ਮੋਦੀ ਸਰਕਾਰ ਦੇ ਆ ਰਹੇ ਹਨ ਅੱਛੇ ਦਿਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੈਕਡ ਤੇ ਲੇਬਲ ਵਾਲੇ ਖੁਰਾਕ ਪਦਾਰਥ ਜਿਵੇਂ ਆਟਾ, ਦਾਲਾਂ ਤੇ ਅਨਾਜ ਜੀਐੱਸਟੀ ਦੇ ਘੇਰੇ ਵਿੱਚ ਆ ਗਏ ਹਨ। ਇਨ੍ਹਾਂ ਦੇ 25 ਕਿਲੋ ਤੋਂ ਘੱਟ ਵਜ਼ਨ ਦੇ ਪੈਕੇਟ ‘ਤੇ ਪੰਜ ਫੀਸਦ ਜੀਐੱਸਟੀ ਲਾਗੂ ਹੋ ਗਿਆ ਹੈ।
ਕੇਂਦਰੀ ਵਿੱਤ ਮੰਤਰਾਲੇ ਨੇ ਅਨਾਜ ਤੋਂ ਲੈ ਕੇ ਦਾਲਾਂ ਅਤੇ ਦਹੀਂ ਤੋਂ ਲੈ ਕੇ ਲੱਸੀ ਤੱਕ ਖੁਰਾਕ ਪਦਾਰਥਾਂ ‘ਤੇ ਜੀਐੱਸਟੀ ਲਾਏ ਜਾਣ ਨਾਲ ਸਬੰਧਤ ਵਾਰ-ਵਾਰ ਪੁੱਛੇ ਜਾਣ ਵਾਲੇ ਸਵਾਲਾਂ ‘ਤੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਇਸ ‘ਚ ਕਿਹਾ ਗਿਆ ਹੈ, ‘ਜੀਐੱਸਟੀ ਉਨ੍ਹਾਂ ਉਤਪਾਦਾਂ ‘ਤੇ ਲੱਗੇਗਾ ਜਿਨ੍ਹਾਂ ਦੀ ਸਪਲਾਈ ਪੈਕੇਟ ਬੰਦ ਸਮੱਗਰੀ ਵਜੋਂ ਕੀਤੀ ਜਾ ਰਹੀ ਹੈ।
ਹਾਲਾਂਕਿ ਪੈਕੇਟ ਬੰਦ ਸਾਮਾਨ ਦਾ ਵਜ਼ਨ 25 ਕਿਲੋ ਤੋਂ ਘੱਟ ਹੋਣਾ ਚਾਹੀਦਾ ਹੈ। ਦਹੀਂ ਤੇ ਲੱਸੀ ਵਰਗੇ ਪਦਾਰਥਾਂ ਲਈ ਇਹ ਹੱਦ 25 ਲਿਟਰ ਹੈ।’ ਮੰਤਰਾਲੇ ਨੇ ਕਿਹਾ, ’18 ਜੁਲਾਈ 2022 ਤੋਂ ਫ਼ੈਸਲਾ ਲਾਗੂ ਹੋ ਗਿਆ ਹੈ ਅਤੇ ਪਹਿਲਾਂ ਤੋਂ ਪੈਕਡ ਤੇ ਲੇਬਲ ਵਾਲੇ ਉਤਪਾਦਾਂ ‘ਤੇ ਜੀਐੱਸਟੀ ਲੱਗੇਗਾ।’
ਮਿਸਾਲ ਦੇ ਤੌਰ ‘ਤੇ ਚੌਲ, ਕਣਕ ਵਰਗੇ ਅਨਾਜ, ਦਾਲਾਂ ਤੇ ਆਟੇ ‘ਤੇ ਪਹਿਲਾਂ ਪੰਜ ਫੀਸਦ ਜੀਐੱਸਟੀ ਉਸ ਸਮੇਂ ਲੱਗਦਾ ਸੀ ਜਦੋਂ ਇਹ ਕਿਸੇ ਬਰਾਂਡ ਦੇ ਹੁੰਦੇ ਸਨ। ਹੁਣ 18 ਜੁਲਾਈ ਤੋਂ ਜੋ ਸਾਮਾਨ ਪੈਕੇਟ ਬੰਦ ਹੈ ਤੇ ਜਿਸ ‘ਤੇ ਲੇਬਲ ਲੱਗਾ ਹੈ, ਉਸ ‘ਤੇ ਜੀਐੱਸਟੀ ਲੱਗੇਗਾ।
ਇਸ ਤੋਂ ਇਲਾਵਾ ਦਹੀਂ, ਲੱਸੀ ਵਰਗੀਆਂ ਵਸਤਾਂ ਜੇਕਰ ਪਹਿਲਾਂ ਤੋਂ ਪੈਕਡ ਜਾਂ ਲੇਬਲ ਵਾਲੀਆਂ ਹੋਣਗੀਆਂ ਤਾਂ ਇਨ੍ਹਾਂ ‘ਤੇ ਪੰਜ ਫੀਸਦ ਦੀ ਦਰ ਨਾਲ ਜੀਐੱਸਟੀ ਲੱਗੇਗਾ। ਮੰਤਰਾਲੇ ਨੇ ਕਿਹਾ ਕਿ ਪੰਜ ਫੀਸਦ ਜੀਐੱਸਟੀ ਪਹਿਲਾਂ ਤੋਂ ਪੈਕਡ ਉਨ੍ਹਾਂ ਵਸਤਾਂ ‘ਤੇ ਲੱਗੇਗਾ ਜਿਨ੍ਹਾਂ ਦਾ ਵਜ਼ਨ 25 ਕਿਲੋ ਜਾਂ ਇਸ ਤੋਂ ਘੱਟ ਹੈ। ਜੇਕਰ ਪ੍ਰਚੂਨ ਵਪਾਰੀ 25 ਕਿਲੋ ਦੇ ਪੈਕੇਟ ਦਾ ਸਾਮਾਨ ਲਿਆ ਕੇ ਉਸ ਨੂੰ ਖੁੱਲ੍ਹਾ ਵੇਚਦਾ ਹੈ ਤਾਂ ਉਸ ‘ਤੇ ਜੀਐੱਸਟੀ ਨਹੀਂ ਲੱਗੇਗਾ। ਉਧਰ ਦੂਜੇ ਪਾਸੇ ਦਿਨੋਂ ਦਿਨ ਵਧ ਰਹੀ ਮਹਿੰਗਾਈ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਆਗੂ ਅਤੇ ਆਮ ਜਨਤਾ ਵਿਰੋਧ ਕਰ ਰਹੀ ਹੈ ਅਤੇ ਆਵਾਜ਼ ਉਠ ਰਹੀ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਅੱਛੇ ਦਿਨ ਆ ਰਹੇ ਹਨ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …