ਪਠਾਨਕੋਟ ’ਚ ਮੰਤਰੀ ਲਾਲਚੰਦ ਕਟਾਰੂਚੱਕ ਨੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ
ਪਠਾਨਕੋਟ/ਬਿਊਰੋ ਨਿਊਜ਼
ਪੰਜਾਬ ਵਿਚ ਹੁਣ ਹਰਿਆਲੀ ’ਚ ਵਾਧਾ ਕਰਨ ਲਈ ਇਕ ਨਵੀਂ ਪਹਿਲ ਕੀਤੀ ਗਈ ਹੈ ਅਤੇ ਹੁਣ ਡਰੋਨ ਰਾਹੀਂ ਪਲਾਂਟੇਸ਼ਨ ਕੀਤੀ ਜਾਵੇਗੀ। ਇਸੇ ਤਹਿਤ ਪਠਾਨਕੋਟ ਦੇ ਕਸਬਾ ਸ਼ਾਹਪੁਰ ਕੰਡੀ ਨੇੜੇ 30 ਹੈਕਟੇਅਰ ਜੰਗਲ ਵਿਚ ਡਰੋਨ ਰਾਹੀਂ ਵੱਖ-ਵੱਖ ਪ੍ਰਜਾਤੀਆਂ ਦੇ ਬੀਜਾਂ ਨੂੰ ਖਿਲਾਰਿਆ ਗਿਆ। ਇਸ ਪ੍ਰੋਜੈਕਟ ਦੀ ਸ਼ੁਰੂਆਤ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਕੀਤੀ ਗਈ ਹੈ। ਇਸ ਮੌਕੇ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਅਤੇ ਵਣ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ। ਜੰਗਲ ਵਿਚ ਤੁਲਸੀ, ਆਂਵਲਾ, ਜਾਮੁਨ, ਹਰੜ, ਬਹੇੜਾ ਅਤੇ ਸੁਆਜਨ ਸਣੇ ਕਈ ਹੋਰ ਪ੍ਰਜਾਤੀਆਂ ਦੇ ਬੀਜਾਂ ਨੂੰ ਮਿੱਟੀ ਵਿਚ ਲਪੇਟ ਕੇ ਡਰੋਨ ਰਾਹੀਂ ਜੰਗਲ ਵਿਚ ਖਿਲਾਰਿਆ ਗਿਆ। ਧਿਆਨ ਰਹੇ ਕਿ ਇਸ ਸਮੇਂ ਪੂਰੇ ਪੰਜਾਬ ਵਿਚ ਹਰਿਆਲੀ ਮਿਸ਼ਨ ਨੂੰ ਲੈ ਕੇ ਪੌਦਿਆਂ ਨੂੰ ਲਗਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ। ਇਸਦੇ ਤਹਿਤ ਪੰਜਾਬ ਵਿਚ 3 ਕਰੋੜ ਤੋਂ ਜ਼ਿਆਦਾ ਵੱਖ-ਵੱਖ ਪ੍ਰਜਾਤੀਆਂ ਦੇ ਪੌਦਿਆਂ ਨੂੰ ਲਗਾਇਆ ਜਾ ਰਿਹਾ ਹੈ।