ਤਲਾਸ਼ੀ ਲਈ ਤਾਂ ਉਸ ਨੂੰ ਸਟੇਸ਼ਨ ਮਾਸਟਰ ਦੇ ਕਮਰੇ ਵਿਚ ਟਰਾਂਸਮੀਟਰ ਫਿੱਟ ਹੋਇਆ ਮਿਲਿਆ ਜਿਸ ਰਾਹੀ ਉਹ ਸਟੇਸ਼ਨ ਮਾਸਟਰ ਪਾਕਿਸਤਾਨ ਨੂੰ ਹਰੇਕ ਖ਼ਬਰ ਦਿੰਦਾ ਸੀ।
ਫਿਰ ਇਕ ਦਿਨ ਸਾਡੇ ਨੇੜੇ ਹੀ ਇਕ ਪਿੰਡ ਖਾਵੜਾ ਦੀਆਂ ਚਾਰ ਲੜਕੀਆਂ ਜਾਸੂਸੀ ਕਰਦੀਆਂ ਫੜੀਆਂ ਗਈਆਂ। ਉਹ ਪਿੰਡ ਸਾਰਾ ਹੀ ਕੱਚਾ ਸੀ ਅਤੇ ਉਸ ਨੂੰ ਅਤੇ ਹੋਰ ਪਿੰਡਾਂ ਨੂੰ ਜਾਣ ਵਾਲੇ ਰਸਤੇ ਸਾਰੇ ਕੱਚੇ ਹੀ ਸਨ। ਪਿੰਡਾਂ ਵਿਚ ਬਹੁਤ ਗ਼ਰੀਬੀ ਸੀ। ਅਪ੍ਰੈਲ ਦੇ ਪਹਿਲੇ ਹਫ਼ਤੇ ਹੀ ਬੜੀ ਗਰਮੀ ਹੋ ਗਈ ਸੀ ਅਤੇ ਤਕਰੀਬਨ ਸਾਰਾ ਹੀ ਦਿਨ ਹਨੇਰੀ ਚੱਲਦੀ ਰਹਿੰਦੀ ਸੀ ਜਿਸ ਨਾਲ ਖਾਣੇ ਵਿਚ ਵੀ ਰੇਤਾ ਖਾਣਾ ਪੈਂਦਾ ਸੀ। ਲੰਗਰ ਅਸਥਾਨ ਦੇ ਨੇੜੇ ਪਾਣੀ ਵੀ ਛਿੜਕਿਆ ਜਾਂਦਾ ਸੀ ਪਰ ਸੱਭ ਬੇਅਰਥ, ਕਿਉਂਕਿ ਉਸ ਦਾ ਅਸਰ ਵੀ ਤਾਂ ਥੋੜ੍ਹਾ ਹੀ ਚਿਰ ਰਹਿੰਦਾ ਸੀ।
ਇਹ ਰਣ-ਕੱਛ ਓਹੀ ਜਗ੍ਹਾ ਹੈ ਜਿੱਥੋਂ ਹੁਣ ਗੁਜਰਾਤ ਸਰਕਾਰ ਵੱਲੋਂ ਪੰਜਾਬੀ ਸਿੱਖ ਕਿਸਾਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਸ ਸਬੰਧੀ ਕੇਸ ਕਿਸਾਨ ਗੁਜਰਾਤ ਹਾਈਕੋਰਟ ਤੋਂ ਜਿੱਤ ਚੁੱਕੇ ਹਨ ਅਤੇ ਗੁਜਰਾਤ ਦੀ ਸਰਕਾਰ ਨੇ ਇਹ ਕੇਸ ਹੁਣ ਸੁਪਰੀਮ ਕੋਰਟ ਵਿਚ ਕੀਤਾ ਹੋਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਲੋਕ ਸਭਾ ਚੋਣਾਂ ਲਈ ਦੂਸਰੀ ਵਾਰ ਜਗਰਾਓਂ ਜਿੱਥੇ ਗੰਨਾ ਮਿੱਲ ਹੁੰਦੀ ਸੀ, ਵਿਚ ਵੋਟਾਂ ਮੰਗਣ ਆਇਆ ਤਾਂ ਲੋਕਾਂ ਨਾਲ ਇਹ ਵਾਅਦਾ ਕਰਕੇ ਗਿਆ ਸੀ ਕਿ ਜੇਕਰ ਉਹ ਜਿੱਤ ਗਿਆ ਤਾਂ ਸੁਪਰੀਮ ਕੋਰਟ ਵਿੱਚੋਂ ਇਹ ਕੇਸ ਵਾਪਸ ਲੈ ਲਿਆ ਜਾਵੇਗਾ ਪਰ ਉਸ ਦਾ ਵਾਅਦਾ ਵਫ਼ਾ ਨਹੀਂ ਹੋਇਆ। ਮੈਂ ਉਦੋਂ ਬਰੈਂਪਟਨ ਵਿਚ ਬੈਠਾ ਖ਼ੁਦ ਇਕ ਦਿਨ ਆਪਣੇ ਰੇਡੀਓ ਤੋਂ ਸੁਣ ਰਿਹਾ ਸੀ ਜਦੋਂ ਰਣ-ਕੱਛ ਵਿਚ ਕਿਸਾਨਾਂ ਦਾ ਇਕ ਮੋਅਤਬਰ ਸ਼ਖਸ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸਵੇਰ ਦੇ ਸਮੇਂ ਇਹ ਕਹਿ ਰਿਹਾ ਸੀ, ”ਪਰਵਾਸੀ ਵੀਰੋ, ਸਾਡੀ ਮਦਦ ਕਰੋ। ਅਸੀਂ ਤੁਹਾਡੇ ਕੋਲੋਂ ਪੈਸਾ ਨਹੀਂ ਮੰਗਦੇ, ਤੁਸੀਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਕਹੋ ਕਿ ਉਹ ਸਾਡੀ ਮਦਦ ਕਰੇ। ਪਰ ਕਿੱਥੇ, ਸਾਡੇ ਲੀਡਰਾਂ ਨੂੰ ਕੁਰਸੀ ਅਤੇ ਪੈਸੇ ਤੋਂ ਬਿਨਾਂ ਹੋਰ ਕੁਝ ਵੀ ਯਾਦ ਨਹੀਂ ਰਹਿੰਦਾ।
(ਸਹਿਯੋਗੀ: ਡਾ. ਸੁਖਦੇਵ ਸਿੰਘ ਝੰਡ
ਫ਼ੋਨ: 647-567-9128)