Breaking News
Home / ਨਜ਼ਰੀਆ / ਇੱਕ ਪਾਠਕ ਦੀ ਨਜ਼ਰ ਵਿੱਚ ਹਰਜੀਤ ਬੇਦੀ ਦੀ ਕਾਵਿ-ਪੁਸਤਕ ‘ਹਕੀਕਤ’

ਇੱਕ ਪਾਠਕ ਦੀ ਨਜ਼ਰ ਵਿੱਚ ਹਰਜੀਤ ਬੇਦੀ ਦੀ ਕਾਵਿ-ਪੁਸਤਕ ‘ਹਕੀਕਤ’

ਮੈਂ ਨਾ ਤਾਂ ਲਿਖਾਰੀ ਹਾਂ ਤੇ ਨਾ ਹੀ ਆਲੋਚਕ। ਸਿਰਫ ਤੇ ਸਿਰਫ ਪਾਠਕ ਹਾਂ। ਪਰ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ ਜਦ ਵੀ ਮੈਂ ਕੋਈ ਨਵੀਂ ਕਿਤਾਬ ਦੇਖਦੀ ਹਾਂ ਤਾਂ ਉਹ ਜ਼ਰੂਰ ਪੜ੍ਹਦੀ ਹਾਂ। ਖਾਸ ਤੌਰ ‘ਤੇ ਜਿਸ ਲੇਖਕ ਦੀ ਕੋਈ ਨਾ ਕੋਈ ਕਵਿਤਾ  ਉਸ ਦੇ ਮੂੰਹੋਂ ਸੁਣੀ ਹੋਵੇ। ਪਿਛਲੇ ਦਿਨੀਂ ‘ਤਰਕਸ਼ੀਲ ਪ੍ਰਕਾਸ਼ਨ’  ਦੁਆਰਾ ਛਪੀ ਹਰਜੀਤ ਬੇਦੀ ਦੀ ਕਾਵਿ-ਪੁਸਤਕ ‘ਹਕੀਕਤ’ ਪੜ੍ਹਨ ਦਾ ਮੌਕਾ ਮਿਲਿਆ। ਇਹ ਕਿਤਾਬ ਸੱਚਮੁੱਚ ਆਪਣੇ ਨਾਂ ਨੂੰ ਸਾਰਥਕ ਕਰਦੀ ਹੈ। ਇਸ ਵਿੱਚਲੀਆਂ ਕਵਿਤਾਵਾਂ ਸਮਾਜਿਕ, ਧਾਰਮਿਕ, ਰਾਜਨੀਤਕ, ਆਰਥਿਕ ਹਾਲਤਾਂ ਅਤੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਕਾਵਿ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਕਰਦੀਆਂ ਹਨ। ਸਾਰੀਆਂ ਹੀ ਕਵਿਤਾਵਾਂ ਆਮ ਲੋਕਾਂ ਦੇ ਜੀਵਨ ਨਾਲ ਸਬੰਧਤ ਹਨ।
ਇਸ ਕਿਤਾਬ ਦੇ ਮੁੱਖ-ਬੰਦ ਲੇਖਕ ਪੂਰਨ ਸਿੰਘ ਪਾਂਧੀ ਜੀ ਦਾ ਹਰਜੀਤ ਬੇਦੀ ਨੂੰ ਲੋਕ ਧਾਰਾ ਦਾ ਕਵੀ ਕਹਿਣਾ ਸੌ ਪ੍ਰਤੀ ਸਹੀ ਹੈ। ਮੁਲਾਜ਼ਮ ਅਤੇ ਜਨਤਕ ਜਥੇਬੰਦੀਆ ਵਿੱਚ ਸਰਗਰਮ ਹੋਣ ਹੋਣ ਕਰ ਕੇ ਉਹ ਆਮ ਲੋਕਾਂ ਨਾਲ ਜੁੜਿਆ ਹੈ ਇਸ ਲਈ ਉਹਨਾਂ ਦੇ ਹਾਲਤਾਂ ਨੂੰ ਸਮਝਦਿਆਂ ਹੋਇਆਂ ਉਹਨਾਂ ਦੀ ਸਹੀ ਤਸਵੀਰ ਪੇਸ਼ ਕਰਦਾ ਹੈ। ਉਸ ਨੂੰ  ਹਾਲਤਾਂ ‘ਤੇ ਵਿਅੰਗ ਕਸਦੇ ਹੋਏ ਆਪਣੀ ਗੱਲ ਕਹਿਣ ਦੀ ਜਾਚ ਹੈ। ਆਪਣੀ ਕਵਿਤਾ ‘ਆਜਾਦੀ’ ਵਿੱਚ ਉਹ ਲਿਖਦਾ ਹੈ:
ਕਦੇ ਗਰੀਬੀ ਹਟਾਓ ਨਾਹਰਾ, ਅੱਛੇ ਦਿਨਾਂ ਦਾ ਲਾਈਏ ਲਾਰਾ।
ਗੱਦੀਆਂ ਉੱਤੇ ਬੈਠਣ ਖਾਤਰ , ਕਰੀਏ ਹਰ ਤਰ੍ਹਾਂ ਦਾ ਚਾਰਾ।
ਵੋਟਾਂ ਵੇਲੇ ਨਵਾਂ ਹਰ ਵਾਰੀ, ਝੁਰਲੂ ਕੱਢ ਦਿਖਾਉਂਦੇ ਹਾਂ।
ਪੰਦਰਾਂ ਅਗਸਤ ਆਜ਼ਾਦੀ ਦਾ ਦਿਨ,ਹਰ ਸਾਲ ਅਸੀਂ ਮਨਾਉਂਦੇ ਹਾਂ।
ਇਸੇ ਤਰ੍ਹਾਂ ਕਵਿਤਾ ‘ਭੁੱਖੇ ਢਿੱਡ’ ਲੋਕਾਂ ਦੀ ਕਿਰਤ ਲੁੱਟਣ ਵਾਲਿਆਂ ਬਾਰੇ ਲਿਖਦਾ ਹੈ:
ਨੋਟਾਂ ਦੀ ਬਣਾਉਂਦੇ ਰੋਟੀ, ਤੇ ਸੋਨੇ ਦੀ ਸਬਜ਼ੀ। ਇਸ ਦੇ ਨਾਲ ਹੀ ਅੱਗੇ ਲਿਖਦਾ ਹੈ: ਖਾਣ ਪੀਣ ਦੀਆਂ ਚੀਜਾਂ ਨੇ ਹੀ, ਢਿੱਡ ਦਾ ਬਾਲਣ ਹੋਣਾ। ਪਤਾ ਨਹੀਂ ਇਹ ਕੈਸੇ ਢਿੱਡ ਨੇ ਖਾਂਦੇ ਨੋਟ ਤੇ ਸੋਨਾ। ਗੱਲ ਕੀ ‘ਹਕੀਕਤ’ ਵਿਚਲੀ ਹਰ ਕਵਿਤਾ ਕੋਈ ਨਾ ਕੋਈ ਲੋਕਾਂ ਨਾਲ ਜੁੜੀ ਗੱਲ ਕਰਦੀ ਹੈ।
ਕਵਿਤਾ ‘ਕੋਈ ਵੀ ਛੱਡਣਾ ਨਹੀਂਓਂ ਚਾਹੁੰਦਾ’ ਪਰਵਾਸ ਦੇ ਕਾਰਨਾਂ ਬਾਰੇ ਅਤੇ ਕਵਿਤਾਵਾਂ ‘ਰਾਂਝਾ’ ਅਤੇ ‘ਮਿਰਜਾ’ ਪੁਰਾਣੀਆਂ ਗਾਥਾਵਾਂ ਨੂੰ ਨਵੇਂ ਅਰਥ ਪ੍ਰਦਾਨ ਕਰਦੀਆਂ ਹਨ। ਇਸ ਕਿਤਾਬ ਵਿੱਚ ਉਸਦੀਆਂ ਕਈ ਕਵਿਤਾਵਾਂ ਕੈਨੇਡਾ ਦੇ ਜੀਵਣ ਨਾਲ ਸਬੰਧਤ ਹਨ ਜਿਵੇਂ ਕਵਿਤਾ ‘ਬਾਬੇ’ ਬਜ਼ੁਰਗਾਂ ਦੇ ਕੈਨੇਡਾ ਵਿੱਚ ਵਿਚਰਨ ਢੰਗ, ‘ਬਣ ਗਏ ਮਸ਼ੀਨਾਂ’ ਇੱਥੋਂ ਦੀਆਂ ਜੀਵਣ ਹਾਲਤਾਂ ਬਾਰੇ ਹਨ। ਇਸ ਤੋਂ ਬਿਨਾਂ ‘ਬੀਬੀ ਕਰਦੀ ਫਿਰਦੀ ਵਾਕ’, ‘ਹੋ ਗਿਆ ਬਿਮਾਰ’ ਅਤੇ ‘ਦਾਦਾ ਬਣੇ ਪੋਤੇ ਦਾ ਆੜੀ’, ਕੈਨੇਡਾ ਦੇ ਜੀਵਣ ਬਾਰੇ ਹਨ।
ਕੈਨੇਡਾ ਦੇ ਜੀਵਣ ਬਾਰੇ ਪੰਜਾਬੀ ਵਿੱਚ ਪਹਿਲਾਂ ਬਹੁਤ ਘੱਟ ਕਵਿਤਾਵਾਂ ਲਿਖੀਆਂ ਗਈਆਂ ਹਨ। ਬਹੁਤਾ ਕੁੱਝ ਨਾ ਕਹਿੰਦੀ ਹੋਈ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਸ ਨੂੰ ਕਵਿਤਾਵਾਂ ਪੜ੍ਹਣ ਦਾ ਥੋੜ੍ਹਾ ਬਹੁਤ ਵੀ ਸ਼ੌਕ ਹੈ ਉਸ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਹਰਜੀਤ ਬੇਦੀ ਦਾ ਫੋਨ ਨੰਬਰ (647-924-9087 ) ਹੈ।
ਦਵਿੰਦਰ ਤੂਰ ਬਰੈਂਪਟਨ

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …