Breaking News
Home / ਨਜ਼ਰੀਆ / ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ

ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ

(ਕਿਸ਼ਤ 3)
ਦੁਖਾਂਤ ਵਾਲੀ ਗੱਲ ਨੌਜਵਾਨ ਪੀੜ੍ਹੀ ਦਾ ਪੰਜਾਬੀ ਨਾਲੋਂ ਟੁੱਟ ਰਿਹਾ ਹੈ ਰਿਸ਼ਤਾ : ਡਾ. ਨਾਜ਼
ਡਾ. ਡੀ ਪੀ ਸਿੰਘ
416-859-1856
ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਡਾ. ਸਿੰਘ: ਆਪ ਨੇ ਮੌਲਿਕ ਰਚਨਾ ਕਾਰਜ ਵੀ ਕੀਤੇ ਜਾਂ ਸਿਰਫ਼ ਪੱਤਰਕਾਰੀ ਹੀ ਆਪ ਦੀ ਦਿਲਚਸਪੀ ਦਾ ਮੁੱਖ ਖੇਤਰ ਰਿਹਾ?
ਡਾ. ਨਾਜ਼ : ਸੱਚ ਇਹ ਹੈ ਕਿ ਪੱਤਰਕਾਰੀ ਕੇਵਲ ਕਿਸੇ ਸਮੇਂ ਦੀਆਂ ਘਟਨਾਵਾਂ ਅਤੇ ਲੋਕਾਂ ਦੇ ਸਿਆਸੀ, ਸਮਾਜਿਕ ਅਤੇ ਆਰਥਿਕ ਵਤੀਰੇ ਦੇ ਪ੍ਰਗਟਾ ਨੂੰ ਹੀ ਕਿਹਾ ਜਾ ਸਕਦਾ ਹੈ। ਇਹ ਇੱਕ ਤਵਾਰੀਖੀ ਸੱਚ ਦਾ ਨਾਂ ਹੈ।ਇਹ ਸੱਚ ਸਦੀਵੀ ਅਤੇ ਚਿਰਜੀਵੀ ਨਹੀਂ ਹੁੰਦਾ। ਛੇਤੀ ਹੀ ਤਵਾਰੀਖੀ ਪੰਨਿਆਂ ਅੰਦਰ ਦਫ਼ਨ ਹੋ ਜਾਂਦਾ ਹੈ। ਜ਼ਖ਼ਮ ਮਿਟ ਜਾਂਦੇ ਹਨ, ਪਰ ਲੱਗੇ ਫੱਟ ਨਿਸ਼ਾਨਦੇਹੀ ਤਾਂ ਕਰਦੇ ਹਨ, ਪਰ ਜ਼ਖ਼ਮਾਂ ਦੀ ਚੀਸ ਮੁੱਕ ਜਾਂਦੀ ਹੈ। ਪੱਤਰਕਾਰੀ ਕੌਮਾਂ, ਸਭਿਆਤਾਵਾਂ, ਅਤੇ ਦੇਸ਼ਾਂ ਦਾ ਤਵਾਰੀਖੀ ਰਿਕਾਰਡ ਹੈ। ਜਦ ਕਿ ਮੌਲਿਕ ਲਿਖਾਰੀ ਅਤੇ ਸਾਹਿਤਕਾਰ ਕੌਮਾਂ ਦੀ ਸਮਾਜਿਕ ਜੀਵਨ ਗਾਥਾ ਦਾ ਚਿਤ੍ਰਕਾਰ/ਨਕਸ਼ ਨਿਗਾਰ ਹੁੰਦਾ ਹੈ। ਜੋ ਅਮਿਟ ਅਤੇ ਅਮਰ ਹੋਣ ਕਰਕੇ ਪੀੜ੍ਹੀ ਦਰ ਪੀੜ੍ਹੀ ਲਿਸ਼ਕੋਰ ਮਾਰਦਾ ਰਹਿੰਦਾ ਹੈ। ਖਾਸ ਕਰ ਜੇ ਪੱਤਰਕਾਰ ਸੁਹਿਰਦ ਅਤੇ ਸੱਚਾਈ ਦੀ ਪਹਿਰੇਦਾਰੀ ਕਰਨ ਦੀ ਹੈਸੀਅਤ ਵੀ ਰੱਖਦਾ ਹੋਵੇ ਤਾਂ। ਇਬਨ ਬਤੂਤਾ ਮਰਾਕੋ ਦਾ ਪਹਿਲਾ ਪੱਤਰਕਾਰ ਸਫ਼ੀਰ ਸੀ ਜੋ ਭਾਰਤ ਆਇਆ । ਇਲਮੀਅਤ ਦਾ ਸਰਚਸ਼ਮਾ ਹੋਣ ਕਰਕੇ ਉਹ ਭਾਰਤ ਅੰਦਰ ਜੱਜ ਤਕ ਦਾ ਅਹੁਦੇਦਾਰ ਵੀ ਰਿਹਾ। ”ਰਾਜੇ ਸੀਹ ਮੁਕਦਮ ਕੁਤੇ” ਕਹਿਣ ਵਾਲਾ ਅਤੇ ”ਪਾਪ ਕੀ ਜੰਞ ਲੈ ਕਾਬਲਹੁ ਧਾਇਆ” ਕਹਿਣ ਵਾਲਾ ਬਾਬਾ ਵੀ ਕਿਸੇ ਵੇਲੇ ਸੱਚ ਅਤੇ ਹੱਕ ਦੀ ਪਹਿਰੇਦਾਰੀ ਕਰਦਾ ਹੋਇਆ ਪੱਤਰਕਾਰੀ ਦਾ ਸਫ਼ੀਰ ਸੀ।
ਡਾ. ਸਿੰਘ : ਆਪ ਨੇ ਆਪਣੇ ਵਿਚਾਰਾਂ ਦੇ ਪ੍ਰਸਾਰ ਲਈ ਜਨ ਸੰਚਾਰ ਮਾਧਿਅਮਾਂ (ਅਖਬਾਰਾਂ, ਰੇਡੀਓ ਅਤੇ ਟੈਲੀਵਿਯਨ) ਦੀ ਬਹੁਤ ਹੀ ਸੁਚੱਜੀ ਵਰਤੋਂ ਕੀਤੀ ਹੈ। ਇਨ੍ਹਾਂ ਖੇਤਰਾਂ ਵਿਚ ਆਪ ਵਲੋਂ ਪਾਏ ਪੂਰਨਿਆਂ ਬਾਰੇ ਵਿਸਥਾਰ ਨਾਲ ਦੱਸੋ ਜੀ।
ਡਾ. ਨਾਜ਼: ਡਾ ਸਾਹਿਬ! ਮੇਰਾ ਪੱਤਰਕਾਰੀ ਦਾ ਰੁਝਾਨ, ਅਸਲ ਵਿੱਚ 1960-61 ਅੰਦਰ, ਜਦ ਮੈਂ ਬੇਰਿੰਗ ਕ੍ਰਿਸਚੀਅਨ ਕਾਲਜ ਵਿਖੇ ਪੜ੍ਹਦਾ ਸੀ, ਕਾਲਜ ਦੇ ਮੈਗਜ਼ੀਨ ”ਦੀਪ ਸ਼ਿਖਾ” ਦਾ ਐਡੀਟਰ ਹੋਣ ‘ਤੇ ਹੀ ਉਗਮਿਆ। ਗੌਰਮਿੰਟ ਕਾਲਜ, ਲੁਧਿਆਣਾ ਵਿਖੇ ਐਮ. ਏ. ਕਰਦਿਆਂ ਸਮੇਂ ਮੈਂ ਇੱਕ ਨਾਮਵਰ ਲਿਖਾਰੀ, ਅਮਰੀਕਨ ਸਾਹਿਤਕਾਰ ਤੇ ਪੱਤਰਕਾਰ, ਪਰਮਜੀਤ ਕੁਮਾਰ ਜੀ ਦੇ ਸੰਪਰਕ ਕਾਰਣ ”ਗਾਰਡੀਅਨ” (ਅੰਗ੍ਰੇਜ਼ੀ) ਹਫ਼ਤਾਵਾਰ ਦਾ ਪੱਤਰਕਾਰ ਲੱਗ ਗਿਆ। ਜੋ ਮੁਸ਼ਕਲ ਨਾਲ ਇਕ ਸਾਲ ਹੀ ਚੱਲਿਆ ਹੋਵੇਗਾ।
ਦੁਖਾਂਤ ਇਹ ਸੀ ਕਿ ਇਹ ਅਮਰੀਕਨ ਭੱਦਰ ਪੁਰਸ਼ ਭਾਰਤੀ ਸਾਈਕੀ ਅੰਦਰ ਫ਼ਿਟ ਨਾ ਹੋ ਸਕਿਆ। ਪਰ ਮੈਂ ਸੋਚਦਾ ਹਾਂ, ਕਿ ਪੱਤਰਕਾਰੀ ਖੇਤਰ ਬਾਰੇ ਮੇਰੇ ਉੱਪਰ ਪਰਮਜੀਤ ਕੁਮਾਰ ਦਾ ਗਹਿਰਾ ਅਸਰ ਪਿਆ। ਇੰਗਲੈਂਡ ਵਿਚ ਪੱਤਰਕਾਰੀ ਦੀ ਨੌਕਰੀ ਦਾ ਸੁਭਾਗ ਵੀ ਪਰਮਜੀਤ ਕੁਮਾਰ ਦੀ ਸਿਫ਼ਾਰਿਸ਼ ਨਾਲ ਹੀ ਬਣਿਆ। ਟੀ. ਵੀ. ਅਤੇ ਰੇਡੀਓ ਸਟੇਸ਼ਨ ਵਿਖੇ ਕੰਮ ਕਰਨ ਸਮੇਂ ਕੋਈ ਨੌਕਰੀ ਲੱਭਣ ਦੀ ਵਧੇਰੇ ਖੇਚਲ ਨਹੀਂ ਕਰਨੀ ਪਈ। ਕੋਈ 15 ਸਾਲ ਟੀ. ਵੀ. ਅਤੇ ਰੇਡੀਓ ਸਟੇਸ਼ਨ ਵਿਖੇ ਹੋਸਟ ਜਾਂ ਐਂਕਰ ਦਾ ਕੰਮ ਕੀਤਾ ਹੈ। ਜਿਸ ਅੰਦਰ ਵਿਭਿੰਨ ਸਿਆਸੀ, ਸਮਾਜਿਕ, ਅਤੇ ਆਰਥਿਕ ਮਸਲਿਆਂ ਬਾਰੇ ਅਸਰ ਭਰਪੂਰ ਕੋਮੈਟਸ ਅੰਗ੍ਰੇਜ਼ੀ, ਉਰਦੂ, ਹਿੰਦੀ ਅਤੇ ਪੰਜਾਬੀ ਬੋਲੀ ਰਾਹੀਂ ਦੇਂਦਾ ਰਿਹਾ ਹਾਂ। ਬੇਸ਼ਕ ਏਸ ਅੰਦਰ ਕੋਈ ਝੂਠ ਵਾਲੀ ਗੱਲ ਨਹੀਂ ਕਿ ਸ਼ੁਹਰਤ ਦੇ ਨਾਲ ਨਾਲ ਮੇਰੀ ਨਿੱਜੀ ਆਰਥਿਕ ਮਸਲਿਆਂ ਦੀ ਪੂਰਤੀ ਵੀ ਬਾਖੂਬੀ ਤਸੱਲੀਬਖ਼ਸ਼ ਰਹੀ।
ਡਾ. ਸਾਹਿਬ! ਪੱਤਰਕਾਰੀ, ਟੀ. ਵੀ. ਅਤੇ ਰੇਡੀਓ ਦੇ ਮਾਧਿਅਮ ਦੀ ਲਿਸ਼ਕੋਰ ਕਿਸੇ ਵੀ ਪੱਤਰਕਾਰ ਨੂੰ ਵੇਖਦੇ ਹੀ ਵੇਖਦੇ ਅਸਮਾਨ ਦਾ ਚਮਕਦਾ ਤਾਰਾ ਤਾਂ ਬਣਾ ਸਕਦੀ ਹੈ, ਪਰ ਪੱਤਰਕਾਰੀ ਸਦੀਵੀ ਅਤੇ ਚਿਰਜੀਵੀ ਲਿਖਤ ਨਹੀਂ ਹੁੰਦੀ। ਉਹ ਇੱਕ ਟੁੱਟਦੇ ਤਾਰੇ ਵਰਗੀ ਹੁੰਦੀ, ਸਮੇਂ ਅੰਦਰ ਸਦੀਵੀ ਅਸਰ ਨਹੀਂ ਛੱਡਦੀ। ਵਕਤੀ ਅਸਰ ਕਬੂਲਦੀ ਹੈ ਅਤੇ ਮਰ ਜਾਂਦੀ ਹੈ। ਜਿੱਥੇ ਕਿ ਸਾਹਿਤਕਾਰੀ ਸਦੀਵੀ ਅਤੇ ਅਮਿਟ ਲਕੀਰ ਧਰਤੀ ਤੇ ਖਿੱਚ ਜਾਂਦੀ ਹੈ, ਜੋ ਅਮਰ ਅਸਰ ਦਾ ਪ੍ਰਗਟਾ ਹੁੰਦਾ ਹੈ। ਸੰਖੇਪ ਵਿਚ ਇਹ ਕਹਿ ਲਵੋ ਕਿ ਪੱਤਰਕਾਰੀ ਨੇ ਸ਼ੁਹਰਤ ਅਤੇ ਦੌਲਤ ਜ਼ਰੂਰ ਦਿੱਤੀ ਹੈ, ਪਰ ਮੇਰੇ ਮਨ ਅਤੇ ਰੂਹ ਨੂੰ ਛੂੰਹਦੀਆਂ ਕੱਚੀਆਂ ਤੰਦਾਂ ਕਵਿਤਾ ਅਤੇ ਸਾਹਿਤਕਾਰੀ ਹੀ ਹੈ।
ਡਾ. ਸਿੰਘ: ਸਾਹਿਤ ਤੇ ਪੱਤਰਕਾਰੀ ਦੇ ਖੇਤਰ ਵਿਚ ਪਾਏ ਆਪ ਦੇ ਅਹਿਮ ਯੋਗਦਾਨ ਨੇ ਅਨੇਕ ਲੇਖਕਾਂ/ਪੱਤਰਕਾਰਾਂ ਨੂੰ ਉਤਸ਼ਾਹਿਤ ਕੀਤਾ ਹੈ। ਇਨ੍ਹਾਂ ਖੇਤਰਾਂ ਵਿਚ ਵਾਪਰੇ ਕੁਝ ਦਿਲਚਸਪ/ਯਾਦਗਾਰੀ ਕਿੱਸਿਆਂ ਬਾਰੇ ਜਾਨਣਾ ਚਾਹਾਂਗਾ।
ਡਾ. ਨਾਜ਼: ਮੇਰੇ ਖਿਆਲ ਅੰਦਰ ਮੇਰੇ ਹਾਣ ਦਾ ਪੰਜਾਬੀ ਅਖਬਾਰੀ/ ਰੇਡੀਓ ਤੇ ਟੀ. ਵੀ. ਮਾਧਿਅਮ ਅਜੇ ਪੁੰਗਰਾਂਦ ਦੀ ਸਟੇਜ ਅੰਦਰ ਹੀ ਸੀ। ਇਹੋ ਹੀ ਇੱਕ ਵੱਡਾ ਕਾਰਣ ਸੀ ਕਿ ਮੈਂ ਅਪਣੇ ਜੀਵਨ ਦਾ ਸਫ਼ਰ ਅੰਗਰੇਜ਼ੀ ਪੱਤਰਕਾਰੀ ਨਾਲ ਕੀਤਾ। ਇਹ ਆਪ ਨੇ ਠੀਕ ਕਿਹਾ ਕਿ ਮੇਰੇ ਤੋਂ ਛੋਟੀ ਪੀੜ੍ਹੀ ਦੇ ਜਵਾਨ ਅਸਰ ਜ਼ਰੂਰ ਕਬੂਲਦੇ ਹਨ। ਪਰ ਇਹ ਦੁਖਾਂਤ ਵਾਲੀ ਗੱਲ ਹੈ ਕਿ ਉਨ੍ਹਾਂ ਦਾ ਪੰਜਾਬੀ ਬੋਲੀ ਨਾਲ ਰਿਸ਼ਤਾ ਟੁੱਟ ਚੁੱਕਾ ਹੈ ਅਤੇ ਉਹ ਅੰਗਰੇਜ਼ੀ ਮੀਡੀਏ ਦੇ ਸ਼ਿਕਾਰ ਹੋ, ਸਾਡੇ ਸਮਾਜ ਦਾ ਅੰਗ ਨਹੀਂ ਰਹੇ। ਸੱਚ ਇਹ ਵੀ ਹੈ, ਕਿ ਪੰਜਾਬੀ ਉਨ੍ਹਾਂ ਦੀ ਮਾਂ ਬੋਲੀ ਨਹੀਂ। ਰਹੀ ਗੱਲ ਸੰਪਰਕ ਦੀ, ਮੇਰੇ ਖਿਆਲ ਅੰਦਰ ਅਜੋਕੀ ਪੀੜ੍ਹੀ ਦੇ ਜਵਾਨ ਬੱਚੇ ਸਾਡੇ ਨਾਲੋਂ ਬੁਰੀ ਤਰ੍ਹਾਂ ਟੁੱਟ ਗਏ ਹਨ। ਉਹ ਖੁੱਦ ਨੂੰ ਬਹੁਤ ਸਿਆਣੇ ਅਤੇ ਜਾਣਕਾਰੀ ਦਾ ਕੰਪਿਊਟਰ ਸਮਝਦੇ ਹਨ, ਪਰ ਅਕਲ, ਦਾਨਾਈ ਅਤੇ ਹਿਕਮਤ ਤੋਂ ਖਾਲੀ ਹਨ।
ਆਪ ਜਾਣਦੇ ਹੀ ਹੋ ਕਿ ਮੈਂ ਐਮ. ਐਸ. ਸੀ. ਕੌਂਸਲਿੰਗ ਦਾ ਅਦਾਲਤ ਵੱਲੋ ਸਲਾਹਕਾਰ (ਕੌਂਸਲਰ) ਵੀ ਹਾਂ ਅਤੇ ਹੁਣ ਵੀ ਅਜੋਕੇ ਟੁੱਟੇ ਭੱਜੇ ਸਮਾਜ ਦੀ ਗੰਢ ਤੁੱਪ ਕਰਦਾ ਰਹਿੰਦਾ ਹਾਂ। ਵਾਰਤਾ ਏਸ ਪ੍ਰਕਾਰ ਹੈ ਕਿ ਸਾਡੇ ਏਰੀਏ ਦੇ ਇੱਕ ਟੱਬਰ ਨੇ ਅਪਣੇ ਬੇਟੇ ਨੂੰ ਸਲਾਹ ਦੇਣ ਲਈ ਸੱਦਾ ਦਿੱਤਾ। ਅਸਲ ਵਿੱਚ ਏਸ ਕਾਕਾ ਜੀ ਦਾ ਪਿਤਾ ਜੀ, ਭਾਰਤ ਵਿਖੇ, ਮੇਰਾ ਵਿੱਦਿਆਰਥੀ ਵੀ ਰਿਹਾ ਹੈ। ਇਸੇ ਲਈ ਉਸ ਨੇ ਆਪਣਾ ਘਰੇਲੂ ਮਸਲਾ ਸੁਲਝਾਉਣ ਵਾਸਤੇ ਮੇਰੇ ਤਕ ਪਹੁੰਚ ਕੀਤੀ ਸੀ। ਓਸ ਦਾ ਬੇਟਾ, ਯੋਰਕ ਯੂਨੀਵਰਸਟੀ ਦਾ ਵਿੱਦਿਆਰਥੀ ਸੀ, ਤੇ ਅਪਣੇ ਨਾਲ ਪੜ੍ਹਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਲੜਕੇ ਦੇ ਮਾਤਾ, ਪਿਤਾ ਅਤੇ ਭੈਣ ਵੀ ਸਮਝਾਉਣ ਵਿਚ ਅਸਫ਼ਲ ਰਹੇ ਕਿ ਜਲਦੀ ਨਾ ਕਰੋ, ਪਹਿਲਾਂ ਪੈਰਾਂ ਉੱਤੇ ਖੜ੍ਹੇ ਹੋਣ ਦੇ ਯੋਗ ਹੋ ਜਾਵੋ, ਫਿਰ ਵਿਆਹ ਕਰਵਾ ਲੈਣਾ। ਪਰ ਕਾਕਾ ਜੀ ਵਿਆਹ ਕਰਵਾਉਣ ਲਈ ਬਜ਼ਿਦ ਸਨ। ਜਦ ਵਿਆਹ ਕਰਵਾਉਣ ਵਾਲੇ ਕਾਕਾ ਜੀ ਘਰ ਦੀ ਪਹਿਲੀ ਮੰਜ਼ਿਲ ਵਿਖੇ ਆਪਣੇ ਕਮਰੇ ਵਿਚੋਂ ਨਹਾ ਧੋ ਕੇ, ਲਿਸ਼ਕ ਪੁਸ਼ਕ ਕੇ, ਹੇਠ ਸਾਡੇ ਕੋਲ ਆਏ, ਮੈਂ ਸੁਭਾਵਿਕ ਹੀ ਕਿਹਾ ਕਾਕਾ ਜੀ ਆਪਣੀ ਚੈਕ ਬੁੱਕ ਵੀ ਨਾਲ ਲੈ ਲਵੀਂ! ਬੈਂਕੁਅਟ ਹਾਲ ਵਾਲਿਆ ਘੱਟੋ ਘੱਟ 20 ਹਜ਼ਾਰ ਡਾਲਰ ਐਡਵਾਂਸ ਮੰਗਣੇ ਹਨ! ਕਾਕਾ ਜੀ ਬੜੇ ਧੀਮੀ ਜੇਹੀ ਆਵਾਜ਼ ਨਾਲ ਆਖਣ ਲੱਗੇ, ਜੀ ਪੈਸੇ ਤੇ ਮੇਰੇ ਕੋਲ ਨਹੀਂ, ਉਹ ਤੇ ਡੈਡ ਕੋਲ ਹੀ ਹੁੰਦੇ ਹਨ! ਮੈਂ ਆਖਿਆ ਕਾਕਾ ਜੀ ਵਿਆਹ ਆਪ ਕਰਵਾ ਰਹੇ ਹੋ ਕਿ ਡੈਡ! ਕੀ ਡੈਡ ਤੇਰਾ ਏ. ਟੀ. ਐਮ. ਮਸ਼ੀਨ ਹੀ ਹੈ ਕਿ ਕੁਝ ਹੋਰ ਵੀ! ਲੰਮੀ ਗੱਲ ਨੂੰ ਛੋਟੇ ਕਰਦੇ ਹੋਏ ਕੇਵਲ ਏਨਾ ਹੀ ਆਖਾਂਗਾ ਕਿ ਮਸਲਾ ਦੋ ਮਿੰਟ ਅੰਦਰ ਹੀ ਹੱਲ ਹੋ ਗਿਆ। (ਚੱਲਦਾ)
——-
ਡਾ. ਡੀ. ਪੀ. ਸਿੰਘ, ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅੱਜਕੱਲ੍ਹ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …