
ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਮੀਟਿੰਗ ’ਚ ਕਾਇਮ ਕੀਤੀ ਕਮੇਟੀ
ਚੰਡੀਗੜ੍ਹ/ਬਿਉਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਕ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਦਾ ਮੁਖੀ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਨਿਯੁਕਤ ਕੀਤਾ ਗਿਆ ਹੈ। ਸੀਨੀਅਰ ਆਈ.ਏ.ਐੱਸ. ਅਧਿਕਾਰੀ ਘਣਸ਼ਿਆਮ ਥੋਰੀ ਇਸ ਕਮੇਟੀ ਦੇ ਉਪ ਮੁਖੀ ਹੋਣਗੇ। ਇਸ 11 ਮੈਂਬਰੀ ਕਮੇਟੀ ਵਿੱਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਕੀਤੇ ਗਏ ਹਨ। ਕਮੇਟੀ ਦੇ ਹੋਂਦ ਵਿੱਚ ਆਉਣ ਦੇ 15 ਦਿਨਾਂ ਬਾਅਦ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਸਬੰਧੀ ਯੋਜਨਾ ਬਾਰੇ ਰਿਪੋਰਟ ਦਿੱਤੀ ਜਾਵੇਗੀ। ਮੁੱਖ ਮੰਤਰੀ ਮਾਨ ਦੀ ਸਰਕਾਰੀ ਰਿਹਾਇਸ਼ ’ਤੇ ਹੋਈ ਮੀਟਿੰਗ ਵਿੱਚ ਬੁੱਢੇ ਦਰਿਆ ਨੂੰ ਮੁੜ ਤੋਂ ਪੁਰਾਤਨ ਰੂਪ ਵਿੱਚ ਲਿਆਉਣ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਡੇਅਰੀਆਂ ਅਤੇ ਇੰਡਸਟਰੀ ਦੇ ਪ੍ਰਤੀਨਿਧ ਵੀ ਹੋਣਗੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਲੁਧਿਆਣਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ ਪੁਲਿਸ, ਨਗਰ ਨਿਗਮ ਲੁਧਿਆਣਾ ਅਤੇ ਡਰੇਨੇਜ ਵਿਭਾਗ ਦੇ ਪ੍ਰਤੀਨਿਧੀ ਵੀ ਬਤੌਰ ਮੈਂਬਰ ਹੋਣਗੇ। ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਇੱਕੋ ਇੱਕ ਮਕਸਦ ਹੈ ਕਿ ਬੁੱਢਾ ਦਰਿਆ ਸਾਫ਼ ਵਗਣਾ ਚਾਹੀਦਾ ਹੈ, ਕਿਉਂਕਿ ਸਤਲੁਜ ਦਰਿਆ ਦਾ ਪਾਣੀ ਹਰੀਕੇ ਪੱਤਣ ਤੋਂ ਦੋ ਨਹਿਰਾਂ ਰਾਹੀ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਹੈ। ਇਨ੍ਹਾਂ ਨਹਿਰਾਂ ਰਾਹੀਂ ਦੂਸ਼ਿਤ ਪਾਣੀ ਕਾਰਨ ਮਾਲਵੇ ਤੇ ਰਾਜਸਥਾਨ ਦੇ ਲੋਕ ਭਿਆਨਕ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ।

