ਜਰਨੈਲ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਆਸਾਮ ਦੀ ਧਰਤ ‘ਤੇ ਵਸੇ ਹੋਰ ਸ਼ਹਿਰ ਤੇ ਗਰਾਂ ਵੇਖਣ ਅਤੇ ਓਥੋਂ ਦੇ ਆਕਾਸ਼ ਵਿਚ ਦੂਰ-ਪਾਰ ਉਡਾਣਾਂ ਭਰਨ ਦੇ ਮੌਕੇ ਵੀ ਮਿਲ਼ਦੇ ਰਹੇ। ਜਦੋਂ ਸਾਡੇ ਜਹਾਜ਼ਾਂ ਨੇ ਬਾਰਡਰ ਦੀ ਇਕ ਪੋਸਟ ਤੋਂ ਦੂਜੀ ਪੋਸਟ ਨੂੰ ਉਡਾਣ ਭਰਨੀ ਹੁੰਦੀ ਤਾਂ ਜਹਾਜ਼ ਦਾ ਤੇਲ ਵਗੈਰਾ ਚੈੱਕ ਕਰਨ ਲਈ ਇੰਜਣ-ਤਕਨੀਸ਼ਨ ਨਾਲ਼ ਜਾਂਦਾ ਸੀ। ਅਜਿਹੀਆਂ ਉਡਾਣਾਂ ਵਾਸਤੇ ਨੰਬਰ ਲੱਗਣ ‘ਤੇ ਮੈਨੂੰ ਖੁਸ਼ੀ ਚੜ੍ਹ ਜਾਂਦੀ। ਕੰਮ ਵੀ ਤੇ ਨਾਲ਼ ਸੈਰ ਵੀ। ਆਸਾਮ ਤੇ ਆਸਾਮ ਨਾਲ਼ ਲਗਦੇ ਬੰਗਾਲ ਦੇ ਏਅਰਫੋਰਸ ਸਟੇਸ਼ਨਾਂ ਵੱਲੋਂ ਵੀ ਸਾਡੇ ਜਹਾਜ਼ ਦੀ ਮੰਗ ਆਉਂਦੀ ਰਹਿੰਦੀ ਸੀ। ਜਹਾਜ਼ ਨਾਲ਼ ਤਿੰਨ ਜਣੇ ਜਾਂਦੇ ਸਨ ਪਾਇਲਟ, ਇੰਜਣ ਅਤੇ ਏਅਰਫਰੇਮ ਦੇ ਤਕਨੀਸ਼ਨ। ਉਨ੍ਹਾਂ ਹਵਾਈ-ਅੱਡਿਆਂ ‘ਤੇ ਜਹਾਜ਼ ਦੀਆਂ ਉਡਾਣਾਂ ਦਾ ਟਾਸਕ ਆਮ ਤੌਰ ‘ਤੇ ਦੋ-ਤਿੰਨ ਹਫ਼ਤੇ ਦਾ ਹੁੰਦਾ ਸੀ। ਨਵੀਆਂ ਥਾਵਾਂ ਦੇਖਣ ਦੇ ਸ਼ੌਕ ਤਹਿਤ ਮੈਂ ਆਪਣੀ ਟਰੇਡ ਦੇ ਇੰਚਾਰਜ ਕਾਰਪੋਰਲ ਧਰਮਵੀਰ ਨੂੰ ਕਿਹਾ ਹੋਇਆ ਸੀ ਕਿ ਜਦੋਂ ਕੋਈ ਇੰਜਣ-ਤਕਨੀਸ਼ਨ ਆਪਣੀ ਵਾਰੀ ‘ਤੇ ਨਾ ਜਾਣਾ ਚਾਹੇ, ਮੈਨੂੰ ਭੇਜ ਦਿਆ ਕਰੋ।
ਆਸਾਮ ਦੀ ਪੋਸਟਿੰਗ ਦੌਰਾਨ ਮੈਂ ਸੌ ਘੰਟੇ ਤੋਂ ਵੱਧ ਫਲਾਈਂਗ ਕੀਤੀ। ਓਥੋਂ ਦੇ ਗੁਹਾਟੀ, ਜੁਰਹਾਟ, ਤੇਜਪੁਰ ਅਤੇ ਬੰਗਾਲ ਦੇ ਹਾਸ਼ੀਮਾਰਾ ਤੇ ਵਾਗਡੋਗਰਾ (ਸਿਲੀਗੁਰੀ) ਹਵਾਈ ਅੱਡੇ ਅਤੇ ਸ਼ਹਿਰ ਮੈਂ ਕਈ ਵਾਰ ਦੇਖ ਲਏ ਸਨ। ਤੇਜਪੁਰ ਹਵਾਈ ਅੱਡੇ ‘ਤੇ ਮੇਰਾ ਗਰਾਈਂ ਕਰਮ ਸਿੰਘ ਮਿਲ਼ ਪਿਆ। ਮੈਨੂੰ ਉਸਦੇ ਓਥੇ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਅਸੀਂ ਹਰ ਰੋਜ਼ ਡਿਨਰ ਤੋਂ ਬਾਅਦ ਸੈਰ ਲਈ ਨਿੱਕਲ਼ ਜਾਂਦੇ। ਪਿੰਡ ਦੀਆਂ ਨਵੀਆਂ-ਪੁਰਾਣੀਆਂ ਗੱਲਾਂ ਕਰਦੇ। ਵਿਚ-ਵਿਚਾਲੇ ਉਹ ਆਪਣੇ ਸਾਥੀਆਂ ਸਮੇਤ ਪੈੱਗ ਲਾਉਣ ਦਾ ਪ੍ਰੋਗਰਾਮ ਬਣਾ ਲੈਂਦਾ। ਤੇਜਪੁਰ ਸ਼ਹਿਰ ਅਤੇ ਨਾਲ਼ ਵਗਦੇ ਬ੍ਰਹਮਪੁੱਤਰ ਕੰਨੀ ਵੀ ਗੇੜਾ ਲਗਦਾ ਰਿਹਾ।
ਨੇੜਿਓਂ ਤੱਕੀ ਮੌਤ
ਹਾਸ਼ੀਮਾਰਾ ਦੀਆਂ ਆਪਣੀਆਂ ਤਿੰਨ ਵਾਰੀਆਂ ਮੈਂ ਭੁਗਤਾ ਚੁੱਕਾ ਸਾਂ। ਚੌਥੀ ਵਾਰ ਕਿਸੇ ਦੀ ਵਾਰੀ ‘ਤੇ ਚਲਾ ਗਿਆ। ਫਲਾਈਂਗ ਅਫਸਰ ਸ਼ਰਮਾ ਸਾਡਾ ਪਾਇਲਟ ਸੀ। ਏਅਰਫਰੇਮ ਦਾ ਤਕਨੀਸ਼ਨ ਦੱਤਾ ਸੀ। ਟਾਸਕ ਦੋ ਕੁ ਹਫ਼ਤੇ ਦਾ ਸੀ। ਸਾਡੇ ਸੁਕਆਡਰਨ ਦੀ ਐਨਿਵਰਸਰੀ ਨੇੜੇ ਸੀ। ਸ਼ਰਮੇ ਨੇ ਕੋਸ਼ਿਸ਼ ਕਰਕੇ ਟਾਸਕ ਐਨਿਵਰਸਰੀ ਤੋਂ ਇਕ ਦਿਨ ਪਹਿਲਾਂ ਨਿਬੇੜ ਲਿਆ। ਆਖਰੀ ਉਡਾਣ ਇਕ ਵਜੇ ਮੁੱਕੀ। ਮੈਂ ਫਟਾਫਟ ਜਹਾਜ਼ ‘ਚ ਫਿਊਲ ਤੇ ਤੇਲ ਭਰ ਦਿੱਤਾ। ਬੋਰੀਏ-ਬਿਸਤਰੇ ਚੁੱਕ ਕੇ ਅਸੀਂ ਢਾਈ ਵਜੇ ਡਿੰਜਨ ਦੀ ਤਿਆਰੀ ਕਰ ਲਈ। ਜਹਾਜ਼ ਸਟਾਰਟ ਕਰਕੇ ਸ਼ਰਮੇ ਨੇ ਜਦੋਂ ‘ਫਲਾਈਂਗ ਕੰਟਰੋਲ ਟਾਵਰ’ ਤੋਂ ਇਜਾਜ਼ਤ ਮੰਗੀ ਤਾਂ ਰਾਹ ਵਿਚ ਖਰਾਬ ਮੌਸਮ ਦੀ ਸੂਚਨਾ ਮਿਲ਼ੀ। ਐਨਿਵਰਸਰੀ ਦਾ ਪ੍ਰੋਗਰਾਮ ਅਸੀਂ ਮਿੱਸ ਨਹੀਂ ਸੀ ਕਰਨਾ ਚਾਹੁੰਦੇ। ਸ਼ਰਮੇ ਨੇ ‘ਟੈਂਟੇਟਿਵ’ ਇਜਾਜ਼ਤ ਲੈ ਲਈ। ਯਾਅਨੀ ਜੇ ਸਥਿਤੀ ਖ਼ਤਰਨਾਕ ਹੋਈ, ਉਹ ਜਹਾਜ਼ ਵਾਪਸ ਲੈ ਆਏਗਾ। ਅੱਧੇ ਕੁ ਘੰਟੇਦੀ ਉਡਾਣ ਬਾਅਦ ਮੀਂਹ ਤੇ ਹਨ੍ਹੇਰੀ ਦਾ ਭਿਆਨਕ ਤੂਫਾਨ ਸ਼ੁਰੂਹੋ ਗਿਆ। ਕਾਲ਼ੇ ਬੱਦਲ਼ਾਂ ਨੇ ਅਸਮਾਨ ‘ਚ ਹਨ੍ਹੇਰਾ ਪਾ ਦਿੱਤਾ… ਤੇਜ਼ ਹਵਾ ਦੇ ਫਰਾਟਿਆਂ ਨਾਲ ਸਾਡੇ ਛੋਟੇ ਤੇ ਹਲਕੇ ਜਹਾਜ਼ ਨੂੰ ਹੁਝਕੇ ਪੈਣ ਲੱਗ ਪਏ। ਕਾਕਪਿਟ ਅਤੇ ਕੈਬਿਨ ਵਿਚਕਾਰਲਾ ਦਰਵਾਜ਼ਾ ਖੁੱਲ੍ਹਾ ਸੀ। ਕੈਬਿਨ ‘ਚ ਬੈਠਿਆਂ ਮੈਨੂੰ ਤੇ ਦੱਤਾ ਨੂੰ ਜਹਾਜ਼ ਦੀ ਸਪੀਡ, ਉਚਾਈ, ਦਿਸ਼ਾ ਆਦਿ ਦੇ ਗੇਜਾਂ ਦੀ ਰੀਡਿੰਗ ਤਾਂ ਨਹੀਂ, ਲਾਈਟਾਂ ਦੀ ਚਮਕ ਹੀ ਦਿਸ ਰਹੀ ਸੀ। ਸ਼ਰਮਾ ਵਿਸ਼ਵਾਸ ਨਾਲ਼ ਕੰਟਰੋਲ ਸਟਿੱਕ ਨੂੰ ਹੱਥਾਂ ‘ਚ ਫੜੀ, ਆਕਾਸ਼ ਦੇ ਤੂਫਾਨੀ ਮੰਡਲ ਨੂੰ ਪਾਰ ਕਰਨ ਲਈ ਜੂਝ ਰਿਹਾ ਸੀ। ਪਰ ਖੁੰਖਾਰ ਤੂਫਾਨ ਦੀ ਮਾਰ ਹੇਠ ਜਹਾਜ਼ ਨੂੰ ਪੈ ਰਹੇ ਹੁਝਕਿਆਂ ਤੋਂ ਇੰਜ ਭਾਸਦਾ ਸੀ ਕਿ ਜਹਾਜ਼ ਦਾ ਸੰਤੁਲਨ ਹੁਣ ਵੀ ਵਿਗੜਿਆ, ਹੁਣ ਵੀ ਵਿਗੜਿਆ। ਸਹਿਮ ‘ਚ ਗੋਤੇ ਖਾਂਦੇ ਮੈਂ ਤੇ ਦੱਤਾ ਅੱਖਾਂ ਤੇ ਹੱਥਾਂ ਦੀ ਭਾਸ਼ਾ ਰਾਹੀਂ ਆਪਸੀ ਤੌਖਲਾ ਪ੍ਰਗਟਾ ਰਹੇ ਸਾਂ ਕਿ ਸ਼ਰਮਾ ਜਹਾਜ਼ ਨੂੰ ਪਿਛਾਂਹ ਕਿਉਂ ਨਹੀਂ ਮੋੜ ਰਿਹਾ। ਆਪਣੇ ਨਾਲ਼ ਸਾਨੂੰ ਵੀ ਮੌਤ ਦੇ ਮੂੰਹ ‘ਚ ਕਿਉਂ ਸੁੱਟ ਰਿਹੈ…ਅਚਾਨਕ ਹੀ ਬੱਦਲ਼ਾਂ ਦੀ ਖੌਫਨਾਕ ਗਰਜ ਨਾਲ਼ ਅਸਮਾਨੀ ਬਿਜਲੀ ਦੀ ਵਿੰਨ੍ਹਵੀਂ ਧਾਰੀ ਜਹਾਜ਼ ਦੇ ਅੰਦਰ ਤੱਕ ਆ ਕੇ ਏਨੀ ਜ਼ੋਰ ਦੀ ਲਿਸ਼ਕੀ ਕਿ ਮੇਰਾ ਤ੍ਰਾਹ ਨਿੱਕਲ਼ ਗਿਆ।
ਬਿਜਲੀ ਸਾਡੇ ਜਹਾਜ਼ ‘ਤੇ ਹੀ ਪਈ ਜਾਪੀਪਰ ਨਹੀਂ, ਲਾਗੇ-ਚਾਗੇ ਕਿਸੇ ਹੋਰ ਥਾਂ ਪਈ ਸੀ। ਸ਼ਰਮੇ ਲਈ ਖਤਰੇ ਦੀ ਹੱਦ ਸੀ ਇਹ। ਉਸਨੇ ਜਹਾਜ਼ ਪਿਛਾਂਹ ਮੋੜ ਲਿਆ। ਅਸੀਂ ਸ਼ੁਕਰ ਕੀਤਾ। ਪਾਰਟੀਆਂ ਦੇ ਰੌਣਕ-ਮੇਲਿਆਂ ‘ਚ ਸ਼ਾਮਲ ਹੋਣ ਦੇ ਚਾਅ ਤਾਂ ਹੁੰਦੇ ਹਨ ਪਰ ਚਾਵਾਂ ਦੇ ਵੇਗ ਵਿਚ ਜਾਨ ਖ਼ਤਰੇ ‘ਚ ਪਾ ਲੈਣੀ ਸਿਆਣਪ ਨਹੀਂ। ਮੇਰੇ ਲਈ, ਕਿਸ਼ਤੀ ਵਾਲ਼ੀ ਘਟਨਾ ਤੋਂ ਬਾਅਦ ਮੌਤ ਨਾਲ਼ ਸਾਹਮਣਾ ਹੋਣ ਦੀ ਇਹ ਦੂਜੀ ਘਟਨਾ ਸੀ।
ਵਾਪਸ ਹਾਸ਼ੀਮਾਰੇ ਪਹੁੰਚ ਕੇ ਸ਼ਰਮੇ ਨੇ ਗੱਡੀ ਮੰਗਾਈ ਅਤੇ ਆਪਣਾ ਬੈੱਡ-ਹੋਲਡਾਲ ਉਠਾਉਂਦਾ ਬੋਲਿਆ, “ਤੁਹਾਡੇ ਵਾਸਤੇ ਹੋਰ ਗੱਡੀ ਆ ਰਹੀ ਐ। ਤੁਸੀਂ ਆਪਣਾ ਸਾਮਾਨ ਜਹਾਜ਼ ‘ਚ ਹੀ ਰਹਿਣ ਦਿਓ। ਡਿਨਰ ਕਰਕੇ ਜਹਾਜ਼ ‘ਚ ਆ ਕੇ ਸੌਂ ਜਿਓ। ਸਵੇਰੇ ਛੇ ਵਜੇ ‘ਟੇਕਆਫ’ ਕਰਾਂਗੇ।”
ਅਸੀਂ ਮੈੱਸ ਤੋਂ ਮੁੜ ਕੇ ਜਹਾਜ਼ ਦੀਆਂ ਸੀਟਾਂ ਫੋਲਡ ਕੀਤੀਆਂ ਤੇ ਬਿਸਤਰੇ ਵਿਛਾ ਲਏ। ਦੱਤਾ ਕਿਤਾਬ ਪੜ੍ਹਨ ਲੱਗ ਪਿਆ। ਮੈਂ ਸੌਂ ਗਿਆ। ਰਾਤ ਵਾਲ਼ਾ ‘ਡਿਊਟੀ ਅਫਸਰ’ ਪੈਟਰੋਲਿੰਗ ਦੌਰਾਨ ਜਦੋਂ ਓਧਰ ਆਇਆ ਤਾਂ ਉਸਨੇ ਜਹਾਜ਼ ਅੰਦਰਲੀ ਲਾਈਟ ਜਗਦੀ ਵੇਖੀ। ਜਹਾਜ਼ ਦੇ ਕੋਲ਼ ਆ ਕੇ ਉਸਨੇ ਦਰਵਾਜ਼ੇ ਦੇ ਸ਼ੀਸ਼ੇ ਵਿਚੀਂ ਅੰਦਰ ਝਾਕਿਆ। ਦੱਤੇ ਨੂੰ ਕਿਤਾਬ ਪੜ੍ਹਦਾ ਦੇਖ ਉਸਨੇ ਦਰਵਾਜ਼ਾ ਖੁਲ੍ਹਵਾ ਲਿਆ। ਉਸਨੂੰ ਦੇਖਦਿਆਂ ਹੀ ਦੱਤਾ ਸੁੰਨ ਹੋ ਗਿਆ। ਭੁਚੱਕੇ ਵਿਚ ਉਸਨੂੰ ਇੰਜ ਜਾਪਿਆ ਜਿਵੇਂ ਉਸਦੇ ਸਾਹਮਣੇ ਫਲਾਈਂਗ ਅਫਸਰ ਸੱਤ ਪ੍ਰਕਾਸ਼ ਦਾ ਭੂਤ ਖੜ੍ਹਾ ਹੋਵੇ। ਸੱਤ ਪ੍ਰਕਾਸ਼ ਸਾਡੇ ਸੁਕਆਡਰਨ ਦਾ ਪਾਇਲਟ ਸੀ। ਕੁਝ ਮਹੀਨੇ ਪਹਿਲਾਂ ਜਹਾਜ਼-ਹਾਦਸੇ ਵਿਚ ਉਸਦੀ ਮੌਤ ਹੋ ਗਈ ਸੀ। “ਤੁਸੀਂ ਜਹਾਜ਼ ਦੇ ਅੰਦਰ ਕਿਉਂ ਹੋ? ਬੈਰਕ ‘ਚ ਕਿਉਂ ਨਹੀਂ ਗਏ?” ਡਿਊਟੀ ਅਫਸਰ ਨੇ ਪੁੱਛਿਆ। ਪਰ ਦੱਤੇ ਦੀ ਜਿਵੇਂ ਜ਼ਬਾਨ ਠਾਕੀ ਗਈ ਹੋਵੇ। ਡਿਊਟੀ ਅਫਸਰ ਨੇ ਮੈਨੂੰ ਜਗਾ ਲਿਆ। ਪਹਿਲੀ ਨਜ਼ਰੇ ਤਾਂ ਮੈਨੂੰ ਵੀ ਅਚੰਭਾ ਲੱਗਾ ਪਰ ਅਗਲੇ ਹੀ ਪਲ ਚੇਤਾ ਆ ਗਿਆ। ਉਹ ਸੱਤ ਪ੍ਰਕਾਸ਼ ਦਾ ਛੋਟਾ ਭਰਾ ਸੀ। ਹਾਸ਼ੀਮਾਰਾ ਦੇ ਇਕ ਸੁਕਆਡਰਨ ‘ਚ ਪਾਇਲਟ ਸੀ ਉਹ। ਸੱਤ ਪ੍ਰਕਾਸ਼ ਦੇ ਸਸਕਾਰ ਸਮੇਂ ਮੈਂ ਉਸਨੂੰ ਵੇਖਿਆ ਹੋਇਆ ਸੀ। ਦੋਨਾਂ ਦੀਆਂ ਸ਼ਕਲਾਂ ਬਿਲਕੁਲ ਮਿਲਦੀਆਂ ਸਨ। ਮੈਂ ਉਸਨੂੰ ਰਾਹ ‘ਚੋਂ ਮੁੜ ਕੇ ਆਉਣ ਅਤੇ ਸਵੇਰੇ ਸਾਝਰੇ ‘ਟੇਕਆਫ’ ਕਰਨ ਬਾਰੇ ਦੱਸਿਆ। ਲਾਈਟ ਬੁਝਾਉਣ ਦਾ ਆਦੇਸ਼ ਦੇ ਕੇ ਉਹ ਚਲਾ ਗਿਆ। ਮੇਰੇ ਪੁੱਛਣ ਤੇ ਦੱਤਾ ਨੇ ਦੱਸਿਆ ਕਿ ਸੱਤ ਪ੍ਰਕਾਸ਼ ਦੇ ਜਹਾਜ਼-ਹਾਦਸੇ ਸਮੇਂ ਉਹ ਛੁੱਟੀ ‘ਤੇ ਸੀ। ਉਸਨੇ ਉਸਦੇ ਭਰਾ ਨੂੰ ਦੇਖਿਆ ਨਹੀਂ ਸੀ ਹੋਇਆ। ਦੱਤਾ ਕਾਲ਼ੇ ਰੰਗ ਦਾ ਆਸਾਮੀ ਸੀ। ਮੈਨੂੰ ਮਜ਼ਾਕ ਸੁੱਝਿਆ। ਮੈਂ ਕਿਹਾ, “ਅਰੇ ਦੱਤਾ ਮੁਝੇ ਲਗਤਾ ਹੈ ਕਿ ਭੂਤ ਵਾਲ਼ੀ ਬਾਤ ਇਕਤਰਫੀ ਨਹੀਂ ਥੀ।” “ਵ੍ਹਾਟ ਡੂ ਯੂ ਮੀਨ?” ਦੱਤੇ ਨੇ ਹੈਰਾਨ ਹੋ ਕੇ ਪੁੱਛਿਆ। “ਤੇਰਾ ਕਾਲ਼ਾ ਰੰਗ ਦੇਖ ਕਰ ਡਿਊਟੀ ਅਫਸਰ ਨੇ ਤੁਝੇ ਭੀ ਭੂਤ ਸਮਝ ਲੀਆ ਹੋਗਾ।”ਦੱਤਾ ਕਿਸੇ ਫਿਲਮ ਦਾ ਗੀਤ ਗਾਉਣ ਲੱਗ ਪਿਆ, “ਕਾਲੇ ਹੈਂ ਤੋ ਕਿਆ ਹੂਆ, ਦਿਲ ਵਾਲੇ ਹੈਂ.।” ਖ਼ੈਰ ਅਗਲੇ ਦਿਨ ਛਾਹ ਵੇਲੇ ਡਿੰਜਨ ਪਹੁੰਚ ਕੇ ਅਸੀਂ ਐਨਿਵਰਸਰੀ ਦੀਆਂ ਰੌਣਕਾਂ ਵਿਚ ਸ਼ਾਮਲ ਹੋ ਗਏ। ਐਨਿਵਰਸਰੀ ਤੋਂ ਇਲਾਵਾ ਸਾਡੇ ਸੁਕਆਡਰਨ ਦੀਆਂ ਸਾਲ ਵਿਚ ਦੋ ‘ਗੈੱਟ-ਟੁਗੈਦਰ’ ਪਾਰਟੀਆਂ ਵੀ ਹੁੰਦੀਆਂ ਸਨ। ਸਾਡਾ ਆਫਿਸਰ-ਕਮਾਂਡਿੰਗ ਸੁਕਆਡਰਨ ਲੀਡਰ ਸਿੱਧੂ ਬਹੁਤ ਚੰਗਾ ਸੀ। ਉਹ ਉਨ੍ਹਾਂ ਵਰਗਾ ਨਹੀਂ ਸੀ ਜੋ ਬੇਲੋੜਾ ਡਸਿਪਲਿਨ ਠੋਸ ਕੇ ਸੈਨਿਕਾਂ ਨੂੰ ਪੱਬਾਂ ਭਾਰ ਕਰੀ ਰੱਖਦੇ ਹਨ। ਉਹ ਇਕੱਠੇ ਹੋ ਕੇ ਬੈਠਣ, ਖਾਣ-ਪੀਣ ਤੇ ਨੱਚਣ-ਟੱਪਣ ਦੇ ਪ੍ਰੋਗਰਾਮਾਂ ਦਾ ਚਾਹਵਾਨ ਸੀ। ਉਹ ਕਲੀਨ-ਸ਼ੇਵਨ ਸੀ। ਅੰਗ੍ਰੇਜ਼ੀ ਬਹੁਤ ਵਧੀਆ ਬੋਲਦਾ ਸੀ। ਏਅਰਫੋਰਸ ਵਿਚ ਗੱਲਬਾਤ ਅਤੇ ਲਿਖਣ ਦਾ ਮਾਧਿਅਮ ਅੰਗ੍ਰੇਜ਼ੀ ਹੋਣ ਕਰਕੇ ਏਅਰਮੈਨਾਂ ਨੂੰ ਆਪਣੇ ਸੂਬੇ ਦੇ ਅਫਸਰਾਂ ਨਾਲ਼ ਵੀ ਅੰਗ੍ਰੇਜ਼ੀ ਬੋਲਣੀ ਪੈਂਦੀ ਸੀ। ਮੈਂ ਜਦੋਂ ਸੁਕਆਡਰਨ ਵਿਚ ਗਿਆ ਤਾਂ ਸਿੱਧੂ ਸਾਬ੍ਹ ਦੀ ਟੁਣਕਵੀਂ ਅੰਗ੍ਰੇਜ਼ੀ ਸੁਣ ਕੇ ਇਹ ਅਨੁਮਾਨ ਲਾ ਬੈਠਾ ਕਿ ਉਹ ਪੰਜਾਬੀ ਤਾਂ ਟੁੱਟੀ-ਫੁੱਟੀ ਹੀ ਬੋਲਦਾ ਹੋਵੇਗਾ। ਪਰ ਜਦੋਂ ‘ਗੈੱਟ-ਟੁਗੈਦਰ’ ਪਾਰਟੀ ‘ਚ ਉਸਦੀਆਂ ਪੇਂਡੂ ਟਾਈਪ ਪੰਜਾਬੀ ਬੋਲੀਆਂ ਸੁਣੀਆਂ ਤਾਂ ਦੰਗ ਰਹਿ ਗਿਆ। ਉਸ ਕੋਲ਼ ਬੋਲੀਆਂ ਦਾ ਵੱਡਾ ਭੰਡਾਰ ਸੀ। ਪਾਰਟੀਆਂ ‘ਚ ਦਾਰੂ ਪੀ ਕੇ ਜਦੋਂ ਪੰਜਾਬੀਆਂ ਤੇ ਨਾਲ਼ ਹੀ ਗੈਰ-ਪੰਜਾਬੀਆਂ ਨੇ ਭੰਗੜਾ ਪਾਉਣ ਲੱਗ ਪੈਣਾ ਤਾਂ ਸਿੱਧੂ ਸਾਹਿਬ ਨੇ ਬੋਲੀਆਂ ਦੀ ਲੰਮੀ ਲੜੀ ਸ਼ੁਰੂ ਕਰ ਦੇਣੀ।
ਸੁਕਆਡਰਨ ਦੇ ਨੱਚਣ-ਟੱਪਣ ਦੇ ਪ੍ਰੋਗਰਾਮਾਂ ਦੀ ਗੱਲ ਕਰਦਿਆਂ ਮੈਨੂੰ ਆਸਾਮੀਆਂ ਦੇ ਨੱਚਣ-ਟੱਪਣ ਤੇ ਗਾਉਣ ਵਾਲ਼ੇ ਤਿਉਹਾਰ ‘ਬਿਹੂ’ ਦੀ ਯਾਦ ਆ ਗਈ ਏ। ਅਪ੍ਰੈਲ ‘ਚ ਮਨਾਏ ਜਾਂਦੇ ‘ਰਾਂਗਲੀ ਬਿਹੂ’ ਮੌਕੇ ਘਰਾਂ ਵਿਚ ਸਪੈਸ਼ਲ ਖਾਣੇ ਬਣਦੇ ਹਨ। ਨਵੀਆਂ ਪੁਸ਼ਾਕਾਂ ‘ਚ ਸਜੇ ਜਵਾਨ ਮੁੰਡੇ-ਕੁੜੀਆਂ ਟੋਲੀਆਂ ਬਣਾ ਕੇ ‘ਬਿਹੂ’ ਦੇ ਗੀਤ ਗਾਉਂਦੇ ਤੇ ਨੱਚਦੇ ਹਨ। ਕੁੜੀਆਂ ਆਪਣੇ ਪਿੰਡਾਂ ਤੋਂ ਬਾਹਰ ਦਰਖਤਾਂ ਦੇ ਕਿਸੇ ਝੁੰਡ ਹੇਠ ਨੱਚਦੀਆਂ ਹਨ। ਮੈਂ ਤੇ ਮੇਰੇ ਸਾਥੀ ਓਹਲਾ ਜਿਹਾ ਬਣਾ ਕੇ ਫਾਸਲੇ ਤੋਂ ਹੀ ਨੱਚਦੀ-ਗਾਉਂਦੀ ਜਵਾਨੀ ਦੇ ਦ੍ਰਿਸ਼ ਵੇਖ ਲਿਆ ਕਰਦੇ ਸਾਂ।
ਆਸਾਮ ਦੀਆਂ ਤਿੰਨ ਮਸ਼ਹੂਰ ਚੀਜ਼ਾਂ:
(1) ਆਸਾਮ ਦੀ ਚਾਹ-ਪੱਤੀ ਨੂੰ ਸੰਸਾਰ-ਪ੍ਰਸਿੱਧੀ ਹਾਸਲ ਹੈ। ਡਿਬਰੂਗੜ੍ਹ ਨੂੰ ਭਾਰਤ ਦਾ ‘ਚਾਹ-ਪਤੀ ਸ਼ਹਿਰ’ ਕਿਹਾ ਜਾਂਦੈ।
(2) ਆਸਾਮੀਆਂ ਦੇ ਹੱਥਾਂ ਦੇ ਬਣਾਏ ਬੈਂਤ ਅਤੇ ਬਾਂਸ ਦੇ ਛਿੱਕੂ, ਟੋਕਰੀਆਂ, ਫਰਨੀਚਰ ਤੇ ਹੋਰ ਕਈ ਵਸਤਾਂ ਕਲਾਮਈ ਵੀ ਹੁੰਦੀਆਂ ਹਨ ਤੇ ਹੰਢਣਸਾਰ ਵੀ।
(3) ਆਸਾਮ ਦਾ ਖੱਡੀਆਂ ‘ਤੇ ਬੁਣਿਆਂ ਸਿਲਕੀ ਤੇ ਸੂਤੀ ਕਪੱੜਾ ਬਹੁਤ ਮਸ਼ਹੂਰ ਹੈ। ਹੁਣ ਤਾਂ ਪਤਾ ਨਹੀਂ, ਸੱਠਵਿਆਂ ਵਿਚ ਓਥੇ ਆਮ ਘਰਾਂ ‘ਚ ਹੱਥ-ਖੱਡੀਆਂ ਹੁੰਦੀਆਂ ਸਨ। ਆਸਾਮੀਆਂ ਦੀ ਕੱਪੜਾ ਬੁਣਨ-ਕਸੀਦਣ ਦੀ ਹੁਨਰਮੰਦੀ ਦੀ ਦਾਦ ਦੇਂਦਿਆਂ ਮਹਾਤਮਾਂ ਗਾਂਧੀ ਨੇ ਠੀਕ ਹੀ ਆਖਿਆ ਸੀ, “ਆਸਾਮ ਦੇ ਲੋਕ ਖੱਡੀਆਂ ‘ਤੇ ਸੁਪਨੇ ਵੀ ਬੁਣ ਸਕਦੇ ਹਨ।”
ਮੈਂ ਵੀ ਆਪਣੇ ਨਾਵਲ ਦੀਆਂ ਤੰਦਾਂ ਬੁਣਨ ਦਾ ਕਾਰਜ ਆਸਾਮ ‘ਚ ਹੀ ਸ਼ੁਰੂ ਕੀਤਾ ਸੀ। ਨਾਵਲ ਲਿਖਣ ਲਈ ਇਕਾਂਤ ਚਾਹੀਦਾ ਸੀ। ਮੇਰਾ ਜਦੋਂ ਮੂਡ ਬਣਦਾ ਮੈਂ ਕਾਪੀ-ਪੈੱਨ ਲੈ ਕੇ ਲਾਗਲੀ ਨਦੀ ਕਿਨਾਰੇ ਚਲਾ ਜਾਂਦਾ। ਦੋਸਤ ਮਖੌਲ ਕਰਨ ਲੱਗ ਪਏ। ਇਕ ਦਿਨ ਮਨਜੀਤ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਟੋਣਾ ਲਾ ਦਿੱਤਾ, “ਇਹ ਆਪਣੇ ਬੰਦੇ ਨੂੰ ਕੀ ਹੋ ਗਿਆ ਬਈ?”
“ਬਿਮਾਰੀ ਕੋਈ ਟੇਢੀ ਜਿਹੀ ਐ। ਚੁੱਪ-ਗੜੁੱਪ ਜਿਹਾ ਹੋ ਕੇ, ਕਾਪੀ-ਪੈੱਨ ਲੈ ਕੇ ਬਾਹਰ ਨੂੰ ਤੁਰ ਪੈਂਦੇ।” ਰਾਜ ਨੇ ਫ਼ਿਕਰਮੰਦੀ ਦੀ ਐਕਟਿੰਗ ਕੀਤੀ।
“ਇਹਦਾ ਇਲਾਜ ਕਰ ਬਈ”। ਮਨਜੀਤ ਨੇ ਅਜੀਤ ਨੂੰ ਸਿਫਾਰਿਸ਼ ਪਾਉਣ ਵਾਂਗ ਕਿਹਾ।
“ਜਰਨੈਲ ਨੂੰ ਓਪਰੀ ਹਵਾ ਐ। ਡਾਕਟਰੀ ਇਲਾਜ ਨਹੀਂ, ‘ਕੇਰਾਂ ਇਹਦਾ ਹੱਥ ਹੌਲ਼ਾ ਕਰਾਉਣਾ ਪੈਣੈ।” ਅਜੀਤ ਨੇ ਗੰਭੀਰਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਬੁਲ਼੍ਹਾਂ ‘ਤੇ ਉੱਭਰੇ ਹਾਸੇ ਨੇ ਕੋਸ਼ਿਸ਼ ਨਾਕਾਮ ਕਰ ਦਿਤੀ।
“ਓਏ ਓਪਰੀ ਹਵਾ ਨਹੀਂ, ਮੈਂ ਉੱਪਰਲੀ ਹਵਾ ‘ਚ ਆਂ।” ਗੁਮਾਨ ਦਾ ਦਿਖਾਵਾ ਕਰਦਿਆਂ ਮੈਂ ਤੋੜਾ ਝਾੜਿਆ।
“ਵੱਡਿਆ ਉਡਾਰੂਆ ਪਤਾ ਉਦੋਂ ਈ ਲਗਣੈ ਜਦੋਂ ਲੋਟਣੀਆਂ ਖਾਂਦਾ…।”
“ਤੁਸੀਂ ਕਾਹਦੇ ਵਾਸਤੇ ਆਂ? ਹੇਠਾਂ ਡਿਗਦੇ ਨੂੰ ਸਾਂਭੋਗੇ ਨਹੀਂ।” ਰਾਜ ਦੀ ਗੱਲ ਵਿਚੇ ਟੋਕਦਿਆਂ ਮੈਂ ਆਖਿਆ।
“ਤੇਰਾ ਪੱਕਾ ਈ ਇਲਾਜ ਕਰ ਦਿੰਨੇ ਆਂ।” ਮਨਜੀਤ ਮਚਲਾ ਜਿਹਾ ਹੋ ਕੇ ਬੋਲਿਆ
ਕੀ?”
“ਤੈਨੂੰ ਇਕ ਕਾਲ਼ੀ-ਕਲੂਟੀ ਆਸਾਮਣ ਲਿਆ ਦਿੰਨੇ ਆਂ। ਉਹਨੇ ਤੇਰੇ ਪਰ ਕੁਤਰ ਦੇਣੇ ਆਂ। ਨਾ ਪਰ ਹੋਣ ਨਾ ਉੱਪਰਲੀ ਹਵਾ ‘ਚ ਜਾਵੇਂ।” ਸਾਡਾ ਚੌਹਾਂ ਦਾ ਹਾਸਾ ਨਿਕਲ਼ ਗਿਆ।
ਖ਼ੈਰ ਜਦੋਂ ਮੈਂ ਤਿੰਨਾਂ ਨੂੰ ਨਾਵਲ ਦੇ ਪਹਿਲੇ ਕੁਝ ਕਾਂਡ ਪੜ੍ਹਾਏ, ਉਨ੍ਹਾਂ ਨੂੰ ਚੰਗੇ ਲੱਗੇ। “ਆਪਣੇ ਬਾਈ ਨੂੰ ਗੱਲ ਬਣਾਉਣੀ ਆਉਂਦੀ ਐ।” ਰਾਜ ਨੇ ਰਾਇ ਦਿੱਤੀ।
“ਸੱਜਣਾ! ਅਸੀਂ ਰਾਜ ਦੀ ਗੱਲ ਨੂੰ ‘ਯੈਸ’ ਕਰਦੇ ਆਂ ਪਰ ਚਾਰ ਅੱਖਰ ਕਿਤੇ ਸਾਡੇ ਬਾਰੇ ਵੀ ਲਿਖੀਂ।” ਮਨਜੀਤ ਦੇ ਬੋਲਾਂ ਵਿਚ ਮਾਣ ਸੀ।
“ਜ਼ਰੂਰ।” ਮੇਰੇ ਅੰਦਰ ਲੇਖਕ ਬਣਨ ਦਾ ਜੋ ਚਾਅ ਉਮਡ ਰਿਹਾ ਸੀ, ਉਸ ਵਿਚੋਂ ਨਿਕਲਿਆ ਸੀ ਇਹ ਸ਼ਬਦ। ਪਰ ਉਦੋਂ ਮੈਨੂੰ ਇਹ ਬਿਲਕੁਲ ਨਹੀਂ ਸੀ ਪਤਾ ਕਿ ਮੇਰੀਆਂ ਰਚਨਾਵਾਂ ਬਾਰੇ ਪਾਠਕਾਂ ਦੇ ਪ੍ਰਤੀਕਰਮ ਕਿਹੋ ਜਿਹੇ ਹੋਣਗੇ। ਹੁਣ ਦੋਸਤਾਂ ਨਾਲ਼ ਕੀਤਾ ਵਾਅਦਾ ਪੂਰਾ ਕਰਦਿਆਂ ਮੈਂ ਆਪਣੀ ਕਲਮ ‘ਤੇ ਮਾਣ ਮਹਿਸੂਸ ਕਰ ਰਿਹਾਂ। ਪਾਠਕਾਂ ਤੇ ਵਿਦਵਾਨਾਂ ਵੱਲੋਂ ਮੇਰੀਆਂ ਕਹਾਣੀਆਂ ਨੂੰ ਮਿਲ ਰਹੀ ਪ੍ਰਸ਼ੰਸਾ ਦਾ ਮਾਣ।
ਨਾਵਲ ਦਾ ਅਜੇ ਤੀਜਾ ਕੁ ਹਿੱਸਾ ਹੀ ਨਿਬੇੜਿਆ ਸੀ ਕਿ ਮੇਰਾ ‘ਕਨਵਰਸ਼ਨ ਕੋਰਸ’ ਆ ਗਿਆ। ਨਾਲ਼ ਹੀ ਮਨਜੀਤ ਦਾ ਵੀ। ਇਸ ਕੋਰਸ ਦੀ ਪੜ੍ਹਾਈ ਪਹਿਲਾਂ ਵਾਲ਼ੇ ਟਰੇਨਿੰਗ ਸੈਂਟਰ ਤਾਂਬਰਮ ਵਿਖੇ ਹੀ ਹੋਣੀ ਸੀ। ਜਿਸ ਛਬੂਏ ਅਤੇ ਡਿੰਜਨ ਦੀ ਬਦਲੀ ਸੁਣ ਕੇ ਮੈਂ ਪ੍ਰੇਸ਼ਾਨ ਹੋ ਗਿਆ ਸਾਂ, ਹੁਣ ਓਥੋਂ ਰੁਖਸਤ ਹੋਣ ਨੂੰ ਦਿਲ ਨਹੀਂ ਸੀ ਕਰਦਾ। ਪਰ ਬਦਲੀਆਂ ਤੇ ਛੋਟੇ-ਵੱਡੇ ਕੋਰਸ ਏਅਰਫੋਰਸ ਦੀ ਜ਼ਿੰਦਗੀ ਦੇ ਅਨਿੱਖੜਵੇਂ ਪਹਿਲੂ ਹਨ। ਦੋਸਤਾਂ ਨਾਲ਼ੋਂ ਵਿਛੜਨਾ ਵੀ ਔਖਾ ਲੱਗ ਰਿਹਾ ਸੀ। ਪਰ ਹਾਲ ਦੀ ਘੜੀ ਮੈਂ ਤੇ ਮਨਜੀਤ ਇਕੱਠੇ ਸਾਂ। ਇਵੇਂ ਹੀ ਰਾਜ ਤੇ ਅਜੀਤ ਵੀ। ਉਹ ਸਾਨੂੰ ਰੇਲਵੇ ਸਟੇਸ਼ਨ ‘ਤੇ ਵਿਦਾ ਕਰਨ ਆਏ।
ਚੇਨਈ ਤੋਂ ਛਬੂਆ ਆਉਣ ਸਮੇਂ ਅਸੀਂ ਵਾਇਆ ਬਰੋਨੀ ਆਏ ਸਾਂ। ਪਰ ਹੁਣ ਜਾਣ ਵਾਸਤੇ ਮਿਲਿਆ ਰੇਲਵੇ ਵਾਰੰਟ (ਰੇਲਵੇ ਟਿਕਟ) ਵਾਇਆ ਹਾਵੜਾ ਸੀ। ਹਾਵੜਾ ਜੰਕਸ਼ਨ ‘ਤੇ 5 ਘੰਟੇ ਵੇਟਿੰਗ-ਟਾਈਮ ਸੀ। ਸਾਡੇ ਵਾਸਤੇ ਇਹ ਲਾਹੇਵੰਦ ਗੱਲ ਸੀ। ਕਲਕੱਤੇ ‘ਚ ਕੁਝ ਦੇਖਿਆ ਜਾ ਸਕਦਾ ਸੀ। ਮੈਂ ਆਪਣੇ ਸੁਕਆਡਰਨ ਦੇ ਇਕ ਬੰਗਾਲੀ ਸਾਥੀ ਨੂੰ ਉੱਥੋਂ ਦੀਆਂ ਵੇਖਣ ਯੋਗ ਥਾਵਾਂ ਬਾਰੇ ਪੁੱਛਿਆ। ਉਸਦੇ ਦੱਸਣ ਅਨੁਸਾਰ ਏਨੇ ਕੁ ਸਮੇਂ ‘ਚ ਅਸੀਂ ਹਾਵੜਾ ਬਰਿੱਜ ਤੇ ਭਾਰਤੀ ਮਿਊਜ਼ਿਅਮ ਵੇਖ ਸਕਦੇ ਸਾਂ।
ਅਸੀਂ ਤਿੰਨਸੁਕੀਆ ਤੋਂ ਗੋਹਾਟੀ ਅਤੇ ਉੱਥੋਂ ਰੇਲ ਬਦਲ ਕੇ ਹਾਵੜਾ ਪਹੁੰਚ ਗਏ। ਹਾਵੜਾ ਜੰਕਸ਼ਨ ‘ਚ ਦੂਰ-ਦੂਰ ਤੱਕ ਕਈ ਪਾਸਿਆਂ ਨੂੰ ਵਿਛੀਆਂ ਰੇਲ-ਪਟੜੀਆਂ ਵੇਖ ਕੇ ਅਸੀ ਦੰਗ ਰਹਿ ਗਏ। ਭਾਰਤ ਦਾ ਸਭ ਤੋਂ ਵਿਸ਼ਾਲ ਰੇਲਵੇ ਜੰਕਸ਼ਨ ਹੈ ਇਹ। ਸਾਮਾਨ ਜਮ੍ਹਾਂ ਕਰਵਾ ਕੇ ਮੈਂ ਤੇ ਮਨਜੀਤ ਹਾਵੜਾ ਬਰਿੱਜ ਦੇਖਣ ਟੁਰ ਪਏ।
ਕਰੋੜਾਂ ਟਨ ਫੌਲਾਦ ਦੇ ਬਣੇ 2300 ਫੁੱਟ ਲੰਮੇ ਇਸ ਪੁਲ਼ ਦੀ ਸਟਰਕਚਰ ਉੱਪਰ ਵੱਲ ਨੂੰ ਹੀ ਹੈ। ਹੇਠਲੇ ਪਾਸੇ ਕੋਈ ਪਿੱਲਰ ਨਹੀਂ। ਪੁਲ਼ ਹੇਠ ਵਗਦੇ ਵਿਸ਼ਾਲ ਦਰਿਆ ਹੁਗਲੀ ਵਿਚ ਸਮੁੰਦਰੀ ਜਹਾਜ਼ਾਂ ਦੀ ਅਤੇ ਉੱਪਰ ਵਾਹਨਾਂ ਤੇ ਰਾਹਗੀਰਾਂ ਦੀ ਆਵਾਜਾਈ ਸੀ। ਪੁਲ਼ ‘ਤੇ ਟੁਰਦਿਆਂ ਅਸੀਂ ਪੁਲ਼ ਦੀ ਤਕਨਾਲੋਜੀ ਨੂੰ ਵੇਖ-ਘੋਖ ਰਹੇ ਸਾਂ। ਜੋੜਾਂ ‘ਤੇ ਨਟ-ਬੋਲਟ ਨਹੀਂ ਰਿਵਟਾਂ ਸਨ। ਅਸੀਂ ਜਾਣਦੇ ਸਾਂ ਕਿ ਰਿਵਟਾਂ ਵਾਲ਼ੀ ਸਟਰਕਚਰ ਜ਼ਿਆਦਾ ਚਿਰ-ਸਥਾਈ ਹੁੰਦੀ ਹੈ।
ਪੁਲ਼ ਵੇਖਣ ਬਾਅਦ, ਅਸੀਂ ਪਹਿਲਾਂ ਟਰਾਮ ਤੇ ਫਿਰ ਬੱਸ ਫੜ ਕੇ ਨੈਸ਼ਨਲ ਮਿਊਜ਼ਿਅਮ ਜਾ ਪਹੁੰਚੇ। ਭਾਰਤ ਦਾ ਸਭ ਤੋਂ ਪੁਰਾਣਾ ਤੇ ਵੱਡਾ ਇਹ ਮਿਊਜ਼ਿਅਮ ਪੂਰਵ-ਇਤਿਹਾਸਕ ਕਾਲ ਤੋਂ ਲੈ ਕੇ ਮੁਗਲਾਂ ਦੇ ਸਮੇਂ ਤੱਕ ਦੀਆਂ ਪੁਰਾਤਨ ਵਸਤਾਂ ਦਾ ਵੱਡਾ ਭੰਡਾਰ ਹੈ। ਅਨੇਕ ਤਰ੍ਹਾਂ ਦੇ ਸਿੱਕਿਆਂ, ਗਹਿਣਿਆਂ, ਜ਼ੱਰਾਬਕਤਰਾਂ, ਹਥਿਆਰਾਂ, ਚਿੱਤਰਾਂ, ਮਿੱਟੀ ਤੇ ਚੀਨੀ ਦੇ ਬਰਤਨਾਂ, ਦਰੀਆਂ, ਗਲੀਚਿਆਂ ਆਦਿ ਨੂੰ ਵੇਖਦਿਆਂ ਮੈਨੂੰ ਭਾਰਤ ਦੀ ਪੁਰਾਤਨ ਕਲਾ-ਕੁਸ਼ਲਤਾ ਅਤੇ ਸ਼ਿਲਪਕਾਰੀ ਦੀ ਅਮੀਰੀ ‘ਤੇ ਮਾਣ ਮਹਿਸੂਸ ਹੋ ਰਿਹਾ ਸੀ।
ਓਥੋਂ ਅਸੀਂ ਟਰਾਮ ਫੜੀ, ਇਕ ਜਗ੍ਹਾ ਉੱਤਰ ਕੇ ਪੰਜਾਬੀ ਰੈਸਟੋਰੈਂਟ ‘ਚ ਸਾਗ ਤੇ ਮੱਕੀ ਦੀ ਰੋਟੀ ਦਾ ਸੁਆਦ ਮਾਣਿਆਂ ਅਤੇ ਸਟੇਸ਼ਨ ‘ਤੇ ਪਹੁੰਚ ਗਏ। ਰੇਲ ‘ਤੇ ਸਵਾਰ ਹੋ ਚੇਨਈ ਅਤੇ ਓਥੋਂ ਟਰੇਨਿੰਗ ਸੈਂਟਰ ਤਾਂਬਰਮ ਪਹੁੰਚ ਗਏ।
(ਚਲਦਾ)
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …