ਉੱਠੋ ਦਰਦੀ ਦਰਦਾਂ ਵਾਲਿਓ,
ਆਪਣਾ ਫਰਜ਼ ਨਿਭਾਓ।
ਧੀਆਂ ਵਿੱਚ ਚੁਰਾਹੇ ਰੋਂਦੀਆਂ,
ਕਿਤੋਂ ਵਾਰਿਸ ਲੱਭ ਲਿਆਓ।
ਉਹ ਇੱਕ ਦੇ ਹੱਕ ‘ਚ ਬੋਲਿਆ,
ਤੇ ਕਲਮ ਨੇ ਪਾਏ ਵੈਣ।
ਅੱਜ ਲੱਖਾਂ ਹੀ ਕੁਰਲਾਉਂਦੀਆਂ,
ਜ਼ੁਲਮ ਨਾ ਹੁੰਦੇ ਸਹਿਣ।
ਮੁੜ ਅਵਾਜ਼ ਉਠਾਈ ਅੰਮ੍ਰਿਤਾ,
ਆਪਣਾ ਫਰਜ਼ ਪਛਾਣ।
ਹਾਅ ਦਾ ਨਾਹਰਾ ਮਾਰਿਆ,
ਅਸੀਂ ਕਰੀਏ ਅੱਜ ਵੀ ਮਾਣ।
ਹੋਏ ਔਖੇ ਸੁਣਨੇ ਕੀਰਨੇ,
ਨੀਂਦੋਂ ਜਾਣ ਹਲੂਣ।
ਆਪਣੇ ਹੀ ਸਾਹ ਮੰਗਦੀਆਂ,
ਨਹੀਂ ਜੰਮੀਆਂ ਅਜੇ ਭਰੂਣ।
ਕਿਉਂ ਕੋਈ ਅਖਵਾਏ ਅਬਲਾ,
ਹੱਕ ਬਰਾਬਰ ਮੰਗੇ।
ਹੋ ਰਹੀ ਚੌਰਾਹੇ ਬੇਪੱਤੀ,
ਕਨੂੰਨ ਵੀ ਛਿੱਕੇ ਟੰਗੇ।
ਧਰਮ ਕਦੇ ਨਾ ਵੈਰ ਸਿਖਾਉਂਦਾ,
ਗੱਲ ਪਿਆਰ ਦੀ ਕਰਦਾ।
ਪਰ ਅੱਜ ਸਾਰਾ ਲੋਟੂ ਲਾਣਾ,
ਵੋਟਾਂ ਦੀ ਹੀ ਕਰਦਾ।
ਇਹ ਕੇਹੀ ਹਵਾ ਵਗ ਰਹੀ,
ਲੱਗਿਆ ਜਿਵੇਂ ਗ੍ਰਹਿਣ।
ਸੱਧਰਾਂ ਦਾ ਖੂਨ ਹੋ ਗਿਆ,
ਜਿਵੇਂ ਹਾਉਂਕੇ ਗੋਤੇ ਲੈਣ।
ਸ਼ਾਲਾ! ਆਗੂ ਇਸ ਦੇਸ਼ ਦੇ,
ਅਕਲ ਨੂੰ ਹੱਥ ਮਾਰਨ।
ਕੁੱਝ ਕਰਨ ਭਲੇ ਦੇ ਕੰਮ ਵੀ,
ਜਾਨ ਦੇਸ਼, ਕੌਮ ਤੋਂ ਵਾਰਨ।
– ਸੁਲੱਖਣ ਮਹਿਮੀ
+647-786-6329
ਕਿਤੋਂ ਵਾਰਿਸ ਲੱਭ ਲਿਆਓ….
RELATED ARTICLES

