Breaking News
Home / ਭਾਰਤ / ਮਾਂ ਬੋਲੀ ਪੰਜਾਬੀ ਦੇ ਨਿਰਾਦਰ ਦਾ ਮਾਮਲਾ

ਮਾਂ ਬੋਲੀ ਪੰਜਾਬੀ ਦੇ ਨਿਰਾਦਰ ਦਾ ਮਾਮਲਾ

ਸਾਹਿਤਕਾਰਾਂ ਵਲੋਂ ਅਫਸੋਸ ਦਾ ਪ੍ਰਗਟਾਵਾ
ਹਿੰਦੀ ਤੇ ਉਰਦੂ ਸਾਹਿਤਕਾਰਾਂ ਨੇ ਪੰਜਾਬੀ ਜਗਤ ਤੋਂ ਸਿੱਧੇ ਤੇ ਅਸਿੱਧੇ ਤੌਰ ‘ਤੇ ਮੰਗੀ ਮੁਆਫ਼ੀ
ਪਟਿਆਲਾ/ਬਿਊਰੋ ਨਿਊਜ਼ : ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਹਿੰਦੀ ਦਿਵਸ ਸਮਾਰੋਹ ਦੌਰਾਨ ਮਾਤ ਭਾਸ਼ਾ ਪੰਜਾਬੀ ਦੇ ਕਥਿਤ ਨਿਰਾਦਰ ਤੋਂ ਵਿਵਾਦਾਂ ਵਿੱਚ ਆਏ ਹਿੰਦੀ ਤੇ ਉਰਦੂ ਸਾਹਿਤਕਾਰਾਂ ਨੇ ਪੰਜਾਬੀ ਜਗਤ ਤੋਂ ਸਿੱਧੇ ਤੇ ਅਸਿੱਧੇ ਤੌਰ ‘ਤੇ ਮੁਆਫ਼ੀ ਮੰਗ ਲਈ ਹੈ। ਉਧਰ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ‘ਚ ਪਾਈ ਫੇਰੀ ਦੌਰਾਨ ਜਿੱਥੇ ਵਿਭਾਗ ਦੀ ਪਿੱਠ ਥਾਪੜੀ, ਉਥੇ ਮਾਤ ਭਾਸ਼ਾ ਖ਼ਿਲਾਫ਼ ਉੱਠੇ ਮਾਮਲੇ ਨੂੰ ਮਹਿਜ਼ ਅਚਨਚੇਤ ਵਰਤਾਰਾ ਦੱਸਿਆ। ਮੰਤਰੀ ਨੇ ਕਿਹਾ ਕਿ ਸਬੰਧਤਾਂ ਵੱਲੋਂ ਮੁਆਫ਼ੀ ਮੰਗ ਲੈਣ ਮਗਰੋਂ ਹੁਣ ਇਸ ਮੁੱਦੇ ਦਾ ਭੋਗ ਪਾ ਦੇਣਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਪੰਜਾਬੀ-ਹਿੰਦੀ ਦੇ ਭਾਸ਼ਾਈ ਮਾਮਲੇ ‘ਤੇ ਤਲਖ਼ੀ ਜਾਂ ਵਿਵਾਦ ਕੋਈ ਚੰਗੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਪੰਜਾਬੀ ਨੂੰ ਪਹਿਲੀ ਤਰਜੀਹ ਦੇਣੀ ਸੁਭਾਵਿਕ ਹੈ, ਪਰ ਕਿਸੇ ਭਾਸ਼ਾਈ ਬਖੇੜੇ ਵਿੱਚ ਪੈ ਕੇ ਜਬਰੀ ਕਿਸੇ ‘ਤੇ ਹੋਰ ਭਾਸ਼ਾ ਥੋਪਣੀ ਕਿਸੇ ਤਰ੍ਹਾਂ ਵੀ ਵਾਜਿਬ ਨਹੀਂ ਹੈ। ਉਨ੍ਹਾਂ ਕਿਹਾ ਕਿ ਹਿੰਦੀ ਵੀ ਸਾਡੇ ਦੇਸ਼ ਦੀ ਹੀ ਭਾਸ਼ਾ ਹੈ ਤੇ ਇਹ ਵੀ ਸਿੱਖਣੀ ਚਾਹੀਦੀ ਹੈ, ਪਰ ਮਾਂ ਬੋਲੀ ਦਾ ਵੱਖਰਾ ਰੁਤਬਾ ਤੇ ਸਤਿਕਾਰ ਵੀ ਬਰਕਰਾਰ ਰਹਿਣਾ ਚਾਹੀਦਾ ਹੈ। ਉਨ੍ਹਾਂ ਭਾਸ਼ਾ ਵਿਭਾਗ ਦੀ ਸਮੁੱਚੀ ਕਾਰਜਸ਼ੈਲੀ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਹ ਇੱਕ ਵਧੀਆ ਤੇ ਪੁਰਾਣਾ ਮਹਿਕਮਾ ਹੈ, ਜਿਸ ਦੀਆਂ ਕਮੀਆਂ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਦੀ ਸਮੁੱਚੀ ਸਾਰ ਲੈਣ ਲਈ ਜਲਦੀ ਹੀ ਉਹ ਉਚੇਚੇ ਤੌਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨਗੇ।
ਉਧਰ ਹਿੰਦੀ ਦੇ ਸ਼੍ਰੋਮਣੀ ਸਾਹਿਤਕਾਰ ਡਾ. ਹੁਕਮ ਚੰਦ ਰਾਜਪਾਲ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੇ ਸਪਸ਼ਟੀਕਰਨ ਵਿੱਚ ਆਖਿਆ ਹੈ ਕਿ ਹਿੰਦੀ ਦਿਵਸ ਸਮਾਗਮ ਦੌਰਾਨ ਉਨ੍ਹਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ ਕਿਸੇ ਵੀ ਟਿੱਪਣੀ ਨਾਲ ਜੇ ਕਿਸੇ ਦੇ ਮਨ ਨੂੰ ਠੇਸ ਪੁੱਜੀ ਹੈ ਤਾਂ ਇਸ ਲਈ ਉਹ ਤਹਿ ਦਿਲੋਂ ਮੁਆਫ਼ੀ ਮੰਗਦੇ ਹਨ। ਉਨ੍ਹਾਂ ਬੇਨਤੀ ਕਰਦਿਆਂ ਕਿਹਾ ‘ਮੇਰੇ ਵਰਗੇ ਅਕਾਦਮੀਸ਼ੀਅਨਾਂ ਨੂੰ ਭਾਸ਼ਾ ਦੀ ਸਿਆਸਤ ਵਿੱਚ ਘੜੀਸਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।’ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸੁਫ਼ਨੇ ‘ਚ ਵੀ ਪੰਜਾਬੀ ਬੋਲੀ ਦੇ ਵਿਰੁੱਧ ਨਹੀਂ ਸੋਚ ਸਕਦੇ ਅਤੇ ਵਡੇਰੀ ਉਮਰ ਦੌਰਾਨ ਵੀ ਪੰਜਾਬੀ ਦੀ ਸੇਵਾ ‘ਚ ਮਸਰੂਫ਼ ਹਨ।
ਉਧਰ ਉਰਦੂ ਕਵੀ ਤੇ ਲੇਖਕ ਸਰਦਾਰ ਪੰਛੀ ਨੇ ਇਕ ਬਿਆਨ ‘ਚ ਆਖਿਆ ਕਿ ਹਿੰਦੀ ਦਿਵਸ ਮੌਕੇ ਉਨ੍ਹਾਂ ਵੱਲੋਂ ਬੋਲੇ ਕੁਝ ਸ਼ਬਦਾਂ ਨੂੰ ਸੁਣ ਕੇ ਕੁਝ ਪੰਜਾਬੀ ਲੇਖਕ ਦੋਸਤਾਂ ਦੇ ਮਨਾਂ ਨੂੰ ਠੇਸ ਪੁੱਜੀ ਹੈ, ਜਿਸ ਲਈ ਉਹ ਖਿਮਾ ਜਾਚਕ ਹੈ। ਉਨ੍ਹਾਂ ਕਿਹਾ ਕਿ ਉਰਦੂ, ਹਿੰਦੀ ਸਾਹਿਤ ਵੱਲ ਤੁਰਨ ਤੋਂ ਪਹਿਲਾਂ ਉਹ ਪੰਜਾਬੀ ਲੇਖਕ ਹੀ ਸੀ ਅਤੇ ਪੰਜਾਬੀ ਦੀ ਸ਼ਕਤੀ, ਸਮਰੱਥਾ, ਸੰਵੇਦਨਾ ਅਤੇ ਸੰਚਾਰ ਯੋਗਤਾ ਦੇ ਉਹ ਬਚਪਨ ਤੋਂ ਕਾਇਲ ਹਨ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …