Breaking News
Home / ਨਜ਼ਰੀਆ / ਸ. ਪ੍ਰਦੁਮਨ ਸਿੰਘ ਬੋਪਾਰਾਏ ਨੂੰ ਯਾਦ ਕਰਦਿਆਂ

ਸ. ਪ੍ਰਦੁਮਨ ਸਿੰਘ ਬੋਪਾਰਾਏ ਨੂੰ ਯਾਦ ਕਰਦਿਆਂ

ਰਜਿੰਦਰ ਸੈਣੀ
ਗੱਲ ਕੋਈ 7-8 ਸਾਲ ਪੁਰਾਣੀ ਹੋਵੇਗੀ। ਦੋਰਾਹੇ ਰਹਿੰਦੇ ਮੇਰੇ ਤਾਇਆ ਜੀ ਦੇ ਬੇਟੇ ਨਾਲ ਗੱਲਬਾਤ ਹੋ ਰਹੀ ਸੀ। ਮੈਨੂੰ ਦੱਸਣ ਲੱਗੇ ਕਿ ਕੁਝ ਦਿਨ ਪਹਿਲਾਂ ਦੋਰਾਹੇ ਬੈਂਕ ਵਿੱਚ ਉਨ੍ਹਾਂ ਨੂੰ ਟੋਰਾਂਟੋ ਤੋਂ ਆਏ ਇਕ ਬਜ਼ੁਰਗ ਮਿਲੇ ਸੀ, ਜੋ ਮੈਨੂੰ ਕਾਫੀ ਨਜ਼ਦੀਕ ਤੋਂ ਜਾਣਦੇ ਸਨ ਅਤੇ ਮੇਰੀ ਕਾਫੀ ਤਾਰੀਫ ਵੀ ਕਰ ਰਹੇ ਸੀ। ਭਾਜੀ ਦਾ ਕਹਿਣਾ ਸੀ ਕਿ ਉਹ ਤਾਂ ਮੇਰੇ ਸਾਰੇ ਪਰਿਵਾਰ ਬਾਰੇ ਅਤੇ ਪਰਵਾਸੀ ਮੀਡੀਆ ਗਰੁੱਪ ਬਾਰੇ ਵੀ ਕਾਫੀ ਕੁਝ ਜਾਣਦੇ ਸਨ। ਊਨ੍ਹਾਂ ਨੂੰ ਇਸ ਬਜ਼ੁਰਗ ਦਾ ਨਾਂਅ ਪਰ ਚੇਤੇ ਨਹੀਂ ਆ ਰਿਹਾ ਸੀ। ਇਸ ਕਾਰਣ ਮੈਨੂੰ ਵੀ ਪਤਾ ਨਹੀਂ ਲਗ ਸਕਿਆ ਕਿ ਉਹ ਕਿਸ ਬਜ਼ੁਰਗ ਦੀ ਗੱਲ ਕਰ ਰਹੇ ਸਨ।
ਸਮਾਂ ਬੀਤਦਾ ਗਿਆ ਅਤੇ ਲਗਭਗ ਦੋ ਸਾਲ ਬਾਅਦ ਅਚਾਨਕ ਇਕ ਦਿਨ ਸਾਡੇ ਪਲਾਜ਼ੇ ਵਿੱਚ, ਆਪਣੇ ਬੇਟੇ ਹਰਕਿਰਨ ਬੋਪਾਰਾਏ ਦੇ ਦਫ਼ਤਰ ਵਿੱਚ ਜਦੋਂ ਸ. ਪ੍ਰਦੁਮਨ ਸਿੰਘ ਹੋਰਾਂ ਨਾਲ ਰਸਮੀ ਗੱਲਬਾਤ ਹੋ ਰਹੀ ਸੀ ਤਾਂ ਗੱਲਾਂ-ਗੱਲਾਂ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ ਮੇਰੇ ਤਾਏ ਦੇ ਬੇਟੇ ਨੂੰ ਦੋਰਾਹੇ ਇਕ ਬੈਂਕ ਵਿੱਚ ਕੁਝ ਸਾਲ ਪਹਿਲਾਂ ਮਿਲੇ ਸਨ। ਮਨ ਨੂੰ ਬਹੁਤ ਚੰਗਾ ਲੱਗਾ ਕਿ ਸ. ਪ੍ਰਦੁਮਨ ਸਿੰਘ ਬੋਪਾਰਾਏ ਹੀ ਉਹ ਬਜ਼ੁਰਗ ਸਨ।
ਵੈਸੇ ਮੁਲਾਕਾਤ ਤਾਂ ਉਨ੍ਹਾਂ ਨਾਲ ਲੰਮੇ ਸਮੇਂ ਤੋਂ ਸੀਨੀਅਰ ਕਲੱਬ ਵਿੱਚ ਸਰਗਰਮ ਹੋਣ ਕਾਰਣ ਹੋ ਰਹੀ ਸੀ ਪਰੰਤੂ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਵਿੱਚ ਪਰਵਾਸੀ ਅਦਾਰੇ ਦਾ ਦਫਤਰ ਸ਼ੁਰੂ ਕਰਨ ਨਾਲ ਹਰਕਿਰਨ ਹੋਰਾਂ ਨਾਲ ਨੇੜਤਾ ਵਧੀ ਤਾਂ ਇਹ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਗਿਆ।
ਬੀਤੇ ਦਿਨੀਂ ਉਹ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਤੁਰ ਗਏ। ਪਰੰਤੂ ਆਪਣੇ ਪਿੱਛੇ ਕਈ ਮਿੱਠੀਆਂ ਯਾਦਾਂ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਲਈ ਛੱਡ ਗਏ।
ਬੀਤੇ ਐਤਵਾਰ ਨੂੰ ਉਨ੍ਹਾਂ ਦੇ ਫਿਊਨਰਲ ਵਾਲੇ ਦਿਨ ਹੀ ਰਾਤ ਨੂੰ ਉਨ੍ਹਾਂ ਦੇ 93 ਸਾਲ ਦੇ ਸਫ਼ਰ ਦੇ ਜਸ਼ਨ ਮਨਾਉਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਕਾਫੀ ਦੋਸਤ-ਮਿੱਤਰ ਅਤੇ ਰਿਸ਼ਤੇਦਾਰ ਮੌਜੂਦ ਸਨ। ਉੱਥੇ ਉਨ੍ਹਾਂ ਦੀਆਂ ਕੁਝ ਜਵਾਨੀ ਵੇਲੇ ਦੀਆਂ ਤਸਵੀਰਾਂ ‘ਤੇ ਨਜ਼ਰ ਪਈ ਤਾਂ ਪਤਾ ਲੱਗਾ ਕਿ ਸੰਨ 1952 ਵਿੱਚ ਜਦੋਂ ਪੰਜਾਬ ਵਿੱਚ ਸ਼ਾਇਦ ਕਿਸੇ ਵਿਰਲੇ-ਟਾਵੇਂ ਕੋਲ ਟਰੈਕਟਰ ਹੁੰਦਾ ਸੀ, ਉਸ ਸਮੇਂ ਉਹ ਕਲਕੱਤੇ ਤੋਂ ਲੈਂਡਜ਼ ਬੁੱਲ-ਡਾਗ ਕੰਪਨੀ ਦਾ ਟਰੈਕਟਰ ਖੁਦ ਚਲਾ ਕੇ ਲੈ ਕੇ ਆਏ।
ਬੋਪਰਾਏ ਪਰਿਵਾਰ ਪਿੰਡ ਘੁਡਾਨੀ, ਜ਼ਿਲ੍ਹਾ ਲੁਧਿਆਣਾ ਵਿੱਚ ਖਾਂਦਾ-ਪੀਂਦਾ ਪਰਿਵਾਰ ਸੀ। ਪਿਤਾ ਚੌਧਰੀ ਮੇਵਾ ਸਿੰਘ ਕੋਲ 100 ਕਿੱਲੇ ਜ਼ਮੀਨ ਸੀ। ਇਸ ਲਈ ਉਨ੍ਹਾਂ ਦਿਨ੍ਹਾਂ ਵਿੱਚ ਮਹਿੰਦਰਾ ਕਾਲਜ, ਪਟਿਆਲਾ ਤੋਂ ਪੜ੍ਹਾਈ ਕਰਨ ਦੇ ਬਾਵਜੂਦ ਕੋਈ ਸਰਕਾਰੀ ਨੌਕਰੀ ਕਰਨ ਦੀ ਬਜਾਏ ਉਨ੍ਹਾਂ ਨੇ ਖੇਤੀ-ਬਾੜੀ ਨੂੰ ਪਹਿਲ ਦਿੱਤੀ। ਕੈਨੇਡਾ ਵਿੱਚ 1990 ਵਿੱਚ ਆਪਣੇ ਬੇਟੇ ਅਤੇ ਬੇਟੀ ਕੋਲ ਆਉਣ ਤੋਂ ਪਹਿਲਾਂ ਉਹ ਪਿੰਡ ਅਤੇ ਇਲਾਕੇ ਵਿੱਚ ਕਈ ਖੇਤਰਾਂ ਵਿੱਚ ਸਰਗਰਮ ਰਹੇ।
ਕੈਨੇਡਾ ਆ ਕੇ ਵੀ ਉਹ ਇੰਡੀਅਨ ਇੰਟਰਨੈਸ਼ਨਲ ਸੀਨੀਅਰ ਕਲੱਬ ਨਾਲ ਜੁੜੇ ਰਹੇ ਅਤੇ ਇਕ ਤਰੀਕੇ ਨਾਲ ਉਹ ਇਸ ਕਲੱਬ ਦੇ ਮਜ਼ਬੂਤ ਥੰਮ ਵੀ ਸਨ। ਜਿੱਥੇ ਐਤਵਾਰ ਨੂੰ ਅੰਤਮ ਵਿਦਾਈ ਦੇਣ ਵੱਡੀ ਗਿਣਤੀ ਵਿੱਚ ਲੋਕ ਆਏ, ਉੱਥੇ ਸੀਨੀਅਰ ਕਲੱਬ ਦੇ ਸਾਥੀਆਂ ਨੇ ਵੀ ਆਪਣੀ ਸ਼ਰਧਾਂਜਲੀ ਖਾਸ ਅੰਦਾਜ਼ ਨਾਲ ਭੇਟ ਕੀਤੀ।
ਬਜੁਰਗ ਦੇ ਤੁਰ ਜਾਣ ਦਾ ਦੁਖ ਤਾਂ ਹੁੰਦਾ ਹੀ ਹੈ। ਪਰੰਤੂ ਬੋਪਾਰਾਏ ਪਰਿਵਾਰ ਨੇ ਉਨ੍ਹਾਂ ਦੀ ਅੰਤਮ-ਯਾਤਰਾ ਨੂੰ ਖਾਸ ਅੰਦਾਜ਼ ਨਾਲ ਸੈਲੀਬਰੇਟ ਕੀਤਾ ਕਿਉਂਕਿ ਉਹ ਵਧੀਆ ਜੀਵਨ ਭੋਗ ਕੇ ਇਕ ਹੱਸਦੇ-ਵੱਸਦੇ ਪਰਿਵਾਰ ਨੂੰ ਪਿੱਛੇ ਛੱਡ ਕੇ ਗਏ ਹਨ। ਅਦਾਰਾ ਪਰਵਾਸੀ ਨਾਲ ਵੀ ਉਨ੍ਹਾਂ ਦਾ ਨਿੱਘਾ ਰਿਸ਼ਤਾ ਸੀ। ਇਸ ਲਈ ਅਸੀਂ ਵੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …