Breaking News
Home / ਨਜ਼ਰੀਆ / ਪੰਜਾਬ ਬਾਹਰੀ ਲੀਡਰਸ਼ਿਪ ਪ੍ਰਵਾਨ ਨਹੀਂ ਕਰੇਗਾ

ਪੰਜਾਬ ਬਾਹਰੀ ਲੀਡਰਸ਼ਿਪ ਪ੍ਰਵਾਨ ਨਹੀਂ ਕਰੇਗਾ

ਹਰਦੇਵ ਸਿੰਘ ਧਾਲੀਵਾਲ
ਐਸ.ਐਸ.ਪੀ. (ਰਿਟਾ.)
ਪੰਜਾਬ ਦੇਸ਼ ਦੀ ਖੜਗਭੁਜਾ ਰਿਹਾ ਹੈ। ਦੇਸ਼ ਤੇ ਜਿੰਨੇ ਹਮਲਾਆਵਰ ਆਏ, ਸਾਰੇ ਪੰਜਾਬ ਰਾਹੀਂ ਅੱਗੇ ਵਧ ਕੇ ਗਏ ਸਨ। ਵਿਦੇਸ਼ੀ ਹਮਲਾਆਵਰ ਦੱਖਦ ਵਿੱਚ ਨਹੀਂ ਗਏ, ਆਮ ਤੌਰ ‘ਤੇ ਉੱਤਰੀ ਤੇ ਕੇਂਦਰ ਭਾਰਤ ਦੀ ਹੀ ਹਰ ਤਰ੍ਹਾਂ ਦੀ ਲੁੱਟ ਹੋਈ। ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਦਬਾਲੀ  18ਵੀਂ ਸਦੀ ਵਿੱਚ ਆਏ। ਅਬਦਾਲੀ ਨੇ ਭਾਰਤ ਤੇ 17 ਹਮਲੇ ਕੀਤੇ, ਪੰਜਾਬ ਵਿੱਚ ਕਹੌਤ ਸੀ, ”ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ।” ਮੁਗਲ ਰਾਜ ਦੇ ਕਮਜੋਰ ਹੋਣ ਤੋਂ ਵਿੱਚੋਂ ਇਹ ਹਮਲੇ ਹੋਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸੇ ਦੀ ਸਾਜਨਾ ਕੀਤੀ ਤੇ ਸਿੰਘਾਂ ਦੀ ਜੰਗਜੂ ਫੌਜ ਸਥਾਪਤ ਹੋਣ ਲੱਗ ਗਈ। ਬੰਦਾ ਸਿੰਘ ਬਹਾਦਰ ਦੀ ਗੁਰਦਾਸ ਨੰਗਲ ਵਿੱਚ ਗ੍ਰਿਫਤਾਰੀ ਦਾ ਕਾਰਨ ਆਪਸੀ ਫੁੱਟ ਤੇ ਵਿਚਾਰਾਂ ਦਾ ਵਿਖਰੇਵਾਂ ਸੀ। ਇਹ ਅੱਡ ਵਿਸ਼ਾ ਹੈ। 1716 ਤੋਂ 1764 ਤੱਕ ਤਕਰੀਬਨ 50 ਸਾਲ ਕੌਮ ਤੇ ਬਹੁਤ ਭਾਰੂ ਸਿੱਧ ਹੋਏ। ਘੱਲੂ-ਘਾਰੇ ਹੋਏ, ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਬੀਬੀਆਂ ਦੀਆਂ ਝੋਲੀਆਂ ਵਿੱਚ ਬੱਚਿਆਂ ਦੇ ਟੁਕੜੇ ਪਾਏ ਗਏ। ਪਰ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਤਕੜਾ ਹੁੰਦਾ ਗਿਆ। ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਸ. ਚੜਤ ਸਿੰਘ, ਸ. ਬਘੇਲ ਸਿੰਘ ਤੇ ਰਾਮਗੜ੍ਹੀਏ ਸਰਦਾਰ ਨੇ ਕੌਮ ਦੀ ਪ੍ਰਗਤੀ ਵਿੱਚ ਬਹੁਤ ਕੰਮ ਕੀਤਾ।
ਪੰਜਾਬ ਦੇ ਨੇੜੇ ਪਹਿਲਾਂ ਕਰਾਚੀ ਬੰਦਰਗਾਹ ਸੀ। ਇਸ ਕਰਕੇ ਪੱਛਮੀ ਪੰਜਾਬ ਅਥਵਾ ਪੋਠੋਹਾਰ ਖੁਸ਼ਹਾਲ ਸੀ। ਅੰਗਰੇਜ਼ ਨੇ ਨਹਿਰਾਂ ਤੇ ਰੇਲਾਂ ਤੇ ਜਾਲ ਵਿਛਾ ਦਿੱਤਾ, ਲੋੜ ਤਾਂ ਉਹਨਾਂ ਨੂੰ ਵੀ ਸੀ, ਪਰ ਖੁਸ਼ਹਾਲੀ ਪੰਜਾਬ ਦੀ ਹੋਈ। ਅੰਗਰੇਜ਼ਾਂ ਦੇ ਸਮੇਂ ਸਿੱਖਾਂ ਤੇ ਪੰਜਾਬੀਆਂ ਦੀ ਫੌਜ ਵਿੱਚ ਵਿਸ਼ੇਸ਼ ਥਾਂ ਰਹੀ, ਇਹ ਵੀ ਇੱਕ ਖੁਸ਼ਹਾਲੀ ਦਾ ਸਾਧਨ ਸੀ। ਪੰਡਤ ਨਹਿਰੂ ਨੇ ਸਮਾਜਵਾਦੀ ਪਾਲਿਸੀ ਅਪਣਾਈ ਸੀ, ਜਿਸ ਅਨੁਸਾਰ ਵੱਧ ਤੋਂ ਵੱਧ ਲੋਕਾਂ ਨੂੰ ਰੁਜਗਾਰ ਮਿਲਦਾ ਸੀ, ਪਰ ਹੁਣ 1991 ਤੋਂ ਸਾਡੀ ਆਰਥਿਕ ਦਿਸ਼ਾ ਬਦਲ ਗਈ ਹੈ। ਸਰਕਾਰ ਭਾਵੇਂ ਕਿਸੇ ਪਾਰਟੀ ਦੀ ਹੋਏ, ਪਰ ਪਾਲਿਸੀ ਇਹੋ ਹੀ ਜਾਰੀ ਹੈ। ਸਾਡੇ ਪੇਂਡੂ ਵਿਦਿਆਰਥੀ ਸ਼ਹਿਰੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ, ਪੰਜਾਬ ਸਰਕਾਰ ਨੇ ਕੋਆਪ੍ਰੇਟਿਵ ਬੈਂਕ, ਲੈਂਡ ਮਾਰਟਗੇਜ਼ ਬੈਂਕ ਤੇ ਮਾਰਕੀਟਿੰਗ ਬੋਰਡ ਆਦਿ ਪਹਿਲਾਂ ਪੇਂਡੂ ਬੱਚਿਆਂ ਨੂੰ ਅਡਜਸਟ ਕਰਦੇ ਸਨ, ਪਰ ਹੁਣ ਨੰਬਰਾਂ ਦੀ ਮੈਰਿਟ ਹੋ ਗਈ। ਪੇਂਡੂ ਨੌਜਵਾਨ ਮੈਰਿਟ ਵਿੱਚ ਸ਼ਹਿਰ ਤੋਂ ਬਹੁਤ ਪਿੱਛੇ ਰਹਿ ਜਾਂਦੇ ਹਨ। ਪਹਿਲਾਂ ਪੰਜਾਬ ਫੌਜ ਵਿੱਚ 18 ਪ੍ਰਤੀਸ਼ਤ ਤੋਂ ਵੱਧ ਹੁੰਦਾ ਸੀ, ਪਰ ਹੁਣ ਸਿਰਫ 2 ਪ੍ਰਤੀਸ਼ਤ ਰਹਿ ਗਿਆ ਹੈ। ਸਾਡੇ ਪੇਂਡੂ ਸਕੂਲਾਂ ਵਿੱਚ ਬਹੁਤੇ ਅਧਿਆਪਕ ਤਾਂ ਸ਼ਹਿਰਾਂ ‘ਚੋਂ ਜਾਂਦੇ ਹਨ, ਪਰ ਪਿਛਲੇ ਜਿਹੇ ਮਹਿਕਮੇ ਵੱਲੋਂ ਲਏ ਗਏ ਟੈਸਟ ਵਿੱਚ ਅਧਿਆਪਕ ਪਾਸ ਹੀ ਨਹੀਂ ਹੋ ਸਕੇ। ਜਮੀਨ ਅਬਾਦੀ ਵਧਣ ਤੇ ਵੰਡ ਹੋਣ ਕਰਕੇ ਘਟੀ ਜਾ ਰਹੀ ਹੈ। ਕਿਸਾਨੀ ਦਾ 2/3 ਹਿੱਸਾ  5 ਏਕੜ ਤੋਂ ਥੱਲੇ ਹੈ।
ਕੇਂਦਰ ਦੀ ਸਰਕਾਰ ਨੇ ਨੌਕਰੀਆਂ 5 ਹਜ਼ਾਰ ਕਰੋੜ ਕੱਢਣ ਦੀ ਗੱਲ ਕੀਤੀ ਸੀ, ਪਰ ਇਹ ਨਹੀਂ ਹੋ ਸਕਿਆ। ਮਹਿੰਗਾਈ ਵਧੀ ਜਾ ਰਹੀ ਹੈ। ਜਿਹੜਾ ਨੌਜਵਾਨ ਕਾਲਜ ਵਿੱਚੋਂ ਨਿੱਕਲਦਾ ਹੈ, ਉਸ ਨੂੰ ਕੋਈ ਰੁਜਗਾਰ ਨਹੀਂ ਦਿਸਦਾ। ਕੇਂਦਰ ਤੋਂ ਇਲਾਵਾ ਪਿਛਲੇ 9 ਸਾਲ ਵਿੱਚ ਪੰਜਾਬ ਦੀ ਸਰਕਾਰ ਵੀ ਕੁੱਝ ਨਹੀਂ ਕਰ ਸਕੀ। ਸਾਡੀ ਵਿੱਦਿਆ ਪ੍ਰਣਾਲੀ ਸਿਰਫ ਨੌਕਰੀਆਂ ਵੱਲ ਹੀ ਝਾਕਦੀ ਹੈ। ਫੌਜ ਵਿੱਚ ਮਿਥੇ ਟੀਚੇ ਨਾਲੋਂ ਗਿਣਤੀ ਘੱਟ ਹੈ, ਪਰ ਫੌਜ ਦੇ ਰੱਖਿਆ ਮੰਤਰੀ ਮਨੋਹਰ ਪਾਰਕਰ ਦਾ ਬਿਆਨ ਸੀ ਕਿ ਮਾਇਕ ਹਾਲਤ ਨੂੰ ਦੇਖਦਿਆਂ ਫੌਜ ਦੀ ਗਿਣਤੀ ਵਿੱਚ ਕਮੀ ਕਰਨੀ ਪਏਗੀ। ਸਰਕਾਰਾਂ ਨੂੰ ਝੂਠੇ ਵਾਇਦੇ ਨਹੀਂ ਕਰਨੇ ਚਾਹੀਦੇ। ਸਾਡੇ ਫੌਜੀ ਕਾਫੀ ਸਮੇਂ ਤੋਂ ਪੈਨਸ਼ਨਾਂ ਵਿੱਚ ਵਾਧੇ  ਦੀ ਗੱਲ ਕਰ ਰਹੇ ਹਨ, ਪਰ ਉਹ ਅਜੇ ਤੱਕ ਪੂਰਾ ਹੱਲ ਨਹੀਂ ਹੋਇਆ। ਭਾਵੇਂ ਹੜਤਾਲਾਂ ਤੇ ਧਰਨੇ ਲਗਾਤਾਰ ਲੱਗੇ। ਰੱਖਿਆ ਮੰਤਰੀ ਵੱਲੋਂ ਫੌਜ ਦੀ ਪੰਗਤੀ ਘਟਾਈ ਜਾਣ ਦੀ ਗੱਲ ਕੀਤੀ ਹੈ, ਪਰ ਇਹ ਘਟਾਉਣੀ ਰੱਖਿਆ ਲਈ ਭਾਰੂ ਹੋਏਗੀ। ਸਾਡੀਆਂ ਯੂਨੀਵਰਸਿਟੀਆਂ ਤੇ ਪ੍ਰਾਈਵੇਟ ਕਾਲਜ ਪੈਸੇ ਲੈ ਕੇ ਨਾ ਅਹਿਲ ਵਿਦਿਆਰਥੀਆਂ ਨੂੰ ਡਿਗਰੀਆਂ ਦੇ ਰਹੇ ਹਨ, ਜਿਸ ਦਾ ਕੋਈ ਲਾਭ ਨਹੀਂ।
2014 ਵਿੱਚ ਪੰਜਾਬ ਦੀ ਬੇਰੁਜਗਾਰ ਜੁਆਨੀ ਨੂੰ ਆਪ ਨੇ ਆਪਣੇ ਵੱਲ ਖਿੱਚਿਆ ਸੀ, ਆਪ ਪਾਰਟੀ ਨਿੱਕਲੀ ਦਾ ਅੰਨਾ ਹਜ਼ਾਰੇ ਦੋ ਅੰਦੋਲਣ ਵਿੱਚੋਂ ਹੀ ਹੈ, ਜਿਸ ਨੂੰ ਇਹ ਭੁੱਲ ਗਏ। ਸਭ ਨੂੰ ਪਤਾ ਹੈ ਕਿ ਦਿੱਲੀ ਪਿਛਲੇ 64 ਸਾਲ ਤੋਂ ਪੂਰੇ ਪ੍ਰਾਂਤ ਦੇ ਅਧਿਕਾਰ ਨਹੀਂ ਰੱਖਦੀ, ਹਰ ਕੇਂਦਰੀ ਸਰਕਾਰ ਰਾਜਧਾਨੀ ਵਿੱਚ ਆਪਣੀ ਤਾਕਤ ਚਾਹੁੰਦੀ ਹੈ, ਇਸ ਨੂੰ ਉਹ ਛੱਡ ਨਹੀਂ ਸਕਦੀ। ਸ੍ਰੀ ਕੇਜਰੀਵਾਲ ਨੇ ਅਜੇ ਤੱਕ ਦੋ ਵੱਡੇ ਅਹੁਦੇ ਆਪਣੇ ਕੋਲ ਹੀ ਰੱਖੇ ਹੋਏ ਹਨ, ਜਦੋਂ ਕਿ ਅਸੂਲ ਅਨੁਸਾਰ ਇੱਕ ਛੱਡਣਾ ਵਾਜਬ ਹੈ।
ਮੈਂ ਨਵੇਂ ਬਣੇ ਐਮ.ਪੀ. ਦੀ ਗੱਲ ਕਰਦਾ ਹਾਂ,  2014 ਦੇ ਫਰਵਰੀ ਮਹੀਨੇ ਲਹਿਰਾਗਾਗਾ ਵਿਖੇ ਇੱਕ ਸਕੂਲ ਦੇ ਸੰਚਾਲਕ ਦੇ ਭਰਾ ਦਾ ਭੋਗ ਸੀ, ਉਸ ਤੇ ਪਹਿਲਾਂ ਸ੍ਰੀ ਵਰਿੰਦਰ ਸਿੰਗਲਾ ਨੇ ਸ਼ਰਧਾਜਲੀ ਦਿੱਤੀ, ਫੇਰ ਉਹਨੇ ਕਹਿ ਕੇ ਸਮਾਂ ਲੈ ਲਿਆ, ਉਨ੍ਹਾਂ ਨੇ ਕਿਹਾ ਕਿ ਇੱਕ ਬਾਦਸ਼ਾਹ ਆਲਮਗੀਰ ਹੋਇਆ ਹੈ, ਉਹ ਬਹੁਤ ਵੱਡਾ ਬਾਦਸ਼ਾਹ ਸੀ, ਫੇਰ ਔਰੰਗਜੇਬ ਆਇਆ, ਉਸ ਨੇ ਜੁਲਮ ਕੀਤੇ ਤੇ ਖਜ਼ਾਨੇ ਇਕੱਠੇ ਕੀਤੇ, ਉਸ ਦੀ ਕਬਰ ਤੇ ਕੋਈ ਜਾਨਵਰ ਵੀ ਨਹੀਂ ਜਾਂਦਾ, ਜਦੋਂ ਸ. ਭਗਤ ਸਿੰਘ ਦੀ ਸਮਾਧ ਤੇ ਹਰ ਕੋਈ ਸਿਰ ਨਿਵਾਉਂਦਾ ਹੈ। ਸਿੱਖੀ ਤੇ ਜੁਲਮਾਂ ਦੀ ਗੱਲ ਵੀ ਕੀਤੀ। ਭੋਗ ਪਿੱਛੋਂ ਉਹ ਇਕੱਲੇ ਚਾਹ ਪੀ ਰਹੇ ਸਨ, ਮੈਂ ਵੀ ਕੋਲ ਪੁੱਜ ਗਿਆ, ਮੈਂ ਕਿਹਾ, ”ਨੌਜਵਾਨ, ਬਾਦਸ਼ਾਹ ਆਲਮਗੀਰ ਇਤਿਹਾਸ ਵਿੱਚ ਕੋਈ ਨਹੀਂ ਹੋਇਆ, ਔਰੰਗਜੇਬ ਨੂੰ ਹੀ ਆਲਮਗੀਰ ਕਿਹਾ ਜਾਂਦਾ ਹੈ, ਕਿਉਂਕਿ ਉਸ ਨੇ ਦੱਖਣ ਫਤਿਹ ਕੀਤਾ, ਪਹਿਲੇ ਬਾਦਸ਼ਾਹ ਦੱਖਣ ਵਿੱਚ ਨਹੀਂ ਗਏ। ਔਰੰਗਜੇਬ ਕੱਟੜ ਮੁਸਲਮਾਨ ਸੀ, ਇਹ ਗੱਲ ਠੀਕ ਹੈ, ਉਸ ਦੇ ਵਿਰੋਧੀ ਵੀ ਮੰਨਦੇ ਹਨ, ਕਿ ਉਹ ਖਜ਼ਾਨੇ ਵਿੱਚੋ ਕੋਈ ਪੈਸਾ ਨਹੀਂ ਸੀ ਲੈਂਦਾ, ਉਹ ਆਪਣੀ ਰੋਟੀ ਕੁਰਾਨ ਸ਼ਰੀਫ ਲਿਖ ਕੇ ਜਾਂ ਜੁੱਤੀਆਂ ਠੀਕ ਕਰਕੇ ਹੱਥੀ ਕੰਮ ਕੀਤੇ ਨਾਲ ਖਾਂਦਾ ਸੀ। ਸਾਹਿਬਜਾਦਿਆਂ ਤੇ ਜੁਲਮ ਬਾਰੇ, ਇੱਕ ਮੁਸਲਮਾਨ ਲੇਖਕ ਕਹਿੰਦਾ ਹੈ, ਕਿ ਵਜ਼ੀਰ ਖਾਨ ਨੇ ਔਰੰਗਜੇਬ ਨੂੰ ਸਹੀ ਪੁਜੀਸ਼ਨ ਨਹੀਂ ਦਿੱਤੀ, ਉਹ ਪਰ੍ਹੇ ਨੂੰ ਮੂੰਹ ਕਰ ਗਏ, ਪਰ ਮੈਂ ਫੇਰ ਵੀ ਕਿਹਾ, ਕਿ ਔਰੰਗਜੇਬ ਨੂੰ ਉਸ ਲੇਖਕ ਅਨੁਸਾਰ, ਭਾਈ ਦਇਆ ਸਿੰਘ ਦੇ ਜਫ਼ਰਨਾਮਾ ਦਿੱਤੇ ਨਾਲ ਜਾਣਕਾਰੀ ਹੋਈ ਤੇ ਉਹ ਉੱਥੋਂ ਹੀ ਵਾਪਸ ਹੋ ਗਿਆ, ਪਰ ਗੁਰੂ ਸਾਹਿਬ ਨਾਲ ਮੁਲਾਕਾਤ ਹੋਣ ਤੋਂ ਪਹਿਲਾਂ ਚਲਾਣਾ ਕਰ ਗਿਆ। ਬਹਾਦਰ ਸ਼ਾਹ ਨਾਲ ਮੁਲਾਕਾਤ ਉਸੇ ਅਧਾਰ ਤੇ ਹੋਈ, ਉਹ ਅੱਛਾ ਜੀ-ਅੱਛਾ ਜੀ ਕਹਿੰਦੇ ਹੋਏ ਚਲੇ ਗਏ।
ਇਹ ਸਾਡੇ ਇੱਕ ਆਪ ਦੇ ਲੀਡਰ ਦੀ ਗੱਲ ਹੈ, ਪੰਜਾਬ ਵਿੱਚ ਯੂ.ਪੀ. ਤੇ ਬਿਹਾਰ ਤੋਂ ਆਏ ਆਗੂ ਅੱਗੇ ਚੱਲ ਰਹੇ ਹਨ। ਸ੍ਰੀ ਸੰਜੇ ਸਿੰਘ ਪੰਜਾਬ ਨੂੰ ਚਲਾਉਂਦੇ ਹਨ, ਗੱਲ ਕੀ ਸ੍ਰੀ ਕੇਜਰੀਵਾਲ ਦੀ ਹੀ ਚੱਲਦੀ ਹੈ, ਪਰ ਆਪ ਵਿੱਚ ਕੋਈ ਵਿਰੋਧੀ ਅਵਾਜ਼ ਸੁੰਨਣ ਲਈ ਤਿਆਰ ਨਹੀਂ। ਇਸ ਕਰਕੇ ਦਿੱਲੀ ਵਿੱਚ ਲੋਕ ਜਵਾਬ ਮੰਗਣ ਲੱਗ ਗਏ ਹਨ। ਹਰ ਕੰਮ ਲੜਾਈ ਨਾਲ ਨਹੀਂ ਹੁੰਦਾ। ਵਿਰੋਧੀ ਪਾਰਟੀਆਂ ਵੱਲੋਂ ਦੁਰਕਾਰੇ ਆਗੂ ਸ਼ਾਮਲ ਹੋ ਰਹੇ ਹਨ। ਕਈ ਅਫਸਰ ਜਿਹੜੇ ਬਹੁਤੇ ਕਾਮਯਾਬ ਨਹੀਂ ਹੋਏ, ਉਹ ਭੀ ਵਿਧਾਇਕ ਬਨਣਾ ਲੋਚਦੇ ਹਨ। ਪੰਜਾਬ ਦੇ ਪਾਣੀ ਤੇ ਸ੍ਰੀ ਕੇਜਰੀਵਾਲ ਪੰਜਾਬ ਦਾ ਪੱਖ ਪੂਰਾ ਨਹੀਂ ਕਰ ਸਕੇ। ਪੰਜਾਬੀ ਖਾਸ ਕਰਕੇ ਸਿੱਖ ਜੁਝਾਰੂ ਕੌਮ ਹਨ। ਪ੍ਰੋਫੈਸਰ ਪੂਰਨ ਸਿੰਘ ਦੇ ਲਫਜ਼ਾ ਵਿੱਚ, ”ਮੌਤ ਨਾਲ ਮਖੌਲਾਂ ਕਰਨ, ਟੈਂ ਨਾ ਮੰਨਣ ਕਿਸੇ ਦੀ, ਮਨ ਥੀ ਨਹੀਂ ਡਰਦੇ।” ਦੀ ਥਿਊਰੀ ਪੰਜਾਬ ਤੇ ਲਾਗੂ ਹੁੰਦੀ ਹੈ। ਇੱਥੇ ਪੰਜਾਬ ਤੋਂ ਬਾਹਰਲੀ ਲੀਡਰਸਿੱਪ ਪ੍ਰਵਾਨ ਨਹੀਂ ਚੜ੍ਹੇਗੀ। ਜੁਆਨੀ ਕੁੱਝ ਚਿਰ ਵਰਗਲਾਈ ਜਾ ਸਕਦੀ ਹੈ, ਪਰ ਹਮੇਸ਼ਾ ਨਹੀਂ।

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …