ਮੁੰਬਈ ਏਅਰਪੋਰਟ ਪਹੁੰਚਦਿਆਂ ਹੀ ਤਿਰੰਗਾ ਫੜ ਕਿਹਾ ‘ਚੱਕ ਤੇ ਫੱਟੇ’
ਮੁੰਬਈ/ਬਿਊਰੋ ਨਿਊਜ਼
ਦੇਸ਼ ਦਾ ਨਾਂ ਰੌਸ਼ਨ ਕਰਨ ਤੋਂ ਬਾਅਦ ‘ਮਿਸ ਯੂਨੀਵਰਸ 2021’ ਦੀ ਜੇਤੂ ਹਰਨਾਜ਼ ਕੌਰ ਸੰਧੂ ਅੱਜ ਭਾਰਤ ਪਰਤ ਆਈ, ਜਿੱਥੇ ਉਨ੍ਹਾਂ ਦਾ ਭਾਰਤ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹਰਨਾਜ਼ ਸੰਧੂ ਦਾ ਪਰਿਵਾਰ ਵੀ ਮੁੰਬਈ ਏਅਰਪੋਰਟ ’ਤੇ ਹੀ ਮੌਜੂਦ ਰਿਹਾ। ਭਾਰਤ ਦੀ ਧਰਤੀ ’ਤੇ ਕਦਮ ਰੱਖਦਿਆਂ ਹੀ ਹਰਨਾਜ਼ ਸੰਧੂ ਨੇ ਹੱਥ ’ਚ ਤਿਰੰਗਾ ਫੜ ਕਿਹਾ ‘ਚੱਕ ਤੇ ਫੱਟੇ’ ਅਤੇ ਹੱਥ ਜੋੜ ਕੇ ਸਾਰਿਆਂ ਦੇ ਪਿਆਰ ਨੂੰ ਕਬੂਲ ਕੀਤਾ। ਧਿਆਨ ਰਹੇ ਕਿ 13 ਦਸੰਬਰ ਨੂੰ ਇਜ਼ਰਾਇਲ ਦੇ ਇਲਾਟ ’ਚ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ ਮਿਸ ਯੂਨੀਵਰਸ ਦਾ 70ਵਾਂ ਐਡੀਸ਼ਨ ਆਯੋਜਿਤ ਕੀਤਾ ਗਿਆ, ਜਿੱਥੇ 21 ਸਾਲਾ ਪੰਜਾਬਣ ਹਰਨਾਜ਼ ਕੌਰ ਸੰਧੂ ਇਹ ਖਿਤਾਬ ਆਪਣੇ ਨਾਂ ਕਰਨ ’ਚ ਕਾਮਯਾਬ ਰਹੀ। ਹਰਨਾਜ਼ ਸੰਧੂ ਨੇ 79 ਦੇਸ਼ਾਂ ਦੇ ਪ੍ਰਤੀਯੋਗੀਆਂ ਨੂੰ ਹਰਾ ਕੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਿਆ। 21 ਸਾਲ ਬਾਅਦ ਕਿਸੇ ਭਾਰਤੀ ਸੁੰਦਰੀ ਨੂੰ ਇਹ ਖਿਤਾਬ ਮਿਲਿਆ ਹੈ। ਹਰਨਾਜ਼ ਕੌਰ ਸੰਧੂ ਤੋਂ ਪਹਿਲਾਂ ਸਿਰਫ਼ ਦੋ ਭਾਰਤੀ ਮਹਿਲਾਵਾਂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ, ਜਿਨ੍ਹਾਂ ਵਿਚ ਬੌਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੇ 1994 ’ਚ ਅਤੇ ਲਾਰਾ ਦੱਤਾ ਨੇ 2000 ’ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਹਰਨਾਜ਼ ਸੰਧੂ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਜਨਮ ਇਕ ਸਿੱਖ ਪਰਿਵਾਰ ਵਿਚ ਹੋਇਆ।