Breaking News
Home / ਰੈਗੂਲਰ ਕਾਲਮ / ਮੌਜੀ ਮਨ ਬਾਤਾਂ ਕਰੇ!

ਮੌਜੀ ਮਨ ਬਾਤਾਂ ਕਰੇ!

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
ਤਿਰਕਾਲਾਂ ਢਲੀਆਂ। ਮੱਝਾਂ, ਗਾਵਾਂ, ਵੱਛੀਆਂ ਤੇ ਕਟੜੂ ਚਰ ਕੇ ਚਾਰਾ ਘਰਾਂ ਨੂੰ ਮੁੜ ਰਹੇ। ਆਜੜੀ ਦੀਆਂ ਲੰਮੀਆਂ ਹਾਕਾਂ- ”ਓ ਤੁਸੀਂ ਹਟਜੋ, ਸਿੱਧੀਆਂ ਤੁਰੋ, ਤੁਰੋ ਸਿੱਧੀਆਂ… ਹਾਏ ਓ ਰੱਬਾ… ਹੇਅ੍ਹਾ ਹ੍ਹੇ… ਹ੍ਹੇ… ਹ੍ਹੇ… ਹ੍ਹੇ… ਥੋਡਾ ਰੱਬ ਰਾਖਾ, ਮੂੰਹ ਨਾ ਮਾਰਿਓ ਖੇਤ ਬਿਗਾਨੇ, ਸਿੱਧੀਆਂ ਤੁਰੋ ਸਿੱਧੀਆਂ… ਘਰ ਜਾ ਕੇ ਚਰਲਿਓ, ਜਿਊਣ ਜੋਗੀਓ!” ਇਹ ਸਭ ਸੁਣ-ਦੇਖ ਕੇ ਸੋਚ ਰਿਹਾਂ ਕਿ ਕਿੰਨਾ ਇਮਾਨਦਾਰ ਹੈ ਮੇਰੇ ਪਿੰਡ ਦਾ ਗਰੀਬ ਦਲਿਤ ਆਜੜੀ! ਆਪਣੇ ਪਸ਼ੂਆਂ ਨੂੰ ਵੀ ਈਮਾਨ ਰੱਖਣ ਵਾਸਤੇ ਬੇਰੋਕ ਹੋਕਰੇ ਦੇ ਰਿਹੈ ਉੱਚੀ ਉੱਚੀ। ਅੱਜ ਬੰਦੇ ਦੇ ਆਖੇ ਬੰਦਾ ਨਹੀ ਲੱਗਦਾ, ਤੇ ਇਹ ਭਗਤ ਪਸ਼ੂਆਂ ਨੂੰ ਸਮਝੌਤੀਆਂ ਦਿੰਦੈ ਪਿਐ, ਮੈਂ ਵਾਰੇ ਵਾਰੇ ਜਾਵਾਂ, ਇਹੋ ਜਿਹੇ ਰੱਬੀ ਲੋਕਾਂ ਤੋਂ। ਠੰਢੀਆਂ ਛਾਵਾਂ ਇਹੋ ਜਿਹੇ ਲੋਕਾਂ ਆਸਰੇ ਵਧਦੀਆਂ ਫੁੱਲਦੀਆਂ ਨੇ। ਬਾਬਾ ਸੁੱਚਾ ਕਹਿੰਦਾ ਸੀ- ਖੇਤੋਂ ਆਉਂਦਾ ਤੇ ਏਧਰ ਓਧਰ ਮੂੰਹ ਮਾਰਦਾ ਪਸ਼ੂ ਜਿਹੋ ਜਿਹਾ ਦੁੱਧ ਦੇਊ, ਉਹਦਾ ਦੁਧ ਪੀਣ ਵਾਲੇ ਦੀ ਉਹੋ ਜਿਹੀ ਬੁੱਧ ਹੋਊ!
ਜੈਸਾ ਪੀਵੈ ਪਾਣੀ, ਤੈਸਾ ਹੋਵੈ ਪ੍ਰਾਣੀ
ਜੈਸਾ ਖਾਈਏ ਅੰਨ, ਤੈਸਾ ਹੋਵੈ ਮੰਨ
ਜੈਸਾ ਪੀਵੈ ਦੁੱਧ, ਵੈਸੀ ਹੋਵੈ ਬੁੱਧ
ਸੂਰ ਦਾ ਮਾਸ ਖਾਣ ਵਾਲੇ ਦਾ ਦਿਮਾਗ ਸੂਰ ਵਰਗਾ ਨਾ ਹੋਊ ਤਾਂ ਹੋਰ ਕੀ ਹੋਊ?
ਸੱਚ ਐ ਕਿ ਕਿਥੋਂ ਲਭਣਗੇ ਰੱਬ ਵਰਗੇ ਐਸੇ ਬੰਦੇ
ਜੋ ਤੁਰਦੇ ਜਾ ਰਹੇ ਨੇ ਪਰਛਾਵੇਂ ਛੁਪਦੇ, ਸਰੀਰ ਖੁਰਦੇ
ਤੇ ਮਨ ਭੁਰਦੇ ਜਾ ਰਹੇ ਨੇ
ਹਾਏ ਓ ਰੱਬਾ ਮੇਰਿਆ, ਗਮਾਂ ਨੇ ਘੇਰਿਆ…
(9-4-2019, ਸ਼ਾਮ 6:30 ਵਜੇ।)
ਦੁਪਹਿਰ ਹੈ। ਸਾਦਿਕ ਮੰਡੀ ਆਪਣੇ ਇਲਾਕੇ ਵਿਚ ਉਤਰ੍ਹਿਆਂ ਰੋਡਵੇਜ਼ ਦੀ ਬੱਸ ‘ਚੋਂ। ਧੁੱਪ ਖੂਬ ਖਿੜੀ ਹੈ। ਚੰਗਾ ਹੈ ਕਿ ਕੁਝ ਦਿਨਾਂ ਤੱਕ ਕਣਕਾਂ ਦੇ ਸਿੱਟੇ ਸੁਨੈਹਰੀ ਰੰਗ ਵਿਚ ਰੰਗੇ ਜਾਣਗੇ। ਸਬਜੀ ਵੇਚਣ ਵਾਲਿਆਂ ਦੀਆਂ ਫੜੀਆਂ ਤੇ ਰੇਹੜੀਆਂ ‘ਤੇ ਰੌਣਕ ਹੈ, ਮੇਰੇ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਦੀ ਖੂਬ ਚਹਿਲ-ਪਹਿਲ ਹੈ। ਨਿੱਕੀਆਂ-ਨਿੱਕੀਆਂ ਰੇਹੜੀਆਂ ‘ਤੇ ਲਵੇ-ਲਵੇ ਕੱਦੂ ਵਿਕਣੇ ਆ ਗਏ ਨੇ ਅਗੇਤੇ ਹੀ। ਹਾਲੇ ਪਿਛਲੇ ਹਫਤੇ ਹੀ ਚੰਡੀਗੜ ਜਾਂਦਾ ਘਰੇ ਕੱਦੂ, ਘੀਆ ਤੋਰੀ, ਚੌਲ਼ੇ, ਕਰੇਲੇ, ਭਿੰਡੀਆਂ ਤੇ ਹੋਰ ਨਿੱਕ-ਸੁਕ ਦੇ ਬੀਜ ਬੋ ਕੇ ਗਿਆ ਸਾਂ। ਹੁਣ ਤੱਕ ਤਾਂ ਬੀਜ ਫੁੱਟ ਪਏ ਹੋਣੇ ਨੇ! ਮਗਰੋਂ ਹਲਕਾ ਜਿਹਾ ਮੀਂਹ ਵੀ ਪੈ ਹਟਿਆ ਹੈ, ਬੀਜਾਂ ਦੇ ਫੁੱਟਣ ਬਾਰੇ ਸੋਚ ਕੇ ਮਨ ਨੂੰ ਹੁਲਾਰਾ ਆਇਆ ਲੱਗਿਐ। ਦੇਖ ਰਿਹਾਂ ਕਿ ਸਾਡੇ ਪਿੰਡ ਦੇ ਮਿਹਨਤਕਸ਼ ਬੌਰੀਏ, ਧਰਤੀ ਉਤੇ ਬੋਰੀਆਂ ਵਿਛਾਈ ਹਰਾ-ਕਚੂਰ ਛੋਲ਼ੀਆ ਰੱਖੀ ਬੈਠੇ ਨੇ, ਹਾਕਾਂ ਮਾਰ ਰਹੇ, ”ਆਜੋ ਬਈ ਲੈ ਜੋ…ਵੀਹਾਂ ਦਾ ਕਿੱਲੋ…ਤਾਜ਼ਾ ਤੇ ਕਰਾਰਾ ਛੋਲ਼ੀਆ…ਆਜੋ ਬਈ ਆਜੋ, ਫੇਰ ਨਾ ਆਖਿਓ ਕਿ ਮੁੱਕ ਗਿਆ… ਰੁੱਤ ਛੋਲ਼ੀਆ ਖਾਣ ਦੀ ਆਈ…।”
ਗਾਹਕਾਂ ਵੱਲ ਬੌਰੀਆਂ ਦੀ ਵੱਜ ਰਹੀਆਂ ਹਾਕਾਂ ਵਿਚੋਂ ਸਾਹਿਤਕਤਾ ਲੱਭਣ ਲਗਦਾ ਹਾਂ ਖੜ੍ਹਾ-ਖਲੋਤਾ। ਪਥਰੀਲੇ ਸ਼ਹਿਰ ਵਿਚੋਂ ਪਿੰਡ ‘ਚ ਆਇਆ ਹਾਂ, ਖਵਰੈ ਮਨ ਤਦੇ ਈ ਹਲਕਾ-ਫੁਲਕਾ ਜਿਹਾ ਹੋ ਗਿਆ ਜਾਪਦੈ! ਹਫਤੇ ਮਗਰੋਂ ਆਇਆ ਹੋਵਾਂ ਤੇ ਘਰ ਛੋਲ਼ੀਆ ਲਿਜਾਣ ਨੂੰ ਦਿਲ ਨਾ ਕਰੇ!
16-ਸੈਕਟਰ ਵਿਚ ਤਾਂ ਛੋਲ਼ੀਏ ਦਾ ਸੁਫ਼ਨਾ ਵੀ ਨਹੀਂ ਆਉਂਦਾ, ਲੱਭਣਾ ਕਿੱਥੋਂ! ਬਰਗਰ, ਨੂਡਲਜ਼, ਬਰੈਡ, ਬੜੇ ਤੇ ਪੀਜ਼ੇ ਖਾਣ ਵਾਲੇ ਕੀ ਜਾਨਣ ਏਹਦੀ ਤਰੀ ਦਾ ਸੁਆਦ! ਦੋ ਕਿੱਲੋ ਤੁਲਵਾਇਆ ਤੇ ਚੱਲ ਪਿਆਂ ਪਿੰਡ ਨੂੰ!
ਤਾਇਆ ਰਾਮ ਚੇਤੇ ਆ ਰਿਹੈ, ਉਸਦਾ ਖੂਹ ਵਾਲੇ ਖੇਤੋਂ ਆਥਣੇ ਛੋਲ਼ੀਆ ਪੁੱਟ ਕੇ ਲਿਆਉਣਾ ਤੇ ਦਾਦੀ ਤੇ ਭੂਆ ਨੂੰ ਕੱਢਣ ਲਈ ਕਹਿਣਾ, ਬਾਲਪਨ ਵਿਚ ਬੜਾ ਚੰਗਾ-ਚੰਗਾ ਲਗਦਾ ਸੀ, ਤਦੇ ਹੀ ਨਹੀਂ ਹੁਣ ਤੀਕ ਭੁੱਲਿਆ। ਦਾਦੀ ਤੇ ਭੂਆ ਛੰਨੇ ਵਿਚ ਛੋਲ਼ੀਆ ਕੱਢਦੀਆਂ, ਕੱਢੇ ਦਾਣਿਆਂ ਦੇ ਫੱਕੇ ਮਾਰਦਾ ਤੇ ਨਾਲ ਭੂਆ ਤੋਂ ਝਿੜਕਾਂ ਖਾਂਦਾ ਸਾਂ। ਪੱਕੀਆਂ ਡੋਡੀਆਂ ਦੀਆਂ ਹੋਲ਼ਾਂ ਭੁੰਨੀਆਂ ਜਾਂਦੀਆਂ ਤੇ ਹਰੇ ਦਾਣਿਆਂ ਨੂੰ ਮਸਾਲਾ ਭੁੰਨ ਕੇ ਰਿੰਨ੍ਹਿਆਂ ਜਾਂਦਾ। ਚਾਹੇ ਖੇਤੋਂ ਛੋਲ਼ੀਆ ਲਿਆਉਣ ਵਾਲਾ ਤਾਇਆ ਵੀ ਨਹੀਂ ਹੈ ਹੁਣ, ਤੇ ਨਾ ਹੀ ਦਾਦੀ ਤੇ ਭੂਆ ਹੀ ਰਹੀਆਂ, ਪਰ ਚੌਂਕੇ ਵਿਚ ਭੁੱਜ ਰਹੇ ਮਸਾਲੇ ਦੀ ਮਹਿਕ ਹਾਲੇ ਤੀਕ ਵੀ ਨਹੀਂ ਮਰੀ।
ਖੂਹ ਵਾਲੇ ਖੇਤ ਵਾਲਾ ਟਿੱਬਾ ਬਥੇਰਾ ਕੁਝ ਦਿੰਦਾ ਰਿਹਾ ਸਾਡੇ ਟੱਬਰ ਨੂੰ। ਛੋਲ਼ੀਏ ਤੋਂ ਬਿਨਾਂ ਤੋਰੀਆ, ਤੇ ਤਾਰਾ-ਮੀਰਾ ਵੀ ਬਥੇਰਾ ਹੁੰਦਾ। ਉਹਨੀਂ ਦਿਨੀਂ ਉਥੇ ਸਰ੍ਹੋਂ ਦੀ ਵੀ ਕੋਈ ਤੋਟ ਨਾ ਰਹਿੰਦੀ ਤੇ ਸਰ੍ਹੋਂ ਵੇਚਣ ਬਾਅਦ ਵਧੀ ਸਰ੍ਹੋਂ ਦਾ ਘਰ ਲਈ ਤੇਲ ਕਢਾ ਕੇ ਲਿਆਉਂਦੇ ਕੋਹਲੂ ਤੋਂ। ਸਿਵਿਆਂ ਦੇ ਖੱਬੇ ਹੱਥ, ਟਿੱਬੇ ‘ਤੇ ਖਲੋਤੀ ਵੱਡੀ ਟਾਹਲੀ ਜਦ ਬਹੁਤੀ ਫੈਲ ਜਾਂਦੀ, ਤਾਂ ਜਿਵੇਂ ਆਪਣੇ ਆਪ ਹੀ ਬੋਲ ਕੇ ਆਖਦੀ ਹੋਵੇ, ”ਛਾਂਗ ਲਵੋ ਹੁਣ, ਬਥੇਰੀ ਵਧ-ਫੁੱਲ ਗਈ ਆਂ, ਘਰੇ ਬਾਲਣ ਵੀ ਮੁੱਕ ਗਿਆ ਹੋਣੈ…।”
ਬੇਰੀਆਂ ਨੂੰ ਬੂਰ ਪੈਣਾ ਤਾਂ ਤਾਏ ਨੇ ਪਿਤਾ ਨੂੰ ਕਹਿਣਾ, ”ਬਈ ਬਿੱਲੂ, ਐਤਕੀਂ ਬੇਰ ਬਹੁਤ ਲੱਥੂ…।” ਬੇਰੀਆਂ ਬੇਰ ਦਿੰਦੀਆਂ ਨਾ ਥਕਦੀਆਂ, ਨਾ ਤੋੜਨ ਤੇ ਚੁਗਣ ਵਾਲੇ, ਤੇ ਨਾ ਹੀ ਖਾਣ ਵਾਲੇ ਥਕਦੇ। ਕੌੜ-ਤੁੰਮਿਆਂ ਦੀਆਂ ਵੇਲਾਂ ਆਪ-ਮੁਹਾਰੀਆਂ ਵਧੀ ਜਾਂਦੀਆਂ। ਕੌੜ-ਤੁੰਮਿਆਂ ਵਿਚ ਅਜਵੈਨ ਤੇ ਹੋਰ ਕਈ ਕੁਝ ਪਾ ਕੇ ਘਰ ਵਾਸਤੇ ਚੂਰਨ ਵੱਖਰਾ ਬਣਾ ਲੈਂਦੇ ਤੇ ਪਸ਼ੂਆਂ ਨੂੰ ਚਾਰਨ ਵਾਸਤੇ ਵੱਖਰਾ। ਚਿੱਬੜਾਂ ਦਾ ਤਾਂ ਅੰਤ ਹੀ ਕੋਈ ਨਹੀਂ ਸੀ। ਚਿੱਬੜਾਂ ਦੀ ਚਟਣੀ ਬਿਨਾਂ ਨਾਗਾ ਕੁੱਟੀ ਜਾਂਦੀ। ਅਚਾਰ ਵੀ ਪਾਉਂਦੇ ਤੇ ਚੀਰ ਕੇ ਸੁਕਾ ਵੀ ਲੈਂਦੇ। ਤਦੇ ਹੀ ਤਾਂ ਕਿਹੈ ਕਿ ਓਸ ਟਿੱਬੇ ਨੇ ਬਥੇਰਾ ਕੁਝ ਦਿੱਤਾ ਸਾਡੇ ਟੱਬਰ ਨੂੰ! ਜਦ ਟਿੱਬਾ ਥੋੜਾ ਕੁ ਪੱਧਰਾ ਕੀਤਾ, ਤਾਂ ਇੱਕ ਸਾਲ ਵਾਸਤੇ ਕਰਤਾਰੇ ਬੌਰੀਏ ਨੂੰ ਹਿੱਸੇ ‘ਤੇ ਦੇ ਦਿੱਤਾ, ਉਸ ਨੇ ਮਤੀਰੇ, ਖੱਖੜੀਆਂ ਤੇ ਖਰਬੂਜੇ, ਦੇਸੀ ਟੀਂਡੇ, ਕੱਦੂ, ਅੱਲਾਂ ਖੂਬ ਉਗਾਏ। ਉਥੇ ਹੀ ਝੁੱਗੀ ਪਾ ਲਈ ਤੇ ਵਿੱਚ ਰਹਿੰਦਾ ਰਿਹਾ ਕਰਤਾਰਾ।
********
ਸਕੂਟਰੀ ਵਿਹੜੇ ਲਿਆ ਵਾੜੀ ਹੈ। ਗੁਰਦਵਾਰੇ ਬਾਬਾ ਰਹਿਰਾਸ ਕਰ ਰਿਹੈ। ਅੱਜ ਪਤਾ ਨਹੀਂ ਕਿਉਂ, ਆਪ-ਮੁਹਾਰੇ ਜਿਹੇ ਹੀ ਮੂੰਹੋਂ ਨਿਕਲ ਗਿਐ, ”ਹੇ ਸੱਚੇ ਪਾਤਸ਼ਾ…ਤੇਰਾ ਈ ਆਸਰਾ… ਚੜ੍ਹਦੀਆਂ ਕਲਾਂ ਰੱਖੀਂ…ਸਰਬੱਤ ਦਾ ਭਲਾ ਹੋਵੇ… ਮੇਰੇ ਮਾਲਕਾ।”

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …