Breaking News
Home / ਭਾਰਤ / ਐੱਨਆਰਸੀ ਖਰੜੇ ‘ਤੇ ਰਾਜ ਸਭਾ ਵਿਚ ਹੰਗਾਮਾ

ਐੱਨਆਰਸੀ ਖਰੜੇ ‘ਤੇ ਰਾਜ ਸਭਾ ਵਿਚ ਹੰਗਾਮਾ

ਅਮਿਤ ਸ਼ਾਹ ਦੇ ਭਾਸ਼ਣ ਮਗਰੋਂ ਭੜਕੀ ਕਾਂਗਰਸ, ਕੀਤੀ ਨਾਅਰੇਬਾਜ਼ੀ
ਨਵੀਂ ਦਿੱਲੀ : ਅਸਾਮ ਵਿਚ ਐੱਨਆਰਸੀ ਦੇ ਅੰਤਿਮ ਮਸੌਦੇ ‘ਤੇ ਮੰਗਲਵਾਰ ਨੂੰ ਰਾਜ ਸਭਾ ਵਿਚ ਜੰਮ ਕੇ ਹੰਗਾਮਾ ਹੋਇਆ। ਸ਼ੋਰ-ਸ਼ਰਾਬਾ ਉਸ ਸਮੇਂ ਹੋਰ ਵੱਧ ਗਿਆ ਜਦੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਬੋਲਣ ਲਈ ਖੜ੍ਹੇ ਹੋਏ। ਸ਼ਾਹ ਨੇ ਸੀਨਾ ਠੋਕ ਕੇ ਕਿਹਾ ਕਿ ਉਨ੍ਹਾਂ ਨੇ ਨਾਜਾਇਜ਼ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਪਹਿਚਾਨਣ ਦੀ ਹਿੰਮਤ ਵਿਖਾਈ ਹੈ ਜਦਕਿ ਕਾਂਗਰਸ ਇਸ ਤੋਂ ਬੱਚਦੀ ਰਹੀ ਹੈ। ਉਨ੍ਹਾਂ ਦੇ ਇਹ ਕਹਿੰਦੇ ਹੀ ਕਾਂਗਰਸ ਸਮੇਤ ਹੋਰ ਸਾਰੀਆਂ ਵਿਰੋਧੀ ਪਾਰਟੀਆਂ ਸਰਕਾਰ ਵਿਰੋਧੀ ਨਾਅਰੇ ਲਗਾਉਣ ਲੱਗੀਆਂ। ਚੇਅਰਪਰਸਨ ਨੇ ਸਦਨ ਦੀ ਕਾਰਵਾਈ ਅਗਲੇ ਦਿਨ ਤਕ ਲਈ ਮੁਲਤਵੀ ਕਰ ਦਿੱਤੀ।
ਸਦਨ ਵਿਚ ਇਕ ਘੰਟੇ ਦੀ ਸੰਖੇਪ ਚਰਚਾ ਦੌਰਾਨ ਸਾਰੀਆਂ ਪਾਰਟੀਆਂ ਵਿਚ ਸਿਆਸੀ ਮੋਹਰੀ ਬਣਨ ਦੀ ਹੋੜ ਮਚੀ ਰਹੀ। ਹਾਲਾਂਕਿ ਸਾਰੀਆਂ ਪਾਰਟੀਆਂ ਦੇ ਆਗੂ ਇਸ ਨੂੰ ਅਤਿ ਸੰਵੇਦਨਸ਼ੀਲ ਕਰਾਰ ਦਿੰਦੇ ਹੋਏ ਰਾਜਨੀਤੀ ਨਾ ਕਰਨ ਦੀਆਂ ਨਸੀਹਤਾਂ ਵੀ ਦਿੰਦੇ ਰਹੇ। ਪ੍ਰਸ਼ਨ ਕਾਲ ਨੂੰ ਖ਼ਤਮ ਕਰ ਕੇ ਉਸ ਇਕ ਘੰਟੇ ਵਿਚ ਇਸ ਅਹਿਮ ਮੁੱਦੇ ‘ਤੇ ਚਰਚਾ ਕਰਾਉਣ ਦਾ ਫ਼ੈਸਲਾ ਸਰਬ ਸੰਮਤੀ ਨਾਲ ਲਿਆ ਗਿਆ ਸੀ। ਤ੍ਰਿਣਮੂਲ ਕਾਂਗਰਸ ਦੇ ਮੈਂਬਰ ਆਪਣੀ ਪਾਰਟੀ ਮੁਖੀ ਦੇ ਰੁਖ਼ ਅਨੁਸਾਰ ਜ਼ਿਆਦਾ ਉਤਸ਼ਾਹਿਤ ਸਨ। ਇਸ ਕਾਰਨ ਸਰਕਾਰ ‘ਤੇ ਆਪਣੇ ਹੀ ਦੇਸ਼ ਵਿਚ ਸ਼ਰਨਾਰਥੀ ਹੋਣ ਵਰਗੇ ਦੋਸ਼ ਮੜ ਰਹੇ ਹਨ। ਸਦਨ ਵਿਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਅਜ਼ਾਦ ਨੇ ਚਰਚਾ ਦੀ ਸ਼ੁਰੂਆਤ ਵਿਚ ਕਿਹਾ ਕਿ ਇਹ ਮਾਮਲਾ ਜਾਤੀ, ਧਰਮ ਅਤੇ ਖੇਤਰ ਵਿਰੋਧ ਦਾ ਨਹੀਂ ਹੈ। ਇਹ ਮਨੁੱਖੀ ਅਧਿਕਾਰ ਦਾ ਮਸਲਾ ਹੈ। ਉਨ੍ਹਾਂ ਨੇ ਚਾਰ ਸੁਝਾਅ ਦੇ ਕੇ ਆਪਣੀ ਗੱਲ ਖ਼ਤਮ ਕੀਤੀ। ਉਨ੍ਹਾਂ ਕਿਹਾ ਕਿ ਐੱਨਆਰਸੀ ਤੋਂ ਬਾਹਰ ਹੋਏ ਵਿਅਕਤੀ ਨੂੰ ਸਬੂਤ ਦੇਣ ਦੀ ਥਾਂ ਸਰਕਾਰ ਇਸ ਲਈ ਯਤਨ ਕਰੇ। ਦੂਜਾ, ਵਿਅਕਤੀ ਨੂੰ ਕਾਨੂੰਨੀ ਮਦਦ ਸਰਕਾਰ ਮੁਹੱਈਆ ਕਰਵਾਏ। ਤੀਜਾ, ਐੱਨਆਰਸੀ ਤੋਂ ਬਾਹਰ ਹੋਏ ਵਿਅਕਤੀ ਨੂੰ ਤੰਗ ਨਾ ਕੀਤਾ ਜਾਏ ਅਤੇ ਚੌਥਾ ਜਿਨ੍ਹਾਂ 16 ਦਸਤਾਵੇਜ਼ਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਉਨ੍ਹਾਂ ਵਿਚੋਂ ਕਿਸੇ ਇਕ ਨੂੰ ਵੀ ਨਾਗਰਿਕ ਹੋਣ ਦਾ ਸਬੂਤ ਮੰਨਿਆ ਜਾਵੇ। ਸਮਾਜਵਾਦੀ ਪਾਰਟੀ ਦੇ ਰਾਮਗੋਪਾਲ ਯਾਦਵ ਨੇ ਉੱਤਰ ਪ੍ਰਦੇਸ਼, ਬਿਹਾਰ ਅਤੇ ਬੰਗਾਲ ਦੇ ਲੋਕਾਂ ਦੇ ਵੀ ਨਾਂ ਮਸੌਦੇ ਤੋਂ ਹਟਾ ਦਿੱਤੇ ਜਾਣ ‘ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਨਾਗਰਿਕ ਨੂੰ ਕਿਸੇ ਵੀ ਰਾਜ ਵਿਚ ਵੱਸਣ, ਰਹਿਣ ਅਤੇ ਵਪਾਰ ਕਰਨ ਦਾ ਅਧਿਕਾਰ ਹੈ। ਆਰਜੇਡੀ ਦੇ ਮਨੋਜ ਕੁਮਾਰ ਝਾਅ ਨੇ ਕਿਹਾ ਕਿ ਉਨ੍ਹਾਂ ਦਾ ਐੱਨਆਰਸੀ ਨਾਲ ਕੋਈ ਵਿਰੋਧ ਨਹੀਂ ਹੈ ਪ੍ਰੰਤੂ ਮਾਨਵਤਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

Check Also

ਤਹੱਵੁਰ ਰਾਣਾ ਨੂੰ ਐਨ.ਆਈ.ਏ. ਨੇ 18 ਦਿਨਾਂ ਦੇ ਰਿਮਾਂਡ ’ਤੇ ਲਿਆ

ਲੰਘੇ ਕੱਲ੍ਹ ਹੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਸੀ ਭਾਰਤ ਨਵੀਂ ਦਿੱਲੀ/ਬਿਊਰੋ ਨਿਊਜ਼ …