Breaking News
Home / ਰੈਗੂਲਰ ਕਾਲਮ / ਆਓ, ਹੰਝੂ ਪੂੰਝੀਏ!

ਆਓ, ਹੰਝੂ ਪੂੰਝੀਏ!

ਨਿੰਦਰ ਘੁਗਿਆਣਵੀ
94174-21700
ਦੁਨੀਆਂ ਦੇ ਹਰੇਕ ਖਿੱਤੇ ਵਿਚ ਹਰ ਮਨੁੱਖ ਦੀ ਅੱਖ ਨਮ ਹੈ। ਬੇਰੋਕ ਹੰਝੂ ਹਨ। ਸੰਵੇਦਨਸੀਥਲ ਮਨੁੱਖ ਹੋਰ ਵੀ ਪਰੇਸ਼ਾਨ ਹੈ। ਕੋਈ ਰੱਬ ਨੂੰ ਲਾਹਨਤਾਂ ਪਾ ਰਿਹਾ ਹੈ। ਕੋਈ ਕੁਦਰਤ ਨੂੰ ਝੂਰ ਰਿਹਾ ਹੈ। ਕੋਈ ਬੰਦੇ ਨੂੰ ਬੰਦਾ ਬਣਨ ਲਈ ਨਸੀਹਤਾਂ ਦੇ ਰਿਹਾ ਹੈ। ਜਿਨ੍ਹਾਂ ਦੇ ਵਿੱਛੜ ਗਏ, ਗਮ ਦਾ ਭਾਰੀ ਸਾਇਆ ਉਹਨਾਂ ਦੇ ਨਾਲ ਨਾਲ ਤੁਰ ਰਿਹਾ ਹੈ, ਤੁਰਦਾ ਰਹੇਗਾ, ਬੰਦਾ ਅੰਦਰੋਂ ਖੁਰਦਾ ਰਹੇਗਾ। ਦੁੱਖਾਂ ਦੀਆਂ ਗਠੜੀਆਂ ਭਾਰੀ ਹੋ ਗਈਆਂ ਨੇ। ਰੋਟੀ ਦੇ ਲਾਲੇ ਪੈ ਗਏ। ਮਾਨਸਿਕਤਾ ਡਾਵਾਂਡੋਲ ਹੋਈ। ਨਿੱਕੇ ਤੋਂ ਨਿੱਕੇ ਤੇ ਵੱਡੇ ਤੋਂ ਵੱਡੇ ਦੁਨੀਆ ਭਰ ਦੇ ਕੰਮ ਠੱਪੇ ਗਏ। ਘਰਾਂ ਨੂੰ ਜੰਦਰੇ ਵੱਜ ਗਏ। ਅਜਿਹੇ ਸਮੇਂ ਵਿਚ ਰਲ ਮਿਲ ਕੇ ਇੱਕ ਦੂਜੇ ਦੇ ਹੰਝੂ ਪੂੰਝਣ ਦੀ ਲੋੜ ਹੈ ਨਾ ਕਿ ਇੱਕ ਦੂਜੇ ਨੂੰ ਅੱਖੋਂ ਪਰੋਖੇ ਕਰਨ ਦੀ।
ੲੲੲ
ਦੁਪਹਿਰ ਦਾ ਵੇਲਾ ਹੈ। ਡਿਪਟੀ ਕਮਿਸ਼ਨਰ ਪਿੰਡਾਂ ਵਿਚੋਂ ਆ ਰਿਹਾ ਹੈ ਮੰਡੀਆਂ ਦਾ ਦੌਰਾ ਕਰ ਕੇ। ਸੜਕ ਦੇ ਇੱਕ ਪਾਸੇ ઠਕੱਚੇ ਥਾਂ ਚਾਰ
ਔਰਤਾਂ ਬੈਠੀਆਂ ਹਨ। ਉਹਨਾਂ ਦੇ ਹੱਥਾਂ ਉਤੇ ਸੁੱਕੀਆਂ ਠੰਢੀਆਂ ਰੋਟੀਆਂ ਹਨ। ਰੋਟੀ ਖਾ ਰਹੀਆਂ ਔਰਤਾਂ ਦੇ ਕੋਲ ਮਿੱਟੀ ਦਾ ਇੱਕ ਮੱਘਾ ਪਿਆ ਹੈ ਪਾਣੀ ਨਾਲ ਭਰਿਆ। ਡਿਪਟੀ ਕਮਿਸ਼ਨਰ ਦੀ ਨਿਗ੍ਹਾ ਪਈ ਉਹਨਾਂ ਉਤੇ। ਤੇ ਉਹ ઠਪੁਛਦਾ ਹੈ ਕਿ ਇਹ ਔਰਤਾਂ ਕੌਣ ਹਨ, ਏਥੇ ਕਿਉਂ ਬੈਠੀਆਂ ਹਨ? ਦਸਦਾ ਹਾਂ ਕਿ ਗਰੀਬ ਪਰਿਵਾਰ ਦੀਆਂ ਔਰਤਾਂ ਹਨ ਤੇ ਇਹ ਵੱਢੀ ਗਈ ਕਣਕ ਦੇ ਸਿੱਟੇ (ਬੱਲੀਆਂ) ਚੁਗਣ ਆਈਆਂ ਹਨ। ਬੱਲੀਆਂ ਚੁਗ ਕੇ ਇਹ ਸੜਕ ਵਿਚਾਲੇ ਰੱਖ ਦੇਣਗੀਆਂ। ਆਉਂਦੇ ਜਾਂਦੇ ਵਾਹਨਾਂ ਹੇਠਾਂ ਆ ਕੇ ਕਣਕ ਦੇ ਦਾਣੇ ਬੱਲੀਆਂ ਤੋਂ ਵੱਖ ਹੋ ઠਜਾਣਗੇ ਤੇ ਦਾਣੇ ਛਾਂਟ ਕੇ ਇਹ ਘਰ ਲੈ ਜਾਣਗੀਆਂ ਆਪਣਾ ਪੇਟ ਪਾਲਣ ਲਈ। ਸੁਣ ਕੇ ਡੀ ਸੀ ਉਦਾਸ ਹੋ ਗਿਆ। ਗੱਡੀਆਂ ਰੁਕਵਾ ਲਈਆਂ। ਜਦ ਉਹਨਾਂ ਕੋਲ ਜਾਣ ਨੂੰ ਤੁਰੇ ਤਾਂ ਔਰਤਾਂ ਦੇ ਗਲੋਂ ਰੋਟੀ ਦੀ ਬੁਰਕੀ ਜਿਵੇਂ ਲੱਥਣੀ ਬੰਦ ਹੋ ਗਈ ਹੋਵੇ। ਡੀਸੀ ਨੇ ਆਖਿਆ, ਆਰਮ ਨਾਲ ਰੋਟੀ ਖਾਓ, ਘਬਰਾਓ ਨਾ, ਅਸੀਂ ਆਪ ਦਾ ਹਾਲ ਚਾਲ ਜਾਨਣ ਆਏ ਹਾਂ। ਸੁੱਕੀਆਂ ਰੋਟੀਆਂ ਉਤੇ ਕਿਸੇ ਦੇ ਨਮਕ ਦਾ ਧੂੜਾ ਸੀ ਤੇ ਕਿਸੇ ਅਚਾਰ ਦੀ ਫਾੜੀ ਰੱਖੀ ਹੋਈ ਸੀ। ਬੁਢੀ ਮਾਈ ਬੋਲੀ, ਏਹ ਦੋ ਮੇਰੀਆਂ ਧੀਆਂ ਨੇ, ਮਿਲਣ ਆਈਆਂ ਸੀ, ਕਰਫੂ ਲੱਗਣ ਕਰਕੇ ਏਥੇ ਫਸ ਗਈਆਂ, ਹੁਣ ਨਾਲ ਸਿੱਟੇ ਚੁਗਣ ਆ ਗਈਆਂ ਨੇ। ਦੇਖਦੇ-ਸੁਣਦੇ ਡੀਸੀ ਦੀਆਂ ਅੱਖਾਂ ਨਮ ਹੋ ਗਈਆਂ। ਆਪਣੇ ਗੰਨਮੈਨਾਂ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਮੇਰੀ ਗੱਡੀ ਵਿਚੋਂ ਰਾਸ਼ਨ ਦੀਆਂ ਚਾਰ ਕਿੱਟਾਂ ਕੱਢਕੇ ਇਨ੍ਹਾਂ ਨੂੰ ਦੇਵੋ। ਔਰਤਾਂ ਅਸੀਸਾਂ ਦੇਣ ਲੱਗੀਆਂ। ਗੱਡੀਆਂ ਅੱਗੇ ਤੁਰੀਆਂ।
ੲੲੲ
ਗਰੀਬ ਰੇਹੜਾ ਚਾਲਕ ਆਪਣੇ ਕਮਜ਼ੋਰ ਘੋੜੇ ਵਾਸਤੇ ਘਾਹ ਖੋਦ ਕੇ ਲਿਆ ਰਿਹਾ ਹੈ। ਕੁਮਾਰ ਸੌਰਭ ਰਾਜ ਨਾਂ ਦਾ ઠਡਿਪਟੀ ਕਮਿਸ਼ਨਰ ਪੁੱਛਦਾ ਹੈ ਕਿ ਕਿਥੋਂ ਆਇਆ ਏ? ਰੇਹੜੇ ਉਤੇ ਬੈਠਾ ਹੀ ਦਸਦਾ ਹੈ ਕਿ ਆਪਣੇ ਏਸ ਪੁੱਤ ਵਾਸਤੇ ਘਾਹ ਖੋਦ ਕੇ ਲਿਆਇਆ ਹਾਂ ਜੀ। ਆਹ ਕੁਛ ਲੱਕੜਾ ਨੇ ਜੀ, ਇਹਦੇ ਨਾਲ ਖਾਣਾ ਬਣਾ ਲਵਾਂਗੇ। ਡੀ ਸੀ ઠਨੇ ਕਮਜ਼ੋਰ ਘੋੜੇ ਵੱਲ ਦੇਖਿਆ, ਫਿਰ ਘਾਹ ਵੱਲ, ਫਿਰ ਲੱਕੜਾਂ ਵੱਲ ਤੇ ਫਿਰ ਰੇਹੜਾ ਚਾਲਕ ਦੀਆਂ ਮੁਰਝਾਈਆਂ ਅੱਖਾਂ ਤੱਕੀਆਂ। ਹੰਝੂ ਸਨ। ਡੀ ਸੀ ਪੁਛਦਾ ਹੈ, ਕੀ ਤੇਰਾ ਨੀਲਾ ਕਾਰਡ ਬਣਿਆ ਹੋਇਆ ਹੈ? ਉਹ ਦਸਦਾ ਹੈ ਕਿ ਬਣਾਉਣਾ ਦਿੱਤਾ ਸੀ ਜੀ ਪਰ ਬਣ ਨਹੀਂ ਸਕਿਆ। ਨਾਲ ਖੜੇ ਅਫਸਰ ਨੂੰ ਡੀ ਸੀ ਕਹਿੰਦਾ ਕਿ ਇਸਦਾ ਨਾਂ ਤੇ ਅਤਾ ਪਤਾ ਲਿਖੋ ਤੇ ਕਾਰਡ ਬਣਵਾਓ ਤੇ ਹੁਣੇ ਅਨਾਜ ਦੀ ਕਿੱਟ ਇਹਦੇ ਰੇਹੜੇ ਉਤੇ ਰੱਖੋ। ਜੇ ਕੋਈ ਹੋਰ ਲੋੜ ਹੋਵੇ, ਮੈਨੂੰ ਦਫਤਰ ਆ ਕੇ ਦੱਸਣਾ। ਗਰੀਬ ਦੀਆਂ ਅੱਖਾਂ ਵਿਚ ਚਮਕ ਹੈ। ਦੋਵੇਂ ਹੱਥ ਜੋੜ ਉਸ ਰੇਹੜਾ ਅੱਗੇ ਤੋਰਿਆ। ਗੱਡੀਆਂ ਅੱਗੇ ਨੂੰ ਤੁਰੀਆਂ। ਮੈਨੂੰ ਲੱਗਿਆ ਕਿ ਸੰਕਟ ਦੇ ਸਮੇਂ ਵਿਚ ਇਹ ਕਿਸੇ ਦੇ ਹੰਝੂ ਪੂੰਝਣ ਤੋਂ ਘੱਟ ਨਹੀਂ। ਆਓ, ਰਲ ਮਿਲ ਹੰਝੂ ਪੂੰਝੀਏ। ਧਰਵਾਸਾ ਦੇਈਏ। ਚੰਗੇ ਦਿਨਾਂ ਦਿਨਾਂ ਦੇ ਪਰਤ ਆਉਣ ਦੀ ਕਾਮਨਾ ਕਰੀਏ! ਰੱਬ ਖੈਰ ਕਰੇ!

Check Also

ਸ਼ਾਂਤੀ ਤੇ ਸੇਵਾ ਦੇ ਪੁੰਜ-ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

ਰਿਵਿਊ ਕਰਤਾ ਡਾ. ਡੀ ਪੀ ਸਿੰਘ 416-859-1856 ਉੱਤਰੀ ਭਾਰਤ ਦੇ ਪੰਜਾਬ ਖਿੱਤੇ ਵਿਖੇ, ਰਮਣੀਕ ਸ਼ਿਵਾਲਿਕ …