Breaking News
Home / ਭਾਰਤ / ਅਯੁੱਧਿਆ ‘ਚ ਮੋਦੀ ਨੇ ਰਾਮ ਮੰਦਰ ਦਾ ਰੱਖਿਆ ਨੀਂਹ ਪੱਥਰ

ਅਯੁੱਧਿਆ ‘ਚ ਮੋਦੀ ਨੇ ਰਾਮ ਮੰਦਰ ਦਾ ਰੱਖਿਆ ਨੀਂਹ ਪੱਥਰ

ਰਾਮ ਮੰਦਰ ਆਉਣ ਵਾਲੀਆਂ ਪੀੜ੍ਹੀਆਂ ਲਈ ਰਹੇਗਾ ਸ਼ਰਧਾ ਦਾ ਪ੍ਰਤੀਕ : ਨਰਿੰਦਰ ਮੋਦੀ
ਅਯੁੱਧਿਆ : ਅਯੁੱਧਿਆ ਵਿਚ ਬੁੱਧਵਾਰ ਨੂੰ ਰਾਮ ਮੰਦਰ ਦਾ ਨੀਂਹ ਪੱਥਰ 12 ਵੱਜ ਕੇ 44 ਮਿੰਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖ ਦਿੱਤਾ। ਰਾਮ ਮੰਦਰ ਭੂਮੀ ਪੂਜਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਵਿਸ਼ੇਸ਼ ਮੌਕੇ ‘ਤੇ ਰਾਮ ਭਗਤਾਂ ਨੂੰ ਕੋਟਿ-ਕੋਟਿ ਵਧਾਈ। ਉਨ੍ਹਾਂ ਕਿਹਾ ਕਿ ਇਸ ਮੌਕੇ ਹਰ ਮਨ ਖੁਸ਼ ਅਤੇ ਭਾਵੁਕ ਹੈ। ਮੋਦੀ ਨੇ ਕਿਹਾ ਕਿ ਸਾਲਾਂ ਤੋਂ ਟੈਂਟ ਵਿਚ ਰਹਿ ਰਹੇ ਰਾਮ ਲੱਲਾ ਲਈ ਹੁਣ ਵੱਡਾ ਮੰਦਿਰ ਬਣੇਗਾ ਅਤੇ ਪੂਰੇ ਭਾਰਤ ਵਿਚ ਰਾਮ ਦੀ ਗੂੰਜ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ ਰਾਸ਼ਟਰੀ ਭਾਵਨਾ ਦਾ ਪ੍ਰਤੀਕ ਬਣੇਗਾ ਅਤੇ ਭਗਵਾਨ ਦਾ ਇਹ ਮੰਦਰ ਹਮੇਸ਼ਾ ਲਈ ਮਨੁੱਖਤਾ ਨੂੰ ਪ੍ਰੇਰਨਾ ਦਿੰਦਾ ਰਹੇਗਾ। ਮੋਦੀ ਨੇ ਕਿਹਾ ਕਿ ਮੰਦਰ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ਰਧਾ ਦਾ ਪ੍ਰਤੀਕ ਬਣੇਗਾ ਅਤੇ ਪੂਰੇ ਖੇਤਰ ਦਾ ਵਿਕਾਸ ਵੀ ਹੋਵੇਗਾ। ਮੋਦੀ ਨੇ ‘ਸ਼੍ਰੀਰਾਮ ਜਨਮਭੂਮੀ ਮੰਦਰ’ ਦਾ ਡਾਕ ਟਿਕਟ ਵੀ ਜਾਰੀ ਕੀਤਾ। ਇਸ ਮੌਕੇ ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਯੋਗ ਗੁਰੂ ਰਾਮਦੇਵ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਮੋਦੀ ਨੇ ਹਨੂੰਮਾਨਗੜ੍ਹੀ ਪਹੁੰਚ ਕੇ ਹਨੂੰਮਾਨ ਜੀ ਦੀ ਪੂਜਾ ਕੀਤੀ ਅਤੇ ਫਿਰ ਰਾਮ ਜਨਮ ਭੂਮੀ ਖੇਤਰ ਪਹੁੰਚ ਕੇ ਭਗਵਾਨ ਰਾਮ ਦੀ ਡੰਡੌਤ ਬੰਦਨਾ ਵੀ ਕੀਤੀ। ਇਸ ਮੌਕੇ ਮੰਦਿਰ ਦੇ ਮੁੱਖ ਪੁਜਾਰੀ ਗੱਦੀਨਸ਼ੀਨ ਪ੍ਰੇਮਦਾਸ ਮਹਾਰਾਜ ਨੇ ਪ੍ਰਧਾਨ ਮੰਤਰੀ ਨੂੰ ਚਾਂਦੀ ਦਾ ‘ਮੁਕਟ’ ਭੇਟ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 5 ਅਗਸਤ 2019 ਨੂੰ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾ ਦਿੱਤੀ ਗਈ ਸੀ ਅਤੇ ਹੁਣ 5 ਅਗਸਤ 2020 ਨੂੰ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਦੀ ਸਦੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਭਗਵਾਨ ਰਾਮ ਦੀ ਜਨਮਭੂਮੀ ਇਸ ਦੀ ਹੋਂਦ ਨੂੰ ਖ਼ਤਮ ਕਰਨ ਲਈ ਕੀਤੀਆਂ ਗਈਆਂ ਕਈ ਕੋਸ਼ਿਸ਼ਾਂ ਤੋਂ ਆਜ਼ਾਦ ਹੋ ਗਈ ਹੈ। ਅਯੁੱਧਿਆ ਵਿਚ ਭਾਰਤ ਹੁਣ ‘ਸ਼ਾਨਦਾਰ ਅਧਿਆਏ’ ਲਿਖ ਰਿਹਾ ਹੈ। ਮੋਦੀ ਨੇ ਕਿਹਾ ਕਿ ‘ਰਾਮ ਸਾਰਿਆਂ ਦੇ ਸਾਂਝੇ ਹਨ ਤੇ ਸਾਰਿਆਂ ਦੇ ਅੰਦਰ ਹਨ।’ ਆਪਣੇ 35 ਮਿੰਟ ਦੇ ਟੈਲੀਵਿਜ਼ਨ ਭਾਸ਼ਣ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਦਰ ਮੁਲਕ ਨੂੰ ਜੋੜਨ ਦਾ ਜ਼ਰੀਆ ਹੈ। ਭਾਸ਼ਣ ਦੇ ਅੰਤ ਵਿਚ ਉਨ੍ਹਾਂ ਕਰੋਨਾ ਵਾਇਰਸ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਮਰਿਆਦਾ’ ਬਣੀ ਰਹਿਣੀ ਚਾਹੀਦੀ ਹੈ। ਮਹਾਮਾਰੀ ਦੇ ਟਾਕਰੇ ਲਈ ਵਿੱਥ ਬਰਕਰਾਰ ਰੱਖੀ ਜਾਵੇ ਤੇ ਮਾਸਕ ਪਹਿਨੇ ਜਾਣ।
ਭਗਵਾਨ ਰਾਮ ‘ਸਰਵਉੱਚ ਅਵਤਾਰ’ : ਰਾਹੁਲ
ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਗਵਾਨ ਰਾਮ ‘ਸਰਵੋਤਮ ਮਨੁੱਖੀ ਕਦਰਾਂ-ਕੀਮਤਾਂ’ ਦਾ ਸਰਵ-ਉੱਚ ਅਵਤਾਰ ਹਨ। ਉਹ ਅਨਿਆਂ, ਨਫ਼ਰਤ ਤੇ ਕਠੋਰਤਾ ਦੇ ਰੂਪ ਵਿਚ ਕਦੇ ਨਹੀਂ ਹੋ ਸਕਦੇ। ਸਾਬਕਾ ਕਾਂਗਰਸ ਪ੍ਰਧਾਨ ਨੇ ਇਹ ਪ੍ਰਤੀਕਿਰਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੱਖੇ ਰਾਮ ਮੰਦਰ ਦੀ ਉਸਾਰੀ ਦੇ ਨੀਂਹ ਪੱਥਰ ਦੇ ਸੰਦਰਭ ਵਿਚ ਦਿੱਤੀ ਹੈ। ਰਾਹੁਲ ਨੇ ਕਿਹਾ ‘ਰਾਮ ਮਨੁੱਖਤਾ ਦਾ ਸਾਰ ਹਨ ਤੇ ਦਿਲਾਂ ਵਿਚ ਡੂੰਘੇ ਰਚੇ ਹੋਏ ਹਨ। ਉਹ ਸਨੇਹ ਦਾ ਦੂਜਾ ਨਾਂ ਹਨ, ਕਦੇ ਨਫ਼ਰਤ ਵਿਚ ਨਹੀਂ ਹੋ ਸਕਦੇ।
ਰਾਮ ਮੰਦਰ ਮੁੱਦੇ ‘ਤੇ ਬੋਲਿਆ ਪਾਕਿਸਤਾਨ
ਇਮਰਾਨ ਦੇ ਮੰਤਰੀ ਨੇ ਕਿਹਾ – ਰਾਮ ਨਗਰ ਬਣ ਗਿਆ ਭਾਰਤ
ਨਵੀਂ ਦਿੱਲੀ : ਅਯੁੱਧਿਆ ਵਿਚ ਰਾਮ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ ‘ਤੇ ਪਾਕਿਸਤਾਨ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਟਿੱਪਣੀ ਕੀਤੀ ਹੈ। ਇਮਰਾਨ ਖਾਨ ਸਰਕਾਰ ਵਿਚ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਮੋਦੀ ਸਰਕਾਰ ਦੀ ਰੱਜ ਕੇ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਹੁਣ ਰਾਮ ਨਗਰ ਹੋ ਗਿਆ ਹੈ ਅਤੇ ਇੱਥੇ ਸੈਕੂਲਰਇਜ਼ਮ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਹੁਣ ਘੱਟ ਗਿਣਤੀਆਂ ਨੂੰ ਮੁਸ਼ਕਲ ਹੋ ਰਹੀ ਹੈ। ਧਿਆਨ ਰਹੇ ਕਿ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਰਾਮ ਮੰਦਰ ਦੇ ਪੱਖ ਵਿਚ ਆਇਆ ਸੀ, ਉਦੋਂ ਵੀ ਰਸ਼ੀਦ ਨੇ ਕੁਝ ਅਜਿਹੀ ਹੀ ਪ੍ਰਤੀਕਿਰਿਆ ਦਿੱਤੀ ਸੀ। ਉਸ ਸਮੇਂ ਰਸ਼ੀਦ ਨੇ ਕਿਹਾ ਸੀ ਕਿ ਭਾਰਤ ਵਿਚ ਹਿੰਦੂਵਾਦੀ ਤਾਕਤਾਂ ਦਾ ਬੋਲਬਾਲਾ ਹੋ ਗਿਆ ਹੈ।
ਅਮਰੀਕਾ ਵਿਚ ਵੀ ‘ਰਾਮ ਨਾਮ’ ਦੀ ਗੂੰਜ
ਵਾਸ਼ਿੰਗਟਨ : ਅਯੁੱਧਿਆ ਵਿਚ ਭੂਮੀ ਪੂਜਨ ‘ਤੇ ਅਮਰੀਕਾ ਵਿਚ ਵੀ ‘ਰਾਮ ਨਾਮ’ ਦੀ ਗੂੰਜ ਸੁਣਾਈ ਦਿੱਤੀ। ਇਸ ਮੌਕੇ ਮੰਦਰਾਂ ਵਿਚ ਵਿਸ਼ੇਸ਼ ਪ੍ਰਾਰਥਨਾ ਕੀਤੀ ਗਈ। ਸਾਲਾਂ ਪੁਰਾਣੀ ਇੱਛਾ ਪੂਰੀ ਹੋਣ ‘ਤੇ ਇਥੇ ਰਹਿ ਰਹੇ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਦੀਵੇ ਬਾਲ਼ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ।
ਰਾਮ ਮੰਦਰ ਦਾ ਨਿਰਮਾਣ ਕਾਰਜ ਤਿੰਨ ਸਾਲਾਂ ਵਿਚ ਪੂਰਾ ਹੋਣ ਦੀ ਆਸ
ਇੰਦੌਰ : ਵਿਸ਼ਵ ਹਿੰਦੂ ਪਰਿਸ਼ਦ ਨੇ ਕਿਹਾ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਜਿਸ ਦਾ ਭੂਮੀ ਪੂਜਨ ਹੋਇਆ, ਦਾ ਨਿਰਮਾਣ ਅਗਲੇ ਤਿੰਨ ਸਾਲਾਂ ਵਿੱਚ ਪੂਰਾ ਹੋਣ ਦੀ ਆਸ ਹੈ। ਵਿਸ਼ਵ ਹਿੰਦੂ ਪਰਿਸ਼ਦ ਦੇ ਕੌਮਾਂਤਰੀ ਪ੍ਰਧਾਨ ਵਿਸ਼ਣੂ ਸਦਾਸ਼ਿਵ ਕੋਕਜੇ ਨੇ ਕਿਹਾ ਕਿ ਰਾਮ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ ਸਬੰਧੀ ਸਮਾਰੋਹ ਨੂੰ ਲੈ ਕੇ ਵਿਸ਼ਵ ਭਰ ਦੇ ਰਾਮ ਭਗਤਾਂ ਵਿੱਚ ਉਤਸ਼ਾਹ ਹੈ। ਉਨ੍ਹਾਂ ਰਾਮ ਮੰਦਰ ਨਿਰਮਾਣ ਵਿੱਚ ਦੇਰੀ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ।

Check Also

ਰਾਜ ਸਭਾ ‘ਚੋਂ ਮੁਅੱਤਲ 8 ਸੰਸਦ ਮੈਂਬਰਾਂ ਨੇ ਸਾਰੀ ਰਾਤ ਦਿੱਤਾ ਧਰਨਾ

ਉਪ ਸਭਾਪਤੀ ਹਰਿਵੰਸ਼ ਸੰਸਦ ਮੈਂਬਰਾਂ ਲਈ ਚਾਹ ਲੈ ਕੇ ਪਹੁੰਚੇ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਜ ਸਭਾ …