Breaking News
Home / ਰੈਗੂਲਰ ਕਾਲਮ / ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ

ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ

ਸੱਚ ਲਿਖਤਾਂ ਅੰਦਰੋਂ ਖੰਭ ਲਾ ਕੇ ਉਡ ਗਿਆ : ਡਾ. ਨਾਜ਼
ਡਾ. ਡੀ ਪੀ ਸਿੰਘ
416-859-1856
(ਕਿਸ਼ਤ 8 ਤੇ ਆਖਰੀ)
(ਲੜੀ ਜੋੜਨ ਲਈ ਪੁਰਾਣੇ ਅੰਕ ਦੇਖੋ)
ਡਾ. ਸਿੰਘ : ਪੰਜਾਬੀ ਪੱਤਰਕਾਰਾਂ ਦੁਆਰਾ, ਹੁਣ ਤਕ ਛਾਪੇ ਗਏ ਸਮਾਜਿਕ, ਧਾਰਮਿਕ, ਰਾਜਨੀਤਕ ਤੇ ਸਭਿਆਚਾਰਕ ਸਰੋਕਾਰਾਂ ਅਤੇ ਅਜੋਕੀ ਸਥਿਤੀ ਵਿਚ ਆਪ ਕੋਈ ਵਿੱਥ ਮਹਿਸੂਸ ਕਰਦੇ ਹੋ?
ਡਾ. ਨਾਜ਼ : ਅੱਜ ਦੀ ਪੱਤਰਕਾਰੀ ਅਤੇ ਲਿਖਤ ਅੰਦਰ ਲੋਭ, ਨਿੱਜਵਾਦ ਅਤੇ ਇਸ਼ਤਿਹਾਰਬਾਜ਼ੀ ਪ੍ਰਧਾਨ ਹੈ। ਵਾਸਤਵਿਕਤਾ ਦਾ ਸੱਚ ਰੂਪ ਲਿਖਤ ਅੰਦਰੋਂ ਖੰਭ ਲਾ ਕੇ ਉੱਡ ਗਿਆ ਹੈ।
ਡਾ. ਸਿੰਘ : ਆਪ ਆਮ ਲੋਕਾਂ, ਨੌਜਵਾਨਾਂ, ਉਭਰਦੇ ਲੇਖਕਾਂ ਅਤੇ ਖੋਜੀਆਂ ਨੂੰ ਸਾਹਿਤਕ/ ਧਾਰਮਿਕ ਵਿਰਸੇ ਨਾਲ ਜੁੜਣ ਤੇ ਇਸ ਦੀ ਸਾਂਭ ਸੰਭਾਲ ਹਿਤ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਡਾ. ਨਾਜ਼ : ਜਿਵੇਂ ਮੈ ਆਖਿਆ ਹੈ, ਕਿਸੇ ਵੀ ਕੌਮ ਦਾ ਸਭ ਤੋਂ ਵੱਡਾ ਖ਼ਿਜ਼ਾਨਾ ਏਸ ਦੀ ਬੋਲੀ ਅਤੇ ਲੇਖਕ ਹੁੰਦੇ ਹਨ। ਜੋ ਕੌਮ ਅਪਣੇ ਲੇਖਕ ਅਤੇ ਬੋਲੀ ਦੀ ਸਾਂਭ ਸੰਭਾਲ ਨਹੀਂ ਕਰ ਸਕਦੀ, ਉਹ ਸਫ਼ਾ-ਏ-ਹਸਤੀ ਤੋਂ ਮਿਟ ਜਾਂਦੀ ਹੈ। ਕਿਸੇ ਵੀ ਕੌਮ ਦੀ ਬੋਲੀ ਖੋਹ ਲਵੋ, ਉਹ ਖਤਮ ਹੋ ਜਾਵੇਗੀ। ਬੜੇ ਸੂਖ਼ਮ ਤਰੀਕਾਕਾਰ ਅੰਦਰ ਪੰਜਾਬ ਦਾ ਸਾਰਾ ਕਲਚਰ, ਧਰਮ ਅਤੇ ਬੋਲੀ ਖਤਰੇ ਅੰਦਰ ਹੈ।
ਡਾ. ਸਿੰਘ : ਸਮਕਾਲੀ ਨੌਜਵਾਨ ਵਰਗ ਵਧੇਰੇ ਪੜ੍ਹਿਆ ਲਿਖਿਆ ਹੈ, ਤਕਨਾਲੋਜੀ ਨਾਲ ਲੈਸ ਹੈ, ਫ਼ਿਰ ਕਿਉਂ ਉਹ ਸਾਹਿਤ ਪਠਣ ਕਾਰਜਾਂ ਪ੍ਰਬੰਧੀ ਉਦਾਸੀਨਤਾ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ?
ਡਾ. ਨਾਜ਼: ਅੱਜ ਦੇ ਦੌਰ ਅੰਦਰ ਨੌਜਵਾਨ ਵਰਗ ਜਾਣਕਾਰੀ ਪੱਖੋਂ ਤਾਂ ਬਹੁਤ ਨਿਪੁੰਨ ਅਤੇ ਕਾਰੀਗਰ ਹੈ, ਪਰ ਕਲਾਕਾਰੀ ਪੱਖੋਂ ਨਹੀਂ। ਨਿੱਜਵਾਦ, ਗੈਰਵਾਜਬ ਮੁਕਾਬਲਾਬਾਜ਼ੀ ਅਤੇ ਮਾਦਾ ਪ੍ਰਸਤੀ ਨੇ ਉਸ ਨੂੰ ਅਪਣੇ ਆਪ, ਅਪਣੇ ਸਮਾਜ ਅਤੇ ਰਹਿਣ ਸਹਿਣ ਦੇ ਢੰਗ ਤਰੀਕੇ ਤੋਂ ਨਿਰਾਸ਼ ਕਰ ਦਿਤਾ ਹੈ।
ਡਾ. ਸਿੰਘ : ਸਰ! ਧਾਰਮਿਕ ਮਾਹਿਰ, ਪੱਤਰਕਾਰ ਅਤੇ ਸਾਹਿਤਕਾਰ ਦਾ ਸੁਮੇਲ ਬੜਾ ਵਿਲੱਖਣ ਹੈ। ਆਪ ਦੀ ਸਖ਼ਸ਼ੀਅਤ ਅੰਦਰ ਧਾਰਮਿਕ ਮਾਹਿਰ ਅਤੇ ਲੇਖਕ ਹਮੇਸ਼ਾਂ ਸਮਾਂਤਰ ਕਾਰਜ਼ਸ਼ੀਲ ਰਹਿੰਦੇ ਹਨ ਜਾਂ ਸਮੇਂ ਸਮੇਂ ਕੋਈ ਇਕ ਵਧੇਰੇ ਭਾਰੂ ਵੀ ਹੋ ਜਾਂਦਾ ਹੈ?
ਡਾ. ਨਾਜ਼: ਗੱਲ ਬੜੀ ਗਹਿਰੀ ਹੈ! ਮੈਂ ਕੋਈ ਕਾਮਿਲ ਇਨਸਾਨ ਤਾਂ ਨਹੀਂ ਹਾਂ, ਪਰ ਅਜੇ ਤਕ ਏਸ ਦੌੜ ਅੰਦਰ ਹਾਂ ਕਿ ਸੰਪੂਰਣਤਾ ਦੀ ਪ੍ਰੀਭਾਸ਼ਾ ਜਾਣ ਸਕਾਂ। ਸੋਚਦਾ ਹਾਂ, ਹਰ ਮਨੁੱਖ ਅਤੇ ਇਸਤਰੀ ਆਪਣੇ ਆਪ ਵਿਚ ਇਕ ਗ੍ਰਹਿ ਹੈ, ਜਿਵੇਂ ਇਹ ਧਰਤੀ ਹੀ ਸਮਝ ਲਵੋ। ਇਸ ਦੀ ਖੋਜ, ਏਸ ਦੇ ਰਸਾਇਣਕ ਅਤੇ ਭੌਤਿਕ ਗੁਣਾਂ ਦੀ ਖੋਜ, ਤੱਤ ਅਤੇ ਸਤ ਦੀ ਪਛਾਣ ਕਰਨਾ ਲਾਜ਼ਮੀ ਹੈ। ਇਸ ਪ੍ਰਕਾਰ ਹੀ ਹਰ ਪੁਰਸ਼ ਕਵੀ ਵੀ ਹੈ, ਗਵਈਆ ਵੀ, ਲਿਖਾਰੀ ਵੀ, ਪੱਤਰਕਾਰ ਵੀ, ਸ਼ਿਲਪਕਾਰ ਵੀ, ਤੇ ਕਲਾਕਾਰ ਵੀ। ਹਰ ਕਰਤਾ ਦਾ ਕਿਰਦਾਰ ਹੁੰਦਾ ਹੈ। ਉਹ ਵਿਗਿਆਨੀ ਹੈ, ਰਾਜਨੀਤਕ ਖੋਜੀ ਵੀ ਹੈ, ਧਾਰਮਿਕ ਵੀ ਹੈ ਅਤੇ ਅਧਰਮੀ ਵੀ। ਇਹ ਸੱਭ ਕੁਝ ਨਾਲ ਨਾਲ ਹੀ ਚਲਦਾ ਹੈ। ਜੋ ਵੀ ਚੰਗੀਆਂ ਮਾੜੀਆਂ ਖੂਬੀਆਂ ਹੈਣ, ਉਨ੍ਹਾਂ ਦਾ ਕਰਤਾ ਹੈ।
ਡਾ. ਸਿੰਘ: ਨਾਜ਼ ਸਾਹਿਬ! ਆਪ ਦੀ ਪਕੜ੍ਹ ਜਿੰਨ੍ਹੀ ਇਕ ਧਾਰਮਿਕ ਮਾਹਿਰ ਦੇ ਤੌਰ ਤੇ ਸਮਰਥ ਹੈ, ਓਨ੍ਹੀ ਹੀ ਲੇਖਕ/ ਪੱਤਰਕਾਰ/ ਟੀਵੀ ਹੋਸਟ ਦੇ ਰੂਪ ਵਿਚ ਵੀ ਹੈ। ਆਪ ਨੂੰ ਇਨ੍ਹਾਂ ਸਾਰੇ ਰੂਪਾਂ ਵਿਚੋਂ ਕਿਹੜਾ ਰੂਪ ਵਧੇਰੇ ਪਸੰਦ ਹੈ ਅਤੇ ਕਿਉਂ?
ਡਾ. ਨਾਜ਼: ਏਸ ਸਵਾਲ ਦਾ ਸਬੰਧ ਪਹਿਲਾਂ ਪੁੱਛੇ ਸਵਾਲ ਨਾਲ ਹੀ ਹੈ। ਮੈ ਇੱਕ ਅਧੂਰੀ ਕਹਾਣੀ ਹਾਂ। ਏਸ ਅੰਦਰ ਕਈ ਪਾਤਰ ਹਨ, ਨਾਇਕ ਨਾਇਕਾਵਾਂ, ਵੱਡੇ ਛੋਟੇ, ਸੁਹਣੇ ਕੋਝੇ। ਸਮਝਦਾ ਹਾਂ ਕਿ ਮੈਂ ਇੱਕ ਪਹਾੜ ਉੱਤੇ ਖੜ੍ਹਾ ਸਾਗਰ ਦੀਆਂ ਲਹਿਰਾਂ ਦੀ ਗਿਣਤੀ ਤੇ ਸਮੁੰਦਰ ਦੀ ਅਥਾਹ ਗਹਿਰਾਈ ਨੂੰ ਬੁੱਕਾਂ ਭਰ ਭਰ ਮਿਣ ਤੋਲ ਰਿਹਾ ਹਾਂ। ਬੱਸ ਇੱਕ ਸਵਾਂਤ ਬੂੰਦ ਵਾਂਗ ਕਿਸੇ ਸਿੱਪ ਦੀ ਦੀ ਤਲਾਸ਼ ਵਿੱਚ ਹਾਂ, ਸ਼ਾਇਦ ਕੋਈ ਮੋਤੀ ਬਣ ਸਕਾਂ!
ਡਾ. ਸਿੰਘ: ਰਾਜਨੀਤਕ ਮਸਲਿਆ ਉੱਤੇ ਆਪ ਦੀ ਪਕੜ੍ਹ ਬਹੁਤ ਪੀੜ੍ਹੀ ਹੈ । ਕੈਨੇਡਾ ਦੇ ਰਾਜਨੀਤਕ ਮਸਲਿਆ (ਖਾਸ ਕਰ ਪਰਵਾਸ ਨੀਤੀ ਅਤੇ ਸਿੱਖਿਆ ਨੀਤੀ) ਬਾਰੇ ਆਪ ਦੇ ਕੀ ਵਿਚਾਰ ਹਨ?
ਡਾ. ਨਾਜ਼: ਮੇਰੇ ਖਿਆਲ ਅੰਦਰ ਅੱਜ ਦੇ ਹਾਲਾਤ ਪ੍ਰਸਪਰ ਨਿਰਭਰਤਾ ਦੇ ਅਸੂਲ ਅਨੁਸਾਰ ਕਾਇਮ ਹਨ। ਨਿੱਜੀ ਤੌਰ ਤੇ ਮਿਣੇ ਤੋਲੇ ਨਹੀਂ ਜਾ ਸਕਦੇ। ਪ੍ਰਵਾਸ ਏਸ ਦਹਾਕੇ ਦਾ ਸਭ ਤੋਂ ਵੱਡਾ ਵਿਸ਼ਵ-ਵਿਆਪੀ ਆਰਥਿਕ ਮਸਲਾ ਹੈ। ਏਸ ਬਾਰੇ ਸੰਨ 2005 ਵਿਚ ”ਪੰਜਾਬੀ ਡੇਲੀ” ਅਖਬਾਰ ਦੇ ਸੰਪਾਦਕੀ ਲੇਖ ਵਿਚ ਛੱਪੀਆਂ ਮੇਰੀਆਂ ਕੁਝ ਸਤਰਾਂ ਏਸ ਪ੍ਰਕਾਰ ਸਨ ”ਆਉਣ ਵਾਲੇ ਦਹਾਕੇ ਅੰਦਰ ਲੋਕ ਧੱਕੇ ਨਾਲ ਕੈਨੇਡਾ ਅੰਦਰ ਦਾਖਿਲ ਹੋਣਗੇ। ਸਭ ਤੋਂ ਵੱਡਾ ਸੰਕਟ ਬੇਰੁਜ਼ਗਾਰੀ ਹੋਵੇਗੀ। ਗਰੀਬ ਦੇਸ਼ਾਂ ਅੰਦਰ ਸਿਆਸੀ ਬਦਅਮਨੀ ਅਤੇ ਡਾਵਾਂ ਡੋਲ ਸਰਕਾਰਾਂ ਕਾਰਣ ਕੈਨੇਡਾ ਅੰਦਰ ਪ੍ਰਵਾਸ ਦਾ ਹੋਣਾ ਲਾਜ਼ਮੀ ਤੈਅ ਹੈ, ਪਰ ਇਹ ਏਸ ਹੱਦ ਤਕ ਪ੍ਰਵਾਨਿਤ ਨਹੀਂ ਹੋਣਾ ਚਾਹੀਦਾ ਕਿ ਸਾਡੇ ਅਪਣੇ ਦੇਸ਼ ਦੀ ਆਰਥਿਕਤਾ ਡਾਵਾਂ ਡੋਲ ਹੋ ਜਾਵੇ। ਧਰਮਾਂ ਅਤੇ ਕਲਚਰ ਦਾ ਸੁਮੇਲ ਸੋਹਣਾ ਹੈ, ਪਰ ਪਹਿਲੇ ਬਣੇ ਹੋਏ ਕਲਚਰ ਨੂੰ ਢਾਹ ਕੇ ਅਜਿਹਾ ਪ੍ਰਵਾਨ ਨਹੀਂ ਹੋਣਾ ਚਾਹੀਦਾ। ਅਜੋਕੇ ਕਲਚਰਾਂ ਦੇ ਟਕਰਾ ਦਾ ਮੈ ਵਿਰੋਧੀ ਹਾਂ। ਇੰਜ ਕਹਿ ਲਵੋ ਕਿ ਸੰਨ 2020 ਅੰਦਰ ਦੇਸ਼ਾਂ ਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਕੀ ਅਸੀਂ ਏਸ ਧਰਤੀ ਨੂੰ ਜੀਵੰਤ ਰੱਖਣਾ ਹੈ ਕਿ ਨਹੀਂ।
ਡਾ. ਸਿੰਘ: ਮਸੀਹੀ ਤੇ ਹਿੰਦੂ ਭਾਈਚਾਰੇ ਦੇ ਨਾਲ ਨਾਲ ਆਪ ਦੀ ਸਿੱਖ ਭਾਈਚਾਰੇ ਵਿਚ ਵੀ ਪਛਾਣ ਵਿਲੱਖਣ ਹੈ। ਇਨ੍ਹਾਂ ਭਾਈਚਾਰਿਆਂ ਦੇ ਸਮਾਜਿਕ, ਧਾਰਮਿਕ ਤੇ ਰਾਜਨੀਤਕ ਮਸਲਿਆ ਬਾਰੇ ਆਪ ਬਹੁਤ ਹੀ ਬੇਬਾਕੀ ਨਾਲ ਲਿਖਦੇ ਰਹੇ ਹੋ। ਕੀ ਕਦੇ ਆਪਣੇ ਇਸ ਬੇਬਾਕਪਣ ਕਾਰਣ ਦੁਸ਼ਵਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ?
ਡਾ. ਨਾਜ਼: ਮੇਰਾ ਖਿਆਲ ਹੈ ਕਿ ਮੇਰੇ ਵਿਚਾਰਾਂ ਦੀ ਵਿਰੋਧਤਾ ਏਸ ਕਰਕੇ ਕਦੇ ਵੀ ਨਹੀਂ ਹੋਈ, ਕਿਉਂ ਕਿ ਮੈਂ ਤੱਥਾਂ ਤੇ ਅਧਾਰਿਤ ਗੱਲ ਕਰਨ ਦਾ ਵਿਸ਼ਵਾਸੀ ਹਾਂ। ਬਹਿਸ ਕਰਨ ਲਈ ਨਹੀਂ ਲਿਖਦਾ। ਇਹ ਵੀ ਇੱਕ ਲਿਖਾਰੀ/ਪੜਚੋਲ ਕਰਤਾ ਲਈ ਲਾਜ਼ਮੀ ਬਣਦਾ ਹੈ ਕਿ ਉਹ ਲੋਕਾਂ ਦੇ ਜਜ਼ਬਾਤ ਨਾਲ ਖਿਲਵਾੜ ਨਾ ਕਰੇ। ਇਹ ਵੀ ਦਲੀਲ ਹੈ ਕਿ ਕੈਨੇਡਾ ਅੰਦਰ ਸਮਾਜ ਪੜ੍ਹੀ ਲਿਖੀ ਹੈ। ਤਰਕ ਅਤੇ ਦਾਰਸ਼ਨਿਕਤਾ ਨੂੰ ਸਮਝਦੇ ਹਨ। ਜੇ ਢਾਹ ਦੇਣਾ, ਕੇਵਲ ਬਰਬਾਦੀ ਲਈ ਹੀ ਹੈ, ਪਰ ਉਸਾਰੀ ਲਈ ਕੋਈ ਕਦਮ ਨਹੀਂ, ਮੈਂ ਏਸ ਨੂੰ ਬਗਾਵਤ ਆਖਦਾ ਹਾਂ।
ਡਾ. ਸਿੰਘ: ਸਰ ! ਆਪ ”ਪੀਸ ਆਨ ਅਰਥ ਸੰਸਥਾ” ਦੇ ਬਾਨੀ ਚੇਅਰਮੈਨ ਹੋ। ਇਸ ਸੰਸਥਾ ਦੇ ਮੁੱਖ ਆਦੇਸ਼ਾਂ ਬਾਰੇ ਅਤੇ ਇਸ ਵਲੋਂ ਸਮਾਜ ਭਲਾਈ ਲਈ ਕੀਤੇ ਗਏ/ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਨਾਲ ਦੱਸੋ ਜੀ?
ਡਾ. ਨਾਜ਼: ”ਪੀਸ ਆਨ ਅਰਥ” ਸੰਸਥਾ ਸੰਨ 2001 ਅੰਦਰ ਹੋਂਦ ਵਿੱਚ ਆਈ। ਇਹ ਬੜਾ ਹੀ ਵਿਸ਼ਾਲ ਮਸਲਾ ਹੈ। ਪਿਛਲੇ ਦਿਨ੍ਹੀਂ ਇੱਕ ਭੱਦਰ ਪੁਰਸ਼ ਨੇ ਪੁੱਛਿਆ, ਕੀ ਸਾਰੇ ਸੰਸਾਰ ਅੰਦਰ ਤੁਸੀਂ ਅਮਨ ਚੈਨ ਪੈਦਾ ਕਰ ਸਕਦੇ ਹੋ? ਮੇਰਾ ਜਵਾਬ ਸੀ, ਸ਼ਾਇਦ ਨਹੀਂ! ਫੇਰ ਵੀ ਮੈਂ ਕੁਝ ਕਰ ਤੇ ਰਿਹਾ ਹਾਂ। ਜਿੱਤ ਨੇ ਮੇਰੇ ਕੋਈ ਪੈਰ ਨਹੀਂ ਚੁੰਮੇ, ਪਰ ਮੇਰਾ ਵਿਸ਼ਵਾਸ ਹੈ, ਮੈਂ ਹਾਰਿਆ ਨਹੀਂ। ਸਾਰੇ ਅਮਰੀਕਾ ਅਤੇ ਕੈਨੇਡਾ ਦੀਆਂ ਯੂਨੀਵਰਸਟੀਆਂ, ਸੰਸਥਾਵਾਂ ਅਤੇ ਚਰਚਾਂ ਅੰਦਰ ਏਸ ਸੰਸਾਰਿਕ ਅਮਨ ਦਾ ਪੈਗਾਮ ਸੈਂਕੜੇ ਹਜ਼ਾਰਾਂ ਭਾਸ਼ਣਾਂ ਰਾਹੀਂ ਪੁੱਜਦਾ ਕੀਤਾ ਹੈ। ਲਗਾਤਾਰ 13 ਸਾਲ ਟੀਵੀ ਤੇ ਰੇਡੀਓ ਮਾਧਿਅਮਾਂ, ਲੇਖਾਂ ਅਤੇ ਸੰਪਾਦਕੀਆਂ ਨਾਲ ਅਪਣੀ ਆਵਾਜ਼ ਬੁਲੰਦ ਕੀਤੀ ਹੈ। ਜਿੰਨਾ ਵੀ ਕੁਝ ਹੋਇਆ, ਏਸ ਖਿਲਾਅ ਅੰਦਰ ਕੋਈ ਅਮਨ ਦਾ ਸੁਨੇਹਾ ਤੇ ਜ਼ਰੂਰ ਪੁੱਜਦਾ ਕੀਤਾ ਹੈ! ਮੇਰਾ ਫ਼ਰਜ਼ ਹੈ, ਹਲ ਵਾਹੁਣਾ, ਸੁਹਾਗਾ ਮਾਰਨਾ, ਬੀਜ ਸੁੱਟਣੇ, ਫ਼ਸਲ ਕਦੋਂ ਤੇ ਕਿਵੇਂ ਪੁੰਗਰੇਗੀ, ਇਹ ਮੇਰਾ ਕੰਮ ਨਹੀਂ, ਕਿਸੇ ਹੋਰ ਦਾ ਹੈ। ”ਵਚਨ ਬੇਕਾਰ ਨਹੀਂ ਜਾਂਦਾ”।
ਇਸੇ ਸੰਬੰਧ ਵਿਚ ਇਕ ਵਾਕਿਆ ਵਰਨਣ ਕਰਨਾ ਚਾਹਾਂਗਾ। ਇੱਕ ਵਾਰ ਜੰਗਲ ਵਿਚ ਭਿਅੰਕਰ ਅੱਗ ਲੱਗ ਗਈ, ਬਹੁਤ ਪੰਛੀ ਜਾਨਵਰ ਮਰ ਗਏ। ਇੱਕ ਚਿੜ੍ਹੀ ਦਾ ਹੌਸਲਾ ਅਤੇ ਕਰਤਵ ਵੇਖੋ, ਕਿ ਕੋਲ ਵਗਦੀ ਨਦੀ ਅੰਦਰੋਂ ਚੁੰਝ ਭਰੇ ਅਤੇ ਬਚਦੀ ਬਚਾਉਂਦੀ ਅੱਗ ਦੇ ਭਾਂਬੜ ਉੱਤੇ ਸੁੱਟ ਆਵੇ। ਸਾਰਾ ਦਿਨ ਏਸ ਕਾਰਜ ਅੰਦਰ ਲੱਗੀ ਰਹੀ। ਸ਼ਾਮ ਪੈਣ ਤੇ ਕੁਝ ਉੱਲੂਆਂ ਨੇ ਪੁੱਛਿਆ, ਕਮਲ਼ੀਏ! ਇਹ ਤੂੰ ਕੀ ਕਰ ਰਹੀ ਹੈਂ? ਕੀ ਤੇਰੀ ਚੁੰਝ ਦੇ ਇੱਕ ਤੁਬਕੇ ਨਾਲ ਅੱਗ ਬੁਝ ਜਾਊ? ਚਿੜੀ, ਉੱਲੂਆਂ ਦੀਆਂ ਮਸ਼ਕਰੀਆਂ ਤੋ ਖਫ਼ਾ ਹੋ ਕੇ ਬੋਲੀ, ਇਹ ਮੈਂ ਵੀ ਜਾਣਦੀ ਹਾਂ, ਅੱਗ ਨਹੀਂ ਬੁਝ ਸਕਦੀ। ਪਰ ਤਵਾਰੀਖ ਅੰਦਰ ਇਹ ਸੁਨਿਹਰੀ ਅੱਖਰਾਂ ਅੰਦਰ ਲਿਖਿਆ ਜਾਵੇਗਾ ਕਿ ਕਿਸੇ ਚਿੜ੍ਹੀ ਅੰਦਰ ਅੱਗ ਬੁਝਾਉਣ ਦਾ ਹੌਸਲਾ ਸੀ, ਬਲ ਸੀ! ਮੇਰਾ ਮੱਥਾ, ਐਟਮੀ ਸ਼ਕਤੀਆਂ ਨਾਲ ਟੱਕਰ ਲੈਣ ਦਾ ਹੈ। ਮੇਰਾ ਅਟੱਲ ਹੌਸਲਾ ਹੈ, ਵਿਸ਼ਵਾਸ ਹੈ ਕਿ ਜੋ ਪਨੀਰੀ ਮੈਂ ਬੀਜ ਜਾਵਾਂਗਾ, ਓਸ ਨੂੰ ਇੱਕ ਦਿਨ ਫਲ ਜ਼ਰੂਰ ਲਗਣਗੇ । ਆਮੀਨ !!
ਡਾ. ਸਿੰਘ: ਗੱਲਬਾਤ ਚੰਗੀ ਰਹੀ। ਇੰਟਰਵਿਊ ਲਈ ਸਮਾਂ ਦੇਣ ਲਈ ਧੰਨਵਾਦ ਸਰ!
(ਸਮਾਪਤ)
ਡਾ. ਡੀ. ਪੀ. ਸਿੰਘ, ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਲੇਖ ਤੇ ਕਹਾਣੀਆਂ ਆਦਿ, ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅੱਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਂਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਅਤੇ ਕਈ ਸੈਕੰਡਰੀ ਤੇ ਪੋਸਟ-ਸੈਕੰਡਰੀ ਵਿਦਿਅਕ ਸੰਸੰਥਾਵਾਂ ਦੇ ਐਜੂਕੇਸ਼ਨਲ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …