ਨਿੱਜੀ ਸਿਹਤ ਸੇਵਾਵਾਂ ਬੰਦ ਨਾ ਕੀਤੀਆਂ ਜਾਣ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਨੇ ਸਾਰੇ ਸੂਬਿਆਂ ਤੇ ਯੂਟੀਜ਼ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਗ਼ੈਰ-ਕੋਵਿਡ ਮਰੀਜ਼ਾਂ ਲਈ ਸਾਰੀਆਂ ਸਿਹਤ ਸਹੂਲਤਾਂ ਜਾਰੀ ਰਹਿਣੀਆਂ ਯਕੀਨੀ ਬਣਾਈਆਂ ਜਾਣ ਅਤੇ ਉਹ ਮਰੀਜ਼ ਜਿਨ੍ਹਾਂ ਨੂੰ ਡਾਇਲੇਸਿਸ, ਖੂਨ ਚੜ੍ਹਾਉਣ ਅਤੇ ਕੀਮੋਥੈਰੇਪੀ ਵਰਗੇ ਇਲਾਜ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਮਨ੍ਹਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖਾਸ ਕਰਕੇ ਨਿੱਜੀ ਖੇਤਰ ‘ਚ ਸਿਹਤ ਸਹੂਲਤਾਂ ਜਾਰੀ ਰੱਖੀਆਂ ਜਾਣ। ਉਨ੍ਹਾਂ ਕਿਹਾ ਕਿ ਜ਼ਰੂਰੀ ਸਿਹਤ ਸੇਵਾਵਾਂ ਲੌਕਡਾਊਨ ਦੌਰਾਨ ਵੀ ਬੰਦ ਨਹੀਂ ਕੀਤੀਆਂ ਜਾ ਸਕਦੀਆਂ। ਇਸੇ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਏਕਾਂਤਵਾਸ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ‘ਚ ਕਰੋਨਾਵਾਇਰਸ ਦੇ ਹਲਕੇ ਜਾਂ ਸ਼ੁਰੂਆਤੀ ਲੱਛਣ ਅਤੇ ਉਨ੍ਹਾਂ ਕੋਲ ਆਪਣੇ ਘਰਾਂ ਅੰਦਰ ਪਰਿਵਾਰਕ ਮੈਂਬਰਾਂ ਤੋਂ ਦੂਰ ਰਹਿਣ ਦੀ ਸਹੂਲਤ ਹੈ ਤਾਂ ਉਹ ਘਰੇਲੂ ਇਕਾਂਤਵਾਸ ‘ਚ ਰਹਿ ਸਕਦੇ ਹਨ। ਸਿਹਤ ਸਕੱਤਰ ਪ੍ਰੀਤੀ ਸੁਡਾਨ ਨੇ ਸੂਬਿਆਂ ਤੇ ਯੂਟੀਜ਼ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ ‘ਚ ਬਹੁਤ ਸਾਰੇ ਹਸਪਤਾਲਾਂ ਤੇ ਕਲੀਨਿਕਾਂ ਵੱਲੋਂ ਕੋਈ ਸੇਵਾ ਮੁਹੱਈਆ ਕੀਤੇ ਜਾਣ ਤੋਂ ਪਹਿਲਾਂ ਕੋਵਿਡ-19 ਦਾ ਟੈਸਟ ਕਰਵਾਉਣਾ ਲਾਜ਼ਮੀ ਕੀਤੇ ਜਾਣ ਦਾ ਨੋਟਿਸ ਲੈਂਦਿਆਂ ਹਦਾਇਤ ਕੀਤੀ ਕਿ ਕਰੋਨਾ ਵਾਇਰਸ ਦਾ ਟੈਸਟ ਸਿਰਫ਼ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਦੀਆਂ ਹਦਾਇਤਾਂ ਅਨੁਸਾਰ ਹੀ ਕਰਵਾਏ ਜਾਣ।
ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਸਮਾਂ ਕੋਵਿਡ-19 ਖ਼ਿਲਾਫ਼ ਜੰਗ ਲਈ ਤਿਆਰ ਰਹਿਣ ਦਾ ਹੈ ਪਰ ਇਸ ਦੌਰਾਨ ਗ਼ੈਰ-ਕੋਵਿਡ ਮਰੀਜ਼ਾਂ ਨੂੰ ਵੀ ਸੇਵਾਵਾਂ ਮੁਹੱਈਆ ਕਰਵਾਉਣੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਲੋੜਵੰਦਾਂ ਨੂੰ ਜ਼ਰੂਰੀ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਨਿੱਜੀ ਹਸਪਤਾਲਾਂ ਤੇ ਕਲੀਨਿਕਾਂ ‘ਚ ਕੰਮ ਯਕੀਨੀ ਬਣਾਇਆ ਜਾਵੇ। ਉਨ੍ਹਾਂ ਲਿਖਿਆ ਕਿ ਉਨ੍ਹਾਂ ਦੇ ਧਿਆਨ ‘ਚ ਆਇਆ ਹੈ ਕਿ ਬਹੁਤ ਸਾਰੇ ਹਸਪਤਾਲ ਮਰੀਜ਼ਾਂ ਨੂੰ ਡਾਇਲੇਸਿਸ, ਖੂਨ ਬਦਲਣ, ਕੀਮੋਥੈਰੇਪੀ ਤੇ ਹੋਰ ਸੇਵਾਵਾਂ ਕਰੋਨਾਵਾਇਰਸ ਦੇ ਡਰ ਕਾਰਨ ਦੇਣ ਤੋਂ ਇਨਕਾਰ ਕਰ ਰਹੇ ਹਨ ਤੇ ਆਪਣੇ ਹਸਪਤਾਲ ਬੰਦ ਰੱਖ ਰਹੇ ਹਨ ਪਰ ਇਹ ਸੇਵਾਵਾਂ ਲੌਕਡਾਊਨ ਦੌਰਾਨ ਵੀ ਰੋਕੀਆਂ ਨਹੀਂ ਜਾ ਸਕਦੀਆਂ। ਸਿਹਤ ਸਕੱਤਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਗੰਭੀਰ ਮਰੀਜ਼ਾਂ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਮਿਲਣੀਆਂ ਯਕੀਨੀ ਬਣਾਉਣ ਅਤੇ ਖਾਸ ਕਰਕੇ ਨਿੱਜੀ ਖੇਤਰ ‘ਚ ਇਹ ਸੇਵਾਵਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ।
ਦੂਜੇ ਪਾਸੇ ਸਿਹਤ ਮੰਤਰਾਲੇ ਨੇ ਘਰੇਲੂ ਏਕਾਂਤਵਾਸ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਘਰ ‘ਚ ਏਕਾਂਤਵਾਸ ਹੋਣ ਵਾਲੇ ਕਰੋਨਾ ਪੀੜਤ ਨੂੰ ਰੋਜ਼ਾਨਾ ਆਧਾਰ ‘ਤੇ ਜ਼ਿਲ੍ਹਾ ਸਿਹਤ ਨਿਗਰਾਨ ਅਧਿਕਾਰੀ ਨੂੰ ਆਪਣੀ ਸਿਹਤ ਬਾਰੇ ਦੱਸਣਾ ਪਵੇਗਾ। ਇਸ ਦੇ ਨਾਲ ਹੀ ਮਰੀਜ਼ ਦੀ ਦੇਖਭਾਲ ਕਰਨ ਵਾਲੇ ਅਤੇ ਉਸ ਦੇ ਨਜ਼ਦੀਕੀਆਂ ਨੂੰ ਨਿਯਮਾਂ ਤਹਿਤ ਮੈਡੀਕਲ ਅਫਸਰ ਦੀ ਸਲਾਹ ਅਨੁਸਾਰ ਹਾਈਡ੍ਰੋਕਲੋਰੋਕੁਈਨ ਦੀ ਦਵਾਈ ਖਾਣੀ ਪਵੇਗੀ। ਉਨ੍ਹਾਂ ਕਿਹਾ ਘਰ ‘ਚ ਇਕਾਂਤਵਾਸ ਹੋਣ ਵਾਲੇ ਮਰੀਜ਼ ਨੂੰ 24 ਘੰਟੇ ਸੰਭਾਲ ਲਈ ਇੱਕ ਵਿਅਕਤੀ ਮੁਹੱਈਆ ਕੀਤਾ ਜਾਵੇਗਾ।
ਏਸ਼ੀਅਨ ਵਿਕਾਸ ਬੈਂਕ ਵੱਲੋਂ ਭਾਰਤ ਲਈ 1.5 ਅਰਬ ਡਾਲਰ ਦਾ ਕਰਜ਼ਾ ਪ੍ਰਵਾਨ
ਨਵੀਂ ਦਿੱਲੀ : ਏਸ਼ਿਆਈ ਵਿਕਾਸ ਬੈਂਕ (ਏਡੀਬੀ) ਨੇ ਕਿਹਾ ਕਿ ਉਸ ਨੇ ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਨੂੰ ਮਦਦ ਵਜੋਂ 1.5 ਅਰਬ ਡਾਲਰ (11,400 ਕਰੋੜ ਰੁਪਏ) ਦਾ ਕਰਜ਼ਾ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਬੈਂਕ ਨੇ ਕਿਹਾ ਕਿ ਇਹ ਕਰਜ਼ਾ ਕਰੋਨਾ ਤੋਂ ਬਚਾਅ ਤੇ ਸੁਰੱਖਿਆ ਦੇ ਨਾਲ ਨਾਲ ਗਰੀਬਾਂ ਤੇ ਆਰਥਿਕ ਤੌਰ ‘ਤੇ ਕਮਜ਼ੋਰ ਤਬਕੇ ਦੇ ਲੋਕਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਦਿੱਤਾ ਗਿਆ ਹੈ। ਏਡੀਬੀ ਦੇ ਮੁਖੀ ਮਸਤਸੁਗੂ ਅਸਾਕਾਵਾ ਨੇ ਕਿਹਾ ਕਿ ਉਹ ਇਸ ਸੰਕਟ ਦੇ ਸਮੇਂ ਭਾਰਤ ਦੀ ਹਰ ਤਰ੍ਹਾਂ ਦੀ ਮਦਦ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਇਹ ਫੰਡ ਭਾਰਤ ਸਰਕਾਰ ਤੇ ਏਡੀਬੀ ਵਿਚਾਲੇ ਸਹਿਯੋਗ ਅਤੇ ਹੋਰਨਾਂ ਭਾਈਵਾਲਾਂ ਨੂੰ ਦਿੱਤੇ ਜਾਣ ਵਾਲੇ ਫੰਡਾਂ ਤਹਿਤ ਦਿੱਤੇ ਗਏ ਹਨ। ਉਨ੍ਹਾਂ ਕਿਹਾ, ‘ਅਸੀਂ ਕੋਵਿਡ-19 ਖ਼ਿਲਾਫ਼ ਜੰਗ ਦੌਰਾਨ ਭਾਰਤ ਦੇ ਲੋਕਾਂ ਤੇ ਖਾਸ ਕਰਕੇ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਵਚਨਬੱਧ ਹਾਂ।’ ਇਸੇ ਦੌਰਾਨ ਵਿੱਤ ਮੰਤਰਾਲੇ ਨੇ ਕਿਹਾ ਕਿ ਇਸ ਕਰਜ਼ੇ ਸਬੰਧੀ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ‘ਤੇ ਵਿੱਤ ਮੰਤਰਾਲੇ ਵੱਲੋਂ ਵਿੱਤੀ ਮਾਮਲਿਆਂ ਬਾਰੇ ਵਿਭਾਗ ਦੇ ਵਧੀਕ ਸਕੱਤਰ ਸਮੀਰ ਕੁਮਾਰ ਖਰੇ ਅਤੇ ਭਾਰਤ ‘ਚ ਏਡੀਬੀ ਦੇ ਨਿਰਦੇਸ਼ਕ ਕੇਨਿਚੀ ਯੋਕੋਯਾਮਾ ਨੇ ਦਸਤਖ਼ਤ ਕੀਤੇ ਹਨ।
ਪਲਾਜ਼ਮਾ ਥੈਰੇਪੀ ਦੇ ਕਾਰਗਰ ਹੋਣ ਬਾਰੇ ਅਜੇ ਕੋਈ ਪੁਖਤਾ ਸਬੂਤ ਨਹੀਂ
ਨਵੀਂ ਦਿੱਲੀ: ਸਿਹਤ ਮੰਤਰਾਲੇ ਨੇ ਕਿਹਾ ਕਿ ਪਲਾਜ਼ਮਾ ਥੈਰੇਪੀ ਮੌਜੂਦਾ ਸਮੇਂ ਤਜਰਬੇ ਦੇ ਪੜਾਅ ਵਿੱਚ ਹੈ ਤੇ ਹਾਲ ਦੀ ਘੜੀ ਅਜਿਹਾ ਕੋਈ ਸਬੂਤ ਨਹੀਂ ਹੈ, ਜਿਸ ਤੋਂ ਇਹ ਸਾਬਤ ਹੋਵੇ ਕਿ ਇਸ ਨੂੰ ਕੋਵਿਡ-19 ਦੇ ਇਲਾਜ ਲਈ ਵਰਤਿਆ ਜਾ ਸਕਦਾ ਹੈ।
ਸਿਹਤ ਮੰਤਰਾਲੇ ‘ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਮੌਜੂਦਾ ਸਮੇਂ ਸਾਡੇ ਕੋਲ ਕੋਵਿਡ-19 ਦੇ ਟਾਕਰੇ ਲਈ ਕੋਈ ਪ੍ਰਵਾਨਤ ਥੈਰੇਪੀਆਂ ਨਹੀਂ ਹਨ ਅਤੇ ਨਾ ਹੀ ਇੰਨੇ ਕੁ ਸਬੂਤ ਹਨ, ਜਿਸ ਤੋਂ ਇਹ ਦਾਅਵਾ ਕਰ ਸਕੀਏ ਕਿ ਪਲਾਜ਼ਮਾ ਥੈਰੇਪੀ ਨੂੰ ਰੋਗ ਦੇ ਇਲਾਜ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, ‘ਭਾਰਤੀ ਮੈਡੀਕਲ ਖੋਜ ਕੌਂਸਲ ਨੇ ਕੋਵਿਡ-19 ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦੀ ਕਾਰਗਰਤਾ ਨੂੰ ਸਮਝਣ ਲਈ ਕੌਮੀ ਪੱਧਰ ‘ਤੇ ਅਧਿਐਨ ਸ਼ੁਰੂ ਕੀਤਾ ਹੈ। ਅਗਰਵਾਲ ਨੇ ਕਿਹਾ, ‘ਆਈਸੀਐੱਮਆਰ ਜਦੋਂ ਤਕ ਇਸ ਅਧਿਐਨ ਨੂੰ ਪੂਰਾ ਨਹੀਂ ਕਰ ਲੈਂਦਾ ਤੇ ਕੋਈ ਠੋਸ ਵਿਗਿਆਨਕ ਸਬੂਤ ਨਹੀਂ ਮਿਲਦਾ, ਪਲਾਜ਼ਮਾ ਥੈਰੇਪੀ ਨੂੰ ਸਿਰਫ਼ ਖੋਜ ਜਾਂ ਟਰਾਇਲ ਦੇ ਕੰਮ ਲਈ ਹੀ ਵਰਤਿਆ ਜਾਣਾ ਚਾਹੀਦਾ ਹੈ। ਜੇਕਰ ਪਲਾਜ਼ਮਾ ਥੈਰੇਪੀ ਨੂੰ ਉਚਿਤ ਦਿਸ਼ਾ-ਨਿਰਦੇਸ਼ਾਂ ਤਹਿਤ ਸਹੀ ਤਰੀਕੇ ਨਾਲ ਨਾ ਵਰਤਿਆ ਜਾਵੇ ਤਾਂ ਇਸ ਨਾਲ ਜ਼ਿੰਦਗੀ ਨੂੰ ਖਤਰੇ ਜਿਹੀਆਂ ਉਲਝਣਾਂ ਨਾਲ ਦੋ ਚਾਰ ਹੋਣਾ ਪੈ ਸਕਦਾ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …