ਪੋਸਟ ਮੈਟਰਿਕ ਵਜ਼ੀਫਾ ਸਕੀਮ ਤਹਿਤ ਅਦਾਇਗੀ ਨਾ ਹੋਣ ‘ਤੇ ਦੋ ਲੱਖ ਵਿਦਿਆਰਥੀਆਂ ਨੇ ਕਾਲਜ ਛੱਡੇ : ਸਾਂਪਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਨੂਸੂਚਿਤ ਜਾਤਾਂ ਬਾਰੇ ਕੌਮੀ ਕਮਿਸ਼ਨ ਨੇ ਕਿਹਾ ਹੈ ਕਿ ਵਜ਼ੀਫ਼ਾ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਕਰੀਬ 2000 ਕਰੋੜ ਰੁਪਏ ਦੀ ਅਦਾਇਗੀ ਨਾ ਹੋਣ ਕਾਰਨ ਇਸ ਵਰਗ ਨਾਲ ਸਬੰਧਤ ਲਗਭਗ ਦੋ ਲੱਖ ਵਿਦਿਆਰਥੀ ਕਾਲਜ ਛੱਡ ਗਏ ਹਨ। ਕਮਿਸ਼ਨ ਨੇ ਕਿਹਾ ਕਿ ਇਹ ਬਕਾਇਆ ਪੰਜਾਬ ਸਰਕਾਰ ਵੱਲ ਖੜ੍ਹਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਹਫ਼ਤੇ ਪੋਸਟ-ਮੈਟਰਿਕ ਸਕਾਲਰਸ਼ਿਪ ਸਕੀਮ ‘ਚ ਬੇਨਿਯਮੀਆਂ ਦੀ ਜਾਂਚ ਦੇ ਹੁਕਮ ਦਿੱਤੇ ਸਨ। ਇਹ ਬੇਨਿਯਮੀਆਂ ਪਿਛਲੀ ਕਾਂਗਰਸ ਸਰਕਾਰ ਵੇਲੇ ਸਾਹਮਣੇ ਆਈਆਂ ਸਨ। ਕਮਿਸ਼ਨ ਦੇ ਚੇਅਰਪਰਸਨ ਵਿਜੇ ਸਾਂਪਲਾ ਨੇ ਮੀਡੀਆ ਨੂੰ ਦੱਸਿਆ ਕਿ ਕਮਿਸ਼ਨ ਨੇ ਇਸ ਮਾਮਲੇ ਵਿਚ ਰਾਜ ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਕੇਂਦਰ ਵੱਲੋਂ ਅਦਾਇਗੀ ਹੋਣ ਦੇ ਬਾਵਜੂਦ ਕਾਲਜਾਂ ਨੂੰ ਅਦਾਇਗੀ ਕਿਉਂ ਨਹੀਂ ਕੀਤੀ ਗਈ। ਚੇਅਰਮੈਨ ਸਾਂਪਲਾ ਨੇ ਕਿਹਾ ਕਿ ਇਸ ਮਾਮਲੇ ‘ਤੇ ਪੰਜਾਬ ਸਰਕਾਰ ਅਤੇ ਸਮਾਜਿਕ ਨਿਆਂ ਮੰਤਰਾਲੇ ਦੀ ਮੀਟਿੰਗ ਹੋਈ ਹੈ। ਪੰਜਾਬ ਸਰਕਾਰ ਤੋਂ ਕਮਿਸ਼ਨ ਨੇ ਅਗਲੇ ਬੁੱਧਵਾਰ ਤੱਕ ਜਵਾਬ ਮੰਗਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਲੱਖ ਐੱਸਸੀ ਵਿਦਿਆਰਥੀਆਂ ਨੂੰ 2017 ਵਿਚ ਸਕੀਮ ਤੋਂ ਲਾਭ ਮਿਲਿਆ ਸੀ। ਸੰਨ 2020 ਵਿਚ ਇਹ ਗਿਣਤੀ ਘਟ ਕੇ 1-1.25 ਲੱਖ ਰਹਿ ਗਈ। ਉਨ੍ਹਾਂ ਕਿਹਾ ਕਿ ਜਦ ਰਾਜ ਸਰਕਾਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਬੱਚੇ ਕਾਲਜ ਛੱਡ ਗਏ ਹਨ। ਸਾਂਪਲਾ ਨੇ ਕਿਹਾ ਕਿ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲਿਆ ਸੀ।