10.6 C
Toronto
Thursday, October 16, 2025
spot_img
Homeਰੈਗੂਲਰ ਕਾਲਮਨਾਵਲ : ਇਥੋਂ ਰੇਗਿਸਤਾਨ ਦਿਸਦਾ ਹੈ

ਨਾਵਲ : ਇਥੋਂ ਰੇਗਿਸਤਾਨ ਦਿਸਦਾ ਹੈ

ਰਿਵਿਊ ਕਰਤਾ : ਡਾ. ਡੀ ਪੀ ਸਿੰਘ
416-859-1856
ਪੁਸਤਕ ਦਾ ਨਾਮ : ਇੱਥੋਂ ਰੇਗਿਸਤਾਨ ਦਿਸਦਾ ਹੈ (ਨਾਵਲ)
ਲੇਖਕ : ਜਸਵੀਰ ਸਿੰਘ ਰਾਣਾ
ਪ੍ਰਕਾਸ਼ਕ : ਆਟੁਮ ਆਰਟ, ਇੰਡੀਆ।
ਪ੍ਰਕਾਸ਼ ਸਾਲ : 2017, ਕੀਮਤ: 250 ਰੁਪਏ ; ਪੰਨੇ: 160
ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ,ਵਿਗਿਆਨ ਲੇਖਕ ਤੇ ਸੰਚਾਰਕ,ਮਿਸੀਸਾਗਾ, ਓਂਟਾਰੀਓ, ਕੈਨੇਡਾ।
”ਇੱਥੋਂ ਰੇਗਿਸਤਾਨ ਦਿਸਦਾ ਹੈ” ਨਾਵਲ ਦਾ ਲੇਖਕ ਜਸਵੀਰ ਸਿੰਘ ਰਾਣਾ ਕਿੱਤੇ ਵਜੋਂ ਅਧਿਆਪਕ ਹੋਣ ਦੇ ਨਾਲ ਨਾਲ ਪੰਜਾਬੀ ਭਾਸ਼ਾ ਦਾ ਨਾਮਵਰ ਕਹਾਣੀਕਾਰ ਵੀ ਹੈ। ਸੰਨ 1968 ਵਿਚ ਜਨਮੇ ਬਾਲਕ ਜਸਵੀਰ ਨੂੰ, ਸਕੂਲੀ ਦਿਨਾਂ ਦੌਰਾਨ ਹੀ ਸਾਹਿਤਕ ਰਚਨਾਵਾਂ ਪੜ੍ਹਣ ਦੀ ਰੁਚੀ ਪੈਦਾ ਹੋ ਗਈ। ਸਮੇਂ ਦੇ ਬੀਤਣ ਨਾਲ ਉਸ ਨੇ ਬੀ. ਏ., ਬੀ. ਐੱਡ. ਅਤੇ ਐਮ. ਏ. (ਪੰਜਾਬੀ) ਕਰ ਲਈ। ਵਿੱਦਿਅਕ ਸਫ਼ਰ ਦੌਰਾਨ ਵੀ ਉਸ ਦੇ ਸਾਹਿਤਕ ਲਗਾਉ ਦੀ ਨਿਰੰਤਰਤਾ ਬਣੀ ਰਹੀ। ਪ੍ਰੌਫੈਸ਼ਨਲ ਜੀਵਨ ਦੇ ਮੁੱਢਲੇ ਦੌਰ ਦੌਰਾਨ ਹੀ, ਜਸਵੀਰ ਦੇ ਸਾਹਿਤਕ ਲਗਾਉ ਨੇ ਉਸ ਨੂੰ ਕਹਾਣੀ ਰਚਣ ਕਾਰਜਾਂ ਵੱਲ ਪ੍ਰੇਰਿਤ ਕਰ ਲਿਆ। ਸੰਨ 1999 ਵਿਚ, ਉਸ ਦੀ ਪਹਿਲੀ ਕਹਾਣੀ ਪ੍ਰਸਿੱਧ ਸਾਹਿਤਕ ਰਸਾਲੇ ”ਨਾਗਮਣੀ” ਵਿਚ ਛਪੀ। ਤਦ ਤੋਂ ਹੀ ਉਹ ਸਾਹਿਤਕ ਸਿਰਜਣਾ ਕਾਰਜਾਂ ਵਿਚ ਲਗਾਤਾਰ ਕਾਰਜਸ਼ੀਲ ਹੈ। ਜਿਸ ਦਾ ਪ੍ਰਗਟਾਵਾ ਉਸ ਦੀਆਂ ਛੱਪ ਰਹੀਆਂ ਕਿਤਾਬਾਂ ਦੀ ਨਿਰੰਤਰਤਾ ‘ਚੋਂ ਭਲੀ-ਭਾਂਤ ਪ੍ਰਗਟ ਹੁੰਦਾ ਹੈ। ਸੰਨ 1999 ਤੋਂ ਸੰਨ 2017 ਦੇ ਅਰਸੇ ਦੌਰਾਨ, ਉਹ ਚਾਰ ਕਹਾਣੀ ਸੰਗ੍ਰਹਿ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿਚ ਪਾਣ ਵਿਚ ਸਫ਼ਲ ਰਿਹਾ ਹੈ। ਇਸੇ ਸਮੇਂ ਦੌਰਾਨ, ਉਸ ਨੇ ਸੰਪਾਦਨ ਅਤੇ ਸ਼ਬਦ ਚਿੱਤਰ ਵਿਧਾ ਵਿਚ ਵੀ ਇਕ-ਇਕ ਕਿਤਾਬ ਛਾਪੀ। ਪੰਜਾਬੀ ਕਹਾਣੀ ਕਲਾ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲਾ ਕਹਾਣੀਕਾਰ ਹੈ-ਜਸਵੀਰ ਸਿੰਘ ਰਾਣਾ। ਇਸੇ ਲਈ ਉਸ ਦੀ ਕਹਾਣੀ-ਕਲਾ ਦੀ ਪੜਚੋਲ ਤੇ ਮੁਲਾਂਕਣ ਬਾਰੇ ਪੰਜਾਬੀ ਦੇ ਵਿਭਿੰਨ ਵਿਦਵਾਨ ਹੁਣ ਤਕ ਪੰਜ ਕਿਤਾਬਾਂ ਛਾਪ ਚੁੱਕੇ ਹਨ। ਜੋ ਉਸ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਅਜੋਕੇ ਸਮੇਂ ਦੌਰਾਨ, ਉਸ ਦੀਆਂ ਰਚਨਾਵਾਂ ਪੰਜਾਬ ਦੇ ਪ੍ਰਮੁੱਖ ਕਾਲਜਾਂ ਦੇ ਸਿਲੇਬਸ ਦਾ ਅੰਗ ਬਣ ਚੁੱਕੀਆਂ ਹਨ। ਕਹਾਣੀ-ਸਿਰਜਣਾ ਦੇ ਖੇਤਰ ਵਿਚ ਅਨੇਕ ਪੁਰਸਕਾਰਾਂ ਨਾਲ ਸਨਮਾਨਿਤ ਜਸਵੀਰ ਸਿੰਘ ਰਾਣਾ ਇਕ ਅਜਿਹਾ ਸ਼ਖਸ਼ ਹੈ ਜਿਸ ਨੇ ਆਪਣਾ ਜੀਵਨ, ਆਪਣੇ ਲੇਖਣ ਕਾਰਜਾਂ ਰਾਹੀਂ, ਸਮਾਜਿਕ ਸਰੋਕਾਰਾਂ ਦਾ ਸਹੀ ਰੂਪ ਚਿੱਤਰਣ ਲਈ ਅਰਪਣ ਕੀਤਾ ਹੋਇਆ ਹੈ। ਹੁਣ ਉਹ ਆਪਣੀ ਨਵੀਂ ਪੁਸਤਕ ”ਇੱਥੋਂ ਰੇਗਿਸਤਾਨ ਦਿਸਦਾ ਹੈ” ਲੈ ਕੇ ਪਾਠਕਾਂ ਦੀ ਸੱਥ ਵਿਚ ਹਾਜ਼ਿਰ ਹੈ।
”ਇੱਥੋਂ ਰੇਗਿਸਤਾਨ ਦਿਸਦਾ ਹੈ” ਜਸਵੀਰ ਸਿੰਘ ਰਾਣਾ ਦਾ ਪਲੇਠਾ ਨਾਵਲ ਹੈ। ਜਿਸ ਵਿਚ ਕੁੱਲ 32 ਕਾਂਡ ਹਨ। ਇਹ ਨਾਵਲ ਸਮਕਾਲੀ ਵਾਤਾਵਰਣੀ ਤੇ ਭਾਸ਼ਾਈ ਮਸਲਿਆਂ ਅਤੇ ਉਨ੍ਹਾਂ ਦੇ ਮਾੜੇ ਪ੍ਰਭਾਵਾਂ ਦਾ ਬੜੇ ਸਰਲ, ਸਪੱਸ਼ਟ ਤੇ ਰੋਚਕ ਢੰਗ ਨਾਲ ਵਰਨਣ ਕਰਦਾ ਹੈ। ਜੀਵਨ ਦੇ ਮੁੱਢਲੇ ਸਾਲਾਂ ਦੌਰਾਨ, ਆਰਥਿਕ ਤੰਗੀ ਦੇ ਦੈਂਤ ਦਾ ਮੂੰਹ ਭਰਣ ਲਈ ਪਿੱਤਰੀ ਭੌਂ ਨੂੰ ਵੇਚਣ ਦਾ ਦਰਦ ਉਹ ਅੱਜ ਵੀ ਸੀਨੇ ਅੰਦਰ ਦੱਬੀ ਬੈਠਾ ਹੈ। ਇਸ ਨਾਵਲ ਦਾ ਸਮਰਪਣ, ਉਸ ਦੇ ਇਸੇ ਦਰਦ ਦੀ ਨਿਸ਼ਾਨਦੇਹੀ ਕਰਦਾ ਨਜ਼ਰ ਆਉਂਦਾ ਹੈ। ”21 ਕਹਾਣੀਆਂ ਤੋਂ ਪਹਿਲਾ ਨਾਵਲ ਲਿਖਣ ਤੱਕ” ਦੇ ਸਿਰਲੇਖ ਹੇਠ ਲੇਖਕ ਨੇ ਆਪਣੇ ਸਾਹਿਤਕ ਸਫ਼ਰ ਦੀ ਨਿਸ਼ਾਨਦੇਹੀ ਕੀਤੀ ਹੈ। ਇਸ ਲੇਖ ਵਿਚ ਨਾਵਲਕਾਰ ਨੂੰ ਪ੍ਰਭਾਵਿਤ ਕਰਨ ਵਾਲੇ ਲੇਖਕਾਂ ਅਤੇ ਸਾਹਿਤਕ ਰਚਨਾਵਾਂ ਦਾ ਸੰਖੇਪ ਬਿਓਰਾ ਦਿੱਤਾ ਗਿਆ ਹੈ। ਜਸਵੀਰ ਦਾ ਕਹਿਣਾ ਹੈ ਕਿ ਉਸ ਦੇ ਮਨ ਵਿਚ ਉੱਭਰੇ ਸਵਾਲ ਕਿ ”ਕੀ ਵਿਦਿਆਰਥੀਆਂ ਨੂੰ ਵਾਤਾਵਰਨ ਤੇ ਭਾਸ਼ਾ ਨਾਲ ਜੋੜਨ ਲਈ, ਇਸ ਵਿਸ਼ੇ ਨੂੰ ਤਕਨੀਕੀ ਸ਼ਬਦਾਵਲੀ ਤੋਂ ਮੁਕਤ ਸੌਖੀ ਭਾਸ਼ਾ ਅਤੇ ਕਥਾ-ਵਿਧੀ ਰਾਹੀਂ ਦਿਲਚਸਪ ਵੀ ਬਣਾਇਆ ਜਾ ਸਕਦਾ ਹੈ?” ਦਾ ਜਵਾਬ ਹੀ ਹੈ ਇਹ ਨਾਵਲ। ”ਇੱਥੋਂ ਰੇਗਿਸਤਾਨ ਦਿਸਦਾ ਹੈ” ਜਸਵੀਰ ਦੁਆਰਾ ਨਾਵਲ, ਭਾਸ਼ਾ, ਵਾਤਾਵਰਣ ਤੇ ਲੋਕਧਾਰਾ ਬਾਰੇ ਕੀਤੀ ਕਈ ਸਾਲ ਲੰਮੀ ਖੋਜ ਦੀ ਕਹਾਣੀ ਹੈ। ਲੇਖਕ ਦਾ ਬਿਆਨ ਹੈ ਕਿ ਧੂੰਆਂ ਪੀਂਦੀ, ਜ਼ਹਿਰ ਖਾਂਦੀ, ਅੱਗ ਫੱਕਦੀ ਮਾਂ-ਬੋਲੀ ਤੋਂ ਪਾਸਾ ਵੱਟ ਕੇ ਲੰਘਦੀ ਪੰਜਾਬੀ ਜੀਵਨ ਰਹਿਤਲ ਵਿਚ ਪਸਰੀ ”ਚੁੱਪ ਦੀ ਰਾਜਨੀਤੀ” ਵਿਚ ਖੱਲਲ ਪਾਉਣ ਲਈ ਇਸ ਤਰ੍ਹਾਂ ਦਾ ਕਥਾ-ਪ੍ਰਯੋਗ ਜ਼ਰੂਰੀ ਸੀ। ਇਥੇ ਇਹ ਕਹਿਣਾ ਵੀ ਬਿਲਕੁਲ ਉਚਿਤ ਹੈ ਕਿ ਜਸਵੀਰ ਸਿੰਘ ਰਾਣਾ ਦੀ ਚਿੰਤਤ ਤੇ ਸਾਰਥਕ ਕਲਮ ਦੀ ਕੁੱਖੋਂ ਜਨਮੇ ਇਹ ਨਾਵਲ ਨੂੰ ਪੜ੍ਹਣ ਤੋਂ ਬਾਅਦ, ਤੁਸੀਂ ਸਹਿਜ ਨਹੀਂ ਰਹਿ ਸਕੋਗੇ, ਗਹਿਰੀ ਚਿੰਤਾ ਨਾਲ ਭਰ ਜਾਵੋਗੇ।… ਤੇ ਹੋਰ ਵੀ ਦ੍ਰਿੜਤਾ ਨਾਲ ਮਾਂ-ਬੋਲੀ ਪੰਜਾਬੀ, ਸੱਭਿਆਚਾਰ ਤੇ ਵਾਤਾਵਰਣ ਦੀ ਸੇਵਾ ਵਿਚ ਜੁੱਟ ਜਾਓਗੇ।
ਨਾਵਲ ਦਾ ਆਗਾਜ਼ ਫ਼ਿਲਮੀ ਸਕਰਿਪਟ ਦੀ ਤਰ੍ਹਾਂ ਹੁੰਦਾ ਹੈ। ਨਾਵਲ ਦੀ ਨਾਇਕਾ ਨੀਤੀ ਤੇ ਉਸ ਦਾ ਮੰਗੇਤਰ ਹੁਸਨਵੀਰ, ਪੰਜਾਬੀ, ਗੁਰਮੁਖੀ, ਤੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੀ ਜੋੜ੍ਹੀ ਹੈ। ਉਹ ਦੋਨ੍ਹੋਂ ਅੱਖਰ, ਸ਼ਬਦ, ਗਿਆਨ ਤੇ ਵਿਚਾਰ ਦੇ ਮਤਵਾਲੇ ਹਨ। ਹਵਾ, ਪਾਣੀ, ਰੁੱਖਾਂ ਤੇ ਧਰਤੀ ਦੇ ਦਰਦ ਪ੍ਰਤਿ ਬਹੁਤ ਹੀ ਸੰਵੇਦਨਸ਼ੀਲ ਹਨ। ਨਾਵਲ ਵਿਚ, ਨੀਤੀ ਦੀ ਮਾਂ-ਗੁਰਮੁਖਤਿਆਰ ਕੌਰ ਦਾ ਕਿਰਦਾਰ ਇਕ ਸੁਲਝੀ ਸੁਆਣੀ ਵਜੋਂ ਉੱਭਰਦਾ ਹੈ ਜੋ ਅੱਖਰ/ਸ਼ਬਦ ਰਚਨਾ ਦੀ ਸ਼ੁੱਧਤਾ ਦਾ ਮਹੱਤਵ ਇੰਝ ਸੁਝਾਂਦੀ ਹੈ: ”ਇਕ ਬਿੰਦੀ ਕਿਸੇ ਸ਼ਬਦ-ਅੱਖਰ ‘ਤੇ ਲੱਗੀ ਹੁੰਦੀ ਐ!……….ਇਕ ਬਿੰਦੀ ਕਿਸੇ ਸੁਹਾਗਣ ਦੇ ਮੱਥੇ ‘ਤੇ ਲੱਗੀ ਹੁੰਦੀ ਐ!………ਜਿਹੜਾ ਕੰਮ ਸ਼ਬਦ-ਅੱਖਰ ‘ਤੇ ਲੱਗੀ ਬਿੰਦੀ ਕਰਦੀ ਐ!……….ਉਹੀ ਕੰਮ ਸੁਹਾਗਣ ਦੇ ਮੱਥੇ ‘ਤੇ ਲੱਗੀ ਬਿੰਦੀ ਕਰਦੀ ਐ…….!” ਜਿਵੇਂ ਕਿਸੇ ਸੁਹਾਗਣ ਦੇ ਮੱਥੇ ‘ਤੇ ਲੱਗੀ ਬਿੰਦੀ ਦਾ ਅਰਥ ਹੋਰ ਐ!…ਉਹਦੇ ਮੱਥੇ ਤੋਂ ਬਿੰਦੀ ਲਹਿ ਜਾਣ ਦਾ ਅਰਥ ਹੋਰ ਐ!…….ਉਵੇਂ ਕਿਸੇ ਸ਼ਬਦ-ਅੱਖਰ ‘ਤੇ ਬਿੰਦੀ ਲਾਉਣ ਦਾ ਅਰਥ ਹੋਰ ਐ!……..ਉਸ ਤੋਂ ਬਿੰਦੀ ਲਾਹ ਦੇਣ ਦਾ ਅਰਥ ਹੋਰ ਐ………!” ਨਾਵਲ ਦੇ ਹੋਰ ਪਾਤਰਾਂ ਵਿਚ, ਨੀਤੀ ਦਾ ਬਾਪੂ – ਗੁਰਮੁਖ ਸਿੰਘ, ਸ਼ਬਦ ਨੂੰ ਪਿਆਰ ਕਰਨ ਵਾਲੀ ਸ਼ਖਸ਼ੀਅਤ ਹੈ । ਉਸ ਦਾ ਯਕੀਨ ਹੈ: ”ਸ਼ਬਦ ਸਾਡਾ ਗੁਰੂ ਹੈ !……..ਸ਼ਬਦ ਸਾਡੀ ਸ਼ਕਤੀ ਹੈ !…….. ਸ਼ਬਦ ਬਿਨ੍ਹਾਂ ਅਸੀਂ ਅਧੂਰੇ ਹਾਂ!…….. ਸ਼ਬਦ ਸਾਨੂੰ ਪੂਰੇ ਕਰਦਾ ਹੈ……..!” ਅਤੇ ਇਸੇ ਸ਼ਬਦ ਦੀ ਸ਼ੁੱਧਤਾ ਬਣਾਈ ਰੱਖਣ ਲਈ ਉਹ ਆਪਣੀ ਜਾਨ ਵੀ ਕੁਰਬਾਨ ਕਰ ਜਾਂਦਾ ਹੈ। ਇਸੇ ਤਰਾਂ ਨਾਵਲ ਦੇ ਹੋਰ ਪਾਤਰ ਆਪਣੇ ਆਪਣੇ ਵੱਖੋ-ਵੱਖਰੇ ਕਿਰਦਾਰਾਂ ਨਾਲ ਨਾਵਲ ਦੇ ਚਿੱਤਰਪਟ ਉੱਤੇ ਹਾਜ਼ਿਰ ਹੁੰਦੇ ਹਨ। ਨੀਤੀ ਦੀ ਭਾਬੀ-ਰੂਪਰੇਖਾ, ਇਕ ਖੁਦਗਰਜ਼ ਸੁਭਾਅ ਵਾਲੀ, ਖੱਪਤਵਾਦੀ ਤੇ ਰਲਗੱਡ ਕਲਚਰ ਦੀ ਪ੍ਰਤੀਕ ਔਰਤ ਹੈ। ਨੀਤੀ ਦਾ ਭਰਾ-ਰੁਪਿੰਦਰ ਸਿੰਘ ਉਰਫ਼ ਰੌਕੀ, ਗੁਲਾਮ ਤਬੀਅਤ ਦਾ ਮਾਲਿਕ ਹੋਣ ਦੇ ਨਾਲ ਨਾਲ ਪੰਜਾਬੀ ਕਲਚਰ ਦਾ ਭਗੌੜਾ ਨਜ਼ਰ ਆਉਂਦਾ ਹੈ। ਡਾ. ਤ੍ਰਿਪਾਠੀ, ਵਿਗਿਆਨ ਦਾ ਅਧਿਆਪਕ ਤਾਂ ਹੈ ਹੀ ਪਰ ਉਹ ਨਾਇਕਾ ਨੂੰ ਭਵਿੱਖ ਵਿਚ ਵਾਪਰਣ ਵਾਲੇ ਵਰਤਾਰਿਆਂ ਨਾਲ ਸਾਂਝ ਪੁਆ, ਸਮਾਜਿਕ ਕਦਰਾਂ-ਕੀਮਤਾਂ ਤੇ ਵਾਤਾਵਰਣੀ ਸੁਰੱਖਿਅਣ ਬਾਰੇ ਹੋਰ ਵਧੇਰੇ ਚੇਤੰਨਤਾ ਬਖ਼ਸ਼ਦਾ ਹੈ। ਹਰਦੇਵ ਤਾਇਆ, ਸੀਰੀ ਰਾਮੂ, ਪ੍ਰਦੀਪ ਮੋਦੀ, ਤਾਈ ਕਰਤਾਰ ਕੌਰ, ਭਿੰਦਰ ਕਾਮਰੇਡ, ਤੇ ਵਿਕਾਸ ਜੈਨ ਆਦਿ ਭਿੰਨ ਭਿੰਨ ਪਾਤਰ ਆਪੋ-ਆਪਣੇ ਰੰਗਾਂ ਨਾਲ ਨਾਵਲ ਦੇ ਕੈਨਵਸ ਨੂੰ ਹੋਰ ਵਧੇਰੇ ਸ਼ਿੰਗਾਰਦੇ, ਸੰਵਾਰਦੇ ਤੇ ਨਿਖਾਰਦੇ ਹਨ।
ਮਾਂ-ਬੋਲੀ ਪੰਜਾਬੀ ਸੰਬੰਧੀ ਪੰਜਾਬੀਆਂ ਦੀ ਉਦਾਸੀਨਤਾ ਅਤੇ ਵਾਤਾਵਰਣੀ ਮਸਲਿਆਂ ਦੀ ਸਮਕਾਲੀ ਤੇ ਭਵਿੱਖਮਈ ਗੰਭੀਰਤਾ ਨੂੰ ਸੂਖੈਨਤਾ ਨਾਲ ਸਮਝਣ ਵਾਸਤੇ ਜਸਵੀਰ ਸਿੰਘ ਰਾਣਾ ਵਲੋਂ ਰਚਿਤ ਨਾਵਲ ”ਇੱਥੋਂ ਰੇਗਿਸਤਾਨ ਦਿਸਦਾ ਹੈ” ਇਕ ਸ਼ਲਾਘਾ ਯੋਗ ਕਦਮ ਹੈ। ਇਸ ਨਾਵਲ ਨੁੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਜਸਵੀਰ ਰਾਜਸੀ ਪ੍ਰਬੰਧ ਦੇ ਚੌਖਟੇ ‘ਚ ਅਨੇਕ ਮਾਨਵੀ ਤੇ ਅਮਾਨਵੀ ਪੱਖਾਂ ਦੀ ਨਿਸ਼ਾਨਦੇਹੀ ਕਰਦਾ ਹੈ। ਉਹ ਮਾਨਵ-ਵਿਰੋਧੀ ਵਰਤਾਰਿਆਂ ਦੇ ਬੁਰੇ ਪ੍ਰਭਾਵਾਂ ਨੂੰ ਵਰਨਣ ਕਰਦਿਆਂ ਸੱਤਾਧਾਰੀ ਜਮਾਤ ਉੱਪਰ ਉਂਗਲ ਰੱਖਦਾ ਹੈ, ਜਿਸ ਕਾਰਣ ਸਮਾਜ ਵਿਚ ਦੂਜੈਲਾਪਣ ਛਾਇਆ ਹੋਇਆ ਹੈ। ਇੰਝ ਹੀ ਅਨੇਕ ਹੋਰ ਪਾਸਾਰ ਵੀ ਇਸ ਨਾਵਲ ਵਿੱਚੋਂ ਪ੍ਰਗਟ ਹੁੰਦੇ ਹਨ, ਜਿਨ੍ਹਾਂ ਨੇ ਸਮਾਜ ਅੰਦਰ ਉਥਲ-ਪੁਥਲ ਮਚਾਈ ਹੋਈ ਹੈ। ਨਾਵਲ ਅੰਦਰ ਵਰਨਿਤ ਮਾਨਵੀ ਮਸਲਿਆਂ ਵਿੱਚ ਸਮਾਜਿਕ ਤੇ ਕੁਦਰਤੀ ਸਰੋਕਾਰਾਂ ਦਾ ਸੰਕਲਪ ਕੇਂਦਰੀ ਮਹੱਤਵ ਵਾਲਾ ਜ਼ਾਹਿਰ ਹੁੰਦਾ ਹੈ। ਮਾਨਵੀ ਹੋਂਦ ਦਾ ਸੁਆਲ ਸਮਾਜਿਕ ਤੇ ਵਾਤਾਵਰਣੀ ਵਰਤਾਰਿਆਂ ਨਾਲ ਮੁੱਖ ਰੂਪ ਵਿਚ ਜੁੜਿਆ ਨਜ਼ਰ ਆਉਂਦਾ ਹੈ। ਜਿਸ ਦੇ ਫਲਸਰੂਪ ਉਨ੍ਹਾਂ ਵਰਤਾਰਿਆਂ ਦੀ ਥਾਹ ਪਾਉਣ ਦੀ ਪ੍ਰਕ੍ਰਿਆ ਆਪ ਮੁਹਾਰੇ ਪ੍ਰਗਟ ਹੁੰਦੀ ਹੈ। ਅਸਾਵੇਂ ਵਿਕਾਸ ਵਾਲੇ ਮੁਲਕ ‘ਚ ਸੱਚ ਤੇ ਹੱਕ ਦੀ ਆਵਾਜ਼ ਨੂੰ ਕੁਚਲਣਾ ਹਾਕਮ ਜਮਾਤ ਦਾ ਮੁੱਖ ਕਿਰਦਾਰ ਪ੍ਰਗਟ ਹੁੰਦਾ ਹੈ। ਨਾਵਲ ਅੰਦਰ ਸਮਾਜ ਵਿਚ ਕਾਰਪੋਰੇਟ ਜਗਤ ਦੁਆਰਾ ਹੋ ਰਹੀ ਬੇਕਿਰਕ ਲੁੱਟ-ਖਸੁੱਟ ਅਤੇ ਲੋਟੂ ਸੱਤਾ ਦਾ ਚਿਹਰਾ-ਮੁਹਰਾ ਪ੍ਰਗਟ ਹੁੰਦਾ ਹੈ, ਜਿਨ੍ਹਾਂ ਦੇ ਤਾਨਾਸ਼ਾਹੀ ਵਰਤਾਓ ਕਾਰਨ ਲੋਕਾਂ ਅੰਦਰ ਬੇਚੈਨੀ ਤੇ ਪ੍ਰੇਸ਼ਾਨੀ ਪੈਦਾ ਹੁੰਦੀ ਹੈ। ਲੇਖਕ ਅਨੁਸਾਰ ਅਜਿਹੇ ਹਲਾਤਾਂ ਨੇ ਸਮਾਜ ਵਿਚ ਹਲਚਲ ਮਚਾਈ ਹੋਈ ਹੈ, ਜੋ ਹਰ ਸੰਵੇਦਨਸ਼ੀਲ ਮਨੁੱਖ ਨੂੰ ਝੰਜੋੜ ਰਹੀ ਹੈ। ਪਰ ਪੂੰਜੀਵਾਦ ਦੇ ਵਧ ਰਹੇ ਪ੍ਰਭਾਵ ਹੇਠ ਆਮ ਲੋਕ ਤੇ ਸਮੇਂ ਦੀਆਂ ਸਰਕਾਰਾਂ ਸਮਾਜਿਕ ਅਤੇ ਵਾਤਾਵਰਣੀ ਹਾਲਾਤਾਂ ਦੇ ਸੁਧਾਰ ਲਈ ਉਚਿਤ ਉਪਰਾਲੇ ਕਰਨ ਲਈ ਅਜੇ ਤਿਆਰ ਨਹੀਂ ਹਨ। ਬਹੁ-ਗਿਣਤੀ ਲੋਕਾਂ ਅਤੇ ਸਮੇਂ ਦੇ ਹਾਕਮਾਂ ਦੇ ਤਰਕਹੀਣ ਵਿਚਾਰ/ਫੁਰਮਾਨ ਸਮਾਜ ਲਈ ਘਾਤਕ ਸਿੱਧ ਹੋ ਰਹੇ ਹਨ।
(ਚਲਦਾ)
ਡਾ. ਡੀ. ਪੀ. ਸਿੰਘ, ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਲੇਖ ਤੇ ਕਹਾਣੀਆਂ ਆਦਿ, ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅੱਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਂਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਅਤੇ ਕਈ ਸੈਕੰਡਰੀ ਤੇ ਪੋਸਟ-ਸੈਕੰਡਰੀ ਵਿਦਿਅਕ ਸੰਸੰਥਾਵਾਂ ਦੇ ਐਜੂਕੇਸ਼ਨਲ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ।

RELATED ARTICLES
POPULAR POSTS