15 ਅਗਸਤ ਦਾ ਦਿਨ
15 ਅਗਸਤ ਸੀ ਕਿਸ ਨੇ ਮਨਾਉਣਾ,
ਫਾਂਸੀਆਂ ਜੇ ਜੋਧੇ ਚੜ੍ਹਦੇ ਨਾ।
ਭਾਰਤ ਦੇਸ਼ ਤੋਂ ਮਰ ਮਿਟਣੇ ਲਈ,
ਕਤਾਰਾਂ ਬੰਨ-ਬੰਨ ਖੜ੍ਹਦੇ ਨਾ ।
ਤਨ ਤੇ ਨਾ ਸਹਿੰਦੇ ਗੋਲੀਆਂ, ਡਾਂਗਾਂ,
ਤੇ ਹੇਠ ਜੰਡਾਂ ਦੇ ਸੜਦੇ ਨਾ ।
ਅਜ਼ਾਦੀ ਖ਼ਾਤਿਰ ਦੂਰ ਘਰਾਂ ਤੋਂ,
ਕਾਲੇ ਪਾਣੀ ਜੇਲੀਂ ਵੜ੍ਹਦੇ ਨਾ ।
ਜਲਿਆਂ ਵਾਲਾ ਦੁਖਾਂਤ ਨਾ ਹੁੰਦਾ,
ਖਿੜ੍ਹੇ ਫ਼ੁੱਲ ਟਹਿਣੀਓ ਝੜ੍ਹਦੇ ਨਾ ।
ਊਧਮ ਵਰਗੇ ਨਾ ਖਾ ਕੇ ਸਹੁੰਆਂ,
ਜਾ ਲੰਡਨ ਪਾਪੀ ਨੂੰ ਘੜਦੇ ਨਾ ।
ਭਗਤ, ਸਰਾਭੇ ਉਮਰ ਹੰਢਾਉਂਦੇ,
ਜੇ ਜ਼ੁਲਮ ਦੇ ਮੂਹਰੇ ਅੜ੍ਹਦੇ ਨਾ ।
ਆਪਣੀ ਹੀ ਮਾਂ ਦੀ ਹਿੱਕ ਚੀਰ ਕੇ,
ਵੀਰ ਵੀਰਾਂ ਸੰਗ ਲੜਦੇ ਨਾ ।
ਗੁਆਂਢੀਆਂ ਦੇ ਸਿਰ ਆਪਣੇ ਮਸਲੇ,
ਅੱਜ ਨੇਤਾ ਸਾਡੇ ਮੜਦੇ ਨਾ ।
ਗਿੱਲ ਬਲਵਿੰਦਰ ਫਿਰ ਕੀ ਲਿਖਦਾ,
‘ਪਰਵਾਸੀ’ ਜੇ ਪਾਠਕ ਪੜ੍ਹਦੇ ਨਾ ।
ਗਿੱਲ ਬਲਵਿੰਦਰ
CANADA +1.416.558.5530, ([email protected])