Breaking News
Home / ਰੈਗੂਲਰ ਕਾਲਮ / ਦਾਦੀ ਦਾ ਪਲੰਘ ਰੰਗਾਉਂਦਿਆਂ੩!

ਦਾਦੀ ਦਾ ਪਲੰਘ ਰੰਗਾਉਂਦਿਆਂ੩!

ਨਿੰਦਰ ਘੁਗਿਆਣਵੀ
94174-21700
ਦਾਦੀ ਦੇਰ ਦੀ ਨਹੀਂ ਹੈ ਪਰ ਉਸਦਾ ਪਲੰਘ ਕਿਤੇ ਨਹੀਂ ਜਾਣ ਦਿੱਤਾ ਮੈਂ। ਜੇ ਵਾਹ ਲਗਦੀ ਤਾਂ ਦਾਦੀ ਨੂੰ ਵੀ ਕਿਧਰੇ ਨਹੀਂ ਸੀ ਜਾਣ ਦੇਣਾ, ਪਰ ਏਥੇ ਬੰਦਾ ਬੇਵੱਸ ਹੈ ਉਹ ਬੰਦੇ ਨੂੰ ਜਾਣੋ ਰੋਕ ਨਹੀਂ ਸਕਦਾ। ਅਟੱਲ ਸਚਿਆਈ ਹੈ ਏਹ। ਖੈਰ! ਨਿੱਕੇ ਹੁੰਦਿਆਂ ਦਾਦੀ ਨਾਲ ਏਸੇ ਪਲੰਘ ਉਤੇ ਸੌਂਇਆ ਕਰਦਾ ਸਾਂ। ਕਦ-ਕਦੇ ਤਾਏ ਤੇ ਦਾਦੇ ਨਾਲ ਵੀ ਏਸੇ ਪਲੰਘ ਉਤੇ ਸੌਂਦਾ ਸਾਂ। ਜਦ ਕਦੇ ਚਾਅ ਵਿਚ ਆਈ ਦਾਦੀ, ਆਪਣੇ ਪੇਕਿਆਂ ਦੀਆਂ ਸਿਫ਼ਤਾਂ ਕਰਦੀ ਦੱਸਣ ਲਗਦੀ ਸੀ ਕਿ ਮੇਰੇ ਦਾਜ ਵਿਚ ਆਇਆ ਇਹ ਪਲੰਘ ਮੇਰੇ ਪਿਓ ਨੇ ਮੁਸਲਮਾਨ ਮਿਸਤਰੀਆਂ ਤੋਂ ਬੜੇ ਚਾਅ ਨਾਲ ਬਣਵਾਇਆ ਸੀ ਕੋਲ ਬਹਿ-ਬਹਿ ਕੇ। ਅਸੀਂ ਨਿਆਣੇ ਓਸ ਵਕਤ ਨੂੰ ਮਨ ਹੀ ਮਨ ਚਿਤਵਣ ਲਗਦੇ ਸਾਂ ਕਿ ਕਿਹੋ ਜਿਹਾ ਵੇਲਾ ਹੋਊਗਾ, ਕਿਹੋ ਜਿਹੇ ਮਿਸਤਰੀ ਹੋਣਗੇ ਤੇ ਕਿਹੋ ਜਿਹੇ ਉਹਨਾਂ ਦੇ ਇਹ ਪਲੰਘ ਬਣਾਉਣ ਵਾਲੇ ਸੰਦ ਸੰਦੌੜੇ ਹੋਣਗੇ, ਦਾਦੀ ਦਾ ਪਿਓ ਕਿਹੋ ਜਿਹਾ ਹੋਊ? ਆਦਿ ਆਦਿ। ਦਾਦੀ ਦੇ ਦੱਸੇ ਸਮਿਆਂ ਦੇ ਚਿਤਰ ਮੇਰੀਆਂ ਅੱਖੇ ਅੱਗੇ ਆਪ ਮੁਹਾਰੇ ਬਣਦੇ ਤੇ ਅਲੋਪ ਹੁੰਦੇ ਰਹਿੰਦੇ। ਮੇਰਾ ਮਨ ਉਹਨਾਂ ਸਮਿਆਂ ਵਿਚ ਚਲੇ ਜਾਣ ਲਈ ਕਰਦਾ।
ਏਸ ਵੇਲੇ ਪਲੰਘ ਦੀ ਉਮਰ ਹੁਣ ਡੇਢ ਸੌ ਸਾਲ ਹੋਵੇਗੀ। ਸਿਰਹਾਣੇ ਵਾਲੇ ਪਾਸੇ ਦੇ ਢੋਅ ਵਿਚ ਪੱਥਰ ਦੀ ਪਤਲੀ ਟਾਈਲ ਦੀਆਂ ਤਿੰਨ ਫੋਟੋਆਂ ਸਨ,ਮੋਰ ਖੰਭ੍ਹ ਖਿਲਾਰੀ ਖੜ੍ਹੇ ਸਨ। ਉਹਨਾਂ ਵਿਚੋਂ ਇਕ ਫੋਟੋ ਹੈਗੀ ਐ, ਦੋ ਪਤਾ ਨੀ ਕਿੱਧਰ ਗਈਆਂ! ਸੋਚਦਾਂ ਕਿ ਉਦੋਂ ਵੀ ਇਹੋ ਜਿਹੀਆਂ ਟਾਈਲਾਂ ਹੁੰਦੀਆਂ ਸਨ? ਮਿਸਤਰੀਆਂ ਦੀ ਦਸਤਕਾਰੀ ਦੀ ਕੋਈ ਰੀਸ ਨਹੀਂ।
ਨਮੂਨੇ ਕਮਾਲ ਦੇ ਨੇ। ਬੜੀ ਭਾਰੀ ਲੱਕੜ ਹੈ ਚੀਲ੍ਹ ਦੀ, ਸੇਰੂਏ ਤੇ ਬਾਹੀਆਂ ਜਬਰਦਸਤ। ਤੇ ਪਾਵੇ ਟਾਹਲੀ ਦੇ। ਇਸ ਪਲੰਘ ਨੇ ਸਾਡੇ ਘਰ ‘ਚ ਏਨੇ ਸਾਲਾਂ ਵਿਚ ਬਥੇਰੇ ਚੰਗੇ-ਮੰਦੇ ਦਿਨ ਦੇਖੇ ਹੋਣੇ। ਨਵੇਂ ਮੰਜਿਆਂ ਤੇ ਬੈੱਡਾਂ ਦੀ ਆਮਦ ਹੋ ਗਈ, ਤਾਂ ਮੇਰੇ ਵੇਂਹਦਿਆਂ-ਵੇਂਹਦਿਆਂ ਬਥੇਰੀ ਵਾਰ, ਇਹਨੂੰ ਪੁਰਾਣਾ ਤੇ ਨਕਾਰਾ ਸਮਝ ਕੇ ਤੂੜੀ ਵਾਲੇ ਕੋਠੇ ਵਿਚ ਸੁੱਟ੍ਹਿਆ ਗਿਆ ਸੀ ਪਰ ਸਾਰੇ ਜੀਆਂ ਨੂੰ ਝਕਾਨੀ ਜਿਹੀ ਦੇ ਕੇ ਇਹ ਫਿਰ ਬਾਹਰ ਆ ਜਾਂਦਾ ਰਿਹਾ ਸੀ। ਇਸ ਨੂੰ ਤੂੜੀ ਵਾਲੇ ਜਾਂ ਕਬਾੜ ਵਾਲੇ ਕੋਠੇ ‘ਚੋਂ ਹਰ ਵਾਰ ਬਾਹਰ ਕੱਢਣ ਵਿਚ ਮੇਰਾ ਯੋਗਦਾਨ ਵੀ ਹੁੰਦਾ ਸੀ।
ਇਸਦਾ ਕਾਰਨ ਦਾਦੀ ਨਾਲ ਡਾਹਢਾ ਪਿਆਰ ਸੀ ਤੇ ਦਾਦੀ ਨਾਲ ਸਬੰਧਤ ਵਸਤਾਂ ਵੀ ਮੈਨੂੰ ਪਿਆਰੀਆਂ-ਪਿਆਰੀਆਂ ਲੱਗਦੀਆਂ ਸਨ। ਦਾਦੀ ਦੀ ਪੀਹੜੀ ਵੀ ਪਈ ਹੈ ਹਾਲੇ ਵੀ ਕਿਤੇ ਨੁੱਕਰੇ ਲੱਗੀ, ਹੁਣ ਵੀ ਕੱਢ ਕੇ ਸੰਵਰਾ ਲੈਣੀ ਹੈ ਜੇ ਕਰੋਨਾ ਦੀ ਬਿਮਾਰੀ ਨਾਲ ਨਾ ਮਰਿਆ ਮੈਂ। ਚੇਤਾ ਹੈ, ਦਾਦੀ ਏਸੇ ਪੀਹੜੀ ਉਤੇ ਬਹਿ ਕੇ ਸਾਰੀ ਉਮਰ ਚੌਂਕਾ ਚੁੱਲ੍ਹਾ ਕਰਦੀ ਰਹੀ ਸੀ ਤੇ ਕਈ ਕਈ ਘੰਟੇ ਵੱਡੇ ਟੱਬਰ ਸਮੇਤ ਸੀਰੀਆਂ-ਕਾਮਿਆਂ ਦੀਆਂ ਰੋਟੀਆਂ ਲਾਹੁੰਦੀ ਰਹੀ ਸੀ।)
ੲੲੲ
1998 ਵਿਚ ਦਾਦੀ ਦੇ ਗੁਜਰਨ ਮਗਰੋਂ ਇਹ ਪਲੰਘ ਮੈਂ ਸਾਂਭ ਲਿਆ। ਇਸਦੀ ਨਵਾਰ ਬੋਦੀ ਹੋ ਚੁੱਕੀ ਸੀ। ਕਈ ਸਾਲ ਪਹਿਲਾਂ ਇਸ ਉਤੇ ਫੱਟੇ ਫਿੱਟ ਕਰਵਾ ਦਿੱਤੇ ,ਢੋਅ ਤੇ ਪਾਵਿਆਂ ਨੂੰ ਕੰਨੀਆਂ ਤੋਂ ਪੱਤਰੇ ਲੁਵਾ ਕੇ ਕਸਵਾ ਲਿਆ ਸੀ। ਵਾਹਵਾ ਵਰ੍ਹੇ ਇਹ ਕੋਠੇ ਦੀ ਛੱਤ ਉਤੇ ਧੁੱਪਾਂ ਤੇ ਧੁੰਦਾਂ ਸਹਿੰਦਾ ਰਿਹਾ। ਨਾ ਲੱਕੜ ਬੋਦੀ ਹੋਈ, ਨਾ ਜਰਕੀ ਕਿਤੋਂ। ਗਰਮੀਆਂ ਦੇ ਦਿਨੀਂ ਮੈਂ ਅਕਾਸ਼ ਹੇਠਾਂ ਏਸੇ ਉਤੇ ਬਿਸਤਰਾ ਵਿਛਾਉਂਦਾ ਰਿਹਾ। ਸਿਆਲੂ ਧੁੱਪ ਸੇਕਣ ਤੇ ਲਿਖਣ ਪੜ੍ਹਨ ਦੇ ਇਹਨੇ ਮੈਨੂੰ ਯਾਦਗਾਰੀ ਪਲ ਦਿੱਤੇ। ਹੁਣ ਲੌਕ ਡਾਊਨ ਦੇ ਦਿਨੀਂ ਇਹ ਫਿਰ ਆਵਾਜ਼ਾਂ ਦੇ ਰਿਹਾ ਸੀ। ”ਓ ਦਾਦੀ ਦੇ ਪਿਆਰੇ ਪੋਤਿਆ,ਮੇਰਾ ਧਿਆਨ ਕਰ ਜ਼ਰਾ।”ਨੇੜਲੀ ਮੰਡੀ ਸਾਦਿਕ ઠਗਿਆ। ਰੰਗ ਰੋਗਨ ਲਿਆਇਆ। ਗੁਆਂਢੀ ਸ਼ੰਕਰ ਭਾਈ ਨੂੰ ਬੇਨਤੀ ਕੀਤੀ। ਰੇਗਮਾਰ ਮਾਰੀ ਤੇ ਪਰੀਮੀਅਰ ਵੀ ਫੇਰਤਾ। ਧੁੱਪ ਲੁਵਾ ਕੇ ਭੂਰਾ ਰੰਗ ਫੇਰਤਾ ਹੈ। ਸਵਰਗੀਂ ਬੈਠੀ ਦਾਦੀ ਨੂੰ ਵੀ ਦੱਸਣਾ ਹੈ ਆਥਣੇ, ਕਿ ਦਾਦੀ ਮਾਂ,ਆਹ ਦੇਖ ਆਕੇ, ਤੇਰਾ ਪਲੰਘ ਕਿੰਨਾ ਸੋਹਣਾ ਬਣਾ ਦਿੱਤਾ ਹੈ ਸਜਾ ਫਬਾ ਕੇ। ਇਹ ਜਾਣ ਕੇ ਦਾਦੀ ਜ਼ਰੂਰ ਪਰਸੰਨ ਹੋਵੇਗੀ ਤੇ ਹਮੇਸ਼ਾ ਵਾਂਗ ਅਸੀਸਾਂ ਦੀ ਝੜੀ ਵੀ ਲਾਵੇਗੀ।
(ਧੰਨਵਾਦ ਲੌਕ ਡਾਊਨ)

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …