ਸ੍ਰੀਨਗਰ : ਸ਼ੋਸ਼ਲ ਮੀਡੀਆ ਨੇ ਸਰਹੱਦਾਂ ਨੂੰ ਪਾਰ ਕਰਕੇ 72 ਸਾਲ ਪਹਿਲਾਂ ਵਿਛੜੇ ਭਰਾ-ਭੈਣ ਨੂੰ ਮਿਲਾ ਦਿੱਤਾ। ਭੈਣ ਭਜੋ ਹੁਣ ਪਾਕਿਸਤਾਨ ‘ਚ ਰਹਿ ਰਹੀ ਹੈ। ਰਣਜੀਤ ਦੇ ਪਰਿਵਾਰ ਨੇ ਐਤਵਾਰ ਨੂੰ ਭਜੋ ਅਤੇ ਉਸ ਦੇ ਪਰਿਵਾਰ ਤੋਂ ਵੀਡੀਓ ਕਾਲਿੰਗ ਦੇ ਰਾਹੀਂ ਗੱਲ ਕੀਤੀ। ਹੁਣ ਦੋਵੇਂ ਪਰਿਵਾਰ ਕਰਤਾਰਪੁਰ ‘ਚ ਮਿਲਣਗੇ। ਦੋਵੇਂ ਪਰਿਵਾਰ ਰਾਏ ਸਿੰਘ ਨਗਰ ਦੇ ਰਹਿਣ ਵਾਲੇ ਐਡਵੋਕੇਟ ਹਰਪਾਲ ਸਿੰਘ ਸੂਦਨ, ਪੀਓਕੇ ‘ਚ ਜੁਬੇਰ ਅਤੇ ਪੁੰਛ ‘ਚ ਰਹਿਣ ਵਾਲੀ ਨੌਜਵਾਨ ਲੜਕੀ ਰੋਮੀ ਸ਼ਰਮਾ ਦੀ ਬਦੌਲਤ ਮਿਲ ਸਕੇ ਹਨ। ਇਨ੍ਹਾਂ ਨੇ ਪੁੰਛ ‘ਚ ਰਹਿਣ ਵਾਲੇ ਲੋਕਾਂ ਨੂੰ ਮਿਲਾਉਣ ਦੇ ਲਈ ਸੋਸ਼ਲ ਮੀਡੀਆ ‘ਤੇ ਗਰੁੱਪ ਬਣਾ ਰੱਖਿਆ ਹੈ। ਦਰਅਸਲ 1947 ‘ਚ ਕਸ਼ਮੀਰ ਦੇ ਦਦੁਰਵੈਨਾ ਪਿੰਡ ‘ਚ ਰਹਿਣ ਵਾਲੇ ਨੰਬਰਦਾਰ ਮਤਵਾਲ ਸਿੰਘ ਦਾ ਪਰਿਵਾਰ ਕਬਾਇਲੀ ਹਮਲੇ ‘ਚ ਬੇਘਰ ਹੋ ਗਿਆ ਸੀ। ਹਮਲੇ ਦੌਰਾਨ ਚਾਰ ਸਾਲ ਦੀ ਭਜੋ ਪਰਿਵਾਰ ਤੋਂ ਵਿਛੜ ਗਈ ਸੀ। ਮਤਵਾਲ ਸਿੰਘ ਦਾ ਪਰਿਾਵਰ ਹੁਣ ਸ੍ਰੀਨਗਰ ਜ਼ਿਲ੍ਹੇ ਦੇ ਰਾਏ ਸਿੰਘ ਨਗਰ ‘ਚ ਰਹਿੰਦਾ ਹੈ। ਇਸ ‘ਚ ਮਤਵਾਲ ਸਿੰਘ ਦਾ ਪੋਤਾ ਰਣਜੀਤ ਸਿੰਘ ਅਤੇ ਉਸ ਦਾ ਪਰਿਵਾਰ ਹੈ। ਵਿਛੜੀ ਉਸ ਦੀ ਭੈਣ ਭਜੋ ਹੁਣ ਪਾਕਿਸਤਾਨ ‘ਚ ਸ਼ਕੀਨਾ ਹੈ, ਜਿਸ ਦੇ ਹੁਣ ਚਾਰ ਬੱਚੇ ਹਨ।
ਵਟਸੈਪ ‘ਚ ਪਾਇਆ ਭਜੋ ਦਾ ਡਾਟਾ ਅਤੇ ਲੱਭ ਲਿਆ
ਹਰਪਾਲ ਸਿੰਘ ਸੂਦਨ ਨੇ ਦੱਸਿਆ ਕਿ ਲਗਭਗ 15 ਦਿਨ ਪਹਿਲਾਂ ਰਣਜੀਤ ਸਿੰਘ ਉਸ ਦੇ ਘਰ ਆਏ ਸਨ। ਉਦੋਂ ਉਸ ਨੇ ਚਰਚਾ ਕੀਤੀ ਕਿ ਉਸ ਨੇ ਇਕ ਵਟਸੈਪ ਗਰੁੱਪ ਬਣਾਇਆ ਹੈ, ਜਿਸ ‘ਚ ਪੀਓਕੇ ਅਤੇ ਕਸ਼ਮੀਰ ‘ਚ ਪੁੰਛ ਦੇ ਰਹਿਣ ਵਾਲੇ ਮੈਂਬਰ ਵੀ ਸ਼ਾਮਲ ਹਨ। ਉਦੋਂ ਰਣਜੀਤ ਸਿੰਘ ਨੇ 1947 ‘ਚ ਵਿਛੜੀ ਆਪਣੀ ਭੈਣ ਭਜੋ ਦੇ ਬਾਰੇ ‘ਚ ਦੱਸਿਆ। ਫਿਰ ਉਨ੍ਹਾਂ ਨੇ ਭਜੋ ਦਾ ਰਿਕਾਰਡ ਗਰੁੱਪ ‘ਚ ਪਾਇਆ। ਇਸ ਤੋਂ ਬਾਅਦ ਪਤਾ ਲੱਗਿਆ ਕਿ ਭਜੋ ਹੁਣ ਸ਼ਕੀਨਾ ਹੈ, ਉਹ ਪਾਕਿਸਤਾਨ ‘ਚ ਰਹਿ ਰਹੀ ਹੈ।