
ਬਿ੍ਰਟਿਸ਼ ਅਦਾਲਤ ਵਿਚ ਕੰਪਨੀ ਨੇ ਇਹ ਗੱਲ ਮੰਨੀ
ਨਵੀਂ ਦਿੱਲੀ/ਬਿਊਰੋ ਨਿਊਜ਼
ਬਿ੍ਰਟੇਨ ਦੀ ਫਾਰਮਾ ਕੰਪਨੀ ਐਸਟ੍ਰਾਜੇਨੇਕਾ ਨੇ ਮੰਨਿਆ ਹੈ ਕਿ ਉਨ੍ਹਾਂ ਦੀ ਕੋਵਿਡ-19 ਵੈਕਸੀਨ ਨਾਲ ਖਤਰਨਾਕ ਸਾਈਡ ਇਫੈਕਟ ਹੋ ਸਕਦੇ ਹਨ। ਬਿ੍ਰਟਿਸ਼ ਮੀਡੀਆ ਦੀ ਰਿਪੋਰਟ ਮੁਤਾਬਕ, ਐਸਟ੍ਰਾਜੇਨੇਕਾ ’ਤੇ ਆਰੋਪ ਹੈ ਕਿ ਉਨ੍ਹਾਂ ਦੀ ਵੈਕਸੀਨ ਨਾਲ ਕਈ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਵਿਅਕਤੀਆਂ ਨੂੰ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ। ਐਸਟ੍ਰਾਜੇਨੇਕਾ ਦਾ ਜੋ ਫਾਰਮੂਲਾ ਸੀ, ਉਸੇ ਨਾਲ ਭਾਰਤ ਵਿਚ ਕੋਵੀਸ਼ੀਲਡ ਨਾਮ ਨਾਲ ਵੈਕਸੀਨ ਬਣਾਈ ਗਈ। ਬਿ੍ਰਟਿਸ਼ ਹਾਈਕੋਰਟ ਵਿਚ ਜਮ੍ਹਾ ਕੀਤੇ ਗਏ ਦਸਤਾਵੇਜ਼ਾਂ ਵਿਚ ਕੰਪਨੀ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਕੋਰੋਨਾ ਵੈਕਸੀਨ ਨਾਲ ਥਰੋਮਬੋਸਿਸ ਥਰੋਮ-ਬੋਸਾਈਟੋਪੇਨੀਆ ਸਿੰਡਰੋਮ (ਟੀ.ਟੀ.ਐਸ.) ਹੋ ਸਕਦਾ ਹੈ। ਹਾਲਾਂਕਿ ਇਹ ਬਹੁਤ ਰੇਅਰ ਹੈ। ਇਸ ਬਿਮਾਰੀ ਨਾਲ ਸਰੀਰ ਵਿਚ ਖੂਨ ਦੇ ਗਤਲੇ ਜੰਮ ਜਾਂਦੇ ਹਨ ਅਤੇ ਪਲੇਟਲੈਟਸ ਦੀ ਗਿਣਤੀ ਘਟ ਜਾਂਦੀ ਹੈ। ਇਸਦੀ ਵਜ੍ਹਾ ਨਾਲ ਹਾਰਟ ਅਟੈਕ ਅਤੇ ਸਟਰੋਕ ਦਾ ਵੀ ਖਤਰਾ ਹੈ। ਕੰਪਨੀ ਦੇ ਖਿਲਾਫ ਹਾਈਕੋਰਟ ਵਿਚ 51 ਮਾਮਲਿਆਂ ਵਿਚ ਮੁਕੱਦਮਾ ਚੱਲ ਰਿਹਾ ਹੈ। ਪੀੜਤਾਂ ਨੇ ਐਸਟ੍ਰਾਜੇਨੇਕਾ ਕੋਲੋਂ ਕਰੀਬ 1 ਹਜ਼ਾਰ ਕਰੋੜ ਦਾ ਹਰਜਾਨਾ ਮੰਗਿਆ ਹੈ।