Breaking News
Home / ਭਾਰਤ / ਭਾਜਪਾ ਭਾਰਤ ਨੂੰ ਹਿੰਦੀ ਭਾਸ਼ਾਈ ਦੇਸ਼ ਬਣਾਉਣ ਦੇ ਰਾਹ ਤੁਰੀ

ਭਾਜਪਾ ਭਾਰਤ ਨੂੰ ਹਿੰਦੀ ਭਾਸ਼ਾਈ ਦੇਸ਼ ਬਣਾਉਣ ਦੇ ਰਾਹ ਤੁਰੀ

ਹਿੰਦੀ ਬਣੇ ਪੂਰੇ ਦੇਸ਼ ਦੀ ਭਾਸ਼ਾ : ਅਮਿਤ ਸ਼ਾਹ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਦੇਸ਼ ਵਾਸੀਆਂ ਨੂੰ ਇਕ ਮੁੱਠ ਰੱਖਣ ਲਈ ਪੂਰੇ ਦੇਸ਼ ਦੀ ਇਕ ਹੀ ਭਾਸ਼ਾ ਹੋਣੀ ਜ਼ਰੂਰੀ ਹੈ ਅਤੇ ਇਹ ਹਿੰਦੀ ਹੀ ਹੋ ਸਕਦੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਹਿੰਦੀ ਨੂੰ ਦੇਸ਼ ਦੇ ਵੱਖ-ਵੱਖ ਭਾਗਾਂ ‘ਚ ਪਹੁੰਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਜਿੱਥੋਂ ਸੰਭਵ ਹੋ ਸਕੇ ਹਰ ਵਿਅਕਤੀ ਨੂੰ ਆਪਣੀ ਮਾਂ ਬੋਲੀ ਬੋਲਣੀ ਚਾਹੀਦੀ ਹੈ। ਸ਼ਾਹ ਦੁਆਰਾ ਹਿੰਦੀ ‘ਚ ਟਵੀਟ ‘ਚ ਕਿਹਾ ਗਿਆ, ”ਭਾਰਤ ਬਹੁਭਾਸ਼ਾਈ ਦੇਸ਼ ਹੈ ਅਤੇ ਹਰ ਭਾਸ਼ਾ ਦੀ ਆਪਣੀ ਮਹੱਤਤਾ ਹੈ ਪਰ ਸਪੱਸ਼ਟ ਤੌਰ ‘ਤੇ ਪੂਰੇ ਦੇਸ਼ ਲਈ ਇੱਕ ਭਾਸ਼ਾ ਜ਼ਰੂਰ ਹੋਣੀ ਚਾਹੀਦੀ ਹੈ ਜਿਸ ਨਾਲ ਭਾਰਤ ਦੀ ਵਿਸ਼ਵ ਪੱਧਰੀ ਪਛਾਣ ਹੋਵੇਗੀ।” ਉਨ੍ਹਾਂ ਕਿਹਾ ਕਿ ਜੇਕਰ ਅੱਜ ਦੇਸ਼ ਨੂੰ ਕੋਈ ਭਾਸ਼ਾ ਇੱਕਜੁਟ ਕਰ ਸਕਦੀ ਹੈ ਤਾਂ ਉਹ ਹਿੰਦੀ ਹੈ ਜੋ ਕਿ ਸਭ ਤੋਂ ਵੱਧ ਬੋਲੀ ਜਾਂਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰ ਵਿਅਕਤੀ ਨੂੰ ਆਪਣੀ ਮਾਂ ਬੋਲੀ ਦਾ ਪਾਸਾਰ ਕਰਨਾ ਚਾਹੀਦਾ ਹੈ ਪਰ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਦੇ ਇੱਕ ਭਾਸ਼ਾ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਹਿੰਦੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਮਗਰੋਂ ਹਿੰਦੀ ਦਿਵਸ ਸਬੰਧੀ ਇੱਕ ਸਮਾਗਮ ਦੌਰਾਨ ਬੋਲਦਿਆਂ ਸ਼ਾਹ ਨੇ ਭਾਵੇਂ ਭਾਸ਼ਾਵਾਂ ਵਿੱਚ ਭਿੰਨਤਾ ਵੀ ਭਾਰਤ ਦੀ ਏਕਤਾ ਹੈ ਪਰ ਦੇਸ਼ ਨੂੰ ਇੱਕ ਰਾਸ਼ਟਰੀ ਭਾਸ਼ਾ ਦੀ ਲੋੜ ਹੈ ਤਾਂ ਕਿ ਵਿਦੇਸ਼ੀ ਭਾਸ਼ਾਵਾਂ ਅਤੇ ਸੱਭਿਆਚਾਰ ਦੇਸ਼ ਦੀ ਭਾਸ਼ਾ ‘ਤੇ ਗਲਬਾ ਨਾ ਪਾ ਸਕਣ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਹਿੰਦੀ ਨੂੰ ਵਿਸ਼ਵ ਦੀ ਸਭ ਤੋਂ ਵੱਧ ਬੋਲੀ ਜਾਣ ਵਾਲਾ ਭਾਸ਼ਾ ਬਣਾਉਣ ਲਈ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਹਿੰਦੀ ਦੇਸ਼ ਦੇ ਹਰ ਵਿਅਕਤੀ ਅਤੇ ਹਰ ਘਰ ਤੱਕ ਪਹੁੰਚਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ ਦੇਸ਼ ਦੇ ਵੱਖ-ਵੱਖ ਭਾਗਾਂ ‘ਚ ਹਿੰਦੀ ਦਿਵਸ ਸਮਾਗਮ ਕਰਵਾਏ ਜਾਣਗੇ ਅਤੇ 2024 ਦੀਆਂ ਅਗਲੀਆਂ ਆਮ ਚੋਣਾਂ ਤੱਕ ਹਿੰਦੀ ਵਿਰਾਸਤੀ ਦਰਜਾ ਪ੍ਰਾਪਤ ਕਰ ਲਵੇਗੀ।

ਹਿੰਦੀ ਸਭ ਭਾਰਤੀਆਂ ਦੀ ਮਾਂ ਬੋਲੀ ਨਹੀਂ : ਓਵੈਸੀ
ਏਆਈਐਮਆਈਐਮ ਦੇ ਮੁਖੀ ਅਸਰੂਦੀਨ ਓਵੈਸੀ ਨੇ ਟਵੀਟ ਕਰਕੇ ਕਿਹਾ ਕਿ ਹਿੰਦੀ ਸਭ ਭਾਰਤੀਆਂ ਦੀ ਮਾਂ ਬੋਲੀ ਨਹੀਂ ਹੈ। ਕੀ ਸ਼ਾਹ ਭਾਰਤ ਦੀ ਵੰਨ ਸੁਵੰਨਤਾ ਅਤੇ ਵੱਖ-ਵੱਖ ਮਾਂ ਬੋਲੀਆਂ ਦੀ ਸੁੰਦਰਤਾ ਦੀ ਤਾਰੀਫ ਕਰ ਸਕਦੇ ਹਨ। ਭਾਰਤ ਹਿੰਦੀ ਅਤੇ ਹਿੰਦੂਤਵ ਤੋਂ ਬਹੁਤ ਵੱਡਾ ਹੈ।

ਦੇਸ਼ ਦੀ ਏਕਤਾ ‘ਤੇ ਪਵੇਗਾ ਅਸਰ : ਸਟਾਲਿਨ
ਤਾਮਿਲਨਾਡੂ ਦੀ ਮੁੱਖ ਵਿਰੋਧੀ ਪਾਰਟੀ ਡੀਐਮਕੇ ਮੁਖੀ ਐਮਕੇ ਸਟਾਲਿਨ ਨੇ ਸ਼ਾਹ ਦੇ ਬਿਆਨ ਦਾ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਲਗਾਤਾਰ ਹਿੰਦੀ ਨੂੰ ਠੋਸੇ ਜਾਣ ਦਾ ਵਿਰੋਧ ਕਰਦੇ ਰਹੇ ਹਾਂ। ਗ੍ਰਹਿ ਮੰਤਰੀ ਦੇ ਬਿਆਨ ਨੇ ਸਾਨੂੰ ਝਟਕਾ ਦਿੱਤਾ ਹੈ। ਇਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ‘ਤੇ ਅਸਰ ਪਵੇਗਾ। ਦੇਸ਼ ਵਿਚ ਇਕ ਭਾਸ਼ਾ ਦੀ ਕੋਈ ਲੋੜ ਨਹੀਂ।
‘ਇਕ ਭਾਸ਼ਾ ਇਕ ਰਾਸ਼ਟਰ’ ਦੇ ਸੰਕਲਪ ਵਿਰੁੱਧ ਨਿੱਤਰੀ ਕੇਂਦਰੀ ਪੰਜਾਬੀ ਲੇਖਕ ਸਭਾ
ਚੰਡੀਗੜ੍ਹ : ਕੇਂਦਰੀ ਪੰਜਾਬੀ ਲੇਖਕ ਸਭਾ ਨੇ ਭਾਸ਼ਾ ਵਿਭਾਗ ਪੰਜਾਬ ਦੇ ਹਿੰਦੀ ਦਿਵਸ ਵਾਲੇ ਸਮਾਗਮ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਨਾਲ ਕੀਤੇ ਗਏ ਦੁਰਵਿਹਾਰ ਦੀ ਨਿੰਦਾ ਕਰਦਿਆਂ ਮੁਲਕ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ‘ਇਕ ਭਾਸ਼ਾ ਇਕ ਰਾਸ਼ਟਰ’ ਦੇ ਸੰਕਲਪ ਵੱਲ ਲਿਜਾਣ ਦੇ ਕੀਤੇ ਜਾ ਰਹੇ ਯਤਨਾਂ ਖ਼ਿਲਾਫ਼ ਸਮੂਹ ਲੇਖਕ ਭਾਈਚਾਰੇ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਕੇਂਦਰੀ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਨੇ ਕਿਹਾ ਕਿ ਜਦੋਂ ਭਾਸ਼ਾ ਵਿਭਾਗ ਪੰਜਾਬ ਵਲੋਂ ਹਿੰਦੀ ਭਾਸ਼ਾ ਦਿਵਸ ਬਾਰੇ ਸਮਾਗਮ ਦੌਰਾਨ ਡਾ. ਤੇਜਵੰਤ ਮਾਨ ਨੂੰ ਆਪਣੀ ਗੱਲ ਕਹਿਣ ਤੋਂ ਰੋਕਿਆ ਜਾ ਰਿਹਾ ਸੀ ਅਤੇ ਗਾਲੀ ਗਲੋਚ ਕਰਦਿਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਐਨ ਉਦੋਂ ਹੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹਿੰਦੀ ਦਿਵਸ ਦੇ ਬਹਾਨੇ ਸਮੁੱਚੇ ਮੁਲਕ ਵਿਚ ਸਿਰਫ਼ ਹਿੰਦੀ ਭਾਸ਼ਾ ਨੂੰ ਥੋਪਣ ਦਾ ਸੰਕਲਪ ਇਹ ਕਹਿ ਕੇ ਪੇਸ਼ ਕਰ ਰਹੇ ਸਨ ਕਿ ਅੱਜ ਭਾਰਤ ਨੂੰ ‘ਇਕ ਭਾਸ਼ਾ ਇਕ ਰਾਸ਼ਟਰ’ ਵਜੋਂ ਤਸੱਵਰ ਕਰਨ ਦੀ ਲੋੜ ਹੈ। ਲੇਖਕ ਆਗੂਆਂ ਨੇ ਕਿਹਾ ਕਿ ਇਕੋ ਵੇਲੇ ਇਨ੍ਹਾਂ ਦੋ ਘਟਨਾਵਾਂ ਦਾ ਵਾਪਰਨਾ ਇਤਫ਼ਾਕ ਨਹੀਂ ਹੈ, ਸਗੋਂ ਮੁਲਕ ਦੇ ਬਹੁ-ਭਾਸ਼ਾਈ ਅਤੇ ਬਹੁ-ਸੱਭਿਆਚਾਰਕ ਢਾਂਚੇ ਨੂੰ ਤਬਾਹ ਕਰ ਕੇ ਸਿਰਫ਼ ਇਕੋ ਰੰਗ ਵਿਚ ਰੰਗਣ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਲੇਖਕਾਂ, ਵਿਦਵਾਨਾਂ ਅਤੇ ਚਿੰਤਕਾਂ ਦਾ ਵਿਸ਼ਾਲ ਏਕਾ ਅੱਜ ਦੀ ਬੁਨਿਆਦੀ ਲੋੜ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਤੇਜ਼ੀ ਅਤੇ ਖ਼ਤਰਨਾਕ ਢੰਗ ਨਾਲ ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ/ਬੋਲੀਆਂ ਉੱਪਰ ਹਮਲੇ ਕੀਤੇ ਜਾ ਰਹੇ ਹਨ, ਉਹ ਚਿੰਤਾਜਨਕ ਹੈ। ਭਾਰਤ ਦੇ ਸੰਵਿਧਾਨ ਦੀ ਧਾਰਾ 29 ਹਰ ਭਾਰਤੀ ਨੂੰ ਆਪਣੀ ਵੱਖਰੀ ਭਾਸ਼ਾ, ਲਿਪੀ ਅਤੇ ਸੱਭਿਆਚਾਰ ਦਾ ਅਧਿਕਾਰ ਦਿੰਦੀ ਹੈ ਤੇ ਭਾਰਤ ਆਰਐੱਸਐੱਸ ਦੇ ਏਜੰਡੇ ‘ਹਿੰਦੂ, ਹਿੰਦੀ, ਹਿੰਦੁਸਤਾਨ ਤੇ ਹਿੰਦੁਤਵ’ ਤੋਂ ਕਿਤੇ ਮਹਾਨ ਮੁਲਕ ਹੈ। ਭਾਰਤ ਦੀ ਇਸ ਮਹਾਨਤਾ ਤੇ ਸਾਂਝੀ ਤਹਿਜ਼ੀਬ ਨੂੰ ਤੋੜਨ ਦੀ ਕੋਈ ਵੀ ਸਾਜ਼ਿਸ਼ ਪ੍ਰਵਾਨ ਨਹੀਂ ਚੜ੍ਹਨ ਦਿੱਤੀ ਜਾਵੇਗੀ। ਕੇਂਦਰੀ ਪੰਜਾਬੀ ਲੇਖਕ ਸਭਾ ਨੇ ਭਾਸ਼ਾ ਵਿਭਾਗ ਪੰਜਾਬ ਦੇ ਹਿੰਦੀ ਦਿਵਸ ਸਮਾਗਮ ਮੌਕੇ ਡਾ. ਤੇਜਵੰਤ ਮਾਨ ਅਤੇ ਸਮੂਹ ਪੰਜਾਬੀ ਪ੍ਰੇਮੀਆਂ ਨੂੰ ਦਿੱਤੀਆਂ ਧਮਕੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਮਸਲੇ ‘ਤੇ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਸਰਕਾਰ ਦੇ ਚੁੱਪ ਵੱਟਣ ਉੱਪਰ ਸਵਾਲ ਉਠਾਉਂਦਿਆਂ ਕਿਹਾ ਕਿ ਆਉਂਦੇ ਦਿਨਾਂ ਵਿਚ ਸਮੂਹ ਲੇਖਕ ਭਾਈਚਾਰੇ ਨੂੰ ਨਾਲ ਲੈ ਕੇ ਇਸ ਮੁੱਦੇ ‘ਤੇ ਸੰਵਾਦ ਤੋਰਿਆ ਜਾਵੇਗਾ ਅਤੇ ਜਨਤਕ ਸੰਘਰਸ਼ ਵਿੱਢਿਆ ਜਾਵੇਗਾ।
ਭਾਰਤ ਵਿਚ ਇਕ ਹੀ ਭਾਸ਼ਾ ਦੀ ਧਾਰਨਾ ਬਿਲਕੁਲ ਸੰਭਵ ਨਹੀਂ : ਰਜਨੀਕਾਂਤ
ਚੇਨਈ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ‘ਇਕ ਦੇਸ਼ ਇਕ ਭਾਸ਼ਾ’ ਦੇ ਬਿਆਨ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਨੂੰ ਲੈ ਕੇ ਅਦਾਕਾਰ ਕਮਲ ਹਸਨ ਤੋਂ ਬਾਅਦ ਹੁਣ ਰਜਨੀਕਾਂਤ ਨੇ ਵੀ ਇਸਦਾ ਵਿਰੋਧ ਕੀਤਾ ਹੈ। ਰਜਨੀਕਾਂਤ ਨੇ ਕਿਹਾ ਕਿ ਪੂਰੇ ਭਾਰਤ ਵਿਚ ਇਕ ਹੀ ਭਾਸ਼ਾ ਦੀ ਧਾਰਨਾ ਸੰਭਵ ਨਹੀਂ ਹੈ ਅਤੇ ਹਿੰਦੀ ਨੂੰ ਥੋਪੇ ਜਾਣ ਦੀ ਹਰ ਕੋਸ਼ਿਸ਼ ਦਾ ਦੱਖਣੀ ਸੂਬਿਆਂ ਵਿਚ ਹੀ ਬਲਕਿ ਉਤਰੀ ਭਾਰਤ ਵਿਚ ਵੀ ਲੋਕ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ ਭਾਰਤ ਹੀ ਨਹੀਂ, ਬਲਕਿ ਕਿਸੇ ਵੀ ਦੇਸ਼ ਲਈ ਇਕ ਆਮ ਭਾਸ਼ਾ ਹੋਣਾ ਉਸਦੀ ਏਕਤਾ ਅਤੇ ਤਰੱਕੀ ਲਈ ਚੰਗਾ ਹੁੰਦਾ ਹੈ। ਪਰ ਸਾਡੇ ਦੇਸ਼ ਭਾਰਤ ਵਿਚ ਇਕ ਆਮ ਭਾਸ਼ਾ ਨਹੀਂ ਹੋ ਸਕਦੀ, ਇਸ ਲਈ ਤੁਸੀਂ ਕੋਈ ਭਾਸ਼ਾ ਥੋਪ ਨਹੀਂ ਸਕਦੇ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …