Home / ਰੈਗੂਲਰ ਕਾਲਮ / ਨਿੱਕਾ ਪਰ ਨਿੱਘਾ ਘਰ

ਨਿੱਕਾ ਪਰ ਨਿੱਘਾ ਘਰ

ਜਰਨੈਲ ਸਿੰਘ
(ਕਿਸ਼ਤ : ਪਹਿਲੀ)
ਮੇਰੀ ਜਨਮ-ਮਿਤੀ ਕਾਗਜਾਂ ਵਿਚ 15 ਜੂਨ 1944 ਹੈ। ਇਹ ਸਾਲ ਤਾਂ ਸਹੀ ਹਿੈ ਪਰ ਮਹੀਨਾ ਤੇ ਤਾਰੀਖ਼ ਸਹੀ ਨਹੀਂ। ਮੇਰੀ ਬੀਬੀ (ਮਾਂ) ਦਸਦੀ ਹੁੰਦੀ ਸੀ ਕਿ ਮੈਂ ਕੱਤਕ ਦੇ ਅਖ਼ੀਰ ਜਿਹੇ ‘ਚ ਜਨਮਿਆਂ ਸਾਂ। ਉਸ ਹਿਸਾਬ ਨਾਲ਼ ਨਵੰਬਰ ਮਹੀਨੇ ਦੇ ਦੂਜੇ ਹਫ਼ਤੇ ਦੀ ਕੋਈ ਤਾਰੀਖ਼ ਬਣਦੀ ਹੈ। ਉਦੋਂ ਜਨਮ-ਮਿਤੀ ਕੋਈ ਵਿਰਲੇ ਹੀ ਨੋਟ ਕਰਦੇ ਸਨ। ਜਦੋਂ ਬਾਪੂ ਜੀ ਮੈਨੂੰ ਸਕੂਲ ਦਾਖਲ ਕਰਵਾਉਣ ਗਏ ਤਾਂ ਮਾਸਟਰ ਜੀ ਨੇ ਮੈਨੂੰ 6 ਸਾਲ ਦਾ ਦਿਖਾਉਣ ਲਈ ਅਪਣੇ ਹਿਸਾਬ ਨਾਲ਼ 15 ਜੂਨ ਲਿਖ ਦਿੱਤੀ।
ਮੇਰੀ ਮਾਂ ਦਾ ਨਾਂ ਭਾਗ ਕੌਰ ਤੇ ਬਾਪੂ ਜੀ ਦਾ ਨਾਂ ਮਹਿੰਦਰ ਸਿੰਘ ਸੀ। ਮੈਂ ਉਨ੍ਹਾਂ ਦਾ ਚੌਥਾ ਬੱਚਾ ਹਾਂ। ਸਭ ਤੋਂ ਵੱਡੀ ਭੈਣ ਬਖ਼ਸ਼ੀਸ਼ ਕੌਰ, ਉਸ ਤੋਂ ਛੋਟਾ ਭਰਾ ਬਖ਼ਸ਼ੀਸ਼ ਸਿੰਘ, ਤੀਜੇ ਥਾਂ ਦੂਜੀ ਭੈਣ ਗੁਰਦੀਸ਼ ਕੌਰ, ਚੌਥੇ ਥਾਂ ਮੈਂ ਤੇ ਪੰਜਵੇ ਥਾਂ ਮੈਥੋਂ ਛੋਟਾ ਭਰਾ ਕੁਲਦੀਪ ਸਿੰਘ। ਸਾਡਾ ਘਰ ਬਹੁਤ ਛੋਟਾ ਸੀ। ਚਾਰ ਖਾਨਿਆਂ ਦਾ ਦਲਾਨ ਤੇ ਦਲਾਨ ਪਿੱਛੇ ਏਨੀ ਹੀ ਕੋਠੜੀ। ਛੱਤ ਸ਼ਤੀਰੀਆਂ-ਬਾਲਿਆਂ ਦੀ ਸੀ। ਦਲਾਨ ਵਿਚ ਦੋ ਦਰਵਾਜ਼ੇ ਤੇ ਉੱਪਰ ਦੋ ਹੀ ਰੌਸ਼ਨਦਾਨ। ਖਿੜਕੀ ਕੋਈ ਨਹੀਂ ਸੀ। ਵਰਾਂਡਾ ਨਾ ਹੋਣ ਕਰਕੇ ਦਲਾਨ ਵਿਚ ਦਰਵਾਜ਼ਿਆਂ ਤੇ ਰੌਸ਼ਨਦਾਨਾਂ ਰਾਹੀਂ ਉਜਾਲਾ ਰਹਿੰਦਾ ਸੀ ਅਤੇ ਥੋੜ੍ਹੇ ਕੁ ਸਮੇਂ ਲਈ ਧੁੱਪ ਵੀ ਅੰਦਰ ਆਉਂਦੀ ਸੀ। ਪਰ ਕੋਠੜੀ ਵਿਚ ਦਿਨੇ ਵੀ ਹਨ੍ਹੇਰਾ ਜਿਹਾ ਰਹਿੰਦਾ। ਕੋਠੜੀ ਦਾ ਇਕ ਪਾਸਾ ਸਾਡੀ ਦਾਦੀ ਦੇ ਸੰਦੂਕ, ਘਰ ਦੀ ਵਰਤੋਂ ਲਈ ਕਣਕ ਸਟੋਰ ਕਰਨ ਵਾਲ਼ੀ ਪੱਕੀ ਕੋਠੀ ਅਤੇ ਚੱਕੀ ਨੇ ਮੱਲਿਆ ਹੋਇਆ ਸੀ ਤੇ ਦੂਜੇ ਪਾਸੇ ਮੱਕੀ, ਗੁੜ, ਸ਼ੱਕਰ ਤੇ ਚੌਲਾਂ ਵਾਲ਼ੇ ਮੱਟ ਤੇ ਭੜੋਲੇ ਅਤੇ ਮਾਂਹ, ਮੋਠ, ਮਸਰ, ਛੋਲੇ ਆਦਿ ਦਾਲਾਂ ਵਾਲ਼ੇ ਮਿੱਟੀ ਦੇ ਵੱਡੇ-ਛੋਟੇ ਕੁੱਜੇ ਟਿਕਾਏ ਹੁੰਦੇ ਸਨ।
ਦਲਾਨ ਦੀ ਇਕ ਕੰਧ ਨਾਲ਼ ਸਾਡੀ ਮਾਂ ਦਾ ਪਿੱਤਲ ਦੇ ਕੋਕੇ-ਪੱਤੀਆਂ ਵਾਲ਼ਾ ਸੰਦੂਕ ਤੇ ਪਲੰਘ ਰੱਖੇ ਹੋਏ ਸਨ। ਸਾਹਮਣਲੀ ਕੰਧ ‘ਤੇ ਲੱਕੜ ਦੀ ਵੱਡੀ ਸਾਰੀ ਸ਼ੈਲਫ ਉੱਤੇ ਪਿੱਤਲ ਦੀ ਗਾਗਰ ਤੇ ਵਲਟੋਹ, ਕੈਂਹੇਂ ਦੇ ਥਾਲ, ਛੰਨੇ ਅਤੇ ਹੋਰ ਭਾਂਡੇ ਟਿਕਾਏ ਹੁੰਦੇ ਸਨ। ਇਕ ਖੂੰਜੇ ਵਿਚ ਚੱਕਵੀਂ ਜਾਲ਼ੀ, ਜਿਸ ਨੂੰ ਡੋਲ਼ੀ ਕਿਹਾ ਜਾਂਦਾ ਸੀ, ਵਿਚ ਦੁੱਧ, ਘਿਉ, ਮੱਖਣ ਤੇ ਵਾਧੂ-ਘਾਟੂ ਦਾਲ-ਸਬਜ਼ੀ ਵਗੈਰਾ ਰੱਖੇ ਹੁੰਦੇ ਸਨ।
ਬਚਪਨ ‘ਚ ਹਾਣੀਆਂ ਨਾਲ਼ ਲੁਕਣ-ਮੀਚੀ ਖੇਡਦਿਆਂ ਉਨ੍ਹਾਂ ਦੇ ਘਰੀਂ ਧੁਰ ਅੰਦਰ ਜਾ ਵੜੀਦਾ ਸੀ। ਉਨ੍ਹਾਂ ਘਰਾਂ ਅਤੇ ਦੂਰ-ਨੇੜੇ ਦੇ ਰਿਸ਼ਤੇਦਾਰਾਂ ਦੇ ਘਰਾਂ ਦੀ ਬਣਤਰ ਤੇ ਘਰਾਂ ਵਿਚਲਾ ਸਾਮਾਨ ਤੇ ਹੋਰ ਸਾਰਾ ਕੁਝ ਥੋੜ੍ਹੇ-ਬਹੁਤੇ ਫ਼ਰਕ ਨਾਲ਼ ਮੈਨੂੰ ਆਪਣੇ ਘਰ ਵਰਗੇ ਹੀ ਲਗਦੇ ਸਨ। ਸਾਡੇ ਘਰ ਦੇ ਸਾਹਮਣੇ, ਸਾਂਝੇ ਵਿਹੜੇ ਦੇ ਦੂਜੇ ਪਾਸੇ, ਐਨ੍ਹ ਸਾਡੇ ਵਰਗਾ ਘਰ ਤਾਏ ਮੋਤਾ ਸਿੰਘ ਦਾ ਸੀ। ਉਹ ਸਾਡਾ ਸਕਾ ਤਾਇਆ ਨਹੀਂ ਸੀ। ਉਹ ਤੇ ਬਾਪੂ ਜੀ ਤਾਏ-ਚਾਚੇ ਦੇ ਪੁੱਤਰ ਸਨ। ਮੋਤਾ ਸਿੰਘ ਦੀ ਬਹੁਤ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਸਾਡੀ ਵਿਧਵਾ ਤਾਈ ਰਾ ਕੌਰ ਆਪਣੇ ਪੁੱਤਰ ਨਿਰਮਲ ਸਿੰਘ ਨਾਲ਼ ਉਸ ਘਰ ‘ਚ ਵਸਦੀ ਸੀ। ਉਮਰ ‘ਚ ਸਾਥੋਂ ਕਾਫ਼ੀ ਵੱਡੀਆਂ, ਤਾਈ ਦੀਆਂ ਧੀਆਂ ਆਪਣੇ ਸਹੁਰੀਂ ਵਸਦੀਆਂ ਸਨ। ਦੋਨਾਂ ਘਰਾਂ ਦੇ ਲਹਿੰਦੇ ਪਾਸੇ ਗਲ਼ੀ ਸੀ। ਦੋਨਾਂ ਘਰਾਂ ਦਾ ਸਾਂਝਾ ਦਰਵਾਜ਼ਾ ਉਸ ਗਲ਼ੀ ਵਿਚ ਨੂੰ ਖੁਲ੍ਹਦਾ ਸੀ। ਵਿਹੜੇ ‘ਚ ਕੰਧ ਨਹੀਂ ਸੀ ਦੋਵੇਂ ਘਰ ਅੰਦਾਜ਼ੇ ਨਾਲ਼ ਅੱਧਾ-ਅੱਧਾ ਵਰਤਦੇ ਸਨ। ਚੜ੍ਹਦੇ ਪਾਸੇ ਦੋ ਗਵਾਂਢੀ ਤਰਖਾਣਾਂ ਦੇ ਘਰਾਂ ਦੀ ਪਿਛਵਾੜ ਲਗਦੀ ਸੀ। ਉਸ ਪਿਛਵਾੜਲੀ ਕੰਧ ਦੇ ਨਾਲ਼ ਦੋਨਾਂ ਘਰਾਂ ਦੀਆਂ ਕੰਧਾਂ ਨੂੰ ਮੇਲ਼ਦਾ ਵਰਾਂਡਾ-ਨੁਮਾ ਨੀਵਾਂ ਜਿਹਾ ਛਤੜਾ ਸੀ। ਜਿਸ ਵਿਚ ਦੋਨਾਂ ਟੱਬਰਾਂ ਦੇ ਚੁੱਲ੍ਹੇ-ਚੌਂਕੇ ਸਨ। ਲੱਕੜ ਦੀ ਸਾਂਝੀ ਪੌੜੀ ਇਸ ਛੱਤੜੇ ਤੱਕ ਹੀ ਜਾਂਦੀ ਸੀ। ਉੱਥੋਂ ਅਸੀਂ ਆਪੋ-ਆਪਣੀ ਛੱਤ ‘ਤੇ ਚੱਲੇ ਜਾਂਦੇ ਸਾਂ।
ਗਲ਼ੀ ਵੱਲ ਦੀ ਕੰਧ ਘਰਾਂ ਦੀਆਂ ਛੱਤਾਂ ਦੇ ਬਰਾਬਰ ਹੋਣ ਕਰਕੇ ਅਤੇ ਖਿੜਕੀਆਂ ਦੀ ਅਣਹੋਂਦ ਕਾਰਨ ਘਰ ਵਿਚ ਹਵਾ ਬਹੁਤ ਘੱਟ ਲਗਦੀ ਸੀ। ਗਰਮੀਆਂ ਵਿਚ ਅੰਦਰ ਬਹਿਣਾ ਮੁਸ਼ਕਲ ਹੋ ਜਾਂਦਾ ਸੀ। ਦਿਨ ਕੰਮਾਂ-ਧੰਦਿਆਂ ‘ਚ ਲੰਘ ਜਾਂਦਾ ਤੇ ਸ਼ਾਮ ਨੂੰ ਅਸੀਂ ਛੱਤ ਉੱਪਰ ਚਲੇ ਜਾਂਦੇ। ਮੰਜੇ ਪਹਿਲਾਂ ਹੀ ਉੱਪਰ ਚੜ੍ਹਾਏ ਹੁੰਦੇ ਸਨ। ਰਾਤ ਦੀ ਰੋਟੀ ਉੱਪਰ ਹੀ ਖਾਂਦੇ। ਚੜ੍ਹਦੇ ਬੰਨੇ ਪ੍ਰੀਤਮ ਸਿੰਘ ਦਾ ਘਰ ਤੇ ਲਹਿੰਦੇ ਬੰਨੇ ਸਕਿਆਂ ‘ਚੋਂ ਲਗਦੇ, ਸਿੰਘਾਪੁਰੀਏ ਤਾਏ ਦੀਵਾਨ ਸਿੰਘ ਦੇ ਪੁੱਤਰ ਉਜਾਗਰ ਸਿੰਘ ਦਾ। ਤਿੰਨਾ ਘਰਾਂ ਦੀਆਂ ਛੱਤਾ ਨਾਲ਼-ਨਾਲ਼ ਲਗਦੀਆਂ ਸਨ। ਤਿੰਨਾਂ ਘਰਾਂ ਦੇ ਬੰਦੇ ਰੋਟੀ ਖਾਣ ਦੇ ਨਾਲ਼-ਨਾਲ਼ ਆਪਸ ਵਿਚ ਗੱਲਾਂ ਵੀ ਕਰਦੇ ਰਹਿੰਦੇ। ਅਸੀਂ ਬੱਚਾ-ਪਾਰਟੀ, ਰੋਟੀ ਫਟਾਫਟ ਅੰਦਰ ਸੁੱਟ ਕੇ ਲੁਕਣ-ਮੀਚੀ ਖੇਡਣ ਲੱਗ ਜਾਂਦੇ।
ਘਰ ਵਾਂਗ ਸਾਡੀ ਹਵੇਲੀ ਵੀ ਤਾਏ ਮੋਤਾ ਸਿੰਘ ਨਾਲ਼ ਸਾਂਝੀ ਸੀ ਪਰ ਸੀ ਕਾਫ਼ੀ ਖੁੱਲ੍ਹੀ। ਦੋਨ੍ਹਾਂ ਟੱਬਰਾਂ ਦੇ ਪੰਜ-ਪੰਜ ਖਾਨੇ ਦੇ ਦਲਾਨ, ਮੂਹਰੇ ਉਨੇ ਹੀ ਵਰਾਂਡੇ ਤੇ ਪਿੱਛੇ ਦੋ ਕੋਠੜੀਆਂ। ਦੋਨਾਂ ਦਲਾਨਾਂ ਵਿਚ ਆਪੋ-ਆਪਣੇ ਦਰਵਾਜ਼ੇ ਸਨ। ਖਿੜਕੀਆਂ ਵੀ ਹੈਗੀਆਂ ਸਨ। ਵਰਾਂਡਿਆਂ ਮੂਹਰੇ ਡੰਗਰਾਂ ਦੀਆਂ ਖੁਰਲੀਆਂ, ਹੱਥ ਨਾਲ਼ ਪੱਠੇ ਕੁਤਰਨ ਵਾਲ਼ੇ ਟੋਕੇ ਅਤੇ ਹੋਰ ਸੰਦ-ਬੇਟ ਰੱਖਣ ਲਈ ਖੁੱਲ੍ਹੀ ਥਾਂ ਸੀ। ਹਵੇਲੀਆਂ ਪਿੰਡ ਦੇ ਸਾਰੇ ਜੱਟਾਂ ਦੀਆਂ ਖੁੱਲ੍ਹੀਆਂ ਸਨ ਪਰ ਚਾਰਦੀਵਾਰੀ ਨਹੀਂ ਹੁੰਦੀ ਸੀ। ਬਾਪੂ ਜੀ ਮਾਲ-ਡੰਗਰ ਕੋਲ਼ ਸੌਂਦੇ ਸਨ। ਅਸੀਂ ਤਿੰਨੇ ਭਰਾ ਵੀ ਗਿਆਰਾਂ-ਬਾਰਾਂ ਸਾਲ ਦੀ ਉਮਰ ਤੋਂ ਬਾਅਦ ਆਪਣੇ ਬਿਸਤਰੇ ਹਵੇਲੀ ਲੈ ਗਏ ਸਾਂ।
ਸਾਡਾ ਘਰ ਸਿਆਲਾਂ ਵਿਚ ਨਿੱਘਾ ਹੁੰਦਾ ਸੀ। ਅੰਦਰ ਬੈਠਣਾ ਚੰਗਾ ਲਗਦਾ। ਸਾਰੇ ਜਣੇ ਦਲਾਨ ਵਿਚ ਪੀੜ੍ਹੀਆਂ ‘ਤੇ ਬੈਠ ਕੇ ਰਾਤ ਦੀ ਰੋਟੀ ਖਾਂਦੇ, ਨਾਲ਼ੇ ਗੱਲਾਂ ਕਰਦੇ।
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …