Breaking News
Home / ਰੈਗੂਲਰ ਕਾਲਮ / ਬੋਲ ਬਾਵਾ ਬੋਲ

ਬੋਲ ਬਾਵਾ ਬੋਲ

ਸਿਰ ‘ਤੇ ਘੁੰਮਦਾ ਮਨ ਦਾ ਪੱਖਾ – (2)
ਦੁਰਗਾ ਦੱਤ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗਿਆ। ਸਿਗਰਟ ਉਹ ਇਸ ਲਈ ਪੀਂਦਾ ਸੀ ਕਿਉਂਕਿ ਉਸ ਦੀ ਛਾਤੀ ‘ਤੇ ਰੇਸ਼ਾ ਜੰਮਿਆ ਰਹਿੰਦਾ… ਜਦੋਂ ਸਿਗਰਟ ਪੀ ਕੇ ਖੰਘਦਾ ਤਾਂ ਰੇਸ਼ੇ ਦੇ ਗੜਿੱਫ਼ੇ ਬਾਹਰ ਨਿਕਲਦੇ। ਬਲੱਡ ਪ੍ਰੈਸ਼ਰ ਦੀ ਗੋਲੀ ਦਾ ਤਾਂ ਉਹ ਰਤਾ ਵਿਸਾਹ ਨਹੀਂ ਸੀ ਖਾਂਦਾ। ਇਕ ਪੱਤਾ ਘਰੇ ਰਖਦਾ, ਇਕ ਰਿਟਾਇੰਰਗ ਰੂਮ ਵਿਚ। ਉਹ ਬਹੁਤ ਉਦਾਸ-ਉਦਾਸ ਰਹਿਣ ਲੱਗਿਆ। ਬੋਲਣ ਵੀ ਘੱਟ ਲੱਗਿਆ। ਭੁੱਖ ਵੀ ਘੱਟ ਲਗਦੀ। ਅਜਿਹਾ ਪਹਿਲਾਂ ਕਦੀ ਨਹੀਂ ਸੀ ਹੁੰਦਾ ਕਿ ਉਹ ਸੁੱਤਾ ਪਿਆ ਡਰੇ। ਹੁਣ ਉਹ ਪਿਆ-ਪਿਆ ਡਰਨ ਲੱਗਿਆ। ਬਿਮਲਾ ਲਾਗਿਉਂ ਬੋਲਦੀ, ”ਹਾਏ ਹਾਏ, ਕੀ ਹੋਇਆ ਜੀ… ਆਹ ਲਓ ਪਾਣੀ ਪੀਓ ਜ਼ਰਾ… ਰੱਬ ਦਾ ਨਾਂ ਲਓ ਖਾਂ… ਕੀ ਹੋਇਆ ਏ?”
ਕਾਲਾ ਕੋਟ ਉਹ ਸਿਰਫ਼ ਸਰਦੀਆਂ ਵਿਚ ਅਦਾਲਤ ਵਿਚ ਬੈਠਣ ਲੱਗਿਆ ਪਾ ਲੈਂਦਾ ਸੀ। ਗਰਮੀਆਂ ਵਿਚ ਸਿਰਫ਼ ਚਿੱਟੀ ਸ਼ਰਟ ਪਹਿਨਦਾ। ਉਸ ਦੀ ਸ਼ਰਟ ਨਾਲ ਸਬਜ਼ੀ ਲੱਗੀ ਹੋਈ, ਦਾਗ ਸਬ ਨੂੰ ਦਿਸਦੇ। ਇਕ ਦਿਨ ਬਿਮਲਾ ਆਖਣ ਲੱਗੀ, ”ਨਾ ਜੀ ਤੁਹਾਨੂੰ ਹੁੰਦਾ ਕੀ ਜਾਂਦਾ ਏ.. ਬਾਥਰੂਮ ਨਹਾਣ ਜਾਂਦੇ… ਛੇਤੀ-ਛੇਤੀ ਬਾਹਰ ਨਿਕਲ ਆਂਦੇ ਓ… ਮੈਨੂੰ ਲਗਦਾ ਏ ਤੁਸੀਂ ਬੁਰਸ਼ ਕਰਨਾ ਵੀ ਛੱਡਿਆ ਹੋਇਐ… ਹਾਏ ਹਾਏ … ਇਹ ਕੀ ਗੱਲ ਹੋਈ…?”
”ਤੂੰ ਆਪਣਾ ਕੰਮ ਕਰਿਆ ਕਰ… ਮੇਰੇ  ਕੰਮ ਵਿਚ ਦਖ਼ਲਅੰਦਾਜ਼ੀ ਨਹੀਂ ਕਰਨੀ… ਮੱਤਾਂ ਨਾ ਦਿਆ ਕਰ… ਸਾਰੀ ਉਮਰ ਦਿੱਤੀਆਂ ਤੇਰੀਆਂ ਮੱਤਾਂ ਮੈਨੂੰ ਲੈ ਬੈਠੀਆਂ।”
ਬਿਮਲਾ ਰਾਣੀ ਡੁਸਕਣ ਲੱਗੀ। ਇਕ ਦਿਨ ਪੁੱਤਰ ਵਿਜੈ ਨੂੰ ਬੁਲਾ ਲਿਆ। ਉਸ ਨੇ ਪਿਤਾ ਨਾਲ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ। ਗੱਲਬਾਤ ਦੌਰਾਨ ਦੁਰਗਾ ਦੱਤ ਕਈ ਤਰ੍ਹਾਂ ਦੀਆਂ ਔਟਲੀਆਂ ਜਿਹੀਆਂ ਗੱਲਾਂ ਕਰੀ ਗਿਆ। ”ਮੈਨੂੰ ਸਿਵਾਏ ਲਾਹਨਤਾਂ ਤੋਂ ਦਿੱਤਾ ਕੀ ਗਏ ਏਸ ਜੱਜੀ ਨੇ…। ਕਾਲਾ ਕੋਟ ਨਾਂ ਦਾ ਈ ਏ… ਪੁੱਤਰ ਪਹਿਨ ਤਾਂ ਤੂੰ ਵੀ ਲਿਆ ਏ ਤੇ ਪੇਪਰ ਕਲੀਅਰ ਵੀ ਕਰ ਜਾਏਂਗਾ ਪਰ…।” ਇਹ ਆਖ ਦੁਰਗਾ ਦੱਤਾ ਅੱਖਾਂ ਪੂੰਝਣ ਲੱਗ ਪਿਆ। ਵਿਜੈ ਕਈ ਦਿਨਾਂ ਦਾ ਵਿਹਲ ਕੱਢ ਕੇ ਆਇਆ ਸੀ। ਅਦਾਲਤਾਂ ਵਿਚ ਗਰਮੀ ਦੀਆਂ ਛੁੱਟੀਆਂ ਹੋਣ ਵਾਲੀਆਂ ਸਨ। ਉਸ ਨੇ ਸੋਚਿਆ ਕਿ ਪਿਤਾ ਜੀ ਨੂੰ ਮਨੋਰੋਗਾਂ ਦੇ ਕਿਸੇ ਮਾਹਰ ਡਾਕਟਰ ਨੂੰ ਵਿਖਾਣਾ ਚਾਹੀਦੈ।
ਸੋ ਪਤਾ ਕੀਤਾ ਤਾਂ ਡਾ.ਹਰੀਸ਼ ਮਿਲ ਗਿਆ। ਡਾ. ਹਰੀਸ਼ ਆਖਣ ਲੱਗਿਆ, ”ਮੈਂ ਹੀ ਕੋਠੀ ਆ ਜਾਂਦਾ ਆਂ।” ਉਹ ਸ਼ਾਮੀ ਆ ਗਿਆ।
”ਮੈਨੂੰ ਡਾਕਟਰ ਸਾਹਬ ਪਾਣੀ ਤੋਂ ਡਰ ਆਉਂਦੈ… ਮੈਂ ਨਹਾਤੇ ਬਿਨਾ ਹੀ ਬਾਥਰੂਮ ਵਿਚੋਂ ਬਾਹਰ ਆ ਜਾਨਾਂ। ਸਿਰ ‘ਤੇ ਤੇਲ ਤੇ ਥੋੜ੍ਹਾ ਕੁ ਪਾਣੀ ਲਾ ਕੇ ਕੰਘੀ ਫੇਰ ਲੈਨਾਂ… ਨਹਾਤੇ ਬਰਾਬਰ ਹੋ ਜਾਈ ਦਾ ਆ… ਪਰ ਪਾਣੀ… ਮੈਨੂੰ ਰਾਤੀ ਸੁਪਨੇ ਵਿਚ ਭਰ-ਭਰ ਉਛਲਦੀਆਂ ਨਹਿਰਾਂ, ਦਰਿਆ ਤੇ ਖੱਡ ਪਾਣੀ ਭਰੇ… ਦਿਖਦੇ ਨੇ… ਮੈਂ ਉਨ੍ਹਾਂ ਦੇ ਕਿਨਾਰਿਆਂ ‘ਤੇ ਫਿਰਦਾਂ… ਲਗਦਾ ਕਿ ਪਾਣੀ ਹੁਣੇ ਮੈਨੂੰ ਆਪਣੀ ਤਰਫ਼ ਖਿੱਚ ਲਵੇਗਾ… ਮੈਂ ਡੁੱਬ ਜਾਵਾਂਗਾ… ਮੇਰੀਆਂ ਚੀਕਾਂ ਨਿਕਲਦੀਆਂ… ਆਹ ਪਤਨੀ ਨੂੰ ਪੁੱਛੋ ਜ਼ਰਾ।”
ਡਾਕਟਰ ਨੂੰ ਦੱਸ ਰਹੇ ਪਿਤਾ ਦੀ ਗੱਲ ਸੁਣਦਿਆਂ ਲਾਗੇ ਬੈਠਾ ਵਿਜੈ ਭਾਵੁਕ ਹੋ ਗਿਆ। ਭਰੀ ਆਵਾਜ਼ ਵਿਚ ਬੋਲਿਆ, ”ਪਾਪਾ.. ਪਾਪਾ… ਕੀ ਹੋ ਕੀ ਗਿਐ ਤੁਹਾਨੂੰ… ਆਹ ਗੱਲਾਂ ਤਾਂ ਮੈਨੂੰ ਪਤਾ ਈ ਨਹੀਂ… ਕਦੋਂ ਹੁੰਦਾ ਆ ਰਿਹਾ ਐ ਏਹ?”
ਡਾ. ਹਰੀਸ਼ ਬੋਲਿਆ, ”ਕੋਈ ਚਿੰਤਾ ਵਾਲੀ ਗੱਲ ਨਹੀਂ.. ਘਬਰਾਓ ਨਾ… ਮੈਡੀਸ਼ਨ ਦਿੰਦੇ ਆਂ… ਉਥੇ ਚਲਦੇ ਆਂ ਆਪਣੀ ਕਲੀਨਿਕ।” ਹਰੀਸ਼ ਸਰਕਾਰੀ ਡਾਕਟਰ ਸੀ। ਘਰ ਵਿਚ ਸ਼ਾਮ ਨੂੰ ਬੈਠਦਾ। ਮਨੋਰੋਗੀਆਂ ਦੀਆਂ ਲੰਮੀਆਂ ਕਤਾਰਾਂ ਲਗਦੀਆਂ। ਵਿਜੈ ਤੇ ਜੱਜ ਸਾਹਬ ਨਾਲ ਗੰਨਮੈਨ ਡਾ. ਹਰੀਸ਼ ਦੀ ਕਲੀਨਿਕ ਪੁੱਜੇ। ਭੀੜ ਵਿਚੋਂ ਆਤਮਾ ਸਿੰਘ ਨੇ ਜੱਜ ਨੂੰ ਪਛਾਣ ਲਿਆ, ”ਜਨਾਬ ਸਾਸਰੀ ਅਕਾਲ… ਤੁਸੀਂ ਕਿਵੇਂ?” ਜੱਜ ਸਾਹਿਬ ਨੇ ਸਿਰਫ ਭੋਰਾ ਕੁ ਸਿਰ ਹਿਲਾਇਆ। ਕੁਝ ਨਾ ਬੋਲੇ। ਆਤਮਾ ਸਿੰਘ ਦਾ ਜੱਜ ਪਾਸ ਕੇਸ ਲਮਕ ਰਿਹਾ ਸੀ। ਜਦੋਂ ਡਾਕਟਰ ਦੇ ਕੈਬਿਨ ਵਿਚ ਬੈਠੇ ਤਾਂ ਡਾ. ਹਰੀਸ਼ ਬੋਲਿਆ, ”ਲੈ ਦੇਖੋ ਸਰ… ਐਨਾ ਔਖਾ ਹੁੰਦੈ… ਤੁਸੀਂ ਤਾਂ ਘਰੋਂ ਬਾਹਰ ਵੀ ਨਹੀਂ ਨਿਕਲ ਪਾਂਦੇ… ਲੋਕ ਵੀ ਨਹੀਂ ਦੇਖਦੇ ਕਿ ਇਕ ਜੱਜ ਦੀ ਪਰਸਨਲ ਲਾਈਫ਼ ਆ… ਬੁਲਾਣਾ ਹੈ, ਜਾਂ ਨਹੀਂ…।”
”ਏਹੀ ਤਾਂ ਸਿਆਪਾ… ਅਸੀਂ ਤਾਂ ਡਾਕਟਰ ਸਾਹਿਬ ਕਮਰਿਆਂ ਦੇ ਕੈਦੀ ਆਂ… ਕੋਠੀਆਂ ਦੇ ਤੇ ਕਚਹਿਰੀਆਂ ਦੇ ਕੈਦੀ।”
ਡਾ. ਹਰੀਸ਼ ਜੱਜ ਸਾਹਿਬ ਦੀ ਗੱਲ ਸੁਣ ਕੇ ਸੋਚੀਂ ਪੈ ਗਿਆ। ਹਰੀਸ਼ ਦਾ ਪੁੱਤਰ ਵੀ ਪੀ.ਸੀ.ਐਸ. (ਜੁਡੀਸ਼ੀਅਲ) ਦੇ ਪੇਪਰ ਦੇ ਰਿਹਾ ਸੀ।
”ਡਾਕਟਰ ਸਾਹਿਬ ਅਸੀਂ ਲੋਕਾਂ ਨੂੰ ਕੈਦ ਕਰਦੇ ਆਂ ਪਰ ਅਸੀਂ ਵੀ ਕੈਦੀ ਆਂ… ਅਸੀਂ ਲੋਕਾਂ ਨੂੰ ਕੈਦ ਤੋਂ ਵੀ ਛਡਦੇ ਆਂ ਪਰ ਅਸੀਂ ਖੁਦ ਕਦੇ ਰਿਹਾਅ ਨਹੀਂ ਹੁੰਦੇ।”
”ਪਾਪਾ ਚਲੋ ਛੱਡੋ… ਕੋਈ ਨਾ … ਕੂਲ ਡਾਊਨ… ਲੀਵ ਇਟ ਪਾਪਾ… ਮੈਡੀਸਨ ਲਈਏ ਆਪਾਂ।” ਵਿਜੈ ਦੀ ਚਿੰਤਾ ਪਿਤਾ ਦੀਆਂ ਗੱਲਾਂ ਨੇ ਕਾਫ਼ੀ ਵਧਾ ਦਿੱਤੀ ਸੀ। ਉਹ ਸੋਚਣ ਲੱਗਿਆ ਕਿ ਪਿਤਾ ਦਾ ਮੇਰੇ ਨਾਲ ਬੈਠਣ ‘ਤੇ ਮੈਨੂੰ ਫ਼ਾਇਦਾ ਕਾਹਦਾ… ਸਗੋਂ ਨੁਕਸਾਨ ਹੋਵੇਗਾ… ਇਹ ਤਾਂ ਨਾਰਮਲ ਨਹੀਂ ਨੇ…।
ਡਾ. ਹਰੀਸ਼ ਦੀ ਦਵਾਈ ਨੇ ਤਿੰਨਾਂ ਦਿਨਾਂ ਵਿਚ ਜੱਜ ਵਿਚ ਕਾਫ਼ੀ ਬਦਲਾਅ ਲੈ ਆਂਦਾ। ਉਨ੍ਹਾਂ ਦੀ ਆਵਾਜ਼ ਵਿਚ ਠਹਿਰਾਓ ਆ ਗਿਆ। ਬੋਲ-ਚਾਲ ਨਿਮਰ ਹੋ ਗਈ। ਪਰ ਸੁਸਤੀ ਅੰਤਾਂ ਦੀ। ਅਦਾਲਤੀ ਕੰਮਾਂ ਵਿਚ ਸੁਸਤੀ ਨਹੀਂ ਚਲਦੀ। ਉਸ ਦਾ ਦਿਲ ਕਰਦਾ ਕਿ ਉਹ ਰਿਟਾਇੰਰਗ ਰੂਮ ਵਿਚ ਜਾ ਕੇ ਲੇਟ ਜਾਵੇ। ਪਰ ਲੋਕਾਂ ਦੇ ਕੇਸ? ਅਦਾਲਤ ਮੂਹਰੇ ਬੈਠੀ ਭੀੜ। ਵਕੀਲਾਂ ਦੀਆਂ ਡਾਰਾਂ?ਜ਼ਿਲ੍ਹਾ ਤੇ ਸੈਸ਼ਨ ਜੱਜ ਦੀਆਂ ਘੁਰਕੀਆਂ? ਉਹ ਲੇਟਦਾ ਤੇ ਕੁਝ ਮਿੰਟਾਂ ਬਾਅਦ ਉਠ ਕੇ ਚੈਂਬਰ ਵਿਚ ਆ ਬਹਿੰਦਾ। ਦੋ ਤਿੰਨ ਕੇਸਾਂ ਨੂੰ ਨਿਪਟਾ ਕੇ ਫਿਰ ਜਾ ਲੇਟਦਾ। ਹਾਲੇ ਸੱਤ ਮਹੀਨੇ ਬਾਕੀ ਸਰਵਿਸ ਪਈ ਸੀ। ਉਸ ਨੂੰ ਲੱਗਿਆ ਕਿ ਇਹ ਸੱਤ ਮਹੀਨੇ ਵੀ ਸੱਤਾਂ ਸਾਲਾਂ ਵਰਗੇ ਹੋ ਗਏ ਹਨ।
ਪੰਜ ਦਿਨਾਂ ਮਗਰੋਂ  ਡਾਕਟਰ ਹਰੀਸ਼ ਦੇ ਫਿਰ ਗਿਆ। ਉਸ ਨੂੰ ਲੱਗਿਆ ਕਿ ਕੰਮ ਨਹੀਂ ਚਲ ਰਿਹਾ… ਖਿਝ ਆਉਣੋਂ ਹਟੀਏ..ਮਨ ਵੀ ਠੀਕ ਰਹਿੰਦਾ ਏ ਪਰ ਸੁਸਤੀ ਬਹੁਤ… ਨੀਂਦ ਵੀ ਬਹੁਤ… ਸੋ ਡੋਜ਼ ਘੱਟ ਕਰ ਦਿਓ।” ਡੋਜ਼ ਘੱਟ ਕੀਤੀ ਗਈ। ਕੁਝ ਦਵਾਈ ਬਦਲੀ ਵੀ ਗਈ। ਦੁਰਗਾ ਦੱਤ ਦਾ ਇਕ ਜਮਾਤੀ ਆਈ.ਏ.ਐਸ. ਸੇਵਾ ਮੁਕਤ ਹੋਇਆ ਸੀ। ਪਤਾ ਲੱਗਣ ‘ਤੇ ਉਹ ਵੀ ਆ ਗਿਆ।
ਉਸ ਨੇ ਸਾਰੀ ਮੈਡੀਸ਼ਨ ਦੇਖੀ ਤੇ ਕੂੜੇਦਾਨ ਵਿਚ ਸੁਟਦਿਆਂ ਕਿਹਾ, ”ਇਹ ਤਾਂ ਨਸ਼ਾ ਐ ਨਿਰਾ ਨਸ਼ਾ… ਜਿੰਨਾ ਚਿਰ ਖਾਈ ਜਾਏਂਗਾ… ਨਾਰਮਲ ਰਹੇਂਗਾ… ਜਦੋਂ ਬੰਦ ਉਦੋਂ ਫਿਰ ਉਹੀ ਹਾਲ… ਏਹ ਪੁੱਠੀ ਮੱਤ ਤੈਨੂੰ ਕਿਸ ਨੇ ਦਿੱਤੀ ਆ?ਬੰਦ ਕਰ ਏਹ ਸਭ ਤੇ ਆਪਣਾ ਅੰਦਰ ਤਕੜਾ ਕਰ… ਮਨੋਬਲ ਕਾਇਮ ਕਰ… ਕੌਂਸਲਿੰਗ ਕਰਨ ਵਾਲਾ ਲੱਭ… ਆਪਣੇ ਆਪ ਨਾਲ ਗੱਲਾਂ ਕਰ… ਤੈਨੂੰ ਘਾਟਾ ਕਿਸ ਚੀਜ਼ ਦਾ ਏ… ਬੋਲ ਦੱਸ ਮੈਨੂੰ…. ਪ੍ਰਮੋਸ਼ਨ ਦਾ ਡਿਪਰੈਸ਼ਨ ਆ?ਮਾਰ ਗੋਲੀ ਪ੍ਰਮੋਸ਼ਨ ਨੂੰ… ਜਿਹੜੇ ਪ੍ਰਮੋਸ਼ਨਾਂ ਲਈ ਬੈਠੇ ਆ… ਉਹ ਕੇਹੜੇ ਸੁਖੀ ਨੇ… ਉਹ ਤੇਰੇ ਤੋਂ ਵੀ ਦੁਖੀ ਨੇ… ਤੂੰ ਆਪ ਦੇਖ… ਤੇਰਾ ਛੋਟਾ ਪਰਿਵਾਰ… ਖੁਸ਼ਹਾਲ ਪਰਿਵਾਰ ਸਾਡੀ ਭੈਣ ਬਿਮਲਾ ਤੇਰਾ ਮੁੜ੍ਹਕਾ ਨਹੀਂ ਸਹਾਰਦੀ… ਤੇਰਾ ਪੁੱਤਰ ਐਲ.ਐਲ.ਬੀ. … ਆਰਥਕ ਪੱਖ ਤੇਰਾ ਕਾਇਮ ਆ… ਹੋਰ ਦੱਸ ਤੈਨੂੰ ਕੀ ਚਾਹੀਦੈ… ਬੋਲ?”
ਦੁਰਗਾ ਦੱਤ ਸੁਣੀ ਗਿਆ ਕੋਲ ਬੈਠੀ ਬਿਮਲਾ ਰਾਣੀ ਰੋਣ ਲੱਗੀ। ”ਕੋਈ ਨਾ ਭੈਣ… ਐਡੀ ਵੱਡੀ ਗੱਲ ਨੀਂ.. ਉਨ੍ਹਾਂ ਜੱਜਾਂ ਵੱਲ ਦੇਖੋ ਜਿਹੜੇ ਸ਼ੂਗਰ, ਦਮਾ, ਬਲੱਡ ਪ੍ਰੈਸ਼ਰ, ਕੈਂਸਰ, ਕਾਲਾ ਪੀਲੀਆ ਤੇ ਕਈ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਨੇ… ਦੁਰਗੇ ਨੂੰ ਤਾਂ ਪ੍ਰੋਬਲਮ ਹੀ ਕੋਈ ਨਹੀਂ…ਏਹ ਕੋਈ ਬਿਮਾਰੀ ਨਹੀਂ ਹੈਗੀ,  ਕਿਉਂ ਬਈ ਦੁਰਗਾ ਸੇਠ…? ਹੈਲੋ ਬੋਲ ਯਾਰ…।”
ਦੁਰਗਾ ਦੱਤ ਭੋਰਾ ਮੁਸਕਰਾਇਆ ਤੇ ਫਿਰ ਬੁਲ੍ਹ ਭਚੀੜ ਲਏ। ਦਵਾਈ ਨਾ ਖਾਣ ਦਾ ਫ਼ੈਸਲਾ ਕਰਵਾ ਕੇ ਤੇ ਦੋ ਦਿਨ ਰਹਿ ਕੇ ਰਿਟਾ.ਆਈ.ਏ.ਐਸ.ਦੋਸਤ ਵਾਪਸ ਮੁੜ ਗਿਆ।
ਉਹ ਮਿਹਰਬਾਨ ਦੋਸਤ ਦਸ ਕੁ ਦਿਨਾਂ ਮਗਰੋਂ ਫਿਰ ਪਤਾ ਲੈਣ ਆਇਆ ਤੇ ਬੋਲਿਆ,
”ਚਲ ਇੰਝ ਕਰ, ਹੁਣ ਤੈਨੂੰ ਗਰਮੀ ਦੀਆਂ ਛੁੱਟੀਆਂ ਆ ਰਹੀਆਂ ਨੇ, ਕੁਝ ਦਿਨਾਂ ਲਈ ਕਸੌਲੀ ਚਲਾ ਜਾਹ, ਬਿਮਲਾ ਭੈਣ ਤੂੰ ਨਾਲ ਜਾਵੀਂ, ਕੁਝ ਦਿਨ ਉਥੇ ਰਹੋ, ਰੀਲੈਕਸ ਹੋ ਜਾਣਾ ਤੂੰ, ਮੈਂ ਉਥੇ ਫੋਨ ਕਰ ਦਿੰਨਾ, ਮੇਰੇ ਦੋਸਤ ਦਾ ਹੋਟਲ ਹੈਗਾ।” ਪੁੱਤਰ ਵਿਜੈ ਨੇ ਵੀ ਜ਼ੋਰ ਪਾਇਆ ਕਿ ਪਾਪਾ,ਤੁਸੀਂ ਜ਼ਿੰਦਗੀ ‘ਚ ਕਦੀ ਕਿਤੇ ਘੁੰਮਣ ਗਏ ਹੀ ਨਹੀਂ, ਜਾਓ ਕਸੌਲੀ ਤਾਂ ਜਾ ਆਓ।” ਬਿਮਲਾ ਬੋਲੀ, ” ਮੈਨੂੰ ਤਾਂ ਏਸ ਬੰਦੇ ਨੇ ਸਾਰੀ ਉਮਰ ਘਰ ‘ਚ ਕੈਦ ਕਰੀ ਰੁੱਖਿਆ।”
” ਨਾ ਹੋਰ ਤੈਨੂੰ ਲੰਡਨ ਭੇਜਦਾ?ਬਕਵਾਸ ਕਰਦੀ ਆਂ!”
ਘੁਰਕੀ ਸੁਣ ਬਿਮਲਾ ਰਾਣੀ ਚੁੱਪ ਹੋ ਗਈ।
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …