ਪਟਿਆਲਾ/ਬਿਊਰੋ ਨਿਊਜ਼ : ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਨਾ ਕਰਨ ਦੇ ਕੀਤੇ ਗਏ ਐਲਾਨ ਮਗਰੋਂ ਭਾਵੇਂ ਕਈ ਹਫਤਿਆਂ ਤੋਂ ਸ਼ਾਂਤੀ ਹੈ ਪਰ ਤਿੰਨ ਕਿਸਾਨਾਂ ਦੀ ਰਿਹਾਈ ਲਈ ਦੋ ਹਫਤਿਆਂ ਤੋਂ ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਟਰੈਕ ‘ਤੇ ਧਰਨਾ ਦੇਣ ਮਗਰੋਂ ਹਰਿਆਣਾ ਪੁਲਿਸ ਵੱਲੋਂ ਮੁੜ ਡਰੋਨ ਭੇਜਿਆ ਗਿਆ ਹੈ।
ਇਹ ਡਰੋਨ ਇੱਕ ਦਿਨ ‘ਚ ਹੀ ਦੋ ਵਾਰ ਕਿਸਾਨਾਂ ਦੇ ਰੇਲਵੇ ਟਰੈਕ ‘ਤੇ ਜਾਰੀ ਧਰਨੇ ‘ਤੇ ਘੁੰਮਦਾ ਨਜ਼ਰ ਆਇਆ। ਸਰਵਣ ਸਿੰਘ ਪੰਧੇਰ ਨੇ ਇਸ ਨੂੰ ਹਰਿਆਣਾ ਸਰਕਾਰ ਦੀ ਉਕਸਾਊ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਐਲਾਨ ਹੀ ਕੀਤਾ ਹੋਇਆ ਹੈ ਕਿ ਉਹ ਹੁਣ ਉਦੋਂ ਹੀ ਦਿੱਲੀ ਵੱਲ ਕੂਚ ਕਰਨਗੇ, ਜਦੋਂ ਬਾਰਡਰਾਂ ‘ਤੇ ਲਾਈਆਂ ਗਈਆਂ ਰੋਕਾਂ ਹਕੂਮਤ ਵੱਲੋਂ ਖੁਦ ਖੋਲ੍ਹੀਆਂ ਜਾਣਗੀਆਂ ਤਾਂ ਵੀ ਅਜਿਹੀਆਂ ਕਾਰਵਾਈਆਂ ਕਰਨਾ ਗਲਤ ਹੈ।
ਕਿਸਾਨਾਂ ਨੇ ਹਰਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਕਿਸਾਨਾਂ ਦੀ ਰਿਹਾਈ ਲਈ 17 ਅਪਰੈਲ ਤੋਂ ਸ਼ੰਭੂ ਰੇਲਵੇ ਟਰੈਕ ‘ਤੇ ਧਰਨਾ ਸ਼ੁਰੂ ਕੀਤਾ ਹੈ ਜਿਸ ਕਾਰਨ ਰੋਜ਼ਾਨਾ ਹੀ ਦਰਜਨਾਂ ਰੇਲ ਗੱਡੀਆਂ ਪ੍ਰਭਾਵਿਤ ਹੋ ਰਹੀਆਂ ਹਨ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਸੀ ਕਿ ਇੰਜ ਜਾਪਦਾ ਹੈ ਕਿ ਪੰਜਾਬ ਸਰਕਾਰ ਵੀ ਕੇਂਦਰ ਅਤੇ ਹਰਿਆਣਾ ਸਰਕਾਰ ਨਾਲ ਮਿਲੀ ਹੋਈ ਹੈ ਕਿਉਂਕਿ ਪਹਿਲਾਂ ਹਰਿਆਣਾ ਪੁਲਿਸ ਵੱਲੋਂ ਮੁਹਾਲੀ ਤੋਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਮੌਕੇ ਪੰਜਾਬ ਸਰਕਾਰ ਨੇ ਚੁੱਪ ਸਾਧੀ ਰੱਖੀ ਤੇ ਹੁਣ ਪੰਜਾਬ ਦੇ ਖੇਤਰ ‘ਚ ਹਰਿਆਣਾ ਦਾ ਡਰੋਨ ਆਉਣ ‘ਤੇ ਵੀ ਕੋਈ ਕਾਰਵਾਈ ਨਹੀਂ ਕੀਤੀ।