Breaking News
Home / ਰੈਗੂਲਰ ਕਾਲਮ / ਕਮੀਨੀ ਕਰੋਨਾ ਦਾ ਕਹਿਰ!

ਕਮੀਨੀ ਕਰੋਨਾ ਦਾ ਕਹਿਰ!

ਨਿੰਦਰ ਘੁਗਿਆਣਵੀ
94174-21700
ਦੁਨੀਆਂ ਭਰ ਵਿਚ ਸੋਗੀ ਸਮਾਂ ਹੈ। ਖਬਰਾਂ ਪੜ੍ਹਦਿਆਂ ਕਬਰਾਂ ਦਿਸਦੀਆਂ ਹਨ। ਉਦਾਸ ਹੋ ਜਾਂਦਾ ਹਾਂ। ਉਦਾਸੀ ਲੱਦੇ ਦਿਲ-ਦਿਮਾਗੋਂ ਇਹ ਜੋ ਕੁਝ ਸ਼ਬਦ ਮੈਨੂੰ ਉਤਰੇ ਹਨ, ਇਸਨੂੰ ਕਵਿਤਾ ਕਹਾਂ ਜਾਂ ਵਾਰਤਕ! ਮੈਨੂੰ ਕੁਝ ਨਹੀਂ ਪਤਾ। ਇਹ ਮੇਰੇ ਦਿਲ ਅੰਦਰਲੀ ਆਵਾਜ਼ ਹੈ ਤੇ ਮੇਰੀ ਡਾਇਰੀ ਦਾ ਪੰਨਾ ਹੈ:
”ਕਰੋਨਾ ਦੇ ਭੈਅ ਵਿਚ ਲਿਪਟਿਆ ਪਿੰਡ ਸਾਰਾ। ਕੋਈ ਜਾਗਦਾ,ਕੋਈ ਸੁੱਤਾ। ਅੱਧ-ਉਣੀਂਦਾ ਵੀ ਕੋਈ ਕੋਈ। ਅੱਧੀ ਰਾਤੀਂ ਰੇਲ ਦਾ ਖੜਕਾ। ਪਟੜੀ ਪੜ ਪੜ ਕਰਦੀ ਤੇ ਖੁਸ਼ਕ ਗਲੇ ‘ઑਚੋਂ ਸੀਟੀ ਵਜਾਉਂਦਾ ਇੰਜਣ ਹਵਾਂਕੇ। ਮੈਨੂੰ ਜਾਪੇ ਜਿਵੇਂ ਲਾਸ਼ਾਂ ਲੱਦੀ ਰੇਲ ਕੁਰਲਾਂਦੀ ਆਵੇ!”
ੲੲੲ
ਭਾਰਤ ਭਰ ਵਿੱਚ ਰੇਲਾਂ ਨੂੰ ਜੂੜ ਪੈ ਗਏ ਨੇ! ਏਹ ਕੈਸੀ ਰੇਲ ਹੋਈ, ਜੋ ਅੱਧੀ ਰਾਤੀਂ ਦੁਹਾਈਆਂ ਪਾ ਰਹੀ, ਬੈਠੇ ਸੰਘ ਨਾਲ ਸੀਟੀਆਂ ਵਜਾ ਰਹੀ? ਅਨਾਜ ਲੈ ਕੇ ਚੱਲੀ ਪੰਜਾਬ ਦਾ, ਭੁੱਖਿਆ ਦਾ ਢਿੱਡ ਭਰਨ। ਜੋਖਮਾਂ ਭਰੇ ਪੈਂਡਿਆਂ ਦਾ ਦੁੱਖ ਹਰਨ। ਵਿਹੜੇ ‘ਚ ਸੁੱਤਾ ਟੱਬਰ ਸਾਰਾ। ਰੇਲ ਦੀ ਕੂਕ ਸੁਣ ਮੰਜੇ ਉਤੇ ਬੈਠ ਗਿਆ ਹਾਂ। ਮਾਂ ਨੂੰ ਹਾਕ ਮਾਰੀ-”ਮਾਂ, ਸ਼ੁਕਰ ਐ ਰੱਬ ਦਾ, ਚੱਲ ਪਈਆਂ ਨੇ ਰੇਲਾਂ, ਕੱਲ ਤੋਂ ਕਰਫੂ ਵੀ ਹਟਜੂ। ਆਹ ਦੇਖ ਰੇਲ ਗੱਡੀ ਦੀ ਵਾਜ ਆਈ, ਗੋਲੇ ਵਾਲਿਓਂ, ਚੱਲ ਪਈਆਂ ਰੇਲਾਂ।”
”ਵਾਖਰੂ ਤੇਰਾ ਸ਼ੁਕਰ ਐ, ਮੇਰੇ ਪੁੱਤ ਦੀ ਆਖੀ ਸੱਚੀ ਹੋਵੇ! ਆਖਦੀ ਮਾਂ ਨੇ ਮੱਛਰ ਤੋਂ ਬਚਣ ਲਈ ਖੇਸ ਓਟਿਆ। ਗਮਾਂ ਮਾਰੇ ਮਨ ਨੂੰ ਸੌਣ ਵਾਸਤੇ ਆਖਦਾਂ। ਪਰ ਗੁਆਂਢ ਵਿਚ ਨਵੇਂ ਦੁੱਧ ਹੁੰਦੀ ਬੇਰੋਕ ਰੰਭ ਰਹੀ ਗਾਂ ਤੇ ਬੁੱਢੇ ਕੁੱਤੇ ઠਦੀ ਬਊਂ-ਬਊਂ ਨੇ ਸੌਣ ਨਹੀ ਦੇਣਾ!! ਪਤਾ ਹੈ ਮੈਨੂੰ,ਸੌਣ ਨਹੀਂ ਦੇਣਾ। ਗਾਂ ਤੇ ਕੁੱਤੇ ਨੇ ਜਿਵੇਂ ਸਲਾਹ ਕਰ ਕੇ ਆਪਣੀ ਆਪਣੀ ਵਾਰੀ ਬੱਧੀ ਹੈ, ਦੋ ਪਲ ਕੋਈ ਅੱਖ ਨਾ ਝਪਕ ਲਵੇ! ਕਹਿਰ ਭਰੇ ਦਿਨ ਕਮੀਨੀ ਕਰੋਨਾ ਦੇ।
ੲੲੲ
ਸੁੰਨਸਾਨ ਏਅਰਪੋਰਟਾਂ। ਨਿੱਤ ਹਵਾਵੀਂ ਉੱਡਣ ਵਾਲੇ,ਅਕਾਸ਼ੀਂ ਉਡਾਰੀਆਂ ਭਰਦੇ ਨਿੱਕੇ ਵੱਡੇ ਉੱਡਣ ਖਟੋਲੇ ਪਰਿਵਾਰਾਂ ਵਿਚ ਬੈਠੇ ਜਾਪਦੇ ਨੇ ਚੁੰਝਾਂ ਸੁੱਟ੍ਹੀ। ਮਸਾਂ ਮੌਕਾ ਮਿਲਿਐ ਇਹਨਾਂ ਨੂੰ ਆਪਣੇ ਦੁੱਖ ਸੁਖ ਫੋਲਣ ਦਾ! ਨਹੀਂ ਤਾਂ ਅਕਾਸ਼ ਵਿਚੋਂ ਹੇਠਾ ਲੱਢਣ ਦੀ ਹੀ ਵਿਹਲ ਹੀ ਨਹੀਂ ਵਿਚਾਰਿਆਂ ਕੋਲ! ਇਹ ਮੌਕਾ ਕਿਸੇ ਹੋਰ ਨੇ ਨਹੀਂ,ਕੁਦਰਤ ਨੇ ਦਿੱਤਾ ਹੈ। ਹਵਾ ‘ਚ ਉਡਦੇ ਬੰਦੇ ਨੂੰ ਹੇਠਾਂ ਲਾਹੁੰਦੀ ਕੁਦਰਤ ਬੋਲੀ, ”ਆਪਣੀ ਔਕਾਤ ਭੁੱਲ ਗਿਆ ਸੈਂ ਬੰਦਿਆ, ਤੈਨੂੰ ਤੇਰੀ ਔਕਾਤ ਦੱਸੀ ਐ,ਜਰਾ ਸੰਭਲ ਕੇ ਉੱਡਣਾ ਅੱਗੇ ਤੋਂ।”
ਨਿੱਕੇ ਜਹਾਜ਼ ਨੇ ਵੱਡੇ ਨੂੰ ਆਖਿਆ, ”ਸਾਥੋਂ ਸਾਡਾ ਅੰਬਰ ਖੋਹ ਲਿਆ ਗਿਐ,ਆਪਣਾ ਕੰਮ ਉੱਡਣਾ ਹੈ, ਧਰਤ ਮੱਲ ਕੇ ਖਲੋਣਾ ਨਹੀਂ। ਕਦ ਉਡਾਂਗੇ ਆਪਾਂ? ਕਿੱਥੇ ਚਲੇ ਗਏ ਨੇ ਆਪਾਂ ਨੂੰ ਉਡਾਉਣ ਵਾਲੇ,ਦੁਨੀਆਂ ਭਰ ਦੇ ਅਕਾਸ਼ ਦਿਖਾਉਣ ਵਾਲੇ? ਕਿਉਂ ਰੁੱਸ ਗਈਆਂ ਨੇ ਹੂਰਾਂ ਪਰੀਆਂ ਜਿਹੀਆਂ ਏਅਰਹੋਸਟੈਸਾਂ ਤੇ ਰਾਜ ਕੁਮਾਰਾਂ ਵਰਗੇ ਆਪਣੇ ਚਾਲਕ?”
ਵੱਡੇ ਜਹਾਜ਼ ਨੇ ਆਪ ਤੋਂ ਨਿੱਕੇ ਦੀ ਗੱਲ ਅਣਸੁਣੀ ਕਰ ਦਿੱਤੀ ਹੈ ਹਮੇਸ਼ਾ ਵਾਂਗ,ਜਿਵੇਂ ਪਹਿਲਾਂ ਤੋਂ ਕਰਦਾ ਆਇਐ। ਲਾਗਿਓਂ ਕਮਜ਼ੋਰੀ ਜਿਹੀ ਜਹਾਜ਼ਣੀ ਨੇ ਹੁੰਗਾਰਾ ਦਿੱਤਾ, ”ਜਦ ਹੁਕਮ ਹੋਊ,ਅੰਬਰ ਆਪੇ ਹਾਕ ਮਾਰ ਲਊ, ਚਾਰ ਦਿਨ ਅਰਾਮ ਕਰ ਲਵੋ,ਬਥੇਰਾ ਉੱਡ ਲਿਐ, ਜਦ ਦੁਨੀਆਂ ਭਰ ਦਾ ਬੰਦਾ ਹੀ ਘਰੇ ਬਹਿ ਗਿਆ ਐ ਥੋਨੂੰ ਕੀ ਚਾਅ ਐ ਉਡਣ ਦਾ?”
”ਆਹੋ, ਆਪਾਂ ਬੰਦੇ ਨਾਲੋਂ ਤਾਂ ਨੀ ਵੱਡੇ?” ਨਿੱਕਾ ਜਹਾਜ਼ ਫਿਰ ਬੋਲਿਆ। ਵੱਡੇ ਨੇ ਘੂਰੀ ਵੱਟੀ, ”ਟਿਕਦਾਂ ਕਿ ਨਹੀਂ ਤੂੰ?” ਅੰਬਰ ਨੇ ਵੀ ਸੁੱਖ ਦਾ ਸਾਹ ਲਿਆ ਹੈ। ਨਿੱਖਰ-ਸੰਵਰ ਗਿਆ ਹੈ ਨੀਲਾ-ਨੀਲਾ ਅੰਬਰ! ਚੁੱਪ ਵਿਚ ਲਪੇਟੀ ਗਈ ਜਹਾਜ਼ਾਂ ਦੀ ਛਾਉਣੀ। ਬੇਮੁਹਾਰਾ ਮੀਂਹ ਤੇ ਝੱਖੜ। ਚੀਨ ਤੋਂ ਉੱਡੀ ਅੱਥਰੀ ਹਨੇਰੀ ਬੰਦੇ ਉਡਾ-ਉਡਾ ਸੁੱਟ੍ਹ ਰਹੀ ਧਰਤ ਉਤੇ! ਸਮਾਂ ਖਲੋਤਾ ਸਮੇਂ ਨੂੰ ਉਡੀਕੇ ਕਿ ਆ ਸਮਿਆਂ, ਗਲਵੱਕੜੀ ਪਾਈਏ ਤੇ ਆਮ ਵਾਂਗ ਹੋਈਏ,ਆਪਣੇ ਨਾਲ ਈ ਦੁਨੀਆਂ ਨੇ ਚੱਲਣੈ! ਕਿੰਨਾ ਕੁ ਚਿਰ ਇੰਝ ਖਲੋਤੇ ਰਹਾਂਗੇ?

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …